ਆਖਰ ਭਾਰਤੀ ਨੀਤੀਘਾੜਿਆਂ ਨੇ ਸਿੱਖਾਂ ਦੇ ਦਿਲਾਂ ਦੇ ਜਜਬਾਤਾਂ ਨੂੰ ਸਮਝਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਖਰੀ ਕਰਮਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਵੱਲ ਲਾਂਘਾ ਦੇਣ ਦੀ ਗੱਲ ਮੰਨ ਹੀ ਲਈ ਹੈੈ। ਸ੍ਰੀ ਨਨਕਾਣਾਂ ਸਾਹਿਬ ਦੇ ਦਰਸ਼ਨ ਦੀਦਾਰਾਂ ਵਾਂਗ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਤਾਂਘ ਵੀ ਸਿੱਖਾਂ ਦੇ ਮਨ ਵਿੱਚ ਚਿਰੋਕਣੀ ਰਹੀ ਹੈੈ। ਜਿਸ ਧਰਤੀ ਤੇ ਸਾਡੇ ਅਗੰਮੀ ਰਹਿਬਰ ਨੇ ਜਿੰਦਗੀ ਦੇ 18 ਸਾਲ ਗੁਜ਼ਾਰੇ ਅਤੇ ਜਿਸ ਦੇ ਕਣ ਕਣ ਵਿੱਚ ਉਨ੍ਹਾਂ ਦੀ ਰੂਹ ਵਸੀ ਹੋਈ ਹੈ ਉਸ ਧਰਤੀ ਨੂੰ ਨਤਮਸਤਕ ਹੋਣਾਂ ਸਿੱਖਾਂ ਲਈ ਇੱਕ ਮਾਣ ਵਾਲੀ ਗੱਲ ਬਣ ਜਾਂਦੀ ਹੈੈ।
 
ਬਹੁਤ ਦੇਰ ਤੋਂ ਸਿੱਖ ਮੰਗ ਕਰ ਰਹੇ ਸਨ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ੍ਹ ਦਰਸ਼ਨ ਦੀਦਾਰਾਂ ਦੀ ਖੁਲ੍ਹ ਦੋਵਾਂ ਸਰਕਾਰਾਂ ਵੱਲੋਂ ਦਿੱਤੀ ਜਾਵੇ। ਕਾਫੀ ਦੇਰ ਤੋਂ ਪਾਕਿਸਤਾਨ ਦੀ ਸਰਕਾਰ ਇਸ ਬਾਰੇ ਸਹਿਮਤ ਸੀ। 2003 ਵਿੱਚ ਜਦੋਂ ਪਰਮਜੀਤ ਸਿੰਘ ਸਰਨਾ ਦਿੱਲੀ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਥਾ ਲੈ ਕੇ ਗਏ ਹੋਏ ਸਨ ਤਾਂ, ਉਹ ਪਰਸ਼ਾਦਾ ਪਾਣੀ ਛਕਣ ਲਈ ਕਿਸੇ ਹੋਟਲ ਤੇ ਰੁਕੇ। ਇਤਫਾਕਨ ਉਸ ਪਾਸੇ ਉਦੋਂ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਵੀ ਲੰਘ ਰਹੇ ਸਨ ਅਤੇ ਸੂਚਨਾ ਮਿਲਣ ਤੇ ਉਹ ਵੀ ਉਸੇ ਹੋਟਲ ਤੇ ਰੁਕ ਗਏ ਜਿੱਥੇ ਸਿੱਖ ਸੰਗਤਾਂ ਰੁਕੀਆਂ ਹੋਈਆਂ ਸਨ। ਉਸ ਵੇਲੇ ਪਰਵੇਜ਼ ਮੁਸ਼ਰਫ ਨੇ ਪਰਮਜੀਤ ਸਿੰਘ ਸਰਨਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ। ਪਰ ਭਾਰਤ ਸਰਕਾਰ ਦੇ ਰਵੱਈਏ ਕਾਰਨ ਸਿੱਖਾਂ ਦੀ ਇਹ ਮੰਗ ਪੂਰੀ ਨਾ ਹੋ ਸਕੀ।
 
ਸਿੱਖਾਂ ਦੀ ਇਸ ਮੰਗ ਨੂੰ ਪਰਵਾਨ ਕਰਨ ਬਦਲੇ ਭਾਰਤ ਸਰਕਾਰ ਦਾ ਸਵਾਗਤ ਕੀਤਾ ਜਾਣਾਂ ਚਾਹੀਦਾ ਹੈ ਅਤੇ ਧੰਨਵਾਦ ਵੀ ਕਰਨਾ ਬਣਦਾ ਹੈੈ। ਬੇਸ਼ੱਕ ਉਨ੍ਹਾਂ ਨੇ ਇਹ ਫੈਸਲਾ ਕਿਸੇ ਵੀ ਰਾਜਨੀਤਿਕ ਮਜਬੂਰੀ ਅਧੀਨ ਲਿਆ ਹੋਵੇ ਪਰ ਸਿੱਖਾਂ ਨੂੰ ਹਾਲ ਦੀ ਘੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਦੇ ਦਰਸ਼ਨਾਂ ਲਈ ਆਪਣੀ ਤਾਂਘ ਨੂੰ ਮੁੜ-ਸੁਰਜੀਤ ਕਰਨਾ ਚਾਹੀਦਾ ਹੈੈ।
 
ਇਸ ਸੰਦਰਭ ਵਿੱਚ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਦਾ ਵੀ ਸਵਾਗਤ ਕੀਤਾ ਜਾਣਾਂ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਤੇ ਵੱਡੇ ਦੋਸ਼ ਲਗਵਾਕੇ ਅਤੇ ਸਮੁੱਚੀ ਹਿੰਦੂ ਪ੍ਰੈਸ ਦੀ ਨਫਰਤ ਸਹੇੜ ਕੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਧਾਮ ਦੇ ਦਰਸ਼ਨਾਂ ਲਈ ਵੱਡੇ ਯਤਨ ਕੀਤੇ।
 
ਇਸ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਕਾਫੀ ਨਕਾਰਾਤਮਕ ਰਹੀ। ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਨੀਹ ਪੱਥਰ ਰੱਖਣ ਵੇਲੇ ਉਨ੍ਹਾਂ ਆਖਿਆ ਕਿ ਮੇਰੇ ਪੁਰਖਿਆਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਇੱਕ ਸਿੱਖ ਹੋਣ ਦੇ ਨਾਤੇ ਮੇਰਾ ਵੀ ਵਾਹਗਿਓਂ ਪਾਰ ਦੇ ਸਮਾਗਮ ਵਿੱਚ ਜਾਣ ਨੂੰ ਜੀਅ ਕਰਦਾ ਹੈ ਪਰ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਜਦੋਂ ਮੈਂ ਆਪਣੀ ਜਿੰਮੇਵਾਰੀ ਨੂੰ ਦੇਖਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਪਾਕਿਸਤਾਨ ਦੀ ਫੌਜ ਸਿੱਖ ਨੌਜਵਾਨਾਂ ਨੂੰ ਫੁਸਲਾ ਕੇ ਪੰਜਾਬ ਵਿੱਚ ਅੱਗ ਲਾਉਣ ਦੇ ਯਤਨ ਕਰ ਰਹੀ ਹੈੈ। ਇਸ ਲਈ ਮੈਂ ਲਹਿੰਦੇ ਪੰਜਾਬ ਵਿੱਚ ਨਹੀ ਜਾਵਾਂਗਾ।
 
ਅਸੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਹ ਯਾਦ ਕਰਵਾਉਣਾਂ ਚਾਹੁੰਦੇ ਹਾਂ ਕਿ ਕਿਸੇ ਵੀ ਸਿੱਖ ਦੀ ਸਭ ਤੋਂ ਪਹਿਲੀ ਵਫਾਦਾਰੀ ਆਪਣੇ ਧਰਮ ਅਤੇ ਆਪਣੇ ਗੁਰੂ ਸਾਹਿਬਾਨ ਨਾਲ ਹੁੰਦੀ ਹੈੈ। ਇਹ ਤਖਤੋ-ਤਾਜ ਅਤੇ ਸਲਤਨਤਾਂ ਬਾਅਦ ਦੀਆਂ ਗੱਲਾਂ ਹਨ। ਰਹੀ ਗੱਲ ਕਿਸੇ ਬੇਗਾਨੇ ਮੁਲਕ ਵੱਲੋਂ ਕਿਸੀ ਕੌਮ ਦੇ ਨੌਜਵਾਨਾਂ ਨੂੰ ਕਥਿਤ ਫੁਸਲਾ ਕੇ ਖੂਨ-ਖਰਾਬਾ ਕਰਵਾਉਣ ਦੀ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕੋਈ ਵੀ ਬੇਗਾਨਾ ਮੁਲਕ ਕਦੇ ਵੀ ਏਨੀ ਵੱਡੀ ਪੱਧਰ ਤੇ ਕਿਸੀ ਕੌਮ ਦੇ ਨੌਜਵਾਨਾਂ ਨੂੰ ਆਪਣੇ ਧਰਮ ਲਈ ਆਪਾ ਵਾਰਨ ਦੀ ਪ੍ਰੇਰਨਾ ਨਹੀ ਦੇ ਸਕਦਾ ਜਦੋਂ ਤੱਕ ਨੌਜਵਾਨਾਂ ਦੇ ਆਪਣੇ ਮੁਲਕ ਦਾ ਸਿਸਟਮ ਉਨ੍ਹਾਂ ਨਾਲ ਇਨਸਾਫ ਕਰਦਾ ਹੋਵੇ। ਜਦੋਂ ਆਪਣੇ ਮੁਲਕ ਦਾ ਸਿਸਟਮ ਕਿਸੇ ਕੌਮ ਨਾਲ ਇਨਸਾਫ ਕਰਨੋਂ ਹਟ ਜਾਵੇ ਤਾਂ ਫਿਰ ਕੋਈ ਵੀ ਕੌਮ ਆਪਣੀ ਹੋਂਦ ਲਈ ਸਿਰ ਧੜ ਦੀ ਬਾਜੀ ਲਾਉਣ ਤੋਂ ਗੁਰੇਜ਼ ਨਹੀ ਕਰਦੀ। ਕੋਈ ਵੀ ਮੁਲਕ ਅਜਿਹੀ ਕੌਮ ਦੀ ਕੁਝ ਤਕਨੀਕੀ ਸਹਾਇਤਾ ਕਰ ਸਕਦਾ ਹੈ ਪਰ ਆਪਣੇ ਆਪ ਨੂੰ ਸ਼ਹਾਦਤ ਦੇ ਰਾਹ ਪਾਉਣ ਲਈ ਕੋਈ ਮਸਨੂਈ ਜਜਬਾ ਨਹੀ ਭਰ ਸਕਦਾ।
 
ਹਾਂ, ਇੱਕ ਮੁੱਖ ਮੰਤਰੀ ਦਾ ਫਰਜ਼ ਇਹ ਹੀ ਨਹੀ ਹੁੰਦਾ ਕਿ ਉਹ ਬਹੁ-ਗਿਣਤੀ ਕੌਮ ਦੇ ਹਿੱਤਾਂ ਦੀ ਰਾਖੀ ਵੱਲ ਹੀ ਧਿਆਨ ਦੇਂਦਾ ਫਿਰੇ। ਬਹੁ-ਗਿਣਤੀ ਦੇ ਨਫਰਤ ਫੈਲਾਉਣ ਵਾਲੇ ਲੀਡਰਾਂ ਨੂੰ ਜ਼ੈਡ ਸੁਰੱਖਿਆ ਅਤੇ ਪੁਲਿਸ ਗਾਰਦਾਂ ਪਰ ਸਿੱਖਾਂ ਤੇ ਤਸ਼ੱਦਦ।ਕੈਪਟਨ ਦੇ ਆਪਣੇ ਰਾਜ ਵਿੱਚ ਵੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਾਲੇ ਵੀ ਦਨਦਨਾਉਂਦੇ ਫਿਰਦੇ ਹਨ ਪਰ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖਾਂ ਨੂੰ ਫੜਨ ਵੇਲੇ ਕੋਈ ਕਨੂੰਨ ਨਹੀ, ਪਰ ਪੁਲਿਸ ਅਫਸਰਾਂ ਦੀਆਂ ਗ੍ਰਿਫਤਾਰੀਆਂ ਤੇ ਹਾਈਕੋਰਟ ਦੀ ਰੋਕ ਲਵਾ ਦਿੱਤੀ ਜਾਂਦੀ ਹੈੈ। ਜਦੋਂ ਕਨੂੰਨ ਅਜਿਹੇ ਦੋਹਰੇ ਹੱਥਕੰਡੇ ਅਪਨਾਉਂਦਾ ਰਹੇਗਾ ਉਸ ਵੇਲੇ ਵਿਦਰੋਹ ਉੱਠਣਾਂ ਸੁਭਾਵਿਕ ਹੀ ਹੈੈ।