ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਅੱਜਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈੈ। ਉਹ ਮਾਲਵੇ ਦੇ ਪਿੰਡਾਂ ਦੇ ਦੌਰੇ ਤੇ ਹਨ ਅਤੇ ਬੁੱਢੇ ਵਾਰੇ ਅਕਾਲੀ ਦਲ ਦੀ ਬੇੜੀ ਨੂੰ ਬਚਾਉਣ ਦੇ ਯਤਨਾਂ ਵਿੱਚ ਹਨ। ਸ਼ਾਇਦ ਕਿਸੇ ਆਮ ਗੱਲਬਾਤ ਵਿੱਚ ਕਿਸੇ ਪਾਰਟੀ ਵਰਕਰ ਨੇ ਉਨ੍ਹਾਂ ਨੂੰ ਇਹ ਦੱਸਿਆ ਹੋਵੇ ਕਿ ਸਮੇਂ ਦੀ ਸਰਕਾਰ ਅਕਾਲੀ ਹਮਾਇਤੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਸਕਦੀ ਹੈੈ। ਇਸ ਤੋਂ ਰੋਹ ਵਿੱਚ ਆਏ ਹੋਏ, ਪ੍ਰਕਾਸ਼ ਸਿੰਘ ਬਾਦਲ ਇਹ ਆਖ ਰਹੇ ਹਨ ਕਿ ਪਰਚਿਆਂ ਤੋਂ ਨਾ ਡਰਿਆ ਕਰੋ। ਮੇਰੀ 93 ਸਾਲ ਦੀ ਉਮਰ ਹੋ ਗਈ ਹੈ, ਮੈਂ ਕਦੇ ਪਰਚਿਆਂ ਤੋਂ ਨਹੀ ਡਰਿਆ। ਉਨ੍ਹਾਂ ਇੱਕ ਗੱਲ ਬਹੁਤ ਖਾਸ ਕੀਤੀ ਹੈ ਕਿ ਮੈਂ ਸਾਰੀ ਉਮਰ ਪਰਚੇ ਕੀਤੇ ਅਤੇ ਕਰਵਾਏ ਹੀ ਹਨ। ਪਰਚਿਆਂ ਕਰਕੇ ਹੀ ਮੈਂ ਮੁੱਖ ਮੰਤਰੀ ਬਣਿਆ ਹਾਂ, ਹੋਰ ਮੈਂ ਕਿਹੜਾ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈੈ।

ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਉਨ੍ਹਾਂ ਦੇ ਟੁਕੜਿਆਂ ਤੇ ਪਲਣ ਵਾਲੇ, ਕੁਝ ਪੱਤਰਕਾਰ ਕਿਸਮ ਦੇ ਲੋਕ ਸੰਤ ਰਾਜਨੀਤੀਵਾਨ ਦੇ ਲਕਬ ਨਾਲ ਮਸ਼ਹੂਰ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਆਪਣੇ ਜੀਵਨ ਦਾ ਸੱਚ ਆਪਣੇ ਆਪ ਹੀ ਪੰਜਾਬ ਦੇ ਲੋਕਾਂ ਸਾਹਮਣੇ ਰੱਖ ਦਿੱਤਾ ਹੈੈ। ਪ੍ਰਕਾਸ਼ ਸਿੰਘ ਬਾਦਲ ਦੀ ਇਸ ਵੀਡੀਓ ਦੇ ਕਈ ਅਰਥ ਕੱਢੇ ਜਾ ਸਕਦੇ ਹਨ।

ਪਹਿਲਾ ਤਾਂ ਇਹ ਕਿ ਸਾਰੀ ਉਮਰ ਸੈਂਕੜੇ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਵਿੱਚ ਰਹਿਕੇ ਜੇ ਕੋਈ ਵਿਅਕਤੀ ਇਹ ਫੜ੍ਹ ਮਾਰਦਾ ਹੈ ਕਿ ਮੈਂ ਕਦੇ ਪਰਚਿਆਂ ਤੋਂ ਨਹੀ ਡਰਿਆ ਤਾਂ ਸਹਿਜੇ ਹੀ ਸਮਝ ਆ ਜਾਂਦਾ ਹੈ ਕਿ ਉਹ ਆਪਣੇ ਹਮਾਇਤੀਆਂ ਨੂੰ ਬੁੱਧੂ ਬਣਾ ਰਿਹਾ ਹੈੈ। ਪ੍ਰਕਾਸ਼ ਸਿੰਘ ਬਾਦਲ ਦਾ ਸਾਰਾ ਰਾਜਸੀ ਜੀਵਨ ਦੱਸਦਾ ਹੈ ਕਿ ਜਦੋਂ ਵੀ ਕਿਤੇ ਉਨ੍ਹਾਂ ਦੀ ਸੁਰੱਖਿਆ ਘਟਾਉਣ ਦੇ ਯਤਨ ਹੋਏ ਹਨ ਤਾਂ ਉਨ੍ਹਾਂ ਨੇ ਅਜਿਹਾ ਰੌਲਾ ਪਾਇਆ ਅਤੇ ਅਜਿਹੀਆਂ ਚਾਲਾਂ ਚੱਲੀਆਂ ਕਿ ਸਰਕਾਰ ਨੂੰ ਫਿਰ ਉਨ੍ਹਾਂ ਦੀ ਸੁਰੱਖਿਆ ਵਧਾਉਣੀ ਪਈ। ਇੱਥੋਂ ਤੱਕ ਕਿ ਆਪਣੀ ਜਾਨ ਦੀ ਰਾਖੀ ਲਈ ਉਹ ਕੇPਪੀPਐਸ ਗਿੱਲ ਨਾਲ ਵੀ ਯਾਰੀ ਨਿਭਾਉਂਦੇ ਰਹੇ ਹਨ। ਇਸ ਹਾਲਤ ਵਿੱਚ ਜੇ ਹੁਣ ਉਹ ਆਪਣੇ ਹਮਾਇਤੀਆਂ ਨੂੰ ਪਰਚਿਆਂ ਤੋਂ ਨਾ ਡਰਨ ਦੀ ਹੱਲਾਸ਼ੇਰੀ ਦੇ ਰਹੇ ਹਨ ਤਾਂ ਸਮਝ ਆ ਸਕਦਾ ਹੈ ਕਿ ਉਹ ਝੂਠ ਬੋਲ ਰਹੇ ਹਨ। ਉਹ ਜਿੰਦਗੀ ਵਿੱਚ ਹਮੇਸ਼ਾ ਡਰਦੇ ਰਹੇ ਹਨ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਗੱਦੀ ਤੇ ਬਿਠਾਈ ਰੱਖਣ ਬਦਲੇ ਉਨ੍ਹਾਂ ਤੋਂ ਅਜਿਹੇ ਕੰਮ ਕਰਵਾ ਲਏ ਹਨ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰੋਂ ਡਰਾਇਆ ਹੋਇਆ ਹੈੈ।

ਉਨ੍ਹਾਂ ਦੇ ਇਸ ਵੀਡੀਓ ਦਾ ਦੂਜਾ ਪੱਖ ਇਹ ਹੈ ਕਿ ਮੈਂ ਪਰਚਿਆਂ ਕਰਕੇ ਹੀ ਮੁੱਖ ਮੰਤਰੀ ਬਣਿਆ ਹਾਂ, ਹੋਰ ਮੈਂ ਕਿਹੜਾ ਵਕਾਲਤ ਕੀਤੀ ਹੋਈ ਹੈੈ।

ਵੀਡੀਓ ਦਾ ਇਹ ਪੱਖ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਜੁਬਾਨੀ ਹੈ, ਬਹੁਤ ਦੁਖਦਾਈ ਹੈੈ। ਇਸ ਪੱਖ ਨੇ ਹੀ ਅੱਜ ਦੇ ਪੰਜਾਬ ਦੀ ਬਰਬਾਦੀ ਦੇ ਸਾਰੇ ਕਾਰਨ ਸਿੱਖ ਪੰਥ ਦੀ ਕਚਹਿਰੀ ਵਿੱਚ ਖਿਲਾਰ ਦਿੱਤੇ ਹਨ। ਪੰਜਾਬ ਦਾ ਕਿਸਾਨ ਅੱਜ ਪੈਸੇ ਪੈਸੇ ਨੂੰ ਤਰਸ ਰਿਹਾ ਹੈ, ਸਾਡੀ ਧਰਤ ਦੇ ਬੱਚੇ ਕਿਸੇ ਵੀ ਹਾਲਤ ਵਿੱਚ ਪੰਜਾਬ ਛੱਡ ਜਾਣ ਲਈ ਉਤਾਵਲੇ ਹੋਏ ਫਿਰਦੇ ਹਨ, ਪੜ੍ਹੇ ਲਿਿਖਆਂ ਲਈ ਪੰਜਾਬ ਵਿੱਚ ਕੋਈ ਮੌਕੇ ਨਹੀ ਹਨ, ਸਿੱਖੀ ਦੇ ਸਿਧਾਂਤ ਅਤੇ ਉਨ੍ਹਾਂ ਨਿਆਰੇ ਸਿਧਾਂਤਾਂ ਦੀ ਰਾਖੀ ਲਈ ਉਸਰੀਆਂ ਸਾਰੀਆਂ ਸੰਸਥਾਵਾਂ, ਬਾਦਲ ਪਰਿਵਾਰ ਦੀਆਂ ਨੌਕਰ ਬਣਾ ਦਿੱਤੀਆਂ ਗਈਆਂ ਹਨ। ਬਦਲਦੇ ਹਾਲਾਤ ਵਿੱਚ ਅਤੇ 21ਵੀਂ ਸਦੀ ਵਿੱਚ ਪੰਜਾਬ ਨੂੰ ਕਿਵੇਂ ਦੁਨੀਆਂ ਦੀਆਂ ਚੁਣੌਤੀਆਂ ਦੇ ਸਨਮੁੱਖ ਬਣਾਉਣਾਂ ਹੈ ਇਸਦਾ ਅਕਾਲੀ ਦਲ ਕੋਲ ਕੋਈ ਖਰੜਾ ਜਾਂ ਖਾਕਾ ਨਹੀ ਹੈੈ। ਕਿਸਾਨੀ ਦੇ ਸਿਰ ਤੋਂ ਕਰਜ਼ੇ ਦੀ ਪੰਡ ਕਿਵੇਂ ਲਾਹੁਣੀ ਹੈ, ਕੁਝ ਨਹੀ ਪਤਾ। ਪੰਜਾਬ ਦੀ ਸਰਕਾਰੀ ਸਿਿਖਆ ਦਾ ਇਹ ਹਾਲ ਹੈ ਕਿ ਇਹ ਸਿਰਫ ਚਪੜਾਸੀ ਅਤੇ ਮਜ਼ਦੂਰ ਪੈਦਾ ਕਰ ਰਹੀ ਹੈ, ਸਿਹਤ ਸੇਵਾਵਾਂ ਲਗਭਗ ਖਤਮ ਹਨ, ਸਰਕਾਰੀ ਟਰਾਂਸਪੋਰਟ ਜਾਣਬੁੱਝ ਕੇ ਖਤਮ ਕਰ ਦਿੱਤੀ ਗਈ ਹੈੈ।

ਅੱਜ ਪੰਜਾਬ ਜੇ ਏਨੇ ਵੱਡੇ ਸੰਕਟਾਂ ਨਾਲ ਜੂਝ ਰਿਹਾ ਹੈ ਤਾਂ ਇਸਦਾ ਵੱਡਾ ਕਾਰਨ ਹੈ ਕਿ ਜੋ ਪੰਜਾਬ ਦੇ ਲੀਡਰ ਬਣਕੇ ਆਏ ਉਹ ਸਿਰਫ ਪਰਚੇ ਕਰਨੇ ਅਤੇ ਪਰਚੇ ਕਰਵਾਉਣੇ ਹੀ ਜਾਣਦੇ ਸਨ। ਉਹ ਕਿਸੇ ਥਾਣੇ ਦੇ ਮੁਨਸ਼ੀ ਤੋਂ ਵੱਧ ਲਿਆਕਤ ਨਹੀ ਸੀ ਰੱਖਦੇ ਪਰ ਸਿੱਖ ਕੌਮ ਦੇ ਲੀਡਰ ਬਣਾ ਕੇ, ਕੌਮ ਦੇ ਸਿਰ ਤੇ ਬਿਠਾ ਦਿਤੇ ਗਏ।

ਅਸਲ ਵਿੱਚ ਪੰਜਾਬ ਦੇ ਸੰਤਾਪ ਦੀ ਕਹਾਣੀ, ਪ੍ਰਕਾਸ਼ ਸਿੰਘ ਬਾਦਲ ਦੇ ਇਨ੍ਹਾਂ ਸੱਚੇ ਕਥਨਾਂ ਵਿੱਚੋਂ ਸਪਸ਼ਟ ਝਲਕ ਪੈਂਦੀ ਹੈੈ। ਪੰਜਾਬ ਨੂੰ 21ਵੀਂ ਸਦੀ ਦੇ ਮੇਚ ਦਾ ਬਣਾਉਣ ਲਈ ਕੋਈ ਸੱਚਾ ਸੁੱਚਾ ਆਗੂ ਚਾਹੀਦਾ ਸੀ ਪਰ ਪੰਜਾਬ ਦੇ ਗਲ, ਪਰਚਿਆਂ ਵਾਲੇ ਮੁਨਸ਼ੀ ਪੈ ਗਏ ਜਿਨ੍ਹਾਂ ਨੇ ਮੇਰੇ ਗੁਰੂਆਂ ਦੀ ਵਰੋਸਾਈ ਧਰਤੀ ਨੂੰ ਉਜਾੜ ਕੇ ਰੱਖ ਦਿੱਤਾ।

ਪੰਜਾਬ ਤੇਰਾ ਰੱਬ ਰਾਖਾ
ਵਾਹਿਗੁਰੂ ਜੀ ਸੁਮੱਤ ਬਖਸ਼ਣਾਂ।