ਜਿਸ ਵੇਲੇ ਅਸੀਂ ਇਹ ਸਤਰਾਂ ਲਿਖ ਰਹੇ ਹਾਂ 36 ਸਾਲ ਪਹਿਲਾਂ ਉਸ ਵੇਲੇ ਖਾਲਸਾ ਪੰਥ ਦੇ ਮਰਜੀਵੜੇ, ਚਮਕੌਰ ਸਾਹਿਬ ਦੀ ਗੜ੍ਹੀ ਦੇ ਇਤਿਹਾਸ ਨੂੰ ਦੁਹਰਾ ਰਹੇ ਸਨ। 5 ਜੂਨ ਦਾ ਸਾਰਾ ਦਿਨ ਖਾਲਸਾ ਪੰਥ ਦੇ ਪਹਿਰੇਦਾਰਾਂ ਦੀ ਪਰਖ ਦੀ ਘੜੀ ਦੇ ਤੌਰ ਤੇ ਲੰਘਿਆ। ਭੁੱਖਣਭਾਣੇ ਮੁੱਠੀਭਰ ਮਰਜੀਵੜੇ ਇਸ ਦਿਨ ਦੁਨੀਆਂ ਦੀ ਪੰਜਵੀ ਫੌਜੀ ਸ਼ਕਤੀ ਨਾਲ ਭਿੜ ਰਹੇ ਸਨ। ਹਰ ਮੋਰਚੇ ਤੇ, ਚੜ੍ਹ ਆਏ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਸਨ। ਵੈਰੀ ਦਲਾਂ ਦੀਆਂ ਫੌਜੀ ਅਤੇ ਸ਼ਾਤਰ ਚਾਲਾਂ ਦੇ ਜੁਆਬ ਦੇ ਰਹੇ ਸਨ।

ਜਰਾ ਕਲਪਨਾ ਕਰਕੇ ਦੇਖੋ ਕਿ 36 ਸਾਲ ਪਹਿਲਾਂ ਅੱਜ ਦੇ ਦਿਨ ਕੀ ਮੰਜਰ ਰਿਹਾ ਹੋਵੇਗਾ। ਕਿਸੇ ਮੋਰਚੇ ਤੇ ਦੁਸ਼ਮਣ ਭਾਰੂ ਪੈ ਰਿਹਾ ਹੋਵੇਗਾ। ਇੱਕਦਮ ਖਾਲਸਾ ਫੌਜਾਂ ਆਪਣੇ ਵੀਰਾਂ ਦੀ ਸਹਾਇਤਾ ਲਈ ਉਧਰ ਵਧ ਰਹੀਆਂ ਹੋਣਗੀਆਂ। ਦਰਸ਼ਨੀ ਡਿਉਢੀ, ਘੰਟਾ-ਘਰ,ਰਾਮਗੜ੍ਹੀਆ ਬੁੰਗੇ, ਪਾਣੀ ਵਾਲੀ ਟੈਂਕੀ, ਗੁਰੂ ਨਾਨਕ ਨਿਵਾਸ, ਅਕਾਲ ਬੁੰਗਾ ਅਤੇ ਸਭ ਤੋਂ ਵਧਕੇ ਸ੍ਰੀ ਅਕਾਲ ਤਖਤ ਸਾਹਿਬ ਵਾਲਾ ਕੇਂਦਰੀ ਮੋਰਚਾ। ਬਹੁਤ ਥੋੜੇ ਵਾਇਰਲੈਸ ਸੈਟ ਹੋਣਗੇ। ਇੱਕ ਮੋਰਚੇ ਦਾ ਦੂਜੇ ਮੋਰਚੇ ਨਾਲਾਂ ਕਿੰਨਾ ਕੁ ਸੰਪਰਕ ਹੋਵੇਗਾ। ਜੰਗ ਦੇ ਜਰਨੈਲਾਂ ਦਾ ਆਪਣੇ ਮਰਜੀਵੜਿਆਂ ਨਾਲ ਕਿੰਨਾ ਕੁ ਸੰਪਰਕ ਰਿਹਾ ਹੋਵੇਗਾ।

ਕਿਸ ਮੋਰਚੇ ਤੇ ਹਥਿਆਰਾਂ ਦੀ ਥੋੜ ਪੈ ਗਈ ਹੋਵੇਗੀ। ਬਹੁਤ ਸਾਰੇ ਸਿੰਘ ਆਪਣਾਂ ਮੋਰਚਾ ਛੱਡ ਕੇ ਉਨ੍ਹਾਂ ਸਿੰਘਾਂ ਨੂੰ ਸ਼ਸ਼ਤਰ ਪਹੁੰਚਾਉਣ ਗਏ ਹੋਣਗੇ। ਤਿੰਨ ਦਿਨਾਂ ਦੀ ਜੰਗ ਵਿੱਚ ਪਾਣੀ ਦੀ ਪਿਆਸ, ਭੁੱਖ ਤੋਂ ਬਿਨਾ ਆਪਣੇ ਮੁਕੱਦਸ ਅਸਥਾਨ ਨੂੰ ਬਚਾਉਣ ਦਾ ਫਿਰਕ। ਗੁਰੂ ਨਾਲ ਆਪਣੀ ਪਰੀਤ ਨੂੰ ਆਖਰੀ ਸੁਆਸਾਂ ਨਾਲ ਪੁਗਾ ਦੇਣ ਦਾ ਨਿਸ਼ਚਾ ਅਤੇ ਚਾਅ। ਕਿੰਨੇ ਵਲਵਲੇ ਅਤੇ ਖਾਲਸਾਈ ਜੋਸ਼ ਹੋਵੇਗਾ। ਆਪਣੇ ਗੁਰੂ ਨਾਲ ਰਿਸ਼ਤਾ ਨਿਭ ਜਾਣ ਦੀ ਕਿੰਨੀ ਦਿ੍ਰੜਤਾ ਹੋਵੇਗੀ।

ਫਿਰ ਜਹਾਜਾਂ ਵਿੱਚ ਮੰਡਰਉਂਦਾ ਦੁਸ਼ਮਣ ਜੋ ਖਾਲਸਾ ਪੰਥ ਦੇ ਸਬਰ ਨੂੰ ਪਰਖਣ ਦੇ ਯਤਨ ਕਰ ਰਿਹਾ ਸੀ ਉਸਨੂੰ ਖਾਲਸਾਈ ਜਲਾਲ ਦੇ ਦਰਸ਼ਨ ਕਰਵਾਉਣ ਦਾ ਦਿ੍ਰੜ ਨਿਸ਼ਚਾ।
ਸੱਚਮੁੱਚ, 1984 ਵਿੱਚ ਲੜਨ ਵਾਲੇ ਕੁਝ ਕੁ ਸਿੰਘਾਂ ਨੂੰ ਕਿੰਨੇ ਪਾਸੇ ਦੀ ਜਿੰਮੇਵਾਰੀ ਚੁੱਕਣੀ ਪਈ ਹੋਵੇਗੀ। ਸਾਹਮਣੇ ਗੁਰੂ ਦੇ ਧਾਮ ਸਨ। ਉਨ੍ਹਾਂ ਦੀ ਰਾਖੀ ਵੀ ਕਰਨੀ ਸੀ, ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸਨ, ਉਨ੍ਹਾਂ ਨੂੰ ਵੀ ਨੁਕਸਾਨ ਤੋਂ ਬਚਾਉਣਾਂ ਸੀ।

ਅੱਜ ਅਸੀਂ 36 ਸਾਲਾਂ ਬਾਅਦ ਸੋਚ ਕੇ ਦੇਖੀਏ ਕਿ ਜੰਗ ਵਿੱਚ ਜੂਝ ਰਹੇ ਗੁਰੂ ਦੇ ਪਿਆਰਿਆਂ ਨੂੰ ਕਿੰਨੇ ਮੋਰਚਿਆਂ ਤੇ ਲੜਾਈ ਲੜਨੀ ਪਈ ਹੋਵੇਗੀ। ਉਨ੍ਹਾਂ ਵਿੱਚ ਕਿੰਨਾ ਸਬਰ ਅਤੇ ਕਿੰਨੀ ਵਿਸ਼ਾਲਤਾ ਹੋਵੇਗੀ। ਉਨ੍ਹਾਂ ਵਿੱਚ ਸ਼ਹਾਦਤ ਦੇ ਚਾਅ ਦੇ ਨਾਲ ਨਾਲ ਕਿੰਨਾ ਠਰੰ੍ਹਮਾ ਹੋਵੇਗਾ। ਕੋਈ ਵੀ ਗਲਤੀ ਜਿੱਥੇ ਖਾਲਸਾਈ ਫੌਜਾਂ ਦਾ ਨੁਕਸਾਨ ਕਰ ਸਕਦੀ ਸੀ ਉੱਥੇ ਗੁਰਧਾਮਾਂ ਦੀ ਪਵਿੱਤਰਤਾ ਵੀ ਨੁਕਸਾਨੀ ਜਾ ਸਕਦੀ ਸੀ।

ਗੁਰੂ ਸਾਹਿਬ ਨਾਲ ਪਰੀਤ ਕਮਾਉਣ ਦੇ ਜਜਬੇ ਦੇ ਨਾਲ ਨਾਲ ਉਨ੍ਹਾਂ ਸਿਰਲੱਥ ਮਰਜੀਵੜਿਆਂ ਨੇ ਕਿੰਨੀ ਪੰਥਕ ਜਿੰਮੇਵਾਰੀ ਨਾਲ ਜੰਗ ਲੜੀ ਹੋਵੇਗੀ। ਕੋਈ ਬਾਹਰੋਂ ਹਥਿਆਰਾਂ ਦੀ ਸਪਲਾਈ ਨਹੀ। ਜਿੰਨੇ ਕੀ ਸ਼ਸ਼ਤਰ ਕੋਲ ਹਨ ਬਸ ਉਨਾਂ ਨਾਲ ਹੀ ਕੰਮ ਚਲਾ ਰਹੇ ਸਨ। ਫਿਰ ਮੋਰਚੇ ਤੇ ਬੈਠੇ ਹਰ ਸਿੱਖ ਦੇ ਮਨ ਵਿੱਚ ਇਹ ਖਿਆਲ ਹੋਵੇਗਾ ਕਿ ਕਿਸੇ ਤਰ੍ਹਾਂ, ਇਸ ਜੰਗ ਦੇ ਆਗੂ, ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਬਚਾ ਲਿਆ ਜਾਵੇ। ਇਹ ਗੱਲ ਵੱਖਰੀ ਸੀ ਕਿ ਸੰਤ ਜੀ, ਨੇ ਸ਼ਹਾਦਤ ਨਾਲ ਹੀ ਇਤਿਹਾਸ ਰਚਣਾਂ ਸੀ ਪਰ ਹਰ ਲਹਿਰ ਵਿੱਚ ਆਪਣੇ ਸੂਝਵਾਨ ਆਗੂਆਂ ਨੂੰ ਬਚਾਉਣ ਦਾ ਚਾਅ ਹੁੰਦਾ ਹੀ ਹੈੈ। ਜਨਰਲ ਸੁਬੇਗ ਸਿੰਘ ਕਿੰਨੀ ਦਿ੍ਰੜਤਾ ਅਤੇ ਜਿੰਮੇਵਾਰੀ ਨਾਲ ਕਮਾਂਡ ਕਰ ਰਹੇ ਹੋਣਗੇ, ਕਿਵੇਂ ਅਦਬ ਨਾਲ ਖਾਲਸਾ ਫੌਜਾਂ ਆਪਣੇ ਕਮਾਂਡਰ ਦੇ ਹਰ ਹੁਕਮ ਤੇ ਫੁੱਲ ਚੜ੍ਹਾ ਰਹੀਆਂ ਹੋਣਗੀ। ਜਦੋਂ ਉਪਰਲੇ ਵੱਡੇ ਮੋਰਚੇ ਤਬਾਹ ਹੋਏ ਤਾਂ ਬਚੇ ਹੋਏ ਸਿੰਘਾਂ ਨੂੰ ਹੋਰ ਬਦਲਵੇਂ ਮੋਰਚਿਆਂ ਤੇ ਜਿੰਮੇਵਾਰੀ ਸੌਂਪਣ ਦਾ ਕਾਰਜ। ਦੂਰ-ਦਰਾਡੇ ਦੇ ਮੋਰਚਿਆਂ ਤੇ ਬਚੇ ਹੋਏ ਸਿੰਘਾਂ ਦੀ ਸੰਭਾਲ।

ਇਹ ਜੰਗ ਏਨੀਆਂ ਜਿੰਮੇਵਾਰੀਆਂ ਨਾਲ ਭਰਪੂਰ ਸੀ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।

ਸਿੱਖ ਇਤਿਹਾਸ ਦੀ ਅਸਾਵੀਂ ਜੰਗ ਸੀ ਇਹ। ਖਾਲਸਾ ਪੰਥ ਦੇ ਸਿਦਕ ਅਤੇ ਸਬਰ ਦੀ 20ਵੀਂ ਸਦੀ ਵਿੱਚ ਵੱਡੀ ਪਰਖ ਸੀ ਗੁਰੂ ਸਾਹਿਬ ਜੀ ਵੱਲੋਂ। ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਖਾਲਸਾ ਪੰਥ ਨੇ ਆਪਣੇ ਗੁਰੂ ਨਾਲ ਸੱਚੀ ਪਰੀਤ ਕਮਾ ਲਈ ਸੀ। ਜਿੱਥੇ ਪੰਥ ਨੇ ਆਪਣੇ ਕਿਰਦਾਰ ਦੀ ਬੁਲੰਦੀ ਕਾਇਮ ਰੱਖੀ ਉੱਥੇ ਹਿੰਸਾ ਦੀ ਖਾਲਸਾ ਪਰੰਪਰਾ ਨੂੰ ਚਾਰ ਚੰਨ ਲਗਾ ਦਿੱਤੇ।

1984 ਖਾਲਸਾ ਪੰਥ ਦੀ ਸੱਭਿਆਤਾ ਦੀ ਜੰਗ ਸੀ। ਇੱਕ ਬੇਗਾਨੀ ਸੱਭਿਆਤਾ ਨਾਲ। ਪੰਥ ਦੇ ਕਾਫਲੇ ਦੀ ਪਰਖ ਸੀ ਜਿਸ ਵਿੱਚ ਪੰਥਕ ਕਾਫਲਾ, ਪੂਰਾ ਉਤਰਿਆ।

ਇਸ ਦਿਨ ਅਸੀਂ ਆਪਣੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਦੀ ਕੀਤੀ ਕਮਾਈ ਤੇ ਸ਼ਹਾਦਤ ਦੇ ਮਾਣ ਮਹਿਸੂਸ ਕਰਦੇ ਹਾਂ।