ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ੩ ਜਨਵਰੀ ੨੦੨੦ ਨੂੰ ਹੋਈ ਹੁਲੜਬਾਜੀ ਤੇ ਗੁਰਦੁਆਰਾ ਸਾਹਿਬ ਤੇ ਹੋਇਆ ਪਥਰਾਉ ਇੱਕ ਬਹੁਤ ਹੀ ਚਿੰਤਾਜਨਕ ਤੇ ਅਫਸੋਸਦਾਇਕ ਘਟਨਾ ਹੈ। ਇਹ ਘਟਨਾ ਸਿੱਖ ਕੌਮ ਲਈ ਬਹੁਤ ਹੀ ਦੁਖਦਾਇਕ ਹੈ। ਗੁਰਦੁਆਰਾ ਨਨਕਾਣਾ ਸਾਹਿਬ ਸਿੱਖ ਕੌਮ ਅਤੇ ਹੋਰ ਕੌਮਾਂ ਲਈ ਵੀ ਇੱਕ ਅਹਿਮ ਤੀਰਥ ਅਸਥਾਨ ਹੈ। ਜਿਥੇ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸ਼ਰਧਾਲੂ ਤੇ ਹੋਰ ਧਰਮਾਂ ਨਾਲ ਸਬੰਦਤ ਸ਼ਰਧਾਲੂ ਮੱਥਾ ਟੇਕਦੇ ਤੇ ਦਰਸ਼ਨ ਕਰਦੇ ਹਨ। ਹੁਣ ਜਦੋਂ ਸਿੱਖ ਕੌਮ ਗੁਰੂ ਨਾਨਕ ਦੇਵ ਜੀ ਦਾ ੫੫੦ਵਾਂ ਗੁਰਪੁਰਬ ਮਨਾ ਰਹੀ ਹੈ ਅਤੇ ਇਹ ਨਵੇਂ ਸਾਲ ਦੀ ਸ਼ੁਰੂਆਤ ਹੈ ਉਸਨੂੰ ਦੇਖਦਿਆਂ ਹੋਇਆਂ ਇਹ ਘਟਨਾ ਅਹਿਮ ਚਿੰਤਾ ਦਾ ਵਿਸ਼ਾ ਹੈ। ਮਾਰਟਿਨ ਲੂਥਰ ਕਿੰਗ ਨੇ ਕਿਹਾ ਸੀ ਕਿ “ਕਿਸੇ ਵੀ ਸਥਾਨ ਤੇ ਹੋ ਰਹੀ ਬੇਇਨਸਾਫੀ, ਸਭ ਥਾਵਾਂ ਤੇ ਹੋਣ ਵਾਲੇ ਇਨਸਾਫ ਲਈ ਖਤਰਾ ਹੁੰਦੀ ਹੈ”। ਇਸ ਘਟਨਾ ਦਾ ਪਿਛੋਕੜ ਦੇਖੀਏ ਤਾਂ ਇਹ ਉਸ ਮੁਸਲਮਾਨ ਨੌਜਵਾਨ ਨਾਲ ਸਬੰਧਤ ਹੈ ਜਿਸਨੇ ਕੁਝ ਸਮਾਂ ਪਹਿਲਾਂ ਇੱਕ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਕੇ ਅਤੇ ਜਬਰਨ ਧਰਮ ਪਰਿਵਰਤਨ ਕਰਕੇ ਨਿਕਾਹ ਕਰ ਲਿਆ ਸੀ। ਪਰ ਦੋਵੇਂ ਲੜਕਾ ਲੜਕੀ ਨੇ ਮੈਜਿਸਟਰੇਟ ਸਾਹਮਣੇ ਇਹ ਮੰਨਿਆ ਸੀ ਕਿ ਅਸੀਂ ਆਪਣੀ ਮਰਜ਼ੀ ਨਾਲ ਨਿਕਾਹ ਕਰਾਇਆ ਹੈ। ਪਾਕਿਸਤਾਨ ਸਰਕਾਰ ਨੇ ਉਸ ਲੜਕੀ ਨੂੰ ਔਰਤ ਸਹਾਇਤਾ ਕੇਂਦਰ ਵਿੱਚ ਰੱਖਿਆ ਹੋਇਆ ਹੈ ਅਤੇ ਅੱਜ ਤੱਕ ਉਹ ਆਪਣੇ ਘਰ ਨਹੀਂ ਪਹੁੰਚੀ ਹੈ। ਇਸ ਸਬੰਧੀ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਕੌਮ ਨੇ ਪਾਕਿਸਤਾਨ ਅੰਦਰ ਰੋਸ ਦਾ ਮੁਜ਼ਾਹਰਾ ਕੀਤਾ ਸੀ। ਹੁਣ ਜਦੋਂ ਉਸ ਮੁਸਲਮਾਨ ਲੜਕੇ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਤਫਤੀਸ਼ ਲਈ ਬੁਲਾਇਆ ਤਾਂ ਉਸਤੋਂ ਭੜਕੇ ਉਸ ਪਰਿਵਾਰ ਦੇ ਹਮਾਇਤੀਆਂ ਨੇ ਬਾਕੀ ਹਜੂਮ ਨਾਲ ਰਲਕੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਪਥਰਾਉ ਅਤੇ ਹੁਲੜਬਾਜੀ ਕੀਤੀ ਅਤੇ ਇਥੋਂ ਤੱਕ ਵੀ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਕੋਈ ਸਿੱਖ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਦਾ ਨਾਮ ਵੀ ਮੁਸਲਮਾਨ ਸ਼ਖਸ਼ੀਅਤ ਦੇ ਨਾਮ ਤੇ ਬਦਲ ਦਿੱਤਾ ਜਾਵੇਗਾ। ਇਸ ਘਟਨਾ ਨਾਲ ਗੁਰਦੁਆਰਾ ਸਾਹਿਬ ਦੇ ਰੋਜ਼ਮਈ ਪ੍ਰੋਗਰਾਮਾਂ ਤੇ ਗੁਰਬਾਣੀ ਕੀਰਤਨ ਵਿੱਚ ਵਿਘਨ ਪਿਆ ਹੈ। ਇਸ ਸਬੰਧੀ ਸਿੱਖ ਕੌਮ ਨੇ ਆਪਣਾ ਰੋਸ ਜਤਾਇਆ ਹੈ ਅਤੇ ਵੱਖ-ਵੱਖ ਰੋਸ ਦਿਖਾਵੇ ਕਰਨ ਦੇ ਆਪਣੇ ਹੀਲੇ ਵਰਤੇ ਹਨ। ਜਿੰਨਾਂ ਚਿਰ ਇਹ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਹਮਣੇ ਹੁਲੜਬਾਜੀ ਚਲਦੀ ਰਹੀ ਤਾਂ ਟੀ.ਵੀ. ਫੁਟੇਜ ਅਨੁਸਾਰ ਉਸ ਜਗ੍ਹਾ ਤੇ ਕੋਈ ਵੀ ਪਾਕਿਸਤਾਨ ਪੁਲੀਸ ਦਿਖਾਈ ਨਹੀਂ ਦਿੱਤੀ। ਇਸ ਘਟਨਾ ਨੂੰ ਲੈ ਕੇ ਭਾਰਤ ਸਰਕਾਰ ਨੇ ਆਪਣਾ ਰੋਸ ਪ੍ਰਗਟਾਇਆ ਹੈ। ਹੋਰ ਵੀ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਲੀਡਰਾਂ ਨੇ ਇਸ ਪ੍ਰਤੀ ਅਫਸੋਸ ਜਤਾਇਆ ਹੈ। ਕਿਉਂਕਿ ਭਾਰਤ ਦੇਸ਼ ਵਿੱਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਝ ਹਿੱਸੇ ਵਲੋਂ ਇਸਦੇ ਖਿਲਾਫ ਕਾਫੀ ਰੋਸ ਜਤਾਇਆ ਹੈ ਇਸ ਕਰਕੇ ਸੱਤਾਧਾਰੀ ਪਾਰਟੀ ਬੀ.ਜੇ.ਪੀ ਦੇ ਬੁਲਾਰੇ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਘਟਨਾ ਨੂੰ ਲੈ ਕੇ ਆਪਣੇ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਨੂੰ ਇਸ ਮੌਕੇ ਠੀਕ ਠਰਿਹਾਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਘਟਨਾ ਨੂੰ ਆਪਣੀ ਸੋਚ ਦੇ ਵਿਰੁੱਧ ਦੱਸਿਆ ਹੈ। ੧੯੫੫ ਵਿੱਚ ਦੋਵਾਂ ਦੇਸ਼ਾਂ ਦੀ ਅਜ਼ਾਦੀ ਤੋਂ ਬਾਅਦ ਇੱਕ ਸੰਧੀ ਹੋਈ ਸੀ ਜਿਸ ਰਾਹੀਂ ਇਹ ਆਇਦ ਲਿਆ ਗਿਆ ਸੀ ਕਿ ਦੋਵਾਂ ਦੇਸ਼ਾਂ ਅੰਦਰ ਪੈਂਦੇ ਧਾਰਮਿਕ ਸਥਾਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇਗਾ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਤੋਂ ਬਾਅਦ ਜੋ ਸਦਭਾਵਨਾ ਬਣੀ ਸੀ ਉਹ ਬਣੀ ਰਹਿਣੀ ਚਾਹੀਦੀ ਹੈ ਤਾਂ ਜੋ ਸਿੱਖ ਕੌਮ ਦੇ ਪ੍ਰਮੁੱਖ ਅਸਥਾਨ ਤੇ ਹੋਰ ਸਿੱਖ ਇਤਿਹਾਸ ਨਾਲ ਜੁੜੇ ਅਸਥਾਨ ਹੁਲੜਬਾਜੀ ਤੋਂ ਸੁਰੱਖਿਅਤ ਰਹਿ ਸਕਣ।