ਪੰਜਾਬ ਦੀ ਮੌਜੂਦਾ ਸਿਆਸਤ ਵਿੱਚ ਇੱਕ ਵਾਰ ਫੇਰ ਬਦਲਵਾਂ ਸਿਆਸੀ ਪੱਖ ਸਾਹਮਣੇ ਆਇਆ ਹੈ। ਜਿਸ ਨਾਲ ੨੦੧੨ ਤੋਂ ਬਾਅਦ ਲੋਕਾਂ ਦੇ ਹੁੰਗਾਰੇ ਸਦਕਾ ਇੱਕ ਨਵਾਂ ਸਿਆਸੀ ਬਦਲ ਉਭਰਨਾ ਸ਼ੁਰੂ ਹੋਇਆ ਸੀ ਤੇ ੨੦੧੪ ਦੀਆਂ ਲੋਕ ਸਭਾ ਚੋਣਾਂ ਵਿੱਚ ਬੂਰ ਪਿਆ ਸੀ ਪਰ ਅੱਜ ਉਹੀ ਸਿਆਸੀ ਪਾਰਟੀ ਅੱਜ ਆਪਣੀ ਸਥਿਰਤਾ ਨੂੰ ਕਾਇਮ ਰੱਖਣ ਵਿੱਚ ਬੇਵੱਸ ਨਜ਼ਰ ਆ ਰਹੀ ਹੈ। ਇਹ ਬਦਲਵਾਂ ਰੂਪ ਅਰਵਿੰਦ ਕੇਜ਼ਰੀਵਾਲ ਦੀ ਮੁੱਖ ਭੂਮਿਕਾ ਨਾਲ ਦਿਲੀ ਤੋਂ ਅਰੰਭ ਹੋਇਆ ਸੀ। ਇਸ ਪਾਰਟੀ ਨੇ ਦਿਲੀ ਦੀ ਸਫਲਤਾ ਤੋਂ ਬਾਅਦ ਪੰਜਾਬ ਵਿੱਚ ਵੀ ਸਫਲਤਾ ਹਾਸਲ ਕੀਤੀ ਸੀ। ਇਹ ਆਮ ਆਦਮੀ ਪਾਰਟੀ ਦੇਸ਼ ਵਿਆਪੀ ਭ੍ਰਿਸ਼ਟਾਚਾਰ ਅੰਦੋਲਨ ਦੇ ਮੰਚ ਵਿਚੋਂ ਉੱਭਰੀ ਸੀ ਅਤੇ ਹਵਾ ਦੇ ਬੁੱਲੇ ਵਾਂਗ ਦਿੱਲੀ ਪ੍ਰਦੇਸ਼ ਵਿੱਚ ਆਪਣੀ ਅਲਹਿਦਾ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ। ਭਾਵੇਂ ਇਹ ਪਾਰਟੀ ਦਿਲੀ ਵਿੱਚ ਥੋੜੇ ਦਿਨ ਹੀ ਚੱਲੀ ਸੀ ਪਰ ਜਦੋਂ ਇਹ ਦੂਸਰੀ ਵਾਰ ਉਭਰੀ ਤਾਂ ਭਾਰੀ ਬਹੁਮਤ ਨਾਲ ਦੂਜੀਆਂ ਰਾਸ਼ਟਰੀ ਪਾਰਟੀਆਂ ਨੂੰ ਪਛਾੜ ਦਿੱਤਾ ਸੀ। ਇਸਨੇ ਪੇਂਡੂ ਖੇਤਰ ਤੇ ਹੋਰ ਆਮ ਲੋਕਾਂ ਵੱਲੋਂ ਪੂਰਨ ਸਮਰਥਨ ਪ੍ਰਾਪਤ ਕੀਤਾ।

ਇਸੇ ਕਾਰਨ ੨੦੧੪ ਦੀਆਂ ਲੋਕ ਸਭਾ ਚੋਣਾਂ ਦੌਰਾਨ ੩੪% ਵੋਟ ਹਾਸਲ ਕੀਤੀ। ਜਿਸ ਨਾਲ ਇੰਨਾ ਦੇ ਪੰਜਾਬ ਵਿਚੋਂ ਤੇਰਾਂ ਵਿਚੋਂ ਚਾਰ ਮੈਂਬਰ ਪਾਰਲੀਮੈਂਟ ਕਾਮਯਾਬ ਰਹੇ। ਇਸ ਬਦਲਵੇਂ ਰੂਪ ਨੂੰ ਬਾਹਰਲੇ ਸਿੱਖ ਭਾਈਚਾਰੇ ਖਾਸ ਕਰਕੇ ਪੰਜਾਬ ਅੰਦਰ ਸਿੱਖ ਮੰਗਾਂ ਨਾਲੇ ਜੁੜੇ ਸਿੱਖਾਂ ਵੱਲੋਂ ਭਰਵਾਂ ਸਮਰਥਨ ਮਿਲਿਆ। ਉਨਾਂ ਨੇ ਆਪਣੀ ਯਥਾ ਸ਼ਕਤੀ ਮੁਤਾਬਿਕ ਦਿਲ ਖੋਲ ਕੇ ਤਨ, ਮਨ, ਧਨ ਨਾਲ ਇਸ ਪਾਰਟੀ ਲਈ ਯੋਗਦਾਨ ਪਾਇਆ। ਉਸ ਸਮੇਂ ਵੀ ਭਾਵੇਂ ਅੱਜ ਵਾਂਗ ਇਸਦਾ ਮੁੱਖ ਧੁਰਾ ਅਰਵਿੰਦ ਕੇਜ਼ਰੀਵਾਲ ਦਾ ਚੇਹਰਾ ਹੀ ਸੀ, ਜਿਸ ਬਾਰੇ ਹੁਣ ਸਮੇਂ ਨਾਲ ਉਸਦਾ ਇਹ ਪੱਖ ਤਾਂ ਪੂਰੀ ਤਰਾਂ ਉਜਾਗਰ ਹੋ ਹੀ ਗਿਆ ਹੈ ਕਿ ਉਸਦਾ ਪੰਜਾਬ ਪ੍ਰਤੀ ਤੇ ਖਾਸ ਕਰਕੇ ਸਿੱਖਾਂ ਦੀ ਕਿਸੇ ਵੀ ਮੰਗ ਜਾਂ ਖੁਦਮੁਖਤਿਆਰੀ ਨਾਲ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਵਾਹ ਵਾਸਤਾ ਨਹੀਂ ਹੈ। ਉਸਦਾ ਉਦੇਸ਼ ਜੋ ਹੁਣ ਤੱਕ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਉਹ ਆਪਣੇ ਵਿਅਕਤੀਤਵ ਲਈ ਹੀ ਕੇਂਦਰਿਤ ਹੈ ਤੇ ਉਸ ਵੱਲੋਂ ਉਲੀਕਿਆ ਗਿਆ ਪਾਰਟੀ ਦਾ ਸੰਵਿਧਾਨ ਪਾਰਟੀ ਦੀ ਅੰਦਰੂਨੀ ਖੁਦਮੁਖਤਿਆਰੀ ਨਾਲ ਹੀ ਜੁੜਿਆ ਹੋਇਆ ਹੈ।

ਪੰਜਾਬ ਅੰਦਰ ੨੦੧੪ ਦੀ ਸਫਲਤਾ ਤੋਂ ਬਾਅਦ ਭਾਵੇਂ ਛੇਤੀ ਹੀ ਚਾਰ ਮੈਂਬਰ ਪਾਰਲੀਮੈਂਟ ਵਿਚੋਂ ਦੋ ਪ੍ਰਮੁੱਖ ਐਮ.ਪੀ. ਅਲਹਿਦਾ ਹੋ ਕੇ ਬੈਠ ਗਏ ਸਨ। ਪਰ ਆਪਣੇ ਐਮ.ਪੀ. ਦੇ ਪਦ ਤੋਂ ਲਹਿ ਜਾਣ ਦੇ ਭੈਅ ਵਜੋਂ ਵਿਚਰਦੇ ਹਮੇਸ਼ਾ ਆਮ ਆਦਮੀ ਪਾਰਟੀ ਦੇ ਝੰਡੇ ਹੇਠਾਂ ਹੀ ਰਹੇ। ਜੋ ਵਰਤਾਰਾ ਅੱਜ ਵੀ ਜਾਰੀ ਹੈ। ੨੦੧੭ ਦੀਆਂ ਪੰਜਾਬ ਸੂਬੇ ਦੀਆਂ ਚੋਣਾਂ ਤੱਕ ਆਮ ਆਦਮੀ ਪਾਰਟੀ ਮਜ਼ਬੂਤ ਰਾਜਸੀ ਮੰਚ ਵਜੋਂ ਪੰਜਾਬ ਅੰਦਰ ਵਿਚਰੀ ਤੇ ਕਈ ਵਾਰੀ ਇਹ ਜਿਕਰ ਵੀ ਹੋਇਆ ਸੀ ਕਿ ਆਉਣ ਵਾਲੀ ੨੦੧੭ ਦੀ ਸਰਕਾਰ ਇਸੇ ਬਦਲਵੇਂ ਸਿਆਸੀ ਮੰਚ ਦੀ ਹੀ ਹੋਵੇਗੀ। ਪਰ ਛੇਤੀ ਹੀ ਸੱਤਾ ਦੇ ਇਸ ਬਦਲਵੇਂ ਰੂਪ ਵਿੱਚ ਕਮਜ਼ੋਰ ਵਿਚਾਰਧਾਰਕ, ਅਸ਼ਪਸ਼ਟ ਤੇ ਜਮਹੂਰੀਅਤ ਤੋਂ ਸੱਖਣੇ ਚਿਹਰੇ ਸਾਹਮਣੇ ਆਏ ਤੇ ਇਹ ਪਾਰਟੀ ਫਿਸਲਣੀ ਸ਼ੁਰੂ ਹੋ ਗਈ ਫੇਰ ਇਹ ਪਾਰਟੀ ਸਿਰਫ ੨੦ ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ। ਪਰ ਇਸ ਨੇ ਪੰਜਾਬ ਅੰਦਰ ਵਿਚਰ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬੁਰੀ ਤਰਾਂ ਪਛਾੜ ਦਿੱਤਾ ਤੇ ਪੰਜਾਬ ਵਿੱਚ ਦੂਜੀ ਵੱਡੀ ਧਿਰ ਵਜੋਂ ਅਸੈਂਬਲੀ ਵਿੱਚ ਪ੍ਰਵੇਸ਼ ਕੀਤਾ। ਸਾਲ ਅੰਦਰ ਹੀ ਇਸ ਪਾਰਟੀ ਵਿੱਚ ਵਿਚਰ ਰਿਹਾ ਨਿਜੀ ਵਿਅਕਤੀਤਵ ਪਾਰਟੀ ਦੀ ਖੁਦ ਮੁਖਤਿਆਰੀ ਦੇ ਸੰਕਲਪ ਤੋਂ ਅਜਿਹਾ ਥਿੜਕਿਆ ਕਿ ੨੦੧੮ ਦੇ ਮੌਜੂਦਾ ਸਮੇਂ ਤੱਕ ਇਹ ਆਪਣੇ ਅੰਦਰੂਨੀ ਕਲੇਸ਼ ਜੋ ਵਿਅਕਤੀਗਤ ਹੈ ਦੀ ਭੇਂਟ ਚੜ ਗਿਆ ਤੇ ਕਿਸੇ ਹੋਰ ਸਿਆਸੀ ਪਾਰਟੀ ਦੇ ਵਿਰੋਧ ਤੋਂ ਬਿਨਾਂ ਆਪ ਹੁਦਰੇ ਕਲੇਸ਼ ਦਾ ਵਿਸ਼ਾ ਬਣ ਗਿਆ ਹੈ ਤੇ ਅੰਦਰੂਨੀ ਖੁਦਮੁਖਤਿਆਰੀ ਦੀ ਸੋਚ ਤੋਂ ਨਿੱਖੜ ਕੇ ਨਿਜੀ ਵਿਅਕਤੀਤਵ ਦੀ ਖਾਈ ਵਿੱਚ ਡਿੱਗਦੀ ਨਜ਼ਰ ਆ ਰਹੀ ਇਹ ਪਾਰਟੀ ਪੰਜਾਬ ਅੰਦਰ ਸਿਆਸੀ ਰੂਪ ਵਿੱਚ ਹਾਸ਼ੀਏ ਤੇ ਆ ਗਈ ਹੈ।