ਭਾਰਤ ਦੇ ਪੰਜ ਰਾਜਾਂ ਵਿੱਚ ਪਿਛਲੇ ਦਿਨੀ ਵਿਧਾਨ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਸੈਮੀਫਾਇਨਲ ਦੇ ਤੌਰ ਤੇ ਦੇਖਿਆ ਜਾਂਦਾ ਹੈੈ। ਮੱਧ ਪਰਦੇਸ, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਆਪਣੇ ਆਪ ਨੂੰ ਮਜਬੂਤ ਨੇਤਾ ਦੇ ਤੌਰ ਤੇ ਪੇਸ਼ ਕਰਨ ਵਾਲੇ ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਿਧਾਂਤਕ ਜਥੇਬੰਦੀ ਸੰਘ ਪਰਿਵਾਰ ਲਈ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈੈ। ਇਨ੍ਹਾਂ ਪੰਜ ਰਾਜਾਂ ਵਿੱਚੋਂ ਤਿੰਨ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਪਕੜ ਮਜਬੂਤ ਕਰ ਲਈ ਹੈ ਅਤੇ ਦੋ ਰਾਜਾਂ ਵਿੱਚ ਖੇਤਰੀ ਪਾਰਟੀਆਂ, ਤੇਲੰਗਾਨਾ ਰਾਸ਼ਟਰੀ ਕਾਂਗਰਸ ਅਤੇ ਮਿਜ਼ੋ ਨੈਸ਼ਨਲ ਫਰੰਟ ਨੇ ਜਿੱਤ ਹਾਸਲ ਕਰ ਲਈ ਹੈੈ। ਮਿਜ਼ੋ ਨੈਸ਼ਨਲ ਫਰੰਟ ਨੇ ਮਿਜ਼ੋਰਮ ਵਿੱਚ ਆਪਣੇ ਬਲਬੂਤੇ ਉੱਤੇ ਸਰਕਾਰ ਬਣਾ ਕੇ ਉਸ ਖਿੱਤੇ ਵਿੱਚੋਂ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈੈ।

ਰਾਜਸਧਾਨ ਅਤੇ ਛੱਤੀਸਗੜ੍ਹ ਦੀ ਕਰਾਰੀ ਹਾਰ ਨੇ ਸੰਘ ਪਰਿਵਾਰ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈੈ। ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸੰਘ ਪਰਿਵਾਰ ਜਿਸ ਸਿਧਾਂਤਕ ਰਣਨੀਤੀ ਅਤੇ ਗੁੰਡਾਗਰਦੀ ਉੱਤੇ ਚੱਲ ਰਿਹਾ ਸੀ ਸ਼ਾਇਦ ਇਨ੍ਹਾਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਸਦੀਆਂ ਸਾਰੀਆਂ ਯੋਜਨਾਵਾਂ ਨੂੰ ਪਿੱਛੇ ਪਾ ਦਿੱਤਾ ਹੈੈ।ਪਿਛਲੇ ਲੰਬੇ ਸਮੇਂ ਤੋਂ ਦੇਸ਼ ਤੇ ਰਾਜ ਕਰ ਰਹੀ ਸੰਘ ਪਰਿਵਾਰ ਦੀ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਘੱਟ-ਗਿਣਤੀਆਂ, ਦਲਿਤਾਂ, ਕਬਾਇਲੀਆਂ ਨੂੰ ਦਬੇਲ ਬਣਾ ਕੇ ਵੱਡੇ ਹਿੰਦੂ ਘੇਰੇ ਵਿੱਚ ਰਲਾ ਲੈਣ ਦੀਆਂ ਹੀ ਰਹੀਆਂ ਸਨ। ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰਾਜਸੀ ਨੀਤੀਆਂ ਵਿੱਚੋਂ ਵੀ ਬਹੁਤ ਹੀ ਹਲਕੇ ਕਿਸਮ ਦੇ ਜੰਗਬਾਜ਼ ਜਿਹੇ ਨੇਤਾ ਦੀ ਝਲਕ ਪੈਂਦੀ ਸੀ ਜਿਸਦਾ ਦੇਸ਼ ਦੇ ਆਮ ਲੋਕਾਂ ਨਾਲ ਕੋਈ ਸਰੋਕਾਰ ਨਾ ਹੋਵੇ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨਰਿੰਦਰ ਮੋਦੀ ਅਕਾਸ਼ ਵਿੱਚ ਰਹਿਣ ਵਾਲਾ ਕੋਈ ਵਿਅਕਤੀ ਹੋਵੇ ਜਿਸਦਾ ਦੇਸ਼ ਦੀ ਵਰਤਮਾਨ ਰਾਜਸੀ ਅਤੇ ਆਰਥਕ ਸਥਿਤੀ ਨਾਲ ਕੋਈ ਵਾਸਤਾ ਨਾ ਹੋਵੇ। ਉਹ ਤਾਂ ਹਰ ਨਵੇਂ ਦਿਨ ਚੀਨ, ਰੂਸ ਅਤੇ ਅਮਰੀਕਾ ਦੇ ਦੌਰਿਆਂ ਰਾਹੀਂ ਭਾਰਤ ਨੂੰ ਹਥਿਆਰਾਂ ਦਾ ਭੰਡਾਰ ਬਣਾਉਣ ਦੇ ਰਾਹ ਪਿਆ ਲਗਦਾ ਸੀ।

ਉਸਦੇ ਕੌਮੀ ਸੁਰੱਖਿਆ ਸਲਾਹਕਾਰ ਅਤੇ ਪਰਧਾਨ ਮੰਤਰੀ ਦੀ ਸਰੀਰਕ ਭਾਸ਼ਾ ਅਤੇ ਹਾਵਾਂ ਭਾਵਾਂ ਵਿੱਚ ਕੋਈ ਵੀ ਫਰਕ ਨਹੀ ਸੀ ਲਗਦਾ। ਇਸ ਤਰ੍ਹਾਂ ਜਾਪਦਾ ਸੀ ਕਿ ਦੇਸ਼ ਨੂੰ ਨਰਿੰਦਰ ਮੋਦੀ ਨਹੀ ਕੋਈ ਹੋਰ ਚਲਾ ਰਿਹਾ ਹੋਵੇ। ਨਰਿੰਦਰ ਮੋਦੀ ਦੇ ਪਰਦੇ ਹੇਠ ਸੰਘ ਪਰਿਵਾਰ ਦੇ ਗੁੰਡਿਆਂ ਨੇ ਜਿਸ ਤਰ੍ਹਾਂ ਪਿਛਲੇ ਚਾਰ ਸਾਲ ਆਪਣੀ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਜਿਸ ਤਰ੍ਹਾਂ ਦੇਸ਼ ਦੇ ਪਰਸ਼ਾਸ਼ਨ ਨੇ ਇਨ੍ਹਾਂ ਗੁੰਡਾ ਅਨਸਰਾਂ ਦੀ ਪਿੱਠ ਥਾਪੜੀ ਉਸ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਸ ਜਮਾਤ ਦੇ ਹੱਥ ਦੇਸ਼ ਦੀ ਵਾਗਡੋਰ ਦੇਕੇ ਉਨ੍ਹਾਂ ਨੇ ਚੰਗਾ ਨਹੀ ਕੀਤਾ।

ਇਸ ਵੇਲੇ ਦੇਸ਼ ਦੀ ਆਰਥਕ ਸਥਿਤੀ ਏਨੀ ਭੈੜੀ ਹੋ ਚੁੱਕੀ ਹੈ ਕਿ ਜੇ ਇੱਕ ਵਾਰ ਉਸਤੋਂ ਇੱਕ ਵਾਰ ਢੱਕਣ ਚੱਕ ਹੋ ਗਿਆ ਤਾਂ ਮੁਲਕ ਵਿੱਚ ਵੱਡਾ ਭੁਚਾਲ ਆ ਜਾਵੇਗਾ। ਆਪਣੀ ਖੱਲ ਬਚਾਉਣ ਲਈ ਮੋਦੀ ਸਰਕਾਰ ਭਾਰਤੀ ਰਿਜ਼ਰਵ ਬੈਂਕ ਕੋਲ ਕਿਸੇ ਗੰਭੀਰ ਸਥਿਤੀ ਦਾ ਸਾਹਮਣਾਂ ਕਰਨ ਲਈ ਪਏ, ਐਮਰਜੰਸੀ ਫੰਡ ਵਿੱਚੋਂ ਵੱਡਾ ਹਿੱਸਾ ਮੰਗ ਰਹੀ ਸੀ ਜਿਸ ਨੂੰ ਵਰਤ ਕੇ ਉਹ ਅਗਲੀਆਂ ਚੋਣਾਂ ਜਿੱਤ ਸਕੇ। ਪਰ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਹਾਲ ਦੀ ਘੜੀ ਉਹ ਐਮਰਜੰਸੀ ਫੰਡ ਜਾਰੀ ਕਰਨ ਤੋਂ ਨਾਹ ਕਰ ਦਿੱਤੀ ਹੈ ਜਿਸ ਦੇ ਚਲਦਿਆਂ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਅਸਤੀਫਾ ਦੇ ਕੇ ਘਰ ਬੈਠ ਜਾਣ ਲਈ ਆਖ ਦਿੱਤਾ ਹੈੈ। ਨਵੇਂ ਗਵਰਨਰ ਮੋਦੀ ਦੀ ਉਸ ਤਿੱਕੜੀ ਦੇ ਸਾਥੀ ਹਨ ਜਿਨ੍ਹਾਂ ਨੇ ਨੋਟਬੰਦੀ ਦਾ ਫੈਸਲਾ ਲਿਆ ਸੀ, ਹੁਣ ਦੇਖਦੇ ਹਾਂ ਕਿ ਨਵੇਂ ਗਵਰਨਰ ਮੋਦੀ ਸਰਕਾਰ ਨੂੰ ਸਾਹ ਦੇਣ ਲਈ ਐਮਰਜੰਸੀ ਫੰਡ ਜਾਰੀ ਕਰਦੇ ਹਨ ਜਾਂ ਨਹੀ।

ਕੌਮਾਂਤਰੀ ਆਰਥਕ ਮਾਹਰ ਦੱਸਦੇ ਹਨ ਕਿ ਜਿਸ ਵੀ ਮਲਕ ਨੇ ਅੰਨੇ੍ਹਵਾਹ ਉਸ ਫੰਡ ਦੀ ਵਰਤੋਂ ਕੀਤੀ ਹੈ ਆਰਥਕ ਤੌਰ ਤੇ ਉਸਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈੈ।

ਵਿਧਾਨ ਸਭਾ ਚੋਣਾਂ ਨੇ ਜੋ ਦੂਜੀ ਵੱਡੀ ਸਕਾਰਾਤਮਕ ਗੱਲ ਸਾਹਮਣੇ ਲਿਆਂਦੀ ਹੈ ਉਹ ਹੈ ਦੇਸ਼ ਵਿੱਚ ਮੁੜ ਤੋਂ ਖੇਤਰੀ ਪਾਰਟੀਆਂ ਦਾ ਉਭਾਰ। ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਖੇਤਰੀ ਪਾਰਟੀਆਂ ਦਾ ਆਪਣੇ ਬਲਬੂਤੇ ਤੇ ਸਰਕਾਰ ਬਣਾ ਜਾਣਾਂ ਵੀ ਸਿਧਾਂਤਕ ਤੌਰ ਤੇ ਸੰਘ ਪਰਿਵਾਰ ਦੀ ਖੇਤਰੀ ਪਾਰਟੀਆਂ ਨੂੰ ਖਤਮ ਕਰਕੇ ਦੋ ਕੌਮੀ ਪਾਰਟੀਆਂ ਦੀ ਹੋਂਦ ਵਾਲੀ ਰਾਜਨੀਤੀ ਦੇ ਅੱਗੇ ਸੁਆਲ ਖੜ੍ਹੇ ਕਰ ਦਿੱਤੇ ਹਨ।

ਬਹੁਤ ਸਾਰੇ ਸਿਆਸੀ ਪੰਡਤ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਅਗਲੀਆਂ ਚੋਣਾਂ ਦੇ ਸੰਦਰਭ ਵਿੱਚ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾਂ ਹੈ ਕਿ ਅਗਲੀਆਂ ਚੋਣਾਂ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਅੱਗੇ ਆ ਸਕਦੀਆਂ ਹਨ। ਪਰ ਸਾਡਾ ਮੰਨਣਾਂ ਹੈ ਕਿ ਸੰਘ ਪਰਿਵਾਰ ਦੇ ਭੱਥੇ ਵਿੱਚੋਂ ਹਾਲੇ ਤੀਰ ਨਹੀ ਮੁੱਕੇ । ਉਹ ਕੋਈ ਪੰਗਾ ਸਹੇੜ ਕੇ ਅਗਲੀਆਂ ਚੋਣਾਂ ਜਿੱਤ ਸਕਦੇ ਹਨ। ਜੇ ਸਮੁੱਚੀ ਵਿਰੋਧੀ ਧਿਰ ਆਪਣੀਆਂ ਛੋਟੀਆਂ ਛੋਟੀਆਂ ਲੜਾਈਆਂ ਨੂੰ ਪਿੱਛੇ ਰੱਖਕੇ ਸੰਘ ਪਰਿਵਾਰ ਦੇ ਸਿਆਸੀ ਵਿੰਗ ਨੂੰ ਹਰਾਉਣ ਦਾ ਮਨਸ਼ਾ ਕਰ ਲਵੇ ਤਾਂ ਹੀ ਮੋਦੀ ਸਰਕਾਰ ਨੂੰ ਹਰਾਇਆ ਜਾ ਸਕਦਾ ਹੈੈ।