ਕਿਸੇ ਇਨਸਾਨ ਦੀ, ਕਿਸੇ ਕੌਮ ਦੀ, ਕਿਸੇ ਭਾਈਚਾਰੇ ਦੀ ਜਾਂ ਕਿਸੇ ਸਮੂਹ ਦੀ ਸੋਚ ਜਿੱਥੇ ਉਸ ਕੌਮ, ਇਨਸਾਨ ਅਤੇ ਸਮੂਹ ਨੂੰ ਚੰਗਾ-ਮੰਦਾ ਬਣਾਉਂਦੀ ਹੈ ਉਥੇ ਹੀ ਸੋਚ ਦਾ ਚੰਗਾ ਜਾਂ ਮੰਦਾ ਹੋਣਾਂ ਕਿਸੇ ਦੇਸ਼ ਦੇ ਭਵਿੱਖ ਲਈ ਵੀ ਨਵੇਂ ਲਾਂਘੇ ਭੰਨਦਾ ਹੈੈ। ਜੇ ਕਿਸੇ ਦੇਸ਼ ਦੇ ਸਿਆਸੀ ਰਹਿਬਰ, ਆਪਣੀ ਪਰਜਾ ਨੂੰ ਚੰਗੀ ਸੋਚ ਨਾਲ ਦੇਖਦੇ ਹੋਣ, ਉਨ੍ਹਾਂ ਦੇ ਦੁਖ ਸੁਖ ਵਿੱਚ ਭਾਈਵਾਲ ਹੋਣ ਜਾਂ ਫਿਰ ਦੇਸ਼ ਦੀਆਂ ਸਿਆਸੀ ਨੀਤੀਆਂ ਅਜਿਹੀਆਂ ਬਣਾਉਣ ਜਿਸ ਨਾਲ ਦੇਸ਼ ਵਿੱਚ ਏਕਤਾ ਬਣੀ ਰਹੇ ਤਾਂ ਉਹ ਦੇਸ਼ ਅਤੇ ਸਮਾਜ ਦਿਨ ਦੁਗਣੀ ਤਰੱਕੀ ਕਰ ਸਕਦਾ ਹੈੈੈ। ਜਦੋਂ ਸਿਆਸੀ ਨੇਤਾ ਆਮ ਲੋਕਾਂ ਦੇ ਰਾਹ ਦਰਸਾਵੇ ਬਣ ਕੇ ਚੱਲਦੇ ਹਨ ਤਾਂ ਇਸ ਦੇ ਇਵਜ਼ ਵਿੱਚ ਉਸ ਦੇਸ਼ ਦਾ ਸਮਾਜ ਵੀ ਆਪਣੇ ਚਰਿੱਤਰ ਵਿੱਚ ਅਜਿਹੇ ਚੰਗੇ ਗੁਣ ਧਅਰਨ ਕਰ ਲੈਂਦਾ ਹੈ ਜੋ ਮਨੁੱਖੀ ਸੱਭਿਆਤਾ ਨੂੰ ਹੋਰ ਉਚੇ ਕਿਰਦਾਰ ਵੱਲ ਲੈ ਜਾਂਦੀਆਂ ਹਨ।

ਕਿਸੇ ਦੇਸ਼ ਦੇ ਰਾਜਸੀ ਨੇਤਾਵਾਂ ਦੇ ਚੰਗੇ ਜਾਂ ਮੰਦੇ ਗੁਣ ਉਸ ਦੇਸ਼ ਦੇ ਆਮ ਲੋਕਾਂ ਉਤੇ ਕਿੰਨੇ ਅਸਰ-ਅੰਦਾਜ਼ ਹੁੰਦੇ ਹਨ, ਇਸਦੀਆਂ ਆਪਾਂ ਦੋ ਤਾਜ਼ਾ ਉਦਾਹਰਨਾ ਲੈਂਦੇ ਹਾਂ। ਅਸੀਂ ਕਿਸੇ ਤੇ ਆਪਣੀ ਰਾਇ ਥੋਪ ਨਹੀ ਰਹੇ ਬਲਕਿ ਦੋ ਘਟਨਾਵਾਂ ਸਾਂਝੀਆਂ ਕਰ ਰਹੇ ਹਾਂ, ਤਾਂ ਕਿ ਸੱਭਿਅਤਾ ਦੇ ਵਿਕਾਸ ਲਈ ਸੋਚਣ ਵਾਲੇ ਕੁਝ ਸਿੱਟੇ ਕੱਢ ਸਕਣ।

ਪਹਿਲੀ ਉਦਾਹਰਨ ਭਾਰਤ ਤੋਂ ਹੈੈ। ਪਿਛਲੇ ਕਈ ਦਿਨਾਂ ਤੋਂ ਭਾਰਤ ਵਿੱਚ, ਨਾਗਰਿਕਤਾ ਬਾਰੇ ਕਨੂੰਨ ਵਿੱਚ ਹੋਈਆਂ ਤਬਦੀਲੀਆਂ ਕਾਰਨ ਸਥਿਤੀ ਬਹੁਤ ਤਣਾਅ ਵਾਲੀ ਬਣੀ ਹੋਈ ਹੈੈ। ਦੇਸ਼ ਭਰ ਵਿੱਚ ਉਸ ਪੱਖਪਾਤੀ ਕਨੂੰਨ ਵਿਰੁੱਧ ਮੁਜਾਹਰੇ ਹੋ ਰਹੇ ਹਨ। ਬਹੁਤ ਥਾਵਾਂ ਤੇ ਮੁਜਾਹਰੇ ਹਿੰਸਕ ਹੋ ਰਹੇ ਹਨ। ਦੇਸ਼ ਭਰ ਵਿੱਚ, ਨਵੇਂ ਨਾਗਰਿਕਤਾ ਕਨੂੰਨ ਖਿਲਾਫ ਅਵਾਜ਼ ਉੱਠ ਰਹੀ ਹੈੈ। ਲੋਕਾਂ ਦਾ ਕਹਿਣਾਂ ਹੈ ਕਿ ਨਵਾਂ ਕਨੂੰਨ, ਭਾਰਤ ਦੇ ਸੰਵਿਧਾਨ ਦੀ ਉਲੰਘਣਾਂ ਕਰਦਾ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ, ਦੇਸ਼ ਦਾ ਕਨੂੰਨ ਹਰ ਨਾਗਰਿਕ ਉੱਤੇ ਸਮਾਨ ਰੂਪ ਵਿੱਚ ਲਾਗੂ ਹੋਵੇਗਾ। ਉਸਦਾ ਧਰਮ,ਕੌਮ ਅਤੇ ਨਸਲ ਕਨੂੰਨ ਲਾਗੂ ਕਰਨ ਵੇਲੇ ਕੋਈ ਅੜਿੱਕਾ ਨਹੀ ਬਣਨਗੇ। ਭਾਵ ਦੇਸ਼ ਦਾ ਕਨੂੰਨ ਹਰ ਨਾਗਰਿਕ ਲਈ ਇੱਕਸਾਰ ਹੋਵੇਗਾ।

ਹੁਣ ਜਿਹੜਾ ਨਵਾਂ ਨਾਗਰਿਕਤਾ ਕਨੂੂੰਨ ਬਣਾਇਆ ਗਿਆ ਹੈ ਉਸ ਵਿੱਚੋਂ ਮੁਸਲਮਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈੈੈ। ਨਵੇਂ ਕਨੂੰਨ ਵਿੱਚ ਇਹ ਆਖਿਆ ਜਾ ਰਿਹਾ ਹੈ ਕਿ ਹੋਰਨਾ ਮੁਲਕਾਂ ਤੋਂ ਆਉਣ ਵਾਲੇ ਹਿੰਦੂਆਂ,ਸਿੱਖਾਂ, ਪਾਰਸੀਆਂ ਅਤੇ ਜੈਨੀਆਂ ਨੂੰ ਹੀ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਸਪਸ਼ਟ ਮਤਲਬ ਹੈ ਕਿ ਹੋਰਨਾ ਮੁਲਕਾਂ ਵਿੱਚੋਂ ਆਪਣੀ ਜਾਨ ਨੂੰ ਖਤਰਾ ਸਮਝਕੇ ਭਾਰਤ ਆਉਣ ਵਾਲੇ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਨਹੀ ਮਿਲੇਗੀ।

ਜਿੱਥੇ ਇਸ ਕਨੂੰਨ ਦੇ ਖਿਲਾਫ ਅਵਾਜ਼ਾਂ ਉੱਠ ਰਹੀਆਂ ਹਨ, ਉੱਥੇ ਇਸਦੇ ਹੱਕ ਵਿੱਚ ਵੀ ਭਾਰਤ ਦੇ ਲੋਕਾਂ ਦੀ ਲਾਮਬੰਦੀ ਹੋ ਰਹੀ ਹੈੈ।ਇਸਦਾ ਮਤਲਬ ਹੈ ਕਿ ਮੰਦੀ ਰਾਜਨੀਤੀ ਨੇ ਭਾਰਤੀ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਅਜਿਹਾ ਡਸ ਲਿਆ ਹੈ ਕਿ ਉਹ, ਜਹਿਰੀਲੇ ਵਿਚਾਰਾਂ ਦੇ ਹੱਕ ਵਿੱਚ ਖੜ੍ਹਨ ਨੂੰ ਵੀ ਮਾਣ ਮਹਿਸੂਸ ਕਰਨ ਲੱਗ ਪਏ ਹਨ। ਉਨ੍ਹਾਂ ਲਈ ਨਫਰਤ ਦੀ ਰਾਜਨੀਤੀ, ਪੂਜਣਯੋਗ ਹੋ ਗਈ ਹੈੈ।ਉਨ੍ਹਾਂ ਲਈ ਇਨਸਾਨ ਧਰਮ ਦੀਆਂ ਐਨਕਾਂ ਵਿੱਚੋਂ ਨਜ਼ਰ ਆਉਣ ਲੱਗੇ ਹਨ।

ਨਫਰਤ ਭਰਪੂਰ ਰਾਜਸੀ ਨੇਤਾਵਾਂ ਨੇ ਭਾਰਤੀ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ, ਅਸੱਭਿਅਕ, ਜਹਿਰੀਲਾ ਅਤੇ ਗੈਰ-ਮਨੁੱਖੀ ਬਣਾ ਦਿੱਤਾ ਹੈੈੈ

ਹੁਣ ਇਸ ਸਬੰਧੀ ਦੂਜੀ ਉਦਾਹਰਨ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਹ ਉਦਾਹਰਨ ਬਿਲਕੁਲ ਇਸੇ ਤਰ੍ਹਾਂ ਦੀ ਹੀ ਹੈ ਪਰ ਇੰਗਲੈਂਡ ਦੀ ਹੈੈ।

ਇੰਗਲੈਂਡ ਦੇ ਇੱਕ ਅਮੀਰ ਆਦਮੀ ਦੀ ਪਿਛਲੇ ਦਿਨੀ ਮੌਤ ਹੋਈ। ਉਸਦੇ ਅੰਤਮ ਸੰਸਕਾਰ ਤੋਂ ਬਾਅਦ ਉਸਦੇ ਬੱਚਿਆਂ ਨੇ ਜਦੋਂ ਉਸਦੀ ਵਸੀਅਤ ਦੇਖੀ ਤਾਂ ਉਸ ਅਮੀਰ ਵਿਅਕਤੀ ਨੇ ਦਸ ਲੱਖ ਪੌਂਡ ਦੋ ਸਕੂਲਾਂ ਲਈ ਰਾਖਵੇਂ ਰੱਖੇ ਸਨ। ਉਸਨੇ ਆਪਣੀ ਵਸੀਅਤ ਵਿੱਚ ਲਿਖਿਆ ਸੀ ਕਿ ਇਹ ਦਸ ਲੱਖ ਪੌਂਡ, ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ, ਗਰੀਬ ਘਰਾਂ ਦੇ ਗੋਰੇ ਵਿਦਿਆਰਥੀਆਂ ਦੀ ਭਲਾਈ ਲਈ ਵਰਤੇ ਜਾਣ। ਦਸ ਲੱਖ ਪੌਂਡ ਦੇ ਦਾਨ ਦੀ ਰਕਮ ਸਿਰਫ ਗੋਰੇ ਗਰੀਬ ਵਿਦਿਆਰਥੀਆਂ ਲਈ ਸੀ।

ਜਦੋਂ ਸਕੂਲਾਂ ਦੇ ਪਰਬੰਧਕਾਂ ਨੂੰ ਇਹ ਗੱਲ ਪਤਾ ਲੱਗੀ ਉਨ੍ਹਾਂ ਉਹ ਦਸ ਲੱਖ ਪੌਂਡ ਲੈਣ ਤੋਂ ਨਾਹ ਕਰ ਦਿੱਤੀ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਇੱਕ ਕੌਮ ਦੇ ਬੱਚਿਆਂ ਲਈ ਰਾਖਵੀਂ ਕੀਤੀ ਗਈ ਰਕਮ ਨਹੀ ਲੈ ਸਕਦੇ ਕਿਉਂਕਿ ਇਹ ਮਨੁੱਖਤਾ ਖਿਲਾਫ ਨਫਰਤ ਫੈਲਾਉਣ ਦਾ ਕਾਰਜ ਕਰਦੀ ਹੈੈ। ਸਾਡੇ ਸਕੂਲਾਂ ਵਿੱਚ ਪੜ੍ਹਨ ਵਾਲਾ ਹਰ ਵਿਦਿਆਰਥੀ ਸਾਡੇ ਲਈ ਸਨਮਾਨਯੋਗ ਹੈ ਭਾਵੇਂ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧ ਰੱਖਦਾ ਹੋਵੇ।

ਹੁਣ ਅਸੀਂ ਦੇਖ ਸਕਦੇ ਹਾਂ ਕਿ ਜਿਨ੍ਹਾਂ ਮੁਲਕਾਂ ਦਾ ਸਿਆਸੀ ਪਰਬੰਧ ਮਨੁੱਖਤਾ ਤੇ ਅਧਾਰਤ ਹੈ ਉਨ੍ਹਾਂ ਮੁਲਕਾਂ ਦਾ ਸਮਾਜ ਏਨਾ ਸਿਹਤਮੰਦ ਹੋ ਜਾਂਦਾ ਹੈ ਕਿ ਵੱਡੇ ਤੋਂ ਵੱਡਾ ਲਾਲਚ ਵੀ ਉਸ ਸਮਾਜ ਦੀ ਇਮਾਨਦਾਰੀ ਨੂੰ ਨਹੀ ਖਰੀਦ ਸਕਦਾ।

ਦੋਵਾਂ ਘਟਨਾਵਾਂ ਨੂੰ ਪਰਖਕੇ ਫੈਸਲਾ ਪਾਠਕਾਂ ਨੇ ਕਰਨਾ ਹੈੈੈ।