੧੨ ਅਕਤੂਬਰ ਦੇ ਅਜੀਤ ਅਖਬਾਰ ਦੇ ਐਡੀਟੋਰੀਅਲ ਲੇਖ ਅਨੁਸਾਰ ਇਹ ਕਿਹਾ ਗਿਆ ਹੈ ਕਿ “ਅੱਜ ਪੰਜਾਬ ਦਾ ਵਾਤਾਵਰਣ ਇਸ ਹੱਦ ਤੱਕ ਦੂਸ਼ਿਤ ਹੋ ਚੁੱਕਿਆ ਹੈ ਕਿ ਇਹ ਮਨੁੱਖਤਾ ਦੇ ਜੀਵਨ ਲਈ ਇੱਕ ਘਾਤਕ ਰੂਪ ਧਾਰਨ ਕਰ ਗਿਆ ਹੈ” ਸੰਸਾਰ ਵਿੱਚ ਹਰਿਆ ਭਰਿਆ ਵਾਤਾਵਰਣ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ। ਪਰ ਅੱਜ ਪੰਜਾਬ ਦਾ ਤੀਜਾ ਹਿੱਸਾ ਥਮਲ ਪਲਾਂਟਾਂ ਕਰਕੇ ਕੋਲੇ ਦੀ ਰਾਖ ਹੇਠ ਦਬਦਾ ਜਾ ਰਿਹਾ ਹੈ। ਜਿਸ ਕਾਰਨ ਅੱਜ ਮਾਨਸਾ ਤੇ ਉਸ ਨਾਲ ਲਗਦੇ ਹੋਰ ਇਲਾਕਿਆ ਵਿੱਚ ਰਸਾਇਣਕ ਮਾਤਰਾ ਜੋ ਕਿ ੦.੦੦੧ ਦੇ ਲੱਗਭੱਗ ਸਰੀਰ ਅੰਦਰ ਹੋਣੀ ਚਾਹੀਦੀ ਹੈ ਉਹ ਕਈ ਵਿਦਿਅਕ ਖੋਜਾਂ ਦੇ ਅਧਾਰ ਤੇ ਇਹ ਸਿੱਧ ਕਰ ਰਹੀ ਹੈ ਕਿ ਅੱਜ ਬੱਚਿਆ ਅੰਦਰ ਰਸਾਇਣਾਂ ਦੀ ਇਹ ਮਾਤਰਾ ੬ ਫੀਸਦੀ ਨੂੰ ਟੱਪ ਰਹੀ ਹੈ ਤੇ ਸਰੀਰ ਪੂਰੀ ਤਰਾਂ ਜ਼ਹਿਰੀਲੇ ਹੋ ਰਹੇ ਹਨ।

ਇਹੀ ਸਥਿਤੀ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਜੋ ਕਿ ਆਪਣੇ ਆਪ ਨੂੰ ਜਥੇਦਾਰ ਨਹੀਂ ਕਹਾਉਣਾ ਚਾਹੁੰਦੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਨਮਾਨਤ ਰੁਤਬਾ ਹੈ, ਉਨਾਂ ਦੇ ਹਲਕੇ ਦੀ ਹੈ। ਜੇ ਗੱਲ ਕਰ ਲਈਏ ਤਾਂ ਉਥੋਂ ਦੀ ਆਬੋ-ਹਵਾ ਦੀ ਤਾਂ ਹਾਲਤ ਹੈ ਕਿ ਕਈ ਪਿੰਡਾਂ ਦੇ ਲੋਕਾਂ ਨੇ ਖੁੱਲ ਕੇ ਸਰਕਾਰ ਨੂੰ ਲਿਖ ਕਿ ਦਿੱਤਾ ਹੈ ਕਿ ਸਾਨੂੰ ਦਸ ਮੀਲ ਦੂਰ ਪਾਕਿਸਤਾਨ ਹੀ ਜਾ ਲੈਣ ਦਿਉ ਤਾਂ ਜੋ ਸਾਨੂੰ ਚੰਗੀ ਆਬੋ-ਹਵਾ ਤੇ ਪੀਣ ਲਈ ਸਾਫ ਸੁਥਰਾ ਪਾਣੀ ਮਿਲ ਸਕੇ ਜਿਸ ਨੂੰ ਅਸੀਂ ਤਰਸ ਰਹੇ ਹਾਂ। ਇਸ ਹਲਕੇ ਦੇ ਕਈ ਪਿੰਡਾ ਵਿੱਚ ਤਾਂ ਇਹ ਹਾਲ ਹੈ ਕਿ ਸਤਲੁਜ ਦੀ ਗਹਿਰਾ ਕਾਲਾ ਜਹਿਰੀਲੇ ਪਾਣੀ ਜੋ ਪਾਕਿਸਤਾਨ ਤੋਂ ਮੁੜ ਕੇ ਵਾਪਸ ਪੰਜਾਬ ਅੰਦਰ ਫਾਜਿਲਕਾ ਇਲਾਕੇ ਦੇ ਪਿੰਡਾਂ ਆ ਜਾਂਦਾ ਹੈ, ਉਥੇ ਤਕਰੀਬਨ ਹਰ ਘਰ ਵਿੱਚ ਵੀਲ ਚੇਅਰ ਹੈ ਕਿਉਂਕਿ ਗੰਦੀ ਆਬੋ ਹਵਾ ਤੇ ਸਾਫ ਪਾਣੀ ਦੀ ਅਣਹੋਂਦ ਕਾਰਨ ਅਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਕਿ ਉਹ ਤੁਰਨ ਫਿਰਨ ਤੋਂ ਵੀ ਅਸਮਰਥ ਹੋ ਗਏ ਹਨ।

ਸਰਕਾਰ ਨੇ ਆਪਣਾ ਪੱਖ ਇਹ ਕਹਿ ਕੇ ਪੂਰ ਲਿਆ ਹੈ ਕਿ ਇਥੋਂ ਦੇ ਨਲਕਿਆਂ ਤੇ ਟਿਊਵੈਲਾਂ ਦਾ ਪਾਣੀ ਪੀਣ ਯੋਗ ਨਹੀਂ ਹੈ। ਇਹ ਉਸ ਧਰਤੀ ਦੀ ਗਾਥਾ ਹੈ ਜਿਥੇ ਗੁਰੁ ਨਾਨਕ ਦੇਵ ਜੀ ਨੇ ਪਾਣੀ ਨੂੰ ਪਿਤਾ, ਹਵਾ ਨੂੰ ਗੁਰੁ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਇਸੇ ਤਰਾਂ ਜੇ ਆਪਾਂ ਸਤਲੁਜ ਦਰਿਆ ਦੇ ਮੁੱਢ ਵੱਲ ਵੇਖ ਲਈਏ ਤਾਂ ਇਸ ਵਿੱਚੋਂ ਇੱਕ ਲੁਧਿਆਣਾ ਜੋ ਪੰਜਾਬ ਦਾ ਮੁੱਖ ਸਨਅਤੀ ਸ਼ਹਿਰ ਹੈ, ਵਿੱਚ ਇੱਕ ਨਾਲਾ ਜਿਸ ਨੂੰ ਬੁੱਢਾ ਨਾਲਾ ਕਿਹਾ ਜਾਂਦਾ ਹੈ ਤੇ ਜਿਸਦਾ ਪੁਰਾਤਨ ਇਤਿਹਾਸ ਹੈ ਤੇ ਅੰਗਰੇਜ਼ ਹਕੂਮਤ ਵੇਲੇ ਤੋਂ ਲਿਖਤਾਂ ਵਿੱਚ ਦਰਜ ਹੈ ਕਿ ਕਿਸ ਤਰਾਂ ਉਹ ਸਤਲੁਜ ਦਰਿਆ ਦੇ ਵਿਚੋਂ ਇੱਕ ਛੋਟੀ ਜਿਹੀ ਨਹਿਰ ਬਣ ਕੇ ਮਾਛੀਵਾੜੇ ਨਿਕਲਿਆ ਤੇ ਲੁਧਿਆਣਾ ਵਾਸੀਆਂ ਲਈ ਪੀਣ ਦੇ ਪਾਣੀ ਦਾ ਸੋਮਾ ਬਣਿਆ ਉਹ ਅੱਜ ਅਜਿਹੀ ਗੰਦਗੀ ਬਣ ਗਿਆ ਹੈ ਜਿਸਨੇ ਲੁਧਿਆਣਾ ਵਾਸੀਆਂ ਦੀ ਸਿਹਤ ਦਾ ਤਾਂ ਘਾਣ ਕੀਤਾ ਹੀ ਹੈ, (ਉਹ ਸਰਕਾਰੀ ਕਰਮੀਆਂ ਦੀ ਅਣਡਿੱਡਤਾ ਕਾਰਨ) ਸਗੋਂ ਉਸਨੇ ਆਪਣੇ ਪਾਣੀ ਦੀ ਮਾਤ ਭੂਮੀ ਸਤਲੁਜ ਨੂੰ ਵੀ ਅਜਿਹਾ ਗੰਧਲਾ ਕੀਤਾ ਜਿਸ ਨੂੰ ਜਲਾਲਾਵਾਦ ਦੇ ਪਿੰਡ ਬਾਖੂਬੀ ਤੇ ਨਿਰਾਸ਼ਤਾ ਨਾਲ ਦਰਸਾਉਂਦੇ ਹਨ, ਜੋ ਪੰਜਾਬ ਦੇ ਹੁਕਮਰਾਨਾਂ ਦੇ ਪਿੰਡ ਹਨ।

ਇਹ ਸੋਚਣ ਵਾਲੀ ਗੱਲ ਹੈ ਕਿ ਅੱਜ ਵਾਤਾਵਰਣ ਪ੍ਰਤੀ ਵਿਕਾਸ ਦਾ ਨਾਅਰਾ ਲਾਉਣ ਵਾਲੀ ਸਰਕਾਰ ਇੰਨੀ ਬੇਸਮਝ ਤੇ ਕਿਵੇਂ ਅਣਗਹਿਲੀ ਹੋ ਸਕਦੀ ਹੈ?