ਬੀਤੇ ਐਤਵਾਰ ਨੂੰ ਦੁਨੀਆਂ ਦੇ ਪੱਛਮੀ ਪੈਸੀਫਿਕ ਮਹਾਂਸਾਗਰ ਦੇ ਵਿੱਚ ਵਸੇ ਹੋਏ ਇੱਕ ਟਾਪੂ ਨਿਊ ਕੈਲੇਡੋਨੀਆਂ ਵਿੱਚ ਦੇਸ਼ ਦੀ ਅਜ਼ਾਦੀ ਲਈ ਰੈਫਰੈਂਡਮ ਹੋਇਆ। ਜਿਸ ਨੂੰ ਫਰਾਂਸ ਦੀ ਸਰਕਾਰ ਵੱਲੋਂ ੧੯੯੮ ਵਿੱਚ ਹੋਏ ਸਮਝੌਤੇ ਮੁਤਾਬਕ ਕਰਵਾਇਆ ਗਿਆ। ਭਾਵੇਂ ਇਸ ਰੈਫਰੈਂਡਮ ਵਿੱਚ ਇਸ ਟਾਪੂ ਦੇ ਵਸਨੀਕ ਲੋਕਾਂ ਨੇ ਆਪਣੇ ਭਵਿੱਖ ਨੂੰ ਫਰਾਂਸ ਦੇਸ਼ ਦੇ ਨਾਲ ਜੋੜ ਕੇ ਰੱਖਣ ਨੂੰ ਤਰਜ਼ੀਹ ਦਿਤੀ ਹੈ ਪਰ ਇਹ ਜੋ ਜਿੱਤ-ਹਾਰ ਦਾ ਫਰਕ ਸੀ ਬਹੁਤ ਮਾਮੂਲੀ ਸੀ। ਇਸ ਵਿੱਚ ਅਜ਼ਾਦੀ ਪਸੰਦ ਲੋਕਾਂ ਦੀ ਸ਼ਾਮੂਲੀਅਤ ਬਹੁਤ ਭਰਵੀਂ ਸੀ। ਇਸ ਭਰਵੀਂ ਹਮਾਇਤ ਕਰਕੇ ਫਰਾਂਸ ਦੇਸ਼ ਨੂੰ ਦੋ ਸਾਲਾਂ ਬਾਅਦ ਮੁਲਕ ਦੇ ਭਵਿੱਖ ਲਈ ਫਿਰ ਤੋਂ ਰੈਫਰੈਂਡਮ ਕਰਵਾਉਣਾ ਪਵੇਗਾ। ਕਿਉਂਕਿ ਇਥੋਂ ਦੇ ਪੁਰਾਣੇ ਤੇ ਸਥਾਈ ਜਿਨਾਂ ਨੂੰ ਕਨਾਕਸ ਲੋਕ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਵੱਡੀ ਗਿਣਤੀ ਦੀ ਪੂਰਨ ਹਮਾਇਤ ਕੈਲੈਡੋਨੀਆਂ ਨੂੰ ਇੱਕ ਅਜ਼ਾਦ ਦੇਸ਼ ਵਜੋਂ ਵਿਕਿਸਤ ਕਰਨ ਦੀ ਹੈ। ਦੋ ਸਾਲਾਂ ਬਾਅਦ ਦੇਸ਼ ਦੇ ਭਵਿੱਖ ਪ੍ਰਤੀ ਹੋਣ ਵਾਲੀ ਵੋਟ ਰੈਫਰੈਂਡਮ ਦੇ ਨਤੀਜਿਆਂ ਕਾਰਨ ਲਾਜ਼ਮੀ ਹੈ। ਨਿਊ ਕੈਲੈਡੋਨੀਆਂ ਟਾਪੂਆਂ ਨਾਲ ਭਰਿਆਂ ਹੋਇਆ ਦੇਸ਼ ਹੈ ਜੋ ਕਿ ਦੱਖਣ ਪੱਛਮੀ ਪੈਸੀਫਿਕ ਮਹਾਂਸਾਗਰ ਵਿੱਚ ਆਸਟਰੇਲੀਆਂ ਤੋਂ ੭੫੦ ਮੀਲ ਦੀ ਦੂਰੀ ਤੇ ਪੂਰਵ ਵੱਲ ਵਸਿਆ ਹੋਇਆ ਹੈ। ਇਹ ਮੁਲਕ ੧੮੫੩ ਤੋਂ ਫਰਾਂਸ ਦੀ ਰਿਆਸਤ ਹੈ ਅਤੇ ਇਸਨੂੰ ਰਾਜਾ ਨੈਪੋਲੀਅਨ ਵੇਲੇ ਤੋਂ ਫਰਾਂਸ ਨੇ ਆਪਣੇ ਰਾਜ ਪ੍ਰਬੰਧ ਵਿੱਚ ਲਿਆ ਹੋਇਆ ਹੈ। ਦੂਸਰੇ ਮਹਾਂਯੁੱਧ ਤੋਂ ਬਾਅਦ ਫਰਾਂਸ ਨੇ ਜਿਹੜੇ ਮੁਲਕਾਂ (ਕਲੋਨੀਆਂ) ਦੇ ਰਾਜਭਾਗ ਉਹਨਾਂ ਕੋਲ ਰਹਿ ਗਏ ਸੀ ਉਨਾਂ ਵਿੱਚ ਨਿਊ ਕੈਲੈਡੋਨੀਆਂ ਇੱਕ ਸੀ। ਜਿਸ ਦੀ ਅਜ਼ਾਦੀ ਪ੍ਰਤੀ ਸੋਚ ਵਿਚਾਰ ਤੋਂ ਬਾਅਦ ਫਰਾਂਸ ਸਰਕਾਰ ਨੇ ੧੯੯੮ ਵਿੱਚ ਇਹ ਤਹਿ ਕੀਤਾ ਸੀ ਕਿ ਨਿਊ ਕੈਲੈਡੋਨੀਆਂ ਦੇ ਵਸਨੀਕ ਆਪਣੀ ਅਜ਼ਾਦੀ ਜਾਂ ਸੋਚ ਨੂੰ ਰੈਫਰੈਂਡਮ ਰਾਹੀਂ ਹੋਈ ਵੋਟ ਦੁਆਰਾ ਜ਼ਾਹਿਰ ਕਰ ਸਕਦੇ ਹਨ। ਇਸ ਲਈ ਉਨਾਂ ਨੇ ਇਸ ਮੁਲਕ ਦੇ ਵਾਸੀਆਂ ਨੂੰ ਤਿੰਨ ਵਾਰ ਵੋਟ ਪਾਉਣ ਦਾ ਮੌਕਾ ਉਪਲਬਧ ਕੀਤਾ ਹੈ ਜਿਸਦੀ ਲੜੀ ਵਿਚ ੪ ਨਵੰਬਰ ੨੦੧੮ ਨੂੰ ਅਜ਼ਾਦ ਖੁਦਮੁਖਤਿਆਰੀ ਲਈ ਵੋਟ ਪਾਈ ਗਈ। ਅਗਲੀਆਂ ਦੋ ਵੋਟਾਂ ਦੇ ਮੌਕੇ ੨੦੨੦ ਤੇ ੨੦੨੨ ਵਿੱਚ ਮੁਕੱਰਰ ਕੀਤੇ ਗਏ ਹਨ। ਇਸ ਵਾਰੀ ਭਾਵੇਂ ਇਹ ਲੱਗਦਾ ਸੀ ਕਿ ੭੦% ਵਸੋਂ ਆਪਣੇ ਵੋਟ ਦੇ ਹੱਕ ਰਾਹੀਂ ਫਰਾਂਸ ਦੇਸ਼ ਦੇ ਨਾਲ ਹੀ ਰਹਿਣਾ ਚਾਹੇਗੀ ਪਰ ਅੰਤਿਮ ਵੋਟ ਨਤੀਜਿਆਂ ਮੁਤਾਬਕ ੪੪% ਲੋਕਾਂ ਨੇ ਅਜ਼ਾਦੀ ਪ੍ਰਤੀ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ। ਇਸ ਵਿੱਚ ਵੱਡੀ ਗਿਣਤੀ ਨਿਊ ਕੈਲੈਡੋਨੀਆਂ ਦੇ ਸਥਾਈ ਵਸਨੀਕਾਂ ਦੀ ਹੈ। ਨਿਊ ਕੈਲੇਡੋਨੀਆਂ ਦੁਨੀਆਂ ਦੇ ਇੱਕ ਮਸ਼ਹੂਰ ਯਾਤਰੀ ਜੇਮਜ਼ ਕੁੱਕਨੇ ਇਹ ਮੁਲਕ ਲੱਭਿਆ ਸੀ। ਇਥੇ ਹੁਣ ਸਮੇਂ ਨਾਲ ਦੂਸਰੇ ਮੁਲਕਾਂ ਦੇ ਲੋਕ ਤੇ ਏਸ਼ੀਅਨ ਵੀ ਜਾ ਵਸੇ ਹਨ ਪਰ ਫੇਰ ਵੀ ਇਹ ਕਾਫੀ ਛੋਟਾ ਮੁਲਕ ਮੰਨਿਆ ਜਾਂਦਾ ਹੈ। ਇਸਦਾ ਸਾਰਾ ਰਾਜ ਪ੍ਰਬੰਧ ਨਿਊ ਕੈਲੈਡੋਨੀਆਂ ਦੇ ਲੋਕਾਂ ਦੁਆਰਾ ਚੁਣੀ ਹੋਈ ਵਿਵਸਥਾ ਕੋਲ ਹੈ। ਪਰ ਇਸ ਦਾ ਮੁੱਖ ਸਰਵਨਾਇਕ ਸੰਚਾਲਕ ਦੇਸ਼ ਫਰਾਂਸ ਹੀ ਹੈ। ਫਰਾਂਸ ਦੀ ਹੀ ਕਰੰਸੀ ਚੱਲਦੀ ਹੈ ਤੇ ਇਥੋਂ ਦੇ ਲੋਕਾਂ ਨੂੰ ਵੀ ਫਰਾਂਸ ਦੇਸ਼ ਦੇ ਵਾਸੀ ਮੰਨਿਆ ਜਾਂਦਿਆਂ ਹੈ। ਇਥੋਂ ਦੇ ਲੋਕ ਫਰਾਂਸ ਦੀਆਂ ਰਾਸਟਰਪਤੀ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ ਫਰਾਂਸ ਦੀ ਪਰਾਲੀਮੈਂਟ ਵਿੱਚ ਵੀ ਇਹਨਾਂ ਦੇ ਚਾਰ ਨੁਮਾਇੰਦੇ ਬੈਠਦੇ ਹਨ। ਇਹ ਨਿਊ ਕੈਲੈਡੋਨੀਆਂ ਸੰਯੁਕਤ ਰਾਸ਼ਟਰ ਦੀ ਉਸ ਲਿਸਟ ਵਿੱਚ ਵੀ ਸ਼ਾਮਿਲ ਹੈ ਜਿਸ ਰਾਹੀਂ ਸੰਯੁਕਤ ਰਾਸ਼ਟਰ ਨੇ ਇਹ ਕਿਹਾ ਹੈ ਕਿ ਇਸ ਖਿਤੇ ਕੋਲ ਖੁਦਮੁਖਤਿਆਰੀ ਨਹੀਂ ਹੈ। ੧੯੮੬ ਵਿੱਚ ਵੀ ਇੱਕ ਵਾਰ ਖੁਦਮੁਖਤਿਆਰੀ ਲਈ ਵੋਟ ਪਈ ਸੀ ਜਿਸ ਵਿੱਚ ਵੀ ਫਰਾਂਸ ਅਧੀਨ ਰਹਿਣ ਵਾਲੇ ਲੋਕਾਂ ਨੇ ਖੁਦਮੁਖਤਿਆਰੀ ਦੇ ਉਲਟ ਵੋਟ ਪਾਈ ਸੀ। ਉਸਤੋਂ ਕੁਝ ਸਾਲ ਬਾਅਦ ਨਿਊ ਕੈਲੈਡੋਨੀਆਂ ਵਿੱਚ ਅਜ਼ਾਦੀ ਪੱਖੀ ਹਿੰਸਕ ਵਾਰਦਾਤਾਂ ਹੋਈਆਂ ਸਨ ਪਰ ਕੁਝ ਮਿਲਾ ਕੇ ਇਥੇ ਹੁਣ ਅਮਨ ਸ਼ਾਂਤੀ ਤੇ ਜਮਹੂਰੀਅਤ ਹੈ ਤੇ ਅਜ਼ਾਦੀ ਪੱਖੀ ਸੋਚ ਦੀ ਹਮਾਇਤ ਵੱਧ ਰਹੀ ਹੈ। ਇਸ ਭਾਵਨਾ ਕਰਕੇ ਹੀ ਇਸ ਦੇਸ਼ ਵਿੱਚ ਹੁਣ ਦੁਨੀਆਂ ਦੇ ਚੰਦ ਦੇਸ਼ਾਂ ਵਾਂਗ ਦੋ ਰਾਸ਼ਟਰੀ ਝੰਡਿਆਂ ਨੂੰ ਮਾਨਤਾ ਹੈ ਇੱਕ ਫਰਾਂਸ ਦਾ ਝੰਡਾ ਹੈ ਤੇ ਦੂਸਰਾਂ ਨਿਊ ਕੈਲੈਡੋਨੀਆਂ ਦਾ ਹੈ। ਇਸੇ ਤਰਾਂ ਦੂਸਰੀਆਂ ਸਥਾਨਕ ਭਾਸ਼ਾਵਾਂ ਨੂੰ ਵੀ ਰਾਸਟਰੀ ਸਥਾਨ ਦਿੱਤੇ ਗਏ ਹਨ। ਇਸੇ ਤਰਾਂ ਨਾਲ ਦੇਸ਼ ਨੇ ਆਪਣਾ ਰਾਸ਼ਟਰੀ ਗਾਇਨ ਵੀ ਫਰਾਂਸ ਤੋਂ ਇਲਾਵਾ ਤਿਆਰ ਕੀਤਾ ਹੈ। ਹੁਣ ੨੦੨੦ ਦਾ ਆਉਣ ਵਾਲਾ ਰੈਫਰੈਂਡਮ ਜਿਸ ਪ੍ਰਤੀ ਨਿਊ ਕੈਲੈਡੋਨੀਆਂ ਸਰਕਾਰ ਦੀ ਸਹਿਮਤੀ ਤੇ ਫਰਾਂਸ ਦੀ ਰਹਿਨੁਮਾਈ ਜਰੂਰੀ ਹੈ, ਨੂੰ ਤਹਿ ਕਰਨਾ ਜਰੂਰੀ ਤਾਂ ਜੋ ਇਥੋਂ ਦੇ ਲੋਕ ਆਪਣੀ ਪੂਰਨ ਖੁਦਮੁਖਤਿਆਰੀ ਦਾ ਇਜ਼ਹਾਰ ਕਰ ਸਕਣ।

ਸਿੱਖ ਹੋਣ ਦੇ ਨਾਤੇ ਸਿੱਖਾਂ ਅੰਦਰ ਵੀ ਇਸ ਅਹਿਸਾਸ ਦੀ ਭਾਵਨਾ ਆਉਂਦੀ ਹੈ ਕਿ ਕੀ ਭਾਰਤ ਵਰਗੇ ਮੁਲਕ ਵਿੱਚ ਵੀ ਕਦੇ ਫਰਾਂਸ ਦੇਸ਼ ਵਾਂਗ ਆਪਣੇ ਅੰਦਰੂਨੀ ਤੌਰ ਤੇ ਅਸਾਂਤ ਸੂਬਿਆਂ ਦੀਆਂ ਕੌਮਾਂ ਲਈ ਕੋਈ ਅਜਿਹੀ ਵੋਟਾਂ ਦੀ ਪ੍ਰਕਿਰਿਆਂ ਅਪਣਾਈ ਜਾਵੇਗੀ ਜਿਸ ਰਾਹੀਂ ਇਥੋਂ ਦੇ ਲੋਕ ਆਪਣੀ ਸੋਚ ਦਾ ਪ੍ਰਗਟਾਵਾ ਕਰ ਸਕਣਗੇ। ਇਹ ਵੀ ਜਰੂਰੀ ਹੈ ਕਿ ਸਿੱਖ ਕੌਮ ਆਪੇ ਬਣੇ ਸਿੱਖ ਆਗੂਆਂ ਦੇ ਪਿਛੇ ਲੱਗ ਕੇ ਖੁਦਮੁਖਤਿਆਰੀ ਦੀਆਂ ਹਵਾਈ ਗੱਲਾਂ ਵਿੱਚ ਹੀ ਘਿਰ ਕੇ ਆਪਣੇ ਭਵਿੱਖ ਨੂੰ ਹਮੇਸ਼ਾ ਵਾਂਗ ਖਿਲਾਰ ਕੇ ਨਾ ਰੱਖ ਲਵੇ।