ਦੋ ਸਾਲਾਂ ਤੋਂ ਚੱਲ ਰਹੀ ਸੀਰੀਅਨ ਖਾਨਾਜੰਗੀ ਹੁਣ ਉਸ ਥਾਂ ਤੇ ਪਹੁੰਚ ਗਈ ਹੈ ਜਿੱਥੇ ਪੱਛਮੀ ਤਾਕਤਾਂ ਨੂੰ ਕੁਝ ਕਰਨ ਬਾਰੇ ਸੋਚਣ ਲਈ ਮਜਬੂਰ ਹੋਣਾਂ ਪੈ ਗਿਆ ਹੈ। ਅਰਬ-ਬਹਾਰ ਦੇ ਨਾ ਨਾਲ ਜਾਣੇ ਜਾਂਦੇ ਤਬਦੀਲੀ ਦੇ ਇਨਕਲਾਬ ਨਾਲ ਸ਼ੁਰੂ ਹੋਈ ਇਹ ਲਹਿਰ ਹੁਣ ਬਹੁਤ ਹੀ ਭਿਆਨਕ ਖੂਨੀ ਰੁਖ ਅਖਤਿਆਰ ਕਰ ਗਈ ਹੈ। ਹੁਣ ਤੱਕ ਇਸ ਖਾਨਾਜੰਗੀ ਵਿੱਚ ਇੱਕ ਲੱਖ ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ ਅਤੇ ਲਗਭਗ ੨ ਮਿਲੀਅਨ ਲੋਕ ਰਫਿਊਜੀ ਬਣਕੇ ਗਵਾਂਢੀ ਮੁਲਕਾਂ ਵਿੱਚ ਸ਼ਰਨ ਲਈ ਬੈਠੇ ਹਨ। ਜੰਗ ਵਿੱਚ ਉਲਝੀਆਂ ਦੋਵੇਂ ਪਾਰਟੀਆਂ ਹਰ ਭਿਆਨਕ ਹਥਿਆਰ ਵਰਤਕੇ ਜੰਗ ਨੂੰ ਜਿੱਤ ਲੈਣ ਲਈ ਯਤਨਸ਼ੀਲ ਹਨ। ਇਸੇ ਲਈ ਪਿਛਲੇ ਹਫਤੇ ਬਸ਼ਰ ਅਲ ਅਸਾਦ ਦੀਆਂ ਫੌਜਾਂ ਨੇ ਪਾਬੰਦੀਸ਼ੁਦਾ ਸੈਰੀਨ ਗੈਸ ਦੀ ਵਰਤੋ ਕਰਕੇ ੧੪੦੦ ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਹੈ। ਆਪਣੇ ਹੀ ਨਾਗਰਿਕਾਂ ਤੇ ਅਜਿਹੀ ਭਿਆਨਕ ਗੈਸ ਦੀ ਵਰਤੋਂ ਕਰਨ ਦੀ ਕੌਮਾਂਤਰੀ ਕਨੂੰਨ ਇਜਾਜਤ ਨਹੀ ਦੇਂਦਾ ਪਰ ਤੀਜੀ ਦੁਨੀਆਂ ਦੇ ਮੁਲਕਾਂ ਵਿੱਚ ਅਜਿਹਾ ਸਭ ਕੁਝ ਹੁੰਦਾ ਹੈ ਜੋ ਕੌਮਾਂਤਰੀ ਕਨੂੰਨਾਂ ਹੇਠ ਜੁਰਮ ਹੈ।

ਸੀਰੀਆ ਦਾ ਇਹ ਸੰਕਟ ਅਮਰੀਕੀ ਪ੍ਰਸ਼ਾਸ਼ਨ ਲਈ ਅਤੇ ਉਸਦੇ ਹੋਰ ਸਹਿਯੋਗੀਆਂ ਲਈ ਕਾਫੀ ਵੱਡੀ ਚੁਣੌਤੀ ਦੇ ਤੌਰ ਤੇ ਉਭਰ ਰਿਹਾ ਹੈ। ਚੁਣੌਤੀ ਇਸ ਗੱਲ ਦੀ ਨਹੀ ਹੈ ਕਿ ਪ੍ਰਧਾਨ ਅਸਾਦ ਦੀਆਂ ਫੌਜਾਂ ਲੋਕਾਂ ਦਾ ਕਤਲੇਆਮ ਕਰ ਰਹੀਆਂ ਹਨ, ਚੁਣੌਤੀ ਇਸ ਗੱਲ ਦੀ ਹੈ ਕਿ ਸੀਰੀਆ, ਅਫਗਾਨਿਸਤਾਨ ਅਤੇ ਈਰਾਕ ਨਾਲੋਂ ਬਿਲਕੁਲ ਵੱਖਰੀ ਸਥਿਤੀ ਵੱਜੋਂ ਪੇਸ਼ ਹੋ ਰਿਹਾ ਹੈ ਅਤੇ ਪੱਛਮੀ ਤਾਕਤਾਂ ਖਾਸ ਕਰਕੇ ਅਮਰੀਕਾ ਆਪਣੇ ਮੁਲਕ ਨੂੰ ਕਿਸੇ ਨਵੇਂ ਕਲੇਸ਼ ਵਿੱਚ ਪਾਉਣ ਲਈ ਰਾਜ਼ੀ ਨਹੀ ਹੈ। ਅਮਰੀਕੀ ਪ੍ਰਧਾਨ ਬਾਰਕ ਓਬਾਮਾ ਲਈ ਇਹ ਸਥਿਤੀ ਬਹੁਤ ਗੁੰਝਲਦਾਰ ਬਣ ਗਈ ਹੈ। ਜਦੋਂ ਉਹ ਦੂਜੀ ਵਾਰ ਪ੍ਰਧਾਨ ਬਣੇ ਸਨ ਤਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣ ਤੋਂ ਬਾਅਦ ਸੀਰੀਆ ਦੀ ਵਿਗੜ ਰਹੀ ਸਥਿਤੀ ਬਾਰੇ ਦੱਸਿਆ ਤੇ ਕੁਝ ਕਰਨ ਲਈ ਬੇਨਤੀ ਕੀਤੀ ਸੀ। ਉਸ ਵੇਲੇ ਬਾਰਕ ਓਬਾਮਾ ਨੇ ਕੈਮਰਨ ਨੂੰ ਸਾਫ ਸ਼ਬਦਾਂ ਵਿੱਚ ਆਖ ਦਿੱਤਾ ਸੀ ਕਿ ਉਹ ਨਵੀਆਂ ਜੰਗਾਂ ਸ਼ੁਰੂ ਕਰਨ ਲਈ ਪ੍ਰਧਾਨ ਨਹੀ ਬਣੇ ਬਲਕਿ ਪੁਰਾਣੀਆਂ ਜੰਗਾਂ ਨੂੰ ਖਤਮ ਕਰਕੇ ਆਪਣੇ ਮੁਲਕ ਦੀ ਆਰਥਿਕ ਤਰੱਕੀ ਲਈ ਆਪਣਾਂ ਸਮਾ ਲਾਉਣਾਂ ਚਾਹੁੰਦੇ ਹਨ। ਓਬਾਮਾ ਦੀ ਇਹ ਸੋਚ ਸੱਚਮੁੱਚ ਜਾਰਜ ਬੁਸ਼ ਦੀ ਜੰਗਬਾਜੀ ਵਾਲੀ ਪਹੁੰਚ ਤੋਂ ਉਲਟ ਸੀ। ਓਬਾਮਾ ਜਾਣਦੇ ਹਨ ਕਿ ਜੰਗਬਾਜੀ ਦੀਆਂ ਘਟਨਾਵਾਂ ਨੇ ਅਮਰੀਕੀ ਆਰਥਿਕਤਾ ਨੂੰ ਬਹੁਤ ਥੱਲੇ ਲਾ ਦਿੱਤਾ ਹੈ ਜਿਸਦਾ ਖਮਿਆਜਾ ਅਮਰੀਕੀ ਲੋਕਾਂ ਨੂੰ ਆਪਣੇ ਜੀਵਨ ਦਾ ਪੱਧਰ ਥੱਲੇ ਸੁੱਟਕੇ ਭੁਗਤਣਾ ਪੈ ਰਿਹਾ ਹੈ। ਪਿਛਲੇ ਸਾਲਾਂ ਤੋਂ ਪ੍ਰਧਾਨ ਓਬਾਮਾਂ ਲਗਾਤਾਰ ਸੀਰੀਆ ਅਤੇ ਮਿਸਰ ਬਾਰੇ ਸਿਰਫ ਟਿੱਪਣੀਆਂ ਕਰਨ ਜਾਂ ਰਸਮੀ ਪ੍ਰਤੀਕਰਮ ਕਰਨ ਤੱਕ ਸੀਮਤ ਰਹੇ ਹਨ, ਕਿਤੇ ਵੀ ਉਨ੍ਹਾਂ ਨੇ ਅਮਰੀਕੀ ਦਖਲਅੰਦਾਜ਼ੀ ਦੀ ਗੱਲ ਨਹੀ ਕੀਤੀ। ਉਨ੍ਹਾਂ ਦੀ ਇਸ ਪਹੁੰਚ ਲਈ ਅਮਰੀਕੀ ਅਤੇ ਗਲੋਬਲ ਡਿਪਲੋਮੈਟਿਕ ਹਲਕਿਆਂ ਵਿੱਚ ਉਨ੍ਹ੍ਹਾਂ ਦੀ ਆਲੋਚਨਾ ਵੀ ਹੁੰਦੀ ਰਹੀ ਹੈ। ਅਮਰੀਕੀ ਵਿਦੇਸ਼ ਨੀਤੀ ਨੂੰ ਦਿਸ਼ਾ ਦੇਣ ਵਾਲ਼ੇ ਰਸਾਲੇ ਫਾਰਨ ਅਫੇਅਰਜ਼ ਦੇ ਨਵੰਬਰ-ਦਸੰਬਰ ੨੦੧੦ ਦੇ ਅੰਕ ਵਿੱਚ ਉਸ ਵੇਲੇ ਦੀ ਸੈਕਟਰੀ ਆਫ ਸਟੇਟ ਹਿਲੇਰੀ ਕਲਿੰਟਨ ਦਾ ਵੱਡਾ ਲੇਖ ਛਪਿਆ ਸੀ The World Ahead ਇਸ ਲੇਖ ਵਿੱਚ ਬੀਬੀ ਕਲਿੰਟਨ ਨੇ ਸਾਫ ਸ਼ਬਦਾਂ ਵਿਚ ਆਖਿਆ ਸੀ ਕਿ ਜਿੱਥੇ ਕਿਤੇ ਵੀ ਦੁਨੀਆ ਵਿੱਚ ਅਮਰੀਕਾ ਦੀ ਜਰੂਰਤ ਮਹਿਸੂਸ ਕੀਤੀ ਜਾਵੇਗੀ ਅਮਰੀਕਾ ਉਥੇ ਆਪਣੀ ਹਾਜਰੀ ਲਵਾਏਗਾ। ਦਹਾਕਿਆਂ ਤੋਂ ਅਮਰੀਕਾ ਨੇ ਦੁਨੀਆਂ ਨੂੰ ਲੀਡਰਸ਼ਿੱਪ ਪ੍ਰਦਾਨ ਕੀਤੀ ਹੈ ਅਤੇ ਅਗਲੇ ਸਮੇਂ ਵਿੱਚ ਵੀ ਅਮਰੀਕਾ ਆਪਣੀ ਹਾਜਰੀ ਲਵਾਏਗਾ। ਪਰ ਪ੍ਰਧਾਨ ਓਬਾਮਾ ਦੀ ਨਵੀਂ ਪਹੁੰਚ ਬਹੁਤਿਆਂ ਨੂੰ ਹਜਮ ਨਹੀ ਹੋ ਰਹੀ। ਉਨ੍ਹਾਂ ਤੇ American disengagemant ਦੇ ਦੋਸ਼ ਲਗਾਏ ਜਾ ਰਹੇ ਹਨ। ਸਾਰੀ ਆਲੋਚਨਾ ਦੇ ਬਾਵਜੂਦ ਓਬਾਮਾਂ ਨੇ ਇੱਕ ਅਸਲ ਆਗੂ ਵਾਲੀ ਭੂਮਿਕਾ ਨਿਭਾਉਂਦਿਆਂ ਕਿਸੇ ਦੀ ਪਰਵਾਹ ਨਹੀ ਕੀਤੀ ਬਲਕਿ ਜੰਗਾਂ ਵਿੱਚ ਸ਼ਾਮਲ ਹੋਣ ਤੋਂ ਪਾਸਾ ਵੱਟੀ ਰੱਖਿਆ।

ਹੁਣ ਸੀਰੀਆ ਦੀ ਜੰਗ ਦੀਆਂ ਕੁਝ ਹੋਰ ਉਲਝਣਾਂ ਵੀ ਹਨ। ਰੂਸ ਲਗਾਤਾਰ ਸੀਰੀਆ ਦੀ ਪਿੱਠ ਤੇ ਖੜਾ ਹੈ ਅਤੇ ਉਸ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਰੂਸੀ ਬੇੜਾ ਵੀ ਇੱਕ ਸੀਰੀਆਈ ਟਾਪੂ ਦੇ ਲਾਗੇ ਖੜਿਆ ਦੱਸਿਆ ਜਾ ਰਿਹਾ ਹੈ। ਡਿਪਲੋਮੈਟਿਕ ਤੌਰ ਤੇ ਵੀ ਰੂਸ ਸੀਰੀਆ ਦੇ ਹੱਕ ਵਿੱਚ ਹੈ। ਸੁਰੱਖਿਆ ਕੌਂਸਲ ਵਿੱਚ ਉਹ ਤੇ ਚੀਨ ਸੀਰੀਆ ਖਿਲਾਫ ਆਉਣ ਵਾਲੇ ਕਿਸੇ ਵੀ ਮਤੇ ਦਾ ਵਿਰੋਧ ਕਰਨਗੇ ਜਿਸ ਨਾਲ ਜੰਗ ਦੀ ਅਸਲੀਅਤ ਤੇ ਪ੍ਰਸ਼ਨ ਚਿੰਨ ਲਗ ਸਕਦਾ ਹੈ। ਵੈਸੇ ਵੀ ਰੂਸ, ਅੱਜਕੱਲ਼੍ਹ ਅਮਰੀਕਾ ਨੂੰ ਲਹੂਲੁਹਾਣ (Bleed) ਕਰਨ ਲਈ ਯਤਨਸ਼ੀਲ ਹੈ। ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਨੂੰ ਉਹ ਆਪਣੀ ਜਿੱਤ ਵੱਜੋਂ ਦੇਖ ਰਿਹਾ ਹੈ। ਮਿਸਟਰ ਸਨੋਡਨ ਨੂੰ ਆਰਜ਼ੀ ਸ਼ਰਨ ਦੇਕੇ ਅਤੇ ਕੁਝ ਸਮਾਂ ਪਹਿਲਾਂ ਸੀ.ਆਈ.ਏ. ਦੇ ਮਾਸਕੋ ਸਥਿਤ ਸਟੇਸ਼ਨ ਚੀਫ ਨੂੰ ਗ੍ਰਿਫਤਾਰ ਕਰਕੇ ਉਸਦੀ ਟੀਵੀ ਪਰੇਡ ਕਰਕੇ ਰੂਸ ਨੇ ਅਮਰੀਕਾ ਨਾਲ ਕਾਫੀ ਦੂਰੀ ਬਣਾ ਲਈ ਹੈ। ਦੂਜੇ ਪਾਸੇ ਈਰਾਨ ਵੀ ਸੀਰੀਆ ਦੀ ਮਦਦ ਤੇ ਹੈ। ਰੂਸ ਬਾਰੇ ਤਾਂ ਇਹ ਪੱਕਾ ਹੋ ਚੁਕਿਆ ਹੈ ਕਿ ਉਹ ਅਮਰੀਕੀ ਹਮਲੇ ਦਾ ਵਿਰੋਧ ਕਰਨ ਲਈ ਸਾਹਮਣੇ ਨਹੀ ਆਵੇਗਾ, ਭਾਵ ਉਹ ਜੰਗ ਵਿੱਚ ਸ਼ਾਮਲ ਨਹੀ ਹੋਵੇਗਾ, ਈਰਾਨ ਅਰਬ ਮੁਲਕਾਂ ਤੇ ਕੁਝ ਮਿਜ਼ਾਈਲਾਂ ਛੱਡ ਸਕਦਾ ਹੈ, ਜਿਨ੍ਹਾਂ ਨੂੰ ਖਤਮ ਕਰਨ ਲਈ ਇਜ਼ਰਾਈਲ ਨੂੰ ਜਿੰਮੇਵਾਰੀ ਸਾਂਭਣੀ ਪਵੇਗੀ।

ਅਗਸਤ ਦੇ ਆਖਰੀ ਹਫਤੇ ਦੌਰਾਨ ਸੈਰੀਨ ਗੈਸ ਦੀ ਵਰਤੋਂ ਕਰਨ ਦੇ ਦੋਸ਼ਾਂ ਤੋਂ ਬਾਅਦ ਵੀ ਜਿੱਥੇ ਅਮਰੀਕੀ ਪ੍ਰਧਾਨ ਓਬਾਮਾ ਨੇ ਸਹਿਜ ਦਾ ਪੱਲਾ ਨਹੀ ਛੱਡਿਆ ਉਥੇ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਆਪਣੀਆਂ ਛੁੱਟੀਆਂ ਵਿੱਚ ਹੀ ਛੱਡਕੇ ਕਾਹਲ ਵਿੱਚ ਸੰਸਦ ਦਾ ਸ਼ੈਸਨ ਬੁਲਾ ਲਿਆ ਅਤੇ ਬਿਨਾ ਕੁਝ ਤਿਆਰੀ ਕੀਤੇ, ਜਰੂਰੀ ਦਸਤਾਵੇਜਾਂ ਤੋਂ ਬਿਨਾ ਸੀਰੀਆ ਵਿਰੁੱਧ ਮਤਾ ਪਵਾਕੇ ਆਪਣੇ ਲਈ ਹਾਰ ਸਹੇੜ ਲਈ। ਡੇਵਿਡ ਕੈਮਰਨ ਦੀ ਇਸ ਬਚਗਾਨਾ ਹਰਕਤ ਤੇ ਹਰ ਕੋਈ ਟਿੱਪਣੀਆਂ ਕਰ ਰਿਹਾ ਹੈ ਅਤੇ ਉਸ ਨੂੰ ਇੱਕ ਯੋਗ ਲੀਡਰ ਵੱਜੋਂ ਦੇਖਣ ਤੋਂ ਕਤਰਾ ਰਿਹਾ ਹੈ।

ਖੈਰ ਸਿਧਾਂਤਿਕ ਤੌਰ ਤੇ ਵੀ ਸੀਰੀਆ ਤੇ ਹਮਲਾ ਕਰਨ ਲਈ ਇੱਕ ਵਾਰ ਫੇਰ ਮੋਰਚਾ ਟੋਨੀ ਬਲੇਅਰ ਨੇ ਹੀ ਮੱਲਿਆ। ੨੭ ਅਗਸਤ ਨੂੰ ਦਾ ਟਾਈਮਜ਼ ਵਿੱਚ ਲਿਖੇ ਲੇਖ The hand-wringing has to stop. We must act ਵਿੱਚ ਟੋਨੀ ਬਲੇਅਰ ਨੇ ਬਹੁਤ ਹੀ ਕਰੜਾ ਸਟੈਂਡ ਲਿਆ। ਉਨ੍ਹਾ ਆਖਿਆ ਕਿ, ਪੱਛਮੀ ਮੁਲਕਾਂ ਦੀ ਵਿਦੇਸ਼ ਨੀਤੀ ਇਸ ਵੇਲੇ ਚੌਰਾਹੇ ਤੇ ਖੜੀ੍ਹ ਹੈ। ਕੌਮੈਟਰੀ ਜਾਂ ਕਾਰਵਾਈ, ਹਾਲਤ ਦਾ ਨਿਰਮਾਣ ਕਰਨਾ ਜਾਂ ਪ੍ਰਤੀਕਰਮ ਕਰਨੇ। ਉਨ੍ਹਾਂ ਮੰਨਿਆ ਕਿ ਈਰਾਕ ਅਤੇ ਅਫਗਾਨਿਸਤਾਨ ਦੀਆਂ ਦਰਦਨਾਕ ਜੰਗਾਂ ਨੇ ਨਵੀਆਂ ਜੰਗਾਂ ਤੋਂ ਦੂਰ ਰਹਿਣ ਦੀ ਸਿਆਣਪ ਪੈਦਾ ਕਰ ਦਿੱਤੀ ਹੈ। ਪਰ ਸਾਨੂੰ ਸਾਰਿਆਂ ਨੂੰ ਹੱਥ ਤੇ ਹੱਥ ਧਰ ਕੇ ਬੈਠਣ ਦੀ ਨੀਤੀ ਦੇ ਸਿੱਟਿਆਂ ਨੂੰ ਸਮਝ ਲੈਣਾਂ ਚਾਹੀਦਾ ਹੈ। ਟੋਨੀ ਬਲੇਅਰ ਦੇ ਕਹਿਣ ਅਨੁਸਾਰ ਘਟਨਾਵਾਂ ਨੂੰ ਦੇਖਣ ਨਾਲ ਅਸਲੀਅਤ ਨਹੀ ਬਦਲੇਗੀ ਪੱਛਮ ਨੂੰ ਹਮਲਾ ਕਰਨਾ ਪਵੇਗਾ, ਨਹੀ ਤਾਂ ਮਿਡਲ ਈਸਟ ਦਾ ਇਲਾਕਾ ਭਿਆਨਕ ਤੌਰ ਤੇ ਤਬਾਹੀ ਵੱਲ ਵਧੇਗਾ। ੧ ਸਤੰਬਰ ਦੇ ਸੰਡੇ ਟਾਈਮਜ਼ ਵਿੱਚ ਫਿਰ ਉਨ੍ਹਾਂ ਨੇ ਲੰਬਾ ਲੇਖ ਲਿਖਦਿਆਂ ਸੀਰੀਆ ਤੇ ਹਮਲੇ ਦੀ ਵਕਾਲਤ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ, ਬੇਸ਼ੱਕ ਹਮਲੇ ਦੀ ਬਹੁਤ ਕੀਮਤ ਤਾਰਨੀ ਪਵੇਗੀ ਪਰ ਇਸ ਤੋਂ ਬਿਨਾ ਕੋਈ ਚਾਰਾ ਨਹੀ ਹੈ।

ਸੀਰੀਆਈ ਫੌਜਾਂ ਲੋਕਾਂ ਨੂੰ ਮਾਰ ਰਹੀਆਂ ਹਨ, ਰੂਸ ਤੇ ਈਰਾਨ ਤਮਾਸ਼ਾ ਦੇਖ਼ ਰਹੇ ਹਨ, ਹਿਜ਼ਬੁਲਾ ਸੀਰੀਆਈ ਪ੍ਰਧਾਨ ਲਈ ਲੜ ਰਹੀ ਹੈ, ਅਮਰੀਕੀ ਪ੍ਰਧਾਨ ਸੀ.ਆਈ.ਏ. ਦੇ ਕਹਿਣ ਦੇ ਬਾਵਜੂਦ ਵੀ ਆਪਣੀ ਚੁੱਪ ਨਹੀ ਤੋੜ ਰਹੇ, ਉਹ ਹਾਲੇ ਵੀ ਅਮਰੀਕੀ ਕਾਂਗਰਸ ਦੀ ਸਹਿਮਤੀ ਦਾ ਲਾਰਾ ਲਾ ਕੇ ਜੰਗ ਨੂੰ ਟਾਲਣਾਂ ਚਾਹੁੰਦੇ ਹਨ। ਇਸ ਦੇ ਅਸਲ ਕਾਰਨ ਕੀ ਹਨ? ਕਿਉਂ ਪ੍ਰਧਾਨ ਓਬਾਮਾ ਦੋ ਸਾਲ ਤੋਂ ਸ਼ਸ਼ਪੰਜ ਵਿੱਚ ਹਨ?

ਬੇਸ਼ੱਕ ਅਮਰੀਕਾ ਦੇ ਸਾਰੇ ਦੋਸਤ ਉਸ ਤੇ ਸੀਰੀਆ ਲਈ ਸਾਫ ਨੀਤੀ ਬਣਾਉਣ ਖਾਤਰ ਦਬਾਅ ਪਾ ਰਹੇ ਹਨ ਪਰ ਪ੍ਰਧਾਨ ਓਬਾਮਾ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਲੋਕ ਸੀਰੀਆਈ ਪ੍ਰਧਾਨ ਦੇ ਖਿਲਾਫ ਜੰਗ ਲੜਨ ਦਾ ਦਾਅਵਾ ਕਰਦੇ ਹਨ ਉਨ੍ਹਾਂ ਵਿੱਚੋਂ ਕੋਈ ਵੀ ਅਜਿਹਾ ਨਹੀ ਦਿਸਦਾ ਜਿਸ ਕੋਲ ਮੁਲਕ ਨੂੰ ਇਕੱਠਾ ਰੱਖ ਕੇ ਚਲਾਉਣ ਦੀ ਸ਼ਕਤੀ ਹੋਵੇ। ਫਰੀ ਸੀਰੀਅਨ ਆਰਮੀ ਦੀ ਲੀਡਰਸ਼ਿੱਪ ਐਨੀ ਕਮਜ਼ੋਰ ਹੈ ਕਿ ਉਹ ਪਹਿਲੇ ਝਟਕੇ ਵਿੱਚ ਹੀ ਖੇਰੂੰ ਖੇਰੂੰ ਹੋ ਜਾਵੇਗੀ। ਪ੍ਰਧਾਨ ਓਬਾਮਾ ਇਸ ਗੱਲ ਨੂੰ ਲੈਕੇ ਪ੍ਰੇਸ਼ਾਨ ਹਨ। ਅਸਾਦ ਨੂੰ ਗੱਦੀ ਤੋਂ ਲਾਹ ਦੇਣ ਤੋਂ ਬਾਅਸਦ ਕੋਈ ਵੀ ਅਜਿਹੀ ਰਾਜਸੀ ਤਾਕਤ ਨਹੀ ਹੈ ਜੋ ਮੁਲਕ ਨੂੰ ਸੰਭਾਲ ਸਕੇ। ਇਹ ਅਮਰੀਕਾ ਲਈ ਸਾਰੀ ਉਮਰ ਦਾ ਕਲੇਸ਼ ਬਣਕੇ ਰਹਿ ਜਾਵੇਗਾ, ਕਿਉਂਕਿ ਰੂਸ ਅਤੇ ਈਰਾਨ ਉਥੇ ਖੇਡਾਂ ਖੇਡਣ ਤੋਂ ਹਟਣਗੇ ਨਹੀ। ਲੀਬੀਆ ਅਤੇ ਮਿਸਰ ਦੀ ਮੁਹਿੰਮ ਨੇ ਅਮਰੀਕਾ ਲਈ ਵੱਡੇ ਸਬਕ ਦਿੱਤੇ ਹਨ। ਵੱਡੀ ਅਮਰੀਕੀ ਸਹਾਇਤਾ ਦੇ ਬਾਵਜੂਦ ਦੋਵਾਂ ਮੁਲਕਾਂ ਵਿੱਚ ਅਮਰੀਕਾ ਵਿਰੋਧੀ ਭਾਵਨਾਵਾਂ ਫਿਰ ਸਿਖਰ ਤੇ ਹਨ। ਫਿਰ ਅਜਿਹੇ ਲੋਕਾਂ ਦੀ ਸਹਾਇਤਾ ਕਰਨ ਦੀ ਕੀ ਤੁਕ ਹੈ ਜਿਨ੍ਹਾਂ ਨੇ ਅਜ਼ਾਦ ਹੋਕੇ ਅਮਰੀਕੀ ਹਿੱਤਾਂ ਦੇ ਖਿਲਾਫ ਹੀ ਭੁਗਤਣਾਂ ਹੈ?

ਨਿਰਸੰਦੇਹ ਪ੍ਰਧਾਨ ਓਬਾਮਾ ਲਈ ਸੀਰੀਆ ਦੀ ਸਥਿਤੀ ਬਹੁਤ ਵੱਡੀ ਚੁਣੌਤੀ ਲੈ ਕੇ ਆਈ ਹੈ। ਬੇਸ਼ੱਕ ਉਹ ਜੰਗ ਨਹੀ ਕਰਨੀ ਚਾਹੁੰਦੇ ਜੰਗ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਆਪਣਾਂ ਕੋਈ ਮਿੱਤਰ ਵੀ ਨਹੀ ਦਿਸ ਰਿਹਾ। ਸ਼ਾਇਦ ਇਸੇ ਲਈ ਟਾਈਮ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿੱਚ ਪ੍ਰਧਾਨ ਓਬਾਮਾਂ ਨੂੰ The Unhappy Warrior ਦੇ ਤੌਰ ਤੇ ਪੇਸ਼ ਕੀਤਾ ਹੈ।