ਛੇ ਸਾਲਾਂ ਬਾਅਦ ਵੀ ਪੰਜਾਬ ਦੀ ਰਾਜਨੀਤੀ ਅਤੇ ਸਿੱਖਾਂ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸਿੱਖ ਧਰਮ ਵਿਚ ਇਸ ਪਵਿੱਤਰ ਗ੍ਰੰਥ ਦਾ ਸਰਵਉੱਚ ਸਥਾਨ ਹੈ।ਇਹ ਬਹੁਤ ਹੀ ਸੁਭਾਵਿਕ ਹੈ ਕਿ ਸਿੱਖ ਇਸ ਕੇਸ ਵਿਚ ਨਿਆਂ ਚਾਹੁੰਦੇ ਹਨ।ਬਿਨਾਂ ਕਿਸੇ ਵਿਰੋਧਾਭਾਸ ਤੋਂ ਸਿੱਖ ਮੰਨਦੇ ਹਨ ਕਿ ਇਸ ਤਰਾਂ ਦੀ ਦੁਖਦਾਈ ਘਟਨਾ ਤਾਂ ਮੁਗਲ ਰਾਜ ਸਮੇਂ ਵੀ ਨਹੀਂ ਸੀ ਹੋਈ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਨਿਸ਼ਚਿਤ ਕੀਤਾ ਹੋਇਆ ਸੀ।ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਛੇ ਵਰ੍ਹਿਆਂ ਬਾਅਦ ਵੀ ਇਸ ਨੂੰ ਪੰਜਾਬ ਸੂਬੇ ਵਿਚ ਰਾਜਨੀਤੀ ਦੀ ਦਸ਼ਾ ਨਿਰਧਾਰਿਤ ਕਰਨ ਲਈ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।ਪੰਜਾਬ ਦੀ ਰਾਜਨੀਤਿਕ ਪਾਰਟੀਆਂ ਲਈ ਬੇਅਦਬੀ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਅਜੇ ਵੀ ਗੰਭੀਰ ਰਾਜਨੀਤਿਕ ਪਰਿਣਾਮ ਨਿਕਲ ਸਕਦੇ ਹਨ।

ਪੰਜਾਬ ਦੀ ਰਾਜਨੀਤੀ ਵਿਚ ਬੇਅਦਬੀ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਨੇ ਕੇਂਦਰੀ ਸਥਾਨ ਨਹੀਂ ਸੀ ਪ੍ਰਾਪਤ ਕਰਨਾ ਅਗਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਹੱਲ ਕਰਨ ਦੀ ਦਿਸ਼ਾ ਵਿਚ ਕੁਝ ਕਾਰਗਾਰ ਕਦਮ ਚੁੱਕੇ ਹੁੰਦੇ।ਸੱਤਾਧਾਰੀ ਪਾਰਟੀ ਅਤੇ ਇਸ ਦੇ ਸਟਾਰ ਮੁੱਖ ਮੰਤਰੀ ਦੀ ਇਸ ਨੂੰ ਹੱਲ ਕਰਨ ਵਿਚ ਅਸਫਲਤਾ ਨੇ ਹੀ ੨੦੨੨ ਦੀਆਂ ਅਸੈਂਬਲ਼ੀ ਚੋਣਾਂ ਤੋਂ ਪਹਿਲਾਂ ਇਸ ਮੁੱਦੇ ਨੂੰ ਫਿਰ ਤੋਂ ਮੁੱਖ ਮੁੱਦਾ ਬਣਾ ਦਿੱਤਾ ਹੈ।ਇਸ ਦੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ।ਪੰਜਾਬ ਦੀ ਜਨਤਾ ਵਿਚ ਵਿਸ਼ਵਾਸ ਜਗਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਬੇਅਦਬੀ ਸੰਬੰਧੀ ਵਿਧਾਨਿਕ ਨਿਯਮ ਲਿਆ ਕੇ ਸੂਬੇ ਨੂੰ ਸਦੀਆਂ ਨਹੀਂ ਤਾਂ ਦਹਾਕਿਆਂ ਪਿੱਛੇ ਧੱਕ ਦਿੱਤਾ। ਪਹਿਲਾਂ ਤੋਂ ਹੀ ਨਿਰਦਈ ਅਤੇ ਅਸੰਵਿਧਾਨਿਕ ਪੀਨਲ ਕੋਡ ਵਿਚ ਇਹ ਧਾਰਾ ਸ਼ਾਮਿਲ ਕੀਤੀ ਗਈ ਕਿ ਜੋ ਕੋਈ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਮਕਸਦ ਨਾਲ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰੇਗਾ, ਉਸ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ।ਇਸ ਉਸ ਵਿਰੋਧਾਭਾਸ ਨੂੰ ਜ਼ਾਹਿਰ ਕਰਦਾ ਹੈ ਜਿਸ ਦੇ ਤਹਿਤ ਇਕ-ਈਸ਼ਵਰਵਾਦੀ ਧਰਮ ਨਾਲ ਸੰਬੰਧਿਤ ਪਵਿੱਤਰ ਗ੍ਰੰਥਾਂ ਨੂੰ ਇਕ ਦੂਜੇ ਵਿਰੁੱਧ ਹੀ ਧਰਮ-ਵਿਰੋਧੀ ਹੋਣ ਵਜੋਂ ਵਰਤਿਆ ਜਾ ਸਕਦਾ ਹੈ।ਇਸ ਤਰਾਂ ਕੀਤੀ ਗਈ ਨਵੀਂ ਸੋਧ ਅਸਲ ਵਿਚ ਸੰਵਿਧਾਨ ਦੀ ਧਾਰਾ ੧੯ ਵਿਚ ਦਰਜ ਨਾਗਰਿਕਾਂ ਦੇ ਅਜ਼ਾਦੀ ਅਤੇ ਬੋਲਣ ਦੇ ਅਧਿਕਾਰ ਦੀ ਸਰਾਸਰ ਉਲੰਘਣਾ ਹੈ।ਇਹ ਕਾਨੂੰਨ ਮਹਿਜ਼ ਬੋਲਣ ਅਤੇ ਇਜ਼ਹਾਰ ਕਰਨ ਕਰਕੇ ਹੀ ਨਾਗਰਕਿਾਂ ਨੂੰ ਉਮਰ ਕੈਦ ਦੀ ਸਜ਼ਾ ਦੁਆ ਸਕਦਾ ਹੈ। ਇਸ ਤੋਂ ਵੀ ਵੱਡੀ ਵਿਡੰਬਨਾ ਇਹ ਹੈ ਕਿ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ ਗਿਆ ਜੋ ਕਿ ਸਰਕਾਰ ਦੇ ਗੈਰ-ਜ਼ਿੰਮੇਵਾਰਾਨਾ ਨਜ਼ਰੀਏ ਨੂੰ ਜ਼ਾਹਿਰ ਕਰਦਾ ਹੈ।

੧ ਜੂਨ, ੨੦੧੫ ਨੂੰ ਸਿੱਖਾਂ ਦੇ ਗੁਰੁ ਸਥਾਨ ਪ੍ਰਾਪਤ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਫਰੀਦਕੋਟ ਜਿਲੇ ਨਾਲ ਸੰਬੰਧਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿਚੋਂ ਚੋਰੀ ਕਰਨ ਦੀ ਘਟਨਾ ਵਾਪਰੀ।ਇਸ ਤੋਂ ਕਈ ਮਹੀਨਿਆਂ ਬਾਅਦ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਕਾਪੀਆਂ ਪੰਜਾਬ ਵਿਚ ਕਈ ਹੋਰ ਥਾਵਾਂ ਤੇ ਮਿਲੀਆਂ ਜਿਸ ਵਿਚ ਫਰੀਦਕੋਟ ਦਾ ਬਰਗਾੜੀ ਵੀ ਸ਼ਾਮਿਲ ਸੀ।ਇਸ ਨਾਲ ਪੂਰੇ ਸੂਬੇ ਵਿਚ ਸਿੱਖਾਂ ਦੁਆਰਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ।ਫਰੀਦਕੋਟ ਜਿਲੇ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਪਰ ਪੁੁਲਿਸ ਦੁਆਰਾ ਹਿੰਸਕ ਜਵਾਬੀ ਕਾਰਵਾਈ ਕੀਤੀ ਵਿਚ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਪੁਲਿਸ ਦੁਆਰਾ ਕੀਤੀ ਗੋਲਾਬਾਰੀ ਵਿਚ ਜਖਮੀ ਹੋ ਗਏ।ਇਸ ਘਟਨਾ ਦੇ ਗੰਭੀਰ ਰਾਜਨੀਤਿਕ ਸਿੱਟੇ ਨਿਕਲੇ।
ਉਸ ਸਮੇਂ ਬਾਦਲ ਦੀ ਅਗਵਾਈ ਵਾਲੀ ਸੱਤਾਧਾਰੀ ਅਕਾਲੀ ਪਾਰਟੀ ਨੂੰ ੨੦੧੭ ਦੀਆਂ ਅਸੈਂਬਲੀ ਚੋਣਾਂ ਵਿਚ ਬੁਰੀ ਤਰਾਂ ਹਾਰ ਦਾ ਸਾਹਮਣਾ ਕਰਨਾ ਪਿਆ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੇ ਬੇਅਦਬੀ ਦੀ ਘਟਨਾ ਵਿਚ ਨਿਆਂ ਦੁਆਉਣ ਨੂੰ ਅਧਾਰ ਬਣਾ ਕੇ ਇਸ ਨੂੰ ਚੋਣਾਂ ਵਿਚ ਮੁੱਖ ਮੁੱਦੇ ਵਜੋਂ ਪੇਸ਼ ਕੀਤਾ।ਨਤੀਜਨ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਦੋ-ਤਿਹਾਈ ਤੋਂ ਵੀ ਜਿਆਦਾ ਭਾਰੀ ਬਹੁਮਤ ਮਿਲਿਆ।ਅਕਤੂਬਰ ੨੦੧੫ ਤੋਂ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਇਸ ਸੰਬੰਧੀ ਦੋ ਨਿਆਂਇਕ ਕਮਿਸ਼ਨਾਂ ਦਾ ਗਠਨ ਕੀਤਾ ਅਤੇ ਚਾਰ ਸਪੈਸ਼ਲ ਜਾਂਚ ਟੀਮਾਂ ਬਣਾਈਆਂ ਗਈਆਂ। ਇਸ ਦੇ ਨਾਲ ਹੀ ਕੇਂਦਰੀ ਜਾਂਚ ਬਿਊਰੋ ਦੁਆਰਾ ਨਾਲ-ਨਾਲ ਜਾਂਚ ਦੀ ਕਾਰਵਾਈ ਚਲਦੀ ਰਹੀ ਹੈ।ਇਸ ਦੇ ਬਾਵਜੂਦ ਵੀ ਇਸ ਜਾਂਚ ਦਾ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਡੇਰਾ ਸੱਚਾ ਸੌਦਾ ਨਾਲ ਸੰਬੰਧਿਤ ਆਮ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਇਸ ਵਿਚ ਕੋਈ ਸਜ਼ਾ ਨਹੀਂ ਹੋਈ ਹੈ।ਸਗੋਂ ਇਸ ਨਾਲ ਸੰਬੰਧਿਤ ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਪੁਲਿਸ ਅਫਸਰਾਂ ਨੂੰ ਲਗਾਤਾਰ ਰਾਹਤ ਮਿਲਦੀ ਰਹੀ ਹੈ।

ਕੁਝ ਮਹੀਨੇ ਪਹਿਲਾਂ ਉੱਚ ਅਦਾਲਤ ਦੇ ਇਸ ਕੇਸ ਸੰਬੰਧੀ ਫੈਸਲੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਤਾਧਾਰੀ ਕਾਂਗਰਸ ਵਿਚ ਖਲਬਲੀ ਮਚਾ ਦਿੱਤੀ ਕਿਉਂਕਿ ਉੱਚ ਅਦਾਲਤ ਨੇ ਸਰਕਾਰ ਦੁਆਰਾ ਨਿਯੁਕਤ ਸਪੈਸ਼ਲ ਜਾਂਚ ਟੀਮ ਨੂੰ ਖਾਰਿਜ ਕਰ ਦਿੱਤਾ ਅਤੇ ਇਸ ਟੀਮ ਦੁਆਰਾ ਬੇਅਦਬੀ ਅਤੇ ਇਸ ਨਾਲ ਸੰਬੰਧਿਤ ਘਟਨਾਵਾਂ ਦੀ ਜਾਂਚ ਨੂੰ ਅਫਸਰ ਦੀ ਨਿੱਜੀ ਦੁਰਭਾਵਨਾ ਤੋਂ ਪ੍ਰੇਰਿਤ ਦੱਸਿਆ ਜਿਸ ਵਿਚ ਉਸ ਨੇ ਮਨਘੜਤ ਨਜ਼ਰੀਏ ਨਾਲ ਕੰਮ ਕੀਤਾ।ਮੌਜੂਦਾ ਸਮੇਂ ਵਿਚ ਕਾਂਗਰਸ ਪਾਰਟੀ ਦੁਆਰਾ ਹੀ ਆਰੰਭੀਆਂ ਗਈਆਂ ਤਿੰਨ ਹੋਰ ਜਾਂਚਾਂ ਚੱਲ ਰਹੀਆਂ ਹਨ।ਇਸ ਸਾਰੀ ਘਟਨਾ ਵਿਚ ਸਭ ਤੋਂ ਮਹੱਤਵਪੂਰਨ ਪੱਖ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਇਸ ਦੇ ਪਵਿੱਤਰ ਅੰਗਾਂ ਨੂੰ ਗਲੀਆਂ ਵਿਚ ਰੋਲਣ ਦਾ ਅਸਲ ਦੋਸ਼ੀ ਕੌਣ ਹੈ?ਅਕਾਲੀ ਦਲ ਦੀ ਸੱਤਾ ਸਮੇਂ ਡਾਇਰੈਕਟਰ ਜਨਰਲ ਦੀ ਅਗਵਾਈ ਵਾਲੀ ਸਪੈਸ਼ਲ਼ ਜਾਂਚ ਟੀਮ ਨੇ ਇਸ ਵਿਚ ਸਿੱਖ ਨੌਜਵਾਨਾਂ ਅਤੇ ਵਿਦੇਸ਼ੀ ਹੱਥ ਹੋਣ ਦੀ ਗੱਲ ਕਹੀ ਅਤੇ ਡੇਰੇ ਨੂੰ ਕਲੀਨ ਚਿੱਟ ਦੇ ਦਿੱਤੀ।ਪਰ ਸਿੱਖਾਂ ਦੇ ਦਬਾਅ ਹੇਠ ਇਸ ਤਰਾਂ ਦੀਆਂ ਮਨਘੜੀਆਂ ਗੱਲਾਂ ਕਿਸੇ ਸਿਰੇ ਨਾਲ ਲੱਗੀਆਂ।ਇਸ ਤੋਂ ਬਾਅਦ ਪੁਲਿਸ ਨੇ ਆਪਣਾ ਰਾਸਤਾ ਬਦਲਿਆ ਅਤੇ ਇਸ ਵਿਚ ਡੇਰੇ ਦੀ ਭੂਮਿਕਾ ਸੰਬੰਧੀ ਜਾਂਚ ਕਰਨੀ ਸ਼ੁਰੂ ਕੀਤੀ।ਪਰ ਇਸ ਦਾ ਵੀ ਕੋਈ ਸਿੱਟਾ ਨਹੀ ਨਿਕਲਿਆ ਕਿਉਂਕਿ ਕੇਂਦਰੀ ਜਾਂਚ ਬਿਊਰੋ ਨੇ ਡੇਰੇ ਨਾਲ ਸੰਬੰਧਿਤ ਲੋਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਅਤੇ ਇਸ ਸੰਬੰਧੀ ਆਪਣੀ ਆਖਰੀ ਰਿਪੋਰਟ ਪੇਸ਼ ਕਰ ਦਿੱਤੀ।ਛੇ ਸਾਲਾਂ ਦੀ ਜਾਂਚ ਤੋਂ ਬਾਅਦ ਵੀ ਪੰਜਾਬ ਪੁਲਿਸ ਬੇਅਦਬੀ ਅਤੇ ਇਸ ਤੋਂ ਬਾਅਦ ਹੋਏ ਗੋਲੀ ਕਾਂਢ ਦੇ ਮੁੱਖ ਦੋਸ਼ੀਆਂ ਤੱਕ ਨਹੀਂ ਪਹੁੰਚ ਪਾਈ ਹੈ।ਪੁਲਿਸ ਵਾਰ-ਵਾਰ ਡੇਰੇ ਦੇ ਆਮ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰਦੀ ਰਹੀ ਹੈ ਜਿਸ ਨੇ ਸਿੱਖਾਂ ਵਿਚ ਕੋਈ ਵਿਸ਼ਵਾਸ ਨਹੀਂ ਪੈਦਾ ਕੀਤਾ।ਕੇਂਦਰੀ ਜਾਂਚ ਬਿਊਰੋ ਦੁਆਰਾ ਡੇਰੇ ਦੇ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਇਹ ਸੁਆਲ ਪੈਦਾ ਹੁੰਦਾ ਹੈ ਕਿ ਬੇਅਦਬੀ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਲਈ ਅਸਲ ਵਿਚ ਕੌਣ ਜ਼ਿੰਮੇਵਾਰ ਹੈ?

ਇਸ ਦਾ ਇੱਕ ਪੱਖ ਵੋਟ ਬੈਂਕ ਦੀ ਰਾਜਨੀਤੀ ਨਾਲ ਜੁੜਦਾ ਹੈ।ਇਸੇ ਕਰਕੇ ਇਸ ਮੁੱਦੇ ਨੂੰ ਚੋਣਾਂ ਤੋਂ ਪਹਿਲਾਂ ਜਾਣ-ਬੁੱਝ ਕੇ ਹਵਾ ਦਿੱਤੀ ਗਈ ਹੈ ਕਿਉਂਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਅਸਲ ਮੁੱਦਿਆਂ ਤੋਂ ਭੱਜਦੀਆਂ ਹਨ? ਬੇਅਦਬੀ ਦੀ ਘਟਨਾ ਦੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਅਕਾਲੀ ਦਲ, ਲਈ ਗੰਭੀਰ ਸਿੱਟੇ ਨਿਕਲੇ।ਪਿਛਲੇ ਛੇ ਸਾਲਾਂ ਵਿਚ ਪੰਜਾਬ ਪੁਲਿਸ ਪਿਛਲੀਆਂ ਰਿਪੋਰਟਾਂ ਅਤੇ ਜਾਂਚਾਂ ਨੂੰ ਖਾਰਿਜ ਕਰਨ ਕਰਕੇ ਹੀ ਸੁਰਖੀਆਂ ਵਿਚ ਰਹੀ ਹੈ।ਇੱਥੋਂ ਤੱਕ ਕਿ ਨਵੀਂ ਗਠਿਤ ਕੀਤੀ ਗਈ ਸਪੈਸ਼ਲ ਜਾਂਚ ਟੀਮ ਵੀ ਸਮੇਂ ਦੇ ਵਿਰੱੁਧ ਹੀ ਲੜ ਰਹੀ ਹੈ ਕਿਉਂਕਿ ਇਹ ਸਪੱਸ਼ਟ ਹੈ ਕਿ ੨੦੨੨ ਦੀਆਂ ਚੋਣਾਂ ਕਰਕੇ ਲਗਾਏ ਜਾਣ ਵਾਲੇ ਚੋਣ ਜ਼ਾਬਤੇ ਤੋਂ ਪਹਿਲਾਂ ਕੁਝ ਵੀ ਮਹੱਤਵਪੂਰਨ ਸਾਹਮਣੇ ਆਉਣ ਦੀ ਸੰਭਾਵਨਾ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਰੂਪ ਤੌਰ ਤੇ ਲੋਕਾਂ ਨੂੰ ਇਸ ਕੇਸ ਵਿਚ ਨਿਆਂ ਦੁਆਉਣ ਦਾ ਵਾਅਦਾ ਕੀਤਾ, ਪਰ ਉਹ ਇਸ ਵਿਚ ਬੁਰੀ ਤਰਾਂ ਅਸਫਲ ਰਿਹਾ।ਇਸ ਦੇ ਨਾਲ ਹੀ ਉਸ ਦੇ ਅਸਤੀਫੇ ਪਿੱਛੇ ਹੋਰ ਵੀ ਮਹੱਤਵਪੂਰਨ ਮੁੱਦੇ ਹਨ, ਪਰ ਜਿਸ ਬੇਅਦਬੀ ਦੇ ਮੁੱਦੇ ਕਰਕੇ ਉਸ ਨੂੰ ਚੋਣਾਂ ਵਿਚ ਸਫਲਤਾ ਪ੍ਰਾਪਤ ਹੋਈ ਉਹ ਹੀ ਉਸ ਦੇ ਅਸਤੀਫੇ ਦਾ ਕਾਰਣ ਬਣਿਆ।ਬੇਅਦਬੀ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਕਰਕੇ ਹੀ ਅਕਾਲੀ ਦਲ ਨੂੰ ਰਾਜਨੀਤਿਕ ਤੌਰ ਤੇ ਨੁਕਸਾਨ ਉਠਾਉਣਾ ਪਿਆ।ਇਸ ਦਾ ਅਸਰ ਅਜੇ ਵੀ ਬਰਕਰਾਰ ਹੈ ਕਿਉਂਕਿ ਅਕਾਲੀ ਦਲ ਅਜੇ ਵੀ ਇਸ ਦੇ ਪ੍ਰਭਾਵ ਤੋਂ ਨਹੀਂ ਨਿਕਲ ਪਾਇਆ ਹੈ।ਇਸ ਸਾਰੀ ਘਟਨਾ ਨੇ ਅਕਾਲੀਆਂ ਦੇ ਵੋਟ ਅਧਾਰ ਸਿੱਖਾਂ ਨੂੰ ਹੀ ਉਨ੍ਹਾਂ ਦੇ ਵਿਰੁੱਧ ਕਰ ਦਿੱਤਾ ਹੈ।ਬੇਅਦਬੀ ਅਤੇ ਇਸ ਨਾਲ ਸੰਬੰਧਿਤ ਘਟਨਾਵਾਂ ਦੀ ਜਾਂਚ ਨੇ ਅਜੇ ਕਿਸੇ ਸਿੱਟੇ ਉੱਪਰ ਪੁੱਜਣਾ ਹੈ ਪਰ ਇਸ ਮੁੱਦੇ ਵਿਚ ਕੋਈ ਵੀ ਤਾਜ਼ਾ ਗਤੀਵਿਧੀ ਅਕਾਲੀਆਂ ਦੇ ਸਿਖਰ ਨੇਤਾਵਾਂ ਵਿਚ ਨਕਰਾਤਮਕਤਾ ਪੈਦਾ ਕਰ ਦਿੰਦੀ ਹੈ।ਅਕਾਲੀਆਂ ਨੂੰ ਨਵੇਂ ਸਿਰੇ ਤੋਂ ਇਹਨਾਂ ਸਾਰੀਆਂ ਘਟਨਾਵਾਂ ਸੰਬੰਧੀ ਆਪਣੀ ਸਫਾਈ ਦੇਣੀ ਪੈਂਦੀ ਹੈ। ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਇਸ ਕੇਸ ਵਿਚ ਕਿਸੇ ਸਿੱਟੇ ਉੱਪਰ ਪੁੱਜਣ ਲਈ ਸਮੇਂ ਵਿਰੁੱਧ ਹੀ ਲੜ ਰਿਹਾ ਹੈ ਕਿਉਂਕਿ ਕਾਂਗਰਸ ਸਰਕਾਰ ਧਾਰਨਾਵਾਂ ਉੱਪਰ ਅਧਾਰਿਤ ਲੜਾਈ ਹੀ ਲੜ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੀ ਅਸਪੱਸ਼ਟਤਾ ਦੀ ਸ਼ਿਕਾਰ ਹੈ ਕਿਉਂਕਿ ਉਨ੍ਹਾਂ ਕੋਲ ਦੋਸ਼ੀਆਂ ਦਾ ਦੋਸ਼ ਸਾਬਿਤ ਕਰਨ ਲਈ ਕੋਈ ਪੁਖ਼ਤਾ ਸਬੂਤ ਨਹੀਂ ਹੈ ਅਤੇ ਉਹ ਅਜੇ ਤੱਕ ਵੀ ਇਹ ਸਾਬਿਤ ਨਹੀਂ ਕਰ ਪਾਏ ਹਨ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਵੱਖ-ਵੱਖ ਥਾਵਾਂ ਤੇ ਮਿਲੇ ਅੰਗਾਂ ਦਾ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਚੋਰੀ ਹੋਈ ਬੀੜ ਨਾਲ ਕੋਈ ਸੰਬੰਧ ਹੈ ਜਾਂ ਨਹੀਂ।ਉਹ ਬਿਨਾਂ ਕਿਸੇ ਨਤੀਜੇ ਉੱਪਰ ਪਹੁੰਚਣ ਵਾਲੀ ਜਾਂਚ ਵਿਚ ਮਸ਼ਰੂਫ ਹਨ।