ਕੁਝ ਦਿਨ ਪਹਿਲਾਂ ਇੱਕ ਸੌ ਗਿਆਰਾਂ ਮੁੰਡੇ ਜਿੰਨਾਂ ਵਿਚੋਂ ਬਹੁਤੇ ਪੰਜਾਬੀ ਸਨ, ਨੂੰ ਮੈਕਸੀਕੋ ਤੋਂ ਭਾਰਤ ਵਾਪਸ ਮੋੜ ਦਿੱਤਾ ਗਿਆ। ਇਹ ਗੈਰ ਕਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ ਵਿੱਚ ਸਨ। ਏਜੰਟਾਂ ਰਾਹੀਂ ਇਹ ਅਮਰੀਕਾ ਪਹੁੰਚਣਾ ਚਾਹੁੰਦੇ ਸਨ ਇਹ ਨੌਜਵਾਨ ਦੱਖਣੀ ਅਮਰੀਕਾ ਦੇ ਦੇਸ਼ਾਂ ਬਰਾਜ਼ੀਲ, ਪੀਰੂ, ਪਨਾਮਾ, ਈਕਾਡੋਰ, ਕੋਸਟਾਰੀਕਾ, ਨਕਾਰਗੋਆ, ਹੁੰਡਰਾਸ, ਗੋਟੇਮਾਲਾ ਆਦਿ ਰਾਹੀਂ ਘੁੰਮਦੇ ਮੈਕਸੀਕੋ ਪਹੁੰਚੇ ਸਨ। ਇੰਨਾਂ ਰਾਹਾਂ ਵਿੱਚ ਇੰਨਾਂ ਨੂੰ ਪੈਨਮਾ ਦੇ ਘਣੇ ਜੰਗਲਾਂ ਵਿਚੋਂ ਵੀ ਲੰਘਣਾ ਪਿਆ। ਇਹ ਆਪਣੇ ਰਸਤੇ ਵਿੱਚ ਸਸਤੇ ਹੋਟਲਾਂ ਵਿੱਚ ਰੁਲਦੇ ਆਖਰਕਾਰ ਮੈਕਸੀਕੋ ਪਹੁੰਚੇ ਜਿਥੇ ਇੰਨਾਂ ਨੂੰ ਜਾਂਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਵਾਪਸ ਭਾਰਤ ਭੇਜ ਦਿੱਤਾ ਗਿਆ। ਗੈਰ ਕਨੂੰਨੀ ਤਰੀਕਿਆਂ ਨਾਲ ਭੇਜਣ ਵਾਲੇ ਏਜੰਟ ਇੰਨਾਂ ਨੂੰ ਦਿਲਾਸਾ ਦਿੰਦੇ ਰਹੇ ਕੇ ਅਸੀਂ ਤਹਾਨੂੰ ਮੈਕਸੀਕੋ ਦੀ ਜੇਲ ਵਿੱਚੋਂ ਛਡਾ ਲਵਾਂਗੇ ਤੇ ਅਮਰੀਕਾ ਪਹੁੰਚਾਣ ਦਾ ਜ਼ਰੀਆ ਬਣਾਂਵਗੇ। ਇੰਨਾਂ ਦੇ ਘੁੰਮਣਘੇਰੀ ਵਾਲੇ ਰਸਤਿਆਂ ਵਿੱਚ ਅਨੇਕਾਂ ਔਕੜਾਂ ਆਈਆਂ। ਕਈ ਕਈ ਦਿਨ ਇਹ ਪਾਣੀ ਨੂੰ ਵੀ ਤਰਸਦੇ ਰਹੇ ਅਤੇ ਆਪਣਾ ਪਸੀਨਾ ਨਿਚੋੜ ਕੇ ਪਾਣੀ ਦੀ ਥਾਂ ਪੀਂਦੇ ਰਹੇ। ਇੰਨਾ ਰਾਹਾਂ ਵਿੱਚ ਹੀ ਇੰਨਾਂ ਦੇ ਕਈ ਸਾਥੀ ਰੱਬ ਨੂੰ ਪਿਆਰੇ ਹੋ ਗਏ। ਇੰਨਾ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਲਈ ਏਜੰਟਾਂ ਤੋਂ ਕਰਜੇ ਚੁੱਕ ਕੇ ਪੱਚੀ ਲੱਖ ਰੁਪਏ ਦਿੱਤੇ ਜੋ ਹੁਣ ਖਤਮ ਹੋ ਗਏ। ਇੰਨਾਂ ਪੰਜਾਬੀ ਨੌਜਵਾਨਾਂ ਦੀਆਂ ਜੋ ਅਖਬਾਰਾਂ ਵਿੱਚ ਤਸਵੀਰਾਂ ਛਪੀਆਂ ਹਨ ਉਹਨਾਂ ਰਾਹੀਂ ਇਹ ਸਾਫ ਝਲਕਦਾ ਹੈ ਕਿ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਅਤੇ ਬੇਵਸੀ ਦੀ ਝਲਕ ਦਿਖਾਈ ਦੇ ਰਹੀ ਸੀ। ਪੰਜਾਬ ਵਿੱਚ ਏਜੰਟਾਂ ਦੀ ਭਰਮਾਰ ਹੈ ਅਤੇ ਇਹ ਧੰਦੇ ਨੂੰ ਠੱਲ ਪਾਉਣ ਵਿੱਚ ਸਰਕਾਰ ਨਾਕਾਮ ਹੈ। ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਇਹਨਾਂ ਨੇ ਹੀ ਗੈਰ ਕਨੂੰਨੀ ਤਰੀਕੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਪੱਛਮੀ ਮੁਲਕਾਂ ਵਿੱਚ ਪਹੁੰਚਾਏ ਹਨ। ਬਾਹਰ ਵਿਦੇਸ਼ਾਂ ਵਿੱਚ ਜਾਣ ਬਾਰੇ ਪੰਜਾਬ ਦੇ ਨੌਜਵਾਨਾਂ ਦੀ ਲਾਚਾਰ ਹੈ। ਇਸ ਨੂੰ ਇੱਕ ਬੁੱਧੀਜੀਵੀ ਗਜਮੈਨ ਕਪਲਾਨੀ ਬਾਖੂਬੀ ਬਿਆਨ ਕਰਦਾ ਹੈ ਕਿ “ਆਪਣੀ ਭੌਂ ਛੱਡ ਕੇ ਜਾਣ ਵਿੱਚ ਇੱਕ ਖਾਸ ਤਰ੍ਹਾਂ ਦਾ ਨਾਇਕਤਵ ਹੁੰਦਾ ਹੈ”। ਇਸੇ ਤਰਾਂ ਪੰਜਾਬ ਦਾ ਇਤਿਹਾਸਕਾਰ ਭਗਵਾਨ ਜੋਸ਼ ਪੰਜਾਬ ਦੇ ਨੌਜਵਾਨਾਂ ਦੀ ਲਾਚਾਰੀ ਬਾਰੇ ਤੇ ਉਹਨਾਂ ਵੱਲੋਂ ਵਿਦੇਸ਼ਾਂ ਵਿੱਚ ਗੈਰ ਕਨੂੰਨੀ ਤਰੀਕੇ ਨਾਲ ਜਾਣ ਬਾਰੇ ਇਹ ਬਿਆਨ ਕਰਦਾ ਹੈ ਕਿ, “ਤਸਵੀਰ, ਤਕਦੀਰ ਦੇ ਕਦਮ ਵਾਂਗ ਹੁੰਦੀ ਹੈ, ਉਸ ਨੂੰ ਫੇਰ ਮਿਟਾਇਆ ਨਹੀਂ ਜਾ ਸਕਦਾ । ਉਹ ਸਮੇਂ ਦੀ ਪੱਕੀ ਚਸ਼ਮਦੀਦ ਗਵਾਹ ਬਣ ਕੇ ਉਂਝ ਦੀ ਉਂਝ ਖੜੀ ਰਹਿੰਦੀ ਹੈ।” ਇਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਵਿੱਚ ਅੱਜ ਦੇ ਪੰਜਾਬ ਦੇ ਨੌਜਵਾਨਾਂ ਦੀ ਝਲਕ ਸਾਫ ਦਿਖਾਈ ਦਿੰਦੀ ਹੈ। ਅੱਜ ਪੰਜਾਬ ਦਾ ਨੌਜਵਾਨ ਕਿਰਤ ਕਰਨ ਤੋਂ ਪਿਛਾਂਹ ਹੱਟ ਚੁੱਕਿਆ ਹੈ ਅਤੇ ਪੰਜਾਬ ਦੀ ਤਸਵੀਰ ਤੋਂ ਨਿਰਾਸ਼ ਹੋ ਕੇ ਪੰਜਾਬ ਤੋਂ ਦੂਰ ਜਾਣਾ ਚਾਹੁੰਦਾ ਹੈ ਅਤੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਤਕਦੀਰ ਸਿਰਜਣਾ ਚਾਹੁੰਦਾ ਹੈ ਚਾਹੇ ਇਸ ਕਈ ਉਸਨੂੰ ਆਪਣੀ ਭੌਂ ਘਰ ਤੱਕ ਵੀ ਗਿਰਵੀ ਕਿਉਂ ਨਾ ਰੱਖਣੇ ਪੈਣ। ਇੱਕ ਤਰਾਂ ਨਾਲ ਉਸਦਾ ਪੰਜਾਬ ਨਾਲ ਮੋਹ ਭੰਗ ਹੋ ਚੁੱਕਿਆ ਹੈ। ਉਹ ਪੰਜਾਬ ਤੋਂ ਦੂਰ ਜਾ ਕੇ ਪੱਛਮੀ ਮੁਲਕਾਂ ਵਿੱਚ ਆਪਣੀ ਤਸਵੀਰ ਬਦਲਣੀ ਚਾਹੁੰਦਾ ਹੈ।