ਨਵੰਬਰ ਦਾ ਮਹੀਨਾ ਅਜੋਕੇ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਦੁਖਦਾਈ ਮਹੀਨਾ ਹੈ। ੧੯੮੪ ਵਿੱਚ ਇਸੇ ਮਹੀਨੇ ਦੌਰਾਨ ਭਾਰਤੀ ਬਹੁ-ਗਣਤੀ ਨੇ ਸਿੱਖਾਂ ਨੂੰ ਜਮਹੂਰੀਅਤ ਦੇ ਅਰਥ ਸਮਝਾਏ ਸਨ। ਜਦੋਂ ਆਪਣੀਆਂ ਘੋਰ ਗਲਤੀਆਂ ਕਾਰਨ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਿੱਖ ਅੰਗ-ਰੱਖਿਅਕਾਂ ਹੱਥੋਂ ਮਾਰੀ ਗਈ ਸੀ ਤਾਂ ਫਿਰ ਬਹੁ-ਗਿਣਤੀ ਦੇ ਤਾਂਡਵ ਨੂੰ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਸੀ। ਹਰ ਘਰ, ਹਰ ਗਲੀ ਕੂਚੇ ਨੂੰ ਉਸ ਵਹਿਸ਼ੀ ਤਾਂਡਵ ਦਾ ਸੇਕ ਲੱਗਿਆ ਸੀ। ਅਜ਼ਾਦ ਭਾਰਤ ਵਿੱਚ ਪਹਿਲੀ ਵਾਰ ੧੯੮੪ ਦੇ ਸਾਲ ਦੌਰਾਨ ਸਿੱਖਾਂ ਨੂੰ ਅਹਿਸਾਸ ਹੋਇਆ ਸੀ ਕਿ ਜੇ ਉਸ ਮੁਲਕ ਵਿੱਚ ਰਹਿਣਾਂ ਹੈ, ਤਾਂ ਫਿਰ ਬਹੁ-ਗਿਣਤੀ ਦੀ ਖੁਸ਼ਨੂਦੀ ਹਾਸਲ ਕਰਕੇ ਹੀ ਰਿਹਾ ਜਾ ਸਕਦਾ ਹੈ। ਉਹ ਬਹੁ-ਗਿਣਤੀ ਜਿਸ ਦੇ ਮੂੰਹ ਨੂੰ ਮੁਗਲ ਹਾਕਮ ਆਪਣਾਂ ਥੁੱਕ ਸੁਟਣ ਲਈ ਵਰਤਦੇ ਹੁੰਦੇ ਸਨ ਉਹ ਸਿੱਖਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਜਦੋਂ ਹਾਕਮ ਬਣ ਗਈ ਤਾਂ ਫਿਰ ਸਭ ਤੋਂ ਪਹਿਲਾ ਹਮਲਾ ਉਸ ਨੇ ਸਿੱਖਾਂ ਤੇ ਹੀ ਕੀਤਾ।

੧੯੮੪ ਦਾ ਸਾਲ ਸਿੱਖਾਂ ਲਈ ਉਸ ਦੇਸ਼ ਨਾਲ ਅਤੇ ਉਸ ਦੇਸ਼ ਦੇ ਹਾਕਮਾਂ ਨਾਲ ਆਪਣੇ ਰਿਸ਼ਤੇ ਨਵੇਂ ਸਿਰੇ ਤੋਂ ਵਿਉਂਤਣ ਅਤੇ ਸਮਝਣ ਦਾ ਸਾਲ ਬਣਕੇ ਆਇਆ। ਸਿੱਖਾਂ ਨੇ ਕਦੇ ਸੋਚਿਆ ਵੀ ਨਹੀ ਸੀ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸਨ ਉਸ ਦੇਸ਼ ਦੇ ਨਵੇਂ ਬਣੇ ਹਾਕਮ ਸਿੱਖਾਂ ਨਾਲ ਏਨਾ ਵਹਿਸ਼ੀ ਵਤੀਰਾ ਧਾਰਨ ਕਰਨਗੇ।

ਅੱਜ ਸਿੱਖ ਉਸ ਘੱਲ਼ੂਘਾਰੇ ਦੀ ੩੪ਵੀਂ ਵੀ ਯਾਦ ਮਨਾ ਰਹੇ ਹਨ। ੩੪ ਸਾਲ ਪਹਿਲਾਂ ਜਦੋਂ ਹਿੰਦੂਵਾਦੀ ਭੀੜਾਂ ਨੇ ਸਮੁੱਚੇ ਭਾਰਤ ਵਿੱਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਸੀ ਉਸ ਵੇਲੇ ਦੇ ਜ਼ਖਮ ਹਾਲੇ ਵੀ ਸਿੱਖ ਸਿਮਰਤੀ ਵਿੱਚ ਤਾਜ਼ਾ ਪਏ ਹਨ। ਉਸ ਕਤਲੇਆਮ ਦੇ ਮੁਖ ਦੋਸ਼ੀ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ। ਅੱਜ ੩੪ ਸਾਲ ਬਾਅਦ ਜਦੋਂ ਸਿੱਖ ਉਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਅਵਾਜ਼ ਬੁਲ਼ੰਦ ਕਰ ਰਹੇ ਹਨ ਤਾਂ ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਨੇ ਸਿੱਖਾਂ ਨੂੰ ਭਾਰਤੀ ਹਾਕਮਾਂ ਦਾ ਸੁਨੇਹਾ ਬਹੁਤ ਠੋਕ ਵਜਾਕੇ ਦੇ ਦਿੱਤਾ ਹੈ।

ਉਸਨੇ ਸਿੱਖ ਕੌਮ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ੧੯੮੪ ਅਤੇ ਉਸ ਤੋਂ ਬਾਅਦ ਹੋਏ ਘਟਨਾਕ੍ਰਮ ਨੂੰ ਭੁੱਲ ਜਾਵੋ ਨਹੀ ਤਾਂ ਭਾਰਤ ਸਰਕਾਰ ਕੌਮ ਤੇ ਨਵਾਂ ਫੌਜੀ ਹਮਲਾ ਕਰਨ ਦੀ ਪੂਰੀ ਤਿਆਰੀ ਕਰੀ ਬੈਠੀ ਹੈ। ਭਾਰਤੀ ਫੌਜ ਦੇ ਮੁਖੀ ਨੇ ਸਿੱਖਾਂ ਨੂੰ ਚੇਤਾਵਨੀ ਦੇਣ ਸਮੇਂ ਅਤੇ ਸਿੱਖਾਂ ਬਾਰੇ ਭਾਰਤੀ ਸਰਕਾਰ ਦੀ ਨੀਤੀ ਦਾ ਖੁਲਾਸਾ ਕਰਨ ਸਮੇਂ ਬਿਲਕੁਲ ਵੀ ਕੋਈ ਲੁਕ ਲੁਕਾ ਨਹੀ ਰੱਖਿਆ। ਉਸਨੇ ਸਾਫ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਪੰਜਾਬ ਵਾਲੀ ਕਹਾਣੀ ਹਾਲੇ ਖਤਮ ਨਹੀ ਹੋਈ ਇਸ ਲਈ ਭਾਰਤ ਸਰਕਾਰ ਨੂੰ ਪੰਜਾਬ ਦੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇੱਕਦਮ ਤੇਜ਼ ਕਾਰਵਾਈ ਕਰਨੀ ਚਾਹੀਦੀ ਹੈ।

ਇੱਕ ਪਾਸੇ ਅਸੀਂ ਇੱਕ ਕੌਮ ਵੱਜੋਂ ਉਨ੍ਹਾਂ ਜੁਲਮਾਂ ਦਾ ਇਨਸਾਫ ਮੰਗ ਰਹੇ ਹਲ ਜੋ ਭਾਰਤੀ ਸਟੇਟ ਦੀ ਮਸ਼ੀਨਰੀ ਫੌਜ ਅਤੇ ਪੁਲ਼ਿਸ ਨੇ ਸਿੱਖਾਂ ਤੇ ਕੀਤੇ ਸਨ ਪਰ ਦੂਜੇ ਪਾਸੇ ਭਾਰਤੀ ਫੌਜ ਦਾ ਮੁਖੀ ਸਿੱਖਾਂ ਤੇ ਉਸ ਨਾਲੋਂ ਵੀ ਭਿਅੰਕਰ ਹਮਲੇ ਦੀ ਚੇਤਾਵਨੀ ਦੇ ਰਿਹਾ ਹੈ।

ਬਿਪਨ ਰਾਵਤ ਦੇ ਇਸ ਬਿਆਨ ਤੋਂ ਅਤੇ ਭਾਰਤ ਸਰਕਾਰ ਵੱਲੋਂ ਹਥਿਆਰਾਂ ਦੇ ਲਗਾਏ ਜਾ ਰਹੇ ਅੰਬਾਰਾਂ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਉਹ ਕੌਮਾਂਤਰੀ ਤੌਰ ਤੇ ਤਾਕਤਵਰ ਸਾਰੇ ਮੁਲਕਾਂ ਦਾ ਮੂੰਹ ਬੰਦ ਕਰਕੇ ਇੱਕ ਵਾਰ ਫਿਰ ਇੰਦਰਾ ਗਾਂਧੀ ਨਾਲੋਂ ਵੀ ਭਿਆਨਕ ਹਮਲਾ ਕਰਨ ਦੀ ਤਾਕ ਵਿੱਚ ਹੈ।

ਜਿਵੇਂ ਇੱਕ ਅਖੌਤੀ ਗਾਂਧੀਵਾਦੀ ਨੇ ਆਖਿਆ ਸੀ ਕਿ ਜੇ ਭਾਰਤ ਨੂੰ ਬਚਾਉਣ ਲਈ ਸਾਰੇ ਪੰਜਾਬ ਨੂੰ ਤਬਾਹ ਵੀ ਕਰਨਾ ਪਿਆ ਤਾਂ ਇਹ ਭਾਰਤ ਦੇ ਹਿੰਦੂਵਾਦੀਆਂ ਲਈ ਕੋਈ ਘਾਟੇ ਵਾਲਾ ਸੌਦਾ ਨਹੀ ਹੋਵੇਗਾ। ਸ਼ਾਇਦ ਭਾਰਤੀ ਸਟੇਟ ਤੇ ਕਾਬਜ ਲੋਕ ਹੁਣ ਵੀ ਇਹ ਸਮਝਦੇ ਹਨ ਕਿ ਵੱਡੇ ਜੁਲਮਾਂ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਖਤਮ ਨਹੀ ਕੀਤਾ ਜਾ ਸਕਿਆ ਅਤੇ ਜਿਵੇਂ ਵਿਦੇਸ਼ਾਂ ਵਿੱਚ ਇਹ ਵਾਰ ਵਾਰ ਪਸਲੇਟੇ ਮਾਰ ਰਹੀ ਹੈ ਇਸ ਲਈ ਪੰਜਾਬ ਵਾਲਾ ਫਸਤਾ ਵੱਢ ਹੀ ਦੇਣਾਂ ਚਾਹੀਦਾ ਹੈ। ਬਰਮਾ ਵਿੱਚ ਰੋਹਿੰਗੀਆ ਮੁਸਲਮਾਨਾਂ ਨਾਲ ਜੋ ਹੋਇਆ ਅਤੇ ਜਿਵੇਂ ਕੌਮਾਂਤਰੀ ਭਾਈਚਾਰੇ ਅਤੇ ਵੱਡੀਆਂ ਕੌਮਾਂਤਰੀ ਸੰਸਥਾਵਾਂ ਨੇ ਉਸ ਬਾਰੇ ਗੋਂਗਲ਼ੂਆਂ ਤੋਂ ਮਿੱਟੀ ਝਾੜਣ ਤੋਂ ਬਿਨਾ ਕੁਝ ਨਹੀ ਕੀਤਾ, ਉਸ ਸੰਦਰਭ ਵਿੱਚ ਇਹ ਲੱਗ ਰਿਹਾ ਹੈ ਕਿ ਭਾਰਤ ਸਰਕਾਰ ਕਮਜ਼ੋਰ ਹੋਈ ਕੌਮਾਂਤਰੀ ਰਾਜਨੀਤੀ ਦੇ ਓਹਲੇ ਵਿੱਚ ਸਿੱਖਾਂ ਤੇ ਜੁਲਮਾਂ ਦੀ ਹਨੇਰੀ ਝੁਲਾ ਸਕਦੀ ਹੈ।

ਆਉਣ ਵਾਲਾ ਭਵਿੱਖ ਮੇਰੇ ਲੋਕਾਂ ਲਈ ਬਹੁਤ ਕਸ਼ਟਮਈ ਹੋ ਸਕਦਾ ਹੈ। ਵਾਹਿਗੁਰੂ ਭਲੀ ਕਰਨ ਅਤੇ ਜੁਲਮ ਸਹਿਣ ਦਾ ਬਲ ਬਖਸ਼ਣ।