ਪੰਜਾਬ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵਿੱਚ ਦਸ ਸਾਲਾਂ ਮਗਰੋਂ ਸਰਕਾਰ ਵਿੱਚ ਤਬਦੀਲੀ ਆਈ ਹੈ ਅਤੇ ਭਾਰੀ ਬਹੁਮਤ ਨਾਲ ਕਾਂਗਰਗ ਪਾਰਟੀ ਮਹਾਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਚਲਾਉਣ ਦੀ ਦਾਅਵੇਦਾਰ ਬਣੀ ਹੈ। ਇੰਨਾਂ ਚੋਣਾਂ ਦੇ ਨਤੀਜਿਆਂ ਨੇ ਆਮ ਲੋਕਾਂ ਨੂੰ ਤਾਂ ਹੈਰਾਨ ਕੀਤਾ ਹੀ ਹੈ ਪਰ ਬਹੁਤ ਹੈਰਾਨੀ ਨਵੀਂ ਉੱਭਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਉਮੀਦ ਤੋਂ ਕਿਤੇ ਘੱਟ ਜਿੱਤ ਪ੍ਰਾਪਤ ਹੋਣ ਨਾਲ ਹੋਈ ਹੈ। ਇੰਨਾ ਨਤੀਜਿਆਂ ਨੇ ਕਾਂਗਰਸ ਪਾਰਟੀ ਨੂੰ ਵੀ ਉਮੀਦ ਤੋਂ ਕਿਤੇ ਵੱਧ ਸੀਟਾਂ ਨਾਲ ਸਰਕਾਰ ਬਣਾਉਣ ਦੇ ਕਾਬਿਲ ਬਣਾਇਆ ਹੈ। ਦਸ ਸਾਲਾਂ ਤੋਂ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਜੋ ਕਿ ਆਪਣੇ ਆਪ ਨੂੰ ਸਿੱਖਾਂ ਦੀ ਸਰਵੋਤਮ ਧਿਰ ਮੰਨਦੀ ਹੈ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇੰਨਾ ਚੋਣਾਂ ਵਿੱਚ ਇਹ ਲੜਖੜਾਂ ਕੇ ੨੦ ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਅਤੇ ਚੋਣ ਨਤੀਜਿਆਂ ਵਿੱਚ ਤੀਜੇ ਸਥਾਂਨ ਤੇ ਰਹੀ ਹੈ। ਜਦਕਿ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਹੈ। ਉਸਦੇ ਜਿੱਤਣ ਵਾਲੇ ਸਾਰੇ ਉਮੀਦਵਾਰ ਸਧਾਰਨ ਪਿਛੋਕੜ ਤੋਂ ਆਏ ਹਨ। ਉਨਾਂ ਨੇ ਵੱਡੇ-ਵੱਡੇ ਧਨਾਢ ਆਗੂਆਂ ਦੀ ਪਿੱਠ ਲਵਾਈ ਹੈ। ਕਾਂਗਰਸ ਪਾਰਟੀ ਨਾਲ ਸਿੱਖ ਕੌਮ ਦੇ ਬਹੁਤ ਦੁਖਦਾਈ ਪਲ ਜੁੜੇ ਹੋਏ ਹਨ ਜਿਸ ਵਿੱਚ ਮੁੱਖ ਰੂਪ ਵਿੱਚ ੮੪ ਦਾ ਸਾਕਾ ਤੇ ਦਿੱਲੀ ਦਾ ਕਤਲੇਆਮ ਹੈ। ਇਸੇ ਤਰਾਂ ਪੰਜਾਬ ਦੇ ਪਾਣੀਆਂ ਦਾ ਪਿਛੋਕੜ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਜੁੜਿਆ ਹੋਇਆ ਹੈ। ਪਰ ਇਸ ਵੇਲੇ ਪੰਜਾਬ ਦੀ ਜੋ ਸਥਿਤੀ ਸੀ ਉਸ ਵਿੱਚ ਲੋਕਾਂ ਨੇ ਕਾਂਗਰਸ ਦੀ ਬਜਾਇ ਮਹਾਰਾਜਾ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਤੇ ਵਿਸਵਾਸ਼ ਜਤਾਇਆ ਹੈ ਤਾਂ ਜੋ ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲੇ ਜਿਵੇਂ ਕਿ ਦਰਿਆਈ ਪਾਣੀਆਂ ਦੀ ਵੰਡ, ਕਿਸਾਨੀ ਦੇ ਸਿਰ ੮੦ ਹਜ਼ਾਰ ਕਰੋੜ ਦਾ ਕਰਜ਼ਾ, ਇਸ ਦੇ ਨਾਲ ਹੀ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਰੁਝਾਨ ਵਿੱਚ ਹੋਇਆ ਵਾਧਾ ਅਜਿਹੀਆਂ ਚੁਣੌਤੀਆਂ ਹਨ ਜਿੰਨਾਂ ਨੂੰ ਜਿੱਤ ਸਕਣਾ ਮਹਾਰਾਜਾ ਅਮਰਿੰਦਰ ਸਿੰਘ ਲਈ ਕੋਈ ਸੌਖਾ ਕੰਮ ਨਹੀਂ ਹੋਵੇਗਾ। ਉਪਰੋਂ ਕਾਂਗਰਸ ਪਾਰਟੀ ਦੇ ਦੂਜੀਆਂ ਪਾਰਟੀਆਂ ਵਾਂਗ ਚੋਣ ਮਨੋਰਥ ਪੱਤਰ ਵਿੱਚ ਕੀਤੇ ਵੱਡੇ ਵੱਡੇ ਦਾਅਵੇ ਪੂਰੇ ਕਰ ਸਕਣੇ ਮੁਮਕਿਨ ਨਹੀਂ ਜਾਪਦੇ। ਪਾਣੀਆਂ ਦਾ ਮਸਲਾਂ ਤਾਂ ਸਿਰ ਤੇ ਖੜਾ ਹੈ ਤੇ ਇਸ ਦਾ ਫੈਸਲਾ ਵੀ ਇਸ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਮੁੱਖ ਵਿਸ਼ਾ ਰਹੇਗਾ। ਪੰਜਾਬ ਪਹਿਲਾਂ ਹੀ ਨਹਿਰੀ ਤੇ ਸਿੰਜਾਈਯੋਗ ਪਾਣੀ ਤੋਂ ਕਾਫੀ ਤੰਗ ਹੈ। ਪੰਥਕ ਧਿਰ ਕਿਸੇ ਤਰਾਂ ਵੀ ਆਪਣਾ ਨਾਮ ਪਹਿਲੀਆਂ ਚੋਣਾਂ ਵਾਂਗ ਨਹੀਂ ਦਰਜ ਕਰਵਾ ਸਕੀ ਹੈ ਤੇ ਆਪਣੇ ਆਪ ਨੂੰ ਪੰਥ ਦੀ ਸਿਰਮੌਰ ਜੱਥੇਬੰਦੀ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਲਈ ਵੀ ਹੁਣ ਫੈਸਲੇ ਦੀ ਘੜੀ ਹੈ ਕਿ ਉਨਾਂ ਨੇ ਡੇਰਿਆਂ ਤੇ ਟੇਕ ਰੱਖਣੀ ਹੈ ਜਾਂ ਪੰਥਕ ਹਿੱਤਾਂ ਵੱਲ ਆਪਣੇ ਆਪ ਨੂੰ ਵਾਪਸ ਲਿਆਉਣਾ ਹੈ।

ਇੰਨਾ ਚੋਣਾਂ ਵਿੱਚ ਪੰਜਾਬ ਦੇ ਅਹਿਮ ਮਸਲੇ ਜਿੰਨਾਂ ਕਰਕੇ ੮੪ ਦਾ ਸਾਕਾ ਵਾਪਰਿਆ ਬਾਰੇ ਕਿਸੇ ਵੀ ਪ੍ਰਮੁੱਖ ਪਾਰਟੀ ਨੇ ਮੁੱਦਾ ਬਣਾਉਣਾ ਠੀਕ ਨਹੀਂ ਸਮਝਿਆਂ। ਇੰਨਾਂ ਮਸਲਿਆਂ ਦਾ ਹੱਲ ਹੋ ਸਕਣ ਤਾਂ ਬਹੁਤ ਦੂਰ ਦੀ ਗੱਲ ਹੈ। ੧੯੮੪ ਤੋਂ ਬਾਅਦ ਕਾਂਗਰਸ ਪਾਰਟੀ ਦੀ ਇਹ ਤੀਜੀ ਸਰਕਾਰ ਹੋਂਦ ਵਿੱਚ ਆਈ ਹੈ ਅਤੇ ਲੋਕਾਂ ਨੂੰ ਹੁਣ ਮਹਾਰਾਜਾ ਅਮਰਿੰਦਰ ਸਿੰਘ ਤੋਂ ਭਰਪੂਰ ਉਮੀਦਾਂ ਹਨ ਕਿ ਉਹ ਪੰਜਾਬੀਆਂ ਨੂੰ ਮੁੜ ਖੁਸ਼ਹਾਲੀ ਦੇ ਰਾਹ ਪਾਏਗਾ ਤੇ ਗਰੀਬ ਤੋਂ ਗਰੀਬ ਬਣ ਰਹੇ ਲੋਕਾਂ ਦੇ ਵਰਗ ਨੂੰ ਭਿਖਾਰੀ ਬਣਨ ਤੋਂ ਬਚਾਵੇਗਾ ਤਾਂ ਜੋ ਉਹ ਆਪਣੀ ਰੋਜ਼ੀ ਜੋਗਾ ਸਰਮਾਇਆ ਕਮਾਉਣ ਦੇ ਲਾਇਕ ਬਣ ਸਕਣ ਨਾਂ ਕਿ ਪਹਿਲੀ ਅਕਾਲੀ ਸਰਕਾਰ ਵਾਂਗ ਆਟਾ ਦਾਲ ਸਕੀਮਾਂ ਤੇ ਹੀ ਵਿਹਲੇ ਬੈਠ ਕੇ ਆਪਣੀ ਰੋਟੀ ਤੱਕ ਹੀ ਸੀਮਿਤ ਨਾ ਰਹਿਣ। ਇਸ ਵਕਤ ਪੰਜਾਬ ਦੀ ਰਾਜਨੀਤੀ ਵਿੱਚ ਨਾਕਾਰਾਤਮਿਕਤਾ ਭਾਰੂ ਹੈ ਅਤੇ ਵੋਟਰਾਂ ਨੇ ਆਪਣੇ ਵੱਲੋਂ ਮਜਬੂਤ ਸਰਕਾਰ ਬਣਾ ਕੇ ਸੁਨੇਹਾ ਦਿੱਤਾ ਹੈ ਤਾਂ ਜੋ ਤਜ਼ਰਬੇਕਾਰ ਤੇ ਮਜ਼ਬੂਤ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਸਰਕਾਰ ਦਾ ਬਾਨੀ ਬਣੇ। ਸਿੱਖ ਕੌਮ ਨੂੰ ਵੀ ਮਹਾਰਾਜਾ ਤੋਂ ਭਾਰੀ ਉਮੀਦਾਂ ਹਨ ਕਿ ਉਹ ਬਗਰਾੜੀ ਤੇ ਹੋਰ ਥਾਵਾਂ ਤੇ ਗੁਰੂ ਮਹਾਰਾਜ ਦੀ ਹੋਈ ਬੇਅਦਬੀ ਦਾ ਜਲਦੀ ਤੋਂ ਜਲਦੀ ਹੱਲ ਲੱਭ ਕੇ ਵਲੂੰਧਰੇ ਹਿਰਦਿਆਂ ਨੂੰ ਸ਼ਾਂਤ ਕਰਨਗੇ।