ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਅੰਦਰ ਜੋ ਰਾਜਸੀ ਦਿੱਖ ਬਣੀ ਹੋਈ ਸੀ ਉਸ ਨਜਰੀਏ ਵਿੱਚ ਅੱਜ ਗਿਰਾਵਟ ਆ ਰਹੀ ਹੈ। ਇਹ ਸਿੱਖ ਕੌਮ ਦੀ ਉਹ ਇਤਿਹਾਸਕ ਜਮਾਤ ਹੈ ਜੋ ਰਾਜਨੀਤਿਕ ਨੁਮਾਇੰਦਗੀ ਕਰਦੀ ਹੈ ਅਤੇ ੧੯੨੦ ਵਿੱਚ ਸਿੱਖ ਕੌਮ ਨੇ ਡੂੰਘੀਆਂ ਵਿਚਾਰਾਂ ਤੋਂ ਬਾਅਦ ਇਸਨੂੰ ਹੋਂਦ ਵਿੱਚ ਲਿਆਂਦਾ ਸੀ। ਇਸਦੀ ਰਹਿਮਨੁਮਾਈ ਹੇਠਾਂ ਸਿੱਖ ਕੌਮ ਨੇ ਅੰਗਰੇਜਾਂ ਦੇ ਰਾਜ ਵੇਲੇ ਤੋਂ ਸਿੱਖ ਕੌਮ ਲਈ ਮਾਣ ਮੱਤਾ ਇਤਿਹਾਸ ਰਚਿਆ ਸੀ ਜਿਸਦੀ ਉਦਾਹਰਨ ਅੱਜ ਦਾ ਅਕਾਲੀ ਦਲ ਵਾਰ ਵਾਰ ਦਿੰਦਾ ਹੈ ਪਰ ਆਪ ਉਸਤੋਂ ਥਿਰਕ ਗਿਆ ਹੈ ਤੇ ਇਸ ਅਕਾਲੀ ਦਲ ਦਾ ਕੱਦ ੧੯੨੦ ਵਾਲੇ ਸ਼੍ਰੋਮਣੀ ਅਕਾਲ ਦਲ ਦੇ ਸਾਹਮਣੇ ਨਿਗੂਣਾ ਹੈ। ਇਹ ਸਿੱਖ ਕੌਮ ਦੀ ਨੁਮਾਇੰਦਗੀ ਵਾਲੀ ਜਮਾਤ ਪਿਛਲੇ ੪੦ ਸਾਲਾਂ ਤੋਂ ਖਾਸ ਕਰਕੇ ਦਰਬਾਰ ਸਾਹਿਬ ਦੇ ੮੪ ਦੇ ਸਾਕੇ ਤੋਂ ਬਾਅਦ ਸਿਮਟ ਕੇ ਪਰਿਵਾਰਕ ਰੁਤਬੇ ਵਾਲਾ ਸ਼੍ਰੋਮਣੀ ਅਕਾਲੀ ਦਲ ਬਣ ਕੇ ਰਹਿ ਗਿਆ ਹੈ। ਬਰਗਾੜੀ ਮੋਰਚੇ ਦੇ ਸਬੰਧ ਵਿੱਚ ਸਿੱਖ ਅਵਾਮ ਵੱਲੋਂ ਉਸ ਮੋਰਚੇ ਪ੍ਰਤੀ, ਤੇ ਉਥੇ ਉਠਾਏ ਮੁੱਦਿਆ ਕਾਰਨ ਸਿੱਖ ਕੌਮ ਦੀ ਵੱਡੀ ਸ਼ਾਮੂਲੀਅਤ ਨੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ ਤੇ ਇਸਦਾ ਪਰਿਵਾਰਕ ਪ੍ਰਬੰਧ ਵੀ ਇਹ ਸੋਚਣ ਲਈ ਬੇਵੱਸ ਹੋ ਗਿਆ ਹੈ ਕਿ ਕੀ ਸ਼੍ਰੋਮਣੀ ਅਕਾਲੀ ਦੀ ਨਵ-ਸੁਰਜੀਤੀ ਉਹਨਾਂ ਦੀ ਹਸਤੀ ਨੂੰ ਵੰਗਾਰ ਬਣ ਤਾਂ ਨਹੀਂ ਬਣ ਖੜੋਤੀ ਹੈ? ਇਸੇ ਪਾਰਟੀ ਦੀਆਂ ਬਾਗੀ ਸੁਰਾਂ ਜੋ ਕੱਦਾਵਾਰ ਟਕਸਾਲੀ (ਇਹ ਅੱਜ ਤੱਕ ਸਪਸ਼ਟ ਨਹੀਂ ਕਿ ਕਿਸ ਟਕਸਾਲ ਦੇ ਵਿਦਿਆਰਥੀ ਹਨ) ਤੇ ਮੀਡੀਆ ਵੱਲੋਂ ਦਰਸਾਏ ਆਗੂਆਂ ਵੱਲੋਂ ਜੋ ਪਰਿਵਾਰਕ ਪਕੜ ਦੇ ਖਿਲਾਫ ਸੁਰਾਂ ਨਿਕਲੀਆਂ ਹਨ ਉਹਨਾਂ ਦੀ ਗੰਭੀਰਤਾ ਪ੍ਰਤੀ ਵੀ ਸਵਾਲ ਹਨ ਕਿਉਂਕਿ ਉਹਨਾਂ ਨੇ ਵੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪਰਿਵਾਰਵਾਦ ਦੇ ਸੰਕਲਪ ਨੂੰ ਮਾਣਿਆ ਤੇ ਨਿਜਵਾਦ ਨੂੰ ਬੜਾਵਾ ਦਿੱਤਾ ਹੈ। ਹੁਣ ਉਤਰਾਅ ਚੜਾਅ ਕਾਰਨ ਮੌਜੂਦਾ ਅਕਾਲੀ ਦਲ ਵਿੱਚ ਜੋ ਸਥਿਤੀ ਬਣੀ ਹੈ ਉਸਨੇ ਇਸਦੀ ਅੰਦਰੂਨੀ ਧਿਰ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਲੀਹਾਂ ਤੋਂ ਕੋਹਾਂ ਦੂਰ ਹੋ ਕਿ ਸਿੱਖ ਕੌਮ ਤੋਂ ਟੁੱਟ ਤਾਂ ਨਹੀਂ ਗਿਆ ਹੈ? ਸਿੱਖ ਕੌਮ ਜੋ ਅੰਗਰੇਜ਼ਾਂ ਦੇ ਰਾਜ ਵੇਲੇ ਤੋਂ ਇਸ ਸ਼੍ਰੋਮਣੀ ਅਕਾਲੀ ਦੀ ਅਗਵਾਈ ਹੇਠਾਂ ਵਾਰ ਵਾਰ ਲਾਮਬੰਦ ਹੁੰਦੀ ਰਹੀ ਹੈ ਤੇ ਆਪਣੀਆਂ ਹੱਕੀ ਮੰਗਾਂ ਲਈ ਜੱਦੋ ਜਹਿਦ ਕਰਦੀ ਰਹੀ ਹੈ ਉਸਦੀ ਅੱਜ ਸਥਿਤੀ ਇਹ ਹੈ ਕਿ ਸਿੱਖ ਕੌਮ ਅੰਗਰੇਜਾਂ ਦੇ ਰਾਜ ਨਾਲੋਂ ਵੀ ਵਧੇਰੇ ਅਜਾਦ ਭਾਰਤ ਵਿੱਚ ਦਬੀ ਤੇ ਘੁੱਟੀ ਹੋਈ ਮਹਿਸੂਸ ਕਰ ਰਹੀ ਹੈ। ਇਸਦਾ ਵੀ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾ ਜਮਾਤ ਦਾ ਰਾਜਸੱਤਾ ਪ੍ਰਤੀ ਇੰਨਾ ਸਾਵਰਥ ਨਜ਼ਰ ਆਇਆ ਕਿ ਉਹ ਵਾਰ ਵਾਰ ਸਮੁੱਚੀ ਕੌਮ ਦੇ ਹਿੱਤਾਂ ਨੂੰ ਪਿੱਛੇ ਛੱਡਦੇ ਗਏ ਤਾਂ ਜੋ ਉਹਨਾਂ ਨੂੰ ਆਪਣੇ ਨਿੱਜ ਲਈ ਵਰਤ ਕੇ ਵਾਰ ਵਾਰ ਰਾਜਸੱਤਾ ਦਾ ਅਨੰਦ ਮਾਣ ਸਕਣ। ਬਰਗਾੜੀ ਮੋਰਚੇ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਇਹ ਸਿੱਖ ਕੌਮ ਨੂੰ ਲਾਮਬੰਦ ਕਰਕੇ ਕੋਈ ਅਜਿਹਾ ਰਾਜਨੀਤਿਕ ਦਬਾਅ ਬਣਾਉਣਗੇ ਜਿਸ ਰਾਹੀਂ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਨੂੰ ਸੱਚਾ-ਸੁੱਚਾ ਰਾਹ ਚੁਣਨ ਲਈ ਮਜਬੂਰ ਹੋਣਾ ਪਵੇਗਾ ਪਰ ਅੱਜ ਤੱਕ ਕੋਈ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ। ਸਿੱਖ ਕੌਮ ਦਾ ਹਿੱਤ ਸ਼੍ਰੋਮਣੀ ਅਕਾਲੀ ਨੂੰ ਕਮਜੌਰ ਕਰਨ ਵਿੱਚ ਨਹੀਂ ਸਗੋਂ ਇਸਦੀ ਰਹਿਨੁਮਾ ਲੀਡਰਸ਼ਿਪ ਵਿੱਚ ਅਜਿਹੀ ਤਬਦੀਲੀ ਦੀ ਤਲਾਸ਼ ਹੈ ਜੋ ਸਿੱਖ ਕੌਮ ਦੇ ਹਿੱਤਾਂ ਨੂੰ ਕੌਮ ਪ੍ਰਸਤੀ ਵਜੋਂ ਅਪਣਾਏ ਨਾ ਕਿ ਵਾਰ ਵਾਰ ਝੂਠੇ ਰਾਸ਼ਟਰਵਾਦ ਦਾ ਰਾਗ ਅਲਾਪ ਕੇ ਕੌਮਪ੍ਰਸਤੀ ਨੂੰ ਸ਼੍ਰਮਿੰਦਾ ਕਰੇ।