ਬਾਦਲ ਪਰਵਾਰ ਦੀ ਅਗਵਾਈ ਹੇਠਲੇ ਅਕਾਲੀ ਦਲ ਸਾਹਮਣੇ ਹੁਣ ਸਿਧਾਂਤਕ ਸੰਕਟ ਆਇਆ ਹੋਇਆ ਹੈੈ। ਕੇਂਦਰ ਸਰਕਾਰ ਵੱਲੋਂ ਕਿਸਾਨੀ ਦੀਆਂ ਜਿਣਸਾਂ ਦੇ ਮੰਡੀਕਰਨ ਸਬੰਧੀ ਬਣਾਏ ਗਏ ਨਵੇਂ ਕਨੂੰਨ ਨੇ ਅਕਾਲੀ ਪਾਰਟੀ ਨੂੰ ਧਰਮ ਸੰਕਟ ਵਿੱਚ ਫਸਾ ਦਿੱਤਾ ਹੈੈ। ਕਿਸਾਨੀ ਅਕਾਲੀ ਦਲ ਦੇ ਵੋਟ ਬੈਂਕ ਦੀ ਰੀੜ੍ਹ ਦੀ ਹੱਡੀ ਹੈੈੈ। ਅਕਾਲੀ ਦਲ ਜੇ ਪੰਜਾਬ ਵਿੱਚ ਸੱਤਾ ਹਾਸਲ ਕਰਨ ਵਿੱਚ ਸਫਲ ਹੋ ਸਕਿਆ ਹੈ ਤਾਂ ਸਿਰਫ ਕਿਸਾਨੀ ਵੋਟ ਕਰਕੇ ਜਾਂ ਸਿੱਖ ਕਿਸਾਨੀ ਦੀ ਭਰਪੂਰ ਹਮਾਇਤ ਕਰਕੇ।

ਦੂਜੇ ਪਾਸੇ ਜੇ ਅਕਾਲੀ ਦਲ ਤੇ ਕਾਬਜ ਪਰਵਾਰ ਕਰੋੜਾਂਪਤੀ ਜਾਂ ਅਰਬਾਂਪਤੀ ਹੋ ਸਕਿਆ ਹੈ ਤਾਂ ਉਹ ਦਿੱਲੀ ਦੇ ਹਿੰਦੂ ਤਾਜਦਾਰਾਂ ਦੀ ਮਿਹਰਬਾਨੀ ਨਾਲ। ਹੁਣ ਅਕਾਲੀ ਦਲ ਨੂੰ ਸਿੱਖ ਵੋਟ ਵੀ ਚਾਹੀਦੀ ਹੈ ਅਤੇ ਦਿੱਲੀ ਦੇ ਹਿੰਦੂ ਤਾਜਦਾਰਾਂ ਨਾਲ ਯਾਰੀ ਵੀ ਚਾਹੀਦੀ ਹੈ ਤਾਂ ਕਿ ਮੋਟਾ ਦਾਲ ਫੁਲਕਾ ਚਲਦਾ ਰਹੇ।

ਪਰਕਾਸ਼ ਸਿੰਘ ਬਾਦਲ ਨੇ ਇਸਦਾ ਬਹੁਤ ਤੇਜ_ਤਰਾਰ ਫਾਰਮੂਲਾ ਕੱਢਿਆ ਸੀ ਕਿ ਵੋਟਾਂ ਵੇਲੇ ਸਿੱਖਾਂ ਨੂੰ ਗਲ ਨਾਲ ਲਾ ਲਓ ਅਤੇ ਸੱਤਾ ਸੰਭਾਲ ਕੇ ਸਿੱਖਾਂ ਤੇ ਗੋਲੀਆਂ ਚਲਾਓ ਅਤੇ ਹਿੰਦੂ ਤਾਜਦਾਰਾਂ ਦੀ ਝੋਲੀ ਚੁੱਕੋ। ਦਿੱਲੀ ਦੇ ਤਾਜਦਾਰਾਂ ਨਾਲ ਵਫਾਦਾਰੀ ਕਮਾਉਣ ਬਦਲੇ ਅਕਾਲੀ ਦਲ ਨੇ ਸਿੱਖਾਂ ਦੀਆਂ ਅਤੇ ਪੰਜਾਬ ਦੀਆਂ ਸਾਰੀਆਂ ਮੰਗਾਂ ਵਿਸਾਰ ਦਿੱਤੀਆਂ। ਉਸਨੇ ਇੱਕੋ ਇੱਕ ਨਿਸ਼ਾਨਾ ਮਿਥ ਲਿਆ ਕਿ ਹਰ ਹੀਲੇ ਸੱਤਾ ਵਿੱਚ ਬਣੇ ਰਹਿਣਾਂ ਹੈੈੈ।

ਪਰਕਾਸ਼ ਸਿੰਘ ਬਾਦਲ ਦਾ ਇਹ ਦੋਹਰੀ ਬੇਈਮਾਨੀ ਦਾ ਫਾਰਮੂਲਾ ਇਤਿਹਾਸਕ ਤੌਰ ਤੇ ਬਹੁਤਾ ਚਿਰ ਨਹੀ ਸੀ ਚਲ ਸਕਣਾਂ। ਕਿਉਂਕਿ ਹਿੰਦੂ ਲੀਡਰਸ਼ਿੱਪ ਕੋਈ ਐਨੀ ਗਈ ਗੁਜਰੀ ਨਹੀ ਸੀ ਕਿ ਉਹ ਹਮੇਸ਼ਾ ਬਾਦਲ ਪਰਵਾਰ ਦਾ ਹੀ ਪਾਣੀ ਭਰਦੀ ਰਹੇ। ਉਸਨੇ ਆਪਣੇ ਨਿੱਜੀ ਖੰਭ ਵੀ ਪੰਜਾਬ ਵਿੱਚ ਖਿਲਾਰਨੇ ਸਨ।

ਉਹ ਵਕਤ ਹੁਣ ਆ ਗਿਆ ਹੈ ਜਦੋਂ ਹਿੰਦੂ ਲੀਡਰਸ਼ਿੱਪ ਪੰਜਾਬ ਵਿੱਚ ਆਪਣੇ ਨਿੱਜੀ ਖੰਭ ਖਿਲਾਰਨ ਦੇ ਰਾਹ ਪੈਣ ਲੱਗੀ ਹੈੈ।ਹਿੰਦੂ ਲੀਡਰਸ਼ਿੱਪ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਭਾਰਤ ਨੂੰ ਸਰ ਕਰ ਲੈਣ ਤੋਂ ਬਾਅਦ ਹੁਣ ਪੰਜਾਬ ਕਿਸ ਬਾਗ ਦੀ ਮੂਲੀ ਹੈੈੈ। ਇਸਨੂੰ ਤਾਂ ਅਸੀਂ ਅੱਖ ਦੇ ਫੋਰ ਵਿੱਚ ਜਿੱਤ ਸਕਦੇ ਹਾਂ।

ਇਸ ਮਨਸ਼ੇ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਹਿੰਦੂ ਲੀਡਰਸ਼ਿੱਪ ਨੇ ਅਕਾਲੀਆਂ ਨੂੰ ਅੱਖਾਂ ਦਿਖਾਉਣੀਆਂ ਅਰੰਭ ਕਰ ਦਿੱਤੀਆਂ ਹਨ।ਅਕਾਲੀ ਦਲ ਨੇ 1995 ਤੋਂ ਸਿੱਖਾਂ ਨਾਲ ਅਤੇ ਪੰਜਾਬ ਨਾਲ ਇਤਿਹਾਸਕ ਗਦਾਰੀ ਕਰਨ ਦਾ ਜੋ ਸਫਰ ਅਰੰਭ ਕੀਤਾ ਸੀ ਹੁਣ ਉਸਨੇ ਆਪਣਾਂ ਚੱਕਰ ਪੂਰਾ ਕਰ ਲਿਆ ਸੀ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਨਿੱਜੀ ਹੳਮੈ ਲਈ ਜੋ ਬੀਜਿਆ ਸੀ ਹੁਣ ਉਹ ਉਸਦੇ ਪਰਵਾਰ ਨੂੰ ਵੱਢਣਾਂ ਪੈ ਜਾਣਾਂ ਹੈੈ।

ਸਿਰਫ ਆਪਣੀਆਂ ਵਪਾਰਕ ਲਾਲਸਾਵਾਂ ਖਾਤਰ ਜਿਸ ਪਾਰਟੀ ਨੇ ਆਪਣੇ ਲੋਕਾਂ ਅਤੇ ਆਪਣੀ ਧਰਤੀ ਨਾਲ ਧੋਖਾ ਕੀਤਾ ਸੀ ਅੱਜ ਕੇਂਦਰ ਵਿੱਚ ਮਜਬੂਤ ਹੋਈ ਹਿੰਦੂ ਫਾਸ਼ੀਵਾਦ ਦੀ ਕਾਂਗ ਕਾਰਨ ਉਹ ਦੋਵੇ ਪਾਸਿਓਂ ਕੱਖੋਂ ਹੌਲੀ ਹੋ ਗਈ ਹੈੈੈ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ਼ ਬਾਦਲ ਪਰਵਾਰ ਵੱਡੀ ਪੱਧਰ ਤੇ ਪਹਿਲਾਂ ਹੀ ਖੋ ਚੁੱਕਾ ਹੈ ਅਤੇ ਹੁਣ ਕੇਂਦਰ ਵਾਲਿਆਂ ਨੇ ਵੀ ਪਰਵਾਰ ਦੇ ਇੱਕੋ ਇੱਕ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈੈੈ। ਜਲੀਲ ਹੋਇਆ ਬਾਦਲ ਪਰਵਾਰ ਹੁਣ ਤਖਤ ਸ੍ਰੀ ਦਮਦਮਾਂ ਸਾਹਿਬ ਦੀ ਸ਼ਰਨ ਵਿੱਚ ਆ ਡਿੱਗਿਆ ਹੈੈ। ਜਿਨ੍ਹਾਂ ਤਖਤਾਂ ਦੀ ਮਾਣ-ਮਰਯਾਦਾ ਨੂੰ ਬੇਪਤ ਕਰਨ ਲਈ ਬਾਦਲ ਪਰਵਾਰ ਨੇ ਆਪਣੇ ਪਾਲੇ ਹੋਏ…..ਨੂੰ ਖੁੱਲ੍ਹਾ ਛੱਡਿਆ ਹੋਇਆ ਸੀ ਅੱਜ ਸਮੇਂ ਦੇ ਗੇੜ ਨਾਾਂਲਬਾਦਲ ਪਰਵਾਰ ਉਨ੍ਹਾਂ ਤਖਤਾਂ ਦੇ ਹੀ ਗੇੜੇ ਕੱਢਣ ਲੱਗ ਗਿਆ ਹੈੈ।

ਅਕਾਲੀ ਦਲ ਦੀ ਇਸ ਸਥਿਤੀ ਨੇ ਪੰਜਾਬ ਵਿੱਚ ਰਾਜਨੀਤੀ ਕਰਨ ਵਾਲਿਆਂ ਲਈ ਇੱਕ ਸਬਕ ਦਿੱਤਾ ਹੈ ਕਿ ਪੰਜਾਬ ਬਾਕੀ ਦੇ ਭਾਰਤ ਵਾਂਗ ਪੈਸੇ ਬਣਾਉਣ ਵਾਲੀ ਰਾਜਨੀਤਕ ਮੰਡੀ ਨਹੀ ਹੈੈ। ਇਹ ਸਿਰਾਂ ਵਾਲਿਆਂ ਦਾ ਮੁਲਕ ਨਹੀ ਹੈ ਬਲਕਿ ਇਨ੍ਹਾਂ ਦੇ ਧੜ ਉੱਤੇ ਗੁਰੂ ਮਹਾਰਾਜ ਨੇ ਸੀਸ ਸਜਾਏ ਹਨ। ਪੰਜਾਬ ਭਾਵੇਂ ਵੱਢਿਅ ਟੁੱੱਕਿਆ ਵੀ ਪਿਆ ਹੋਵੇ ਉਹ ਆਪਣੇ ਗੁਰੂ ਵੱਲੋਂ ਬਖਸ਼ੇ ਸੀਸ ਨੂੰ ਮਿੱਟੀ ਵਿੱਚ ਨਹੀ ਰੁਲਣ ਦੇਵੇਗਾ। ਬਾਦਲ ਪਰਵਾਰ ਨੇ ਇਤਿਹਾਸਕ ਗਲਤੀ ਕਰਕੇ ਪੰਜਾਬ ਦੇ ਧੜ ਤੇ ਸਜੇ ਹੋਏ ਸੀਸ ਨੂੰ ਦਿੱਲੀ ਦੇ ਤਾਜਦਾਰਾਂ ਨਾਲ ਮਿਲਕੇ ਮਿੱਟੀ ਵਿੱਚ ਰੋਲਣ ਦੀ ਖਾਹਸ਼ ਪਾਲੀ ਸੀ ਪਰ ਗੁਰੂ ਮਹਾਰਾਜ ਨੇ ਉਸ ਪਰਵਾਰ ਨੂੰ ਫਿਰ ਪਰ੍ਹੇ ਵਿੱਚ ਲਿਆ ਖੜ੍ਹਾ ਕੀਤਾ ਹੈੈ।

ਪੰਜਾਬ ਦੀ ਰਾਜਨੀਤੀ ਗੁਰੂਆਂ ਦੇ ਨਾਅ ਤੋਂ ਬਿਨਾ ਨਹੀ ਕੀਤੀ ਜਾ ਸਕਦੀ। ਅਤੇ ਨਾ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਕੀਤੀ ਜਾ ਸਕਦੀ ਹੈੈੈ।ਪੰੰਜਾਬ ਵਿੱਚ ਰਾਜਨੀਤੀ ਕਰਨ ਵਾਲਿਆਂ ਨੂੰ ਇਹ ਸਮਝ ਲੈਣਾਂ ਚਾਹੀਦਾ ਹੈ ਕਿ ਗੁਰੂ ਵੱਲ ਪਿੱਠ ਕਰਕੇ ਕੋਈ ਕਿੰਨਾ ਮਰਜੀ ਸ਼ਾਹੂਕਾਰ ਬਣ ਜਾਵੇ ਪਰ ਉਸਨੂੰ ਉਹ ਸਫਲਤਾ ਹਾਸਲ ਨਹੀ ਹੋਵੇਗੀ ਜੋ ਪੰਥ ਪੰਜਾਬ ਲਈ ਆਪਾ ਵਾਰ ਗਿਆਂ ਨੂੰ ਹੋਈ ਹੈੈੈ। ਉਹ ਸਤਿਕਾਰ ਸਿਰਫ ਤੇ ਸਿਰਫ ਪੰਜਾਬ ਨਾਲ ਵਫਾ ਕਮਾਕੇ ਅਤੇ ਦਿੱਲੀ ਦੀ ਤਾਜਦਾਰੀ ਨੂੰ ਜੁਤੀ ਦੀ ਨੋਕ ਤੇ ਰੱਖਕੇ ਹੀ ਹਾਸਲ ਕੀਤਾ ਜਾ ਸਕਦਾ ਹੈੈ। ਤਖਤ ਸਾਹਿਬਾਨ ਵੱਲ ਮੂੰਹ ਕਰਕੇ ਹੀ ਕੋਈ ਰਾਜਨੀਤੀਵਾਨ ਪੰਜਾਬ ਵਿੱਚ ਸਫਲ ਹੋ ਸਕਦਾ ਹੈ ਅਤੇ ਸਤਿਕਾਰ ਪਾ ਸਕਦਾ ਹੈੈ।

ਵਕਤ ਨੇ ਅਕਾਲੀ ਦਲ ਨੂੰ ਉਸੇ ਚੌਰਾਹੇ ਤੇ ਲਿਆ ਖੜ੍ਹਾ ਕੀਤਾ ਹੈ ਜਿਥੋਂ ਉਹ ਚੱਲਿਆ ਸੀ। ਜੇ ਬਾਦਲ ਪਰਵਾਰ ਨੂੰ ਅਕਲ ਹੋਈ ਤਾਂ ਉਹ ਪੰਥ ਦੀ ਬੁੱਕਲ ਵਿੱਚ ਸਮਾ ਜਾਵੇਗਾ ਨਹੀ ਠੋਕਰਾਂ ਤਾਂ ਖਾ ਹੀ ਰਿਹਾ ਹੈੈੈ।