ਛੋਟੇ ਸਾਹਿਬਜ਼ਾਦੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਪੁੱਤਰ ਸਨ, ਦੀ ਇੰਨਾ ਦਿਨਾਂ ਵਿੱਚ ਹੋਈ ਸ਼ਹਾਦਤ ਲਹੂ ਭਿੱਜੀ ਇਤਿਹਾਸ ਦੀ ਦਾਸਤਾਨ ਹੈ। ਛੋਟੇ ਸਾਹਿਬਜ਼ਾਦੇ ਜਿੰਨਾਂ ਦਾ ਕ੍ਰਮਵਾਰ ਨਾਮ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਹਨ। ਉਨਾਂ ਦੇ ਖਿਲਾਫ ਕੋਈ ਵੀ ਕਾਨੂੰਨ ਲਾਗੂ ਨਹੀਂ ਸੀ ਹੁੰਦਾ ਉਨਾਂ ਨੂੰ ਸਿਰਫ ਇਸ ਕਰਕੇ ਸ਼ਹੀਦ ਕੀਤਾ ਗਿਆ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ। ਭਾਈ ਕਾਨ ਸਿੰਘ ਨਾਭਾ ਛੋਟੇ ਸਾਹਿਬਜ਼ਾਦੇ ਭਾਈ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ ਤਿੰਨ ਸੰਮਤ ੧੭੫੩ (ਦੇਸੀ) ਸੰਨ ੧੬੯੬ ਈਸਵੀ ਤੇ ਬਾਬਾ ਫਤਹਿ ਸਿੰਘ ਜੀ ਦਾ ਜਨਮ ਫੱਗਣ ਸੁਦੀ ਸੱਤ ਸੰਮਤ ੧੭੫੫ (ਦੇਸੀ) ਸੰਨ ੧੬੯੮ ਨੂੰ ਹੋਇਆ ਦੱਸਦੇ ਹਨ। ਛੋਟੇ ਸਾਹਿਬਜ਼ਾਦਿਆਂ ਦੇ ਜਨਮ ਬਾਰੇ ਇਤਿਹਾਸਕਾਰਾਂ ਵੱਲੋਂ ਅੱਡ-ਅੱਡ ਤਾਰੀਕਾਂ ਦਾ ਜ਼ਿਕਰ ਕੀਤਾ ਗਿਆ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਿਰਭੈਤਾ ਨਿਡਰਤਾ ਤੇ ਸਿਦਕ ਦੀ ਪ੍ਰਤੀਕ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਉਮਰ ਨੌ ਸਾਲ ਬਾਬਾ ਜੋਰਾਵਰ ਸਿੰਘ ਅਤੇ ਸੱਤ ਸਾਲ ਦੀ ਉਮਰ ਬਾਬਾ ਫਤਹਿ ਸਿੰਘ ਦੀ ਸੀ। ਪਰ ਇੰਨਾਂ ਨਿੱਕੀਆਂ ਜਿੰਦਾਂ ਨੇ ਇਤਿਹਾਸ ਦੇ ਜੋ ਪੰਨੇ ਲਿਖੇ ਹਨ ਉਹ ਆਉਣ ਵਾਲੀਆਂ ਸਦੀਆਂ ਤੱਕ ਸੁਨਹਿਰੀ ਅੱਖਰਾਂ ਵਿੱਚ ਯੁਗੋ ਯੁਗ ਚਮਕਦੇ ਰਹਿਣਗੇ। ਜੇ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਦੇ ਕਿਲੇ ਅੰਦਰ ਮੁਗਲਾਂ ਵੱਲੋਂ ਘੇਰ ਲਏ ਗਏ ਤਾਂ ਸਿੰਘਾਂ ਦੀ ਫਰਿਆਦ ਤੇ ਉਹਨਾਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਇਹ ਵਾਕਿਆ ੨੧ ਦਸੰਬਰ ੧੭੦੪ ਦਾ ਹੈ ਜਦੋਂ ਗੁਰੂ ਸਾਹਿਬ ਤੇ ਇੰਨਾਂ ਦੇ ਸਿੰਘਾਂ ਨਾਲ ਇੰਨਾਂ ਦਾ ਪਰਿਵਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਏ ਤਾਂ ਸਰਸਾ ਨਦੀ ਦੇ ਕਿਨਾਰੇ ਮੁਗਲਾਂ ਵੱਲੋਂ ਦੁਬਾਰਾ ਧਾਵਾ ਕਰ ਦਿੱਤਾ। ਜਿਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਚਾਲੀ ਸਿੰਘ ਸਰਸਾ ਨਦੀ ਪਾਰ ਕਰ ਗਏ। ਬਾਕੀ ਸਾਰਾ ਪਰਿਵਾਰ ਗੁਰੂ ਸਾਹਿਬ ਨਾਲੋਂ ਵਿੱਛੜ ਗਿਆ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਨਾਲ ਕੁੰਮੇ ਮਾਛੀ ਦੀ ਝੌਪੜੀ ਵਿੱਚ ਰਾਤ ਗੁਜਾਰਨ ਲਈ ਪਹੁੰਚੇ। ਇੰਨਾਂ ਦਿਨਾਂ ਵਿੱਚ ਪੋਹ ਦੀ ਕੜਾਕੇ ਦੀ ਸਰਦੀ ਸੀ। ਉਨਾਂ ਦੇ ਭਿੱਜੇ ਹੋਏ ਕੱਪੜੇ ਸਨ। ਇੱਥੇ ਹੀ ਅਗਲੇ ਦਿਨ ਉਨਾਂ ਦੀ ਮੁਲਾਕਾਤ ਗੰਗੂ ਬ੍ਰਾਹਮਣ ਜੋ ਗੁਰੂ ਘਰ ਦਾ ਰਸੋਈਆਂ ਸੀ ਨਾਲ ਹੋਈ। ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਤਰਖੇੜੀ ਲੈ ਗਿਆ ਜਿੱਥੇ ਗੰਗੂ ਦੀ ਨੀਅਤ ਬਦਲ ਗਈ ਲਾਲਚ ਵਸ ਉਸਨੇ ਮਾਤਾ ਜੀ ਕੋਲ ਕੁਝ ਮੋਹਰਾਂ ਸਨ, ਚੋਰੀ ਕਰ ਲਈਆਂ ਅਤੇ ਅਗਲੇ ਦਿਨ ਕੋਤਵਾਲੀ ਜਾ ਕੇ ਮਾਤਾ ਜੀ ਤੇ ਸਾਹਿਬਜ਼ਦਿਆਂ ਦੀ ਸੂਹ ਦੇ ਕੇ ਉਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਛੋਟੇ ਸਾਹਿਬਜ਼ਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਸੂਬੇਦਾਰ ਵਜੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਂਦ ਕਰ ਦਿੱਤਾ। ਜਿੱਥੇ ਉਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਸੁਖ ਅਰਾਮ ਨਹੀਂ ਸੀ ਤੇ ਤਨ ਢਕਣ ਲਈ ਉਨ੍ਹਾਂ ਕੋਲ ਕੋਈ ਗਰਮ ਕੱਪੜਾ ਵੀ ਨਹੀਂ ਸੀ ਅਗਲੇ ਦਿਨ ਤੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇਦਾਦ ਵਜੀਰ ਖਾਨ ਦੀ ਕਚਹਿਰੀ ਵਿੱਚ ਪੇਸ ਕੀਤਾ ਗਿਆ ਜਿਸ ਦੀ ਤਰੀਕ ਇਤਿਹਾਸਕਾਰਾਂ ਮੁਤਾਬਕ ੨੪ ਦਸੰਬਰ ੧੭੦੪ ਬਣਦੀ ਹੈ। ਇਥੇ ਛੋਟੇ ਸਾਹਿਬਜ਼ਾਦਿਆਂ ਨੂੰ ਵੱਖ-ਵੱਖ ਤਰਾਂ ਦੇ ਲਾਲਚ ਤੇ ਅਣਮਨੁੱਖੀ ਤਸ਼ੱਦਦ ਦਿੱਤੇ ਗਏ ਕਿ ਉਹ ਆਪਣਾ ਧਰਮ ਤਬਦੀਲ ਕਰਕੇ ਇਸਲਾਮ ਕਬੂਲ ਕਰ ਲੈਣ। ਉਹਨਾਂ ਵੱਲੋਂ ਈਨ ਨਾ ਮੰਨਣ ਤੇ ਸੂਬੇਦਾਰ ਨੇ ਛੋਟੇ ਸਾਹਿਬਜਾਦਿਆਂ ਨੂੰ ਜਿੰਦਾ ਨੀਂਹਾਂ ਵਿੱਚ ਚਿਣਨ ਦੇ ਹੁਕਮ ਦੇ ਦਿੱਤੇ।

ਇਹ ਸਾਕਾ ਇਤਿਹਾਸਕਾਰਾਂ ਮੁਤਾਬਕ ੨੮ ਦਸੰਬਰ ੧੭੦੪ ਈਸਵੀ ਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸਹਾਦਤ ਬਾਰੇ ਸੁਣ ਕੇ ਮਾਤਾ ਗੁਜਰੀ ਜੀ ਬੇਹੋਸ਼ ਹੋ ਗਏ ਤੇ ਸਵਰਗ ਸਿਧਾਰ ਗਏ। ਗੁਰੂ ਘਰ ਦੇ ਸੇਵਕ ਦੀਵਾਨ ਟੋਡਰ ਮੱਲ ਸੂਬੇਦਾਰ ਕੋਲੋਂ ਇੰਨਾਂ ਮਹਾਨ ਜਿੰਦਾ ਦੇ ਸਸਕਾਰ ਦੀ ਇਜਾਜ਼ਤ ਮੰਗੀ ਤਾਂ ਉਸਨੇ ਇਹ ਚਾਰ ਗਜ ਜਗ੍ਹਾ ੨ ਅਰਬ ਪੰਜਾਹ ਕਰੋੜ ਰੁਪਏ ਦੀ ਖਰੀਦੀ ਅਤੇ ਇਹ ਜਗ੍ਹਾ ਅੱਜ ਵੀ ਦੁਨੀਆਂ ਦੀ ਸਭ ਤੋਂ ਕੀਮਤੀ ਜਗ੍ਹਾ ਮੰਨੀ ਜਾਂਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਥੇ ਸਿੱਖੀ ਸਿਦਕ ਦਾ ਪ੍ਰਤੀਕ ਸੀ ਉਥੇ ਇਹ ਇਨਕਲਾਬੀ ਸੋਚ ਵੀ ਸੀ ਜਿਸ ਕਾਰਨ ਸ਼ਹਾਦਤ ਤੋਂ ਬਾਅਦ ਮੁਗਲ ਰਾਜ ਦੀ ਜੜ੍ਹ aਖੜਨੀ ਸ਼ੁਰੂ ਹੋ ਗਈ। ਪਰ ਅੱਜ ਜਦੋਂ ਇਸ ਸ਼ਹਾਦਤਾਂ ਨੂੰ ਸਿੱਖ ਕੌਮ ਯਾਦ ਕਰਦੀ ਹੈ ਤਾਂ ਇਹ ਜਰੂਰ ਸਾਹਮਣੇ ਆਉਂਦਾ ਹੈ ਕਿ ਅੱਜ ਦੀ ਸਿੱਖ ਕੌਮ ਕੋਲ ਯਾਦਾਂ ਤਾਂ ਜਰੂਰ ਹਨ ਤੇ ਬੜੀ ਸਰਧਾ ਨਾਲ ਸ਼ਹੀਦੀ ਦਿਵਸ ਮਨਾਏ ਜਾਂਦੇ ਹਨ ਪਰ ਇਨਕਲਾਬੀ ਸੋਚ ਮਨਫੀ ਹੋ ਗਈ ਹੈ।