ਇਸ ਸਮੇਂ ਸਿੱਖ ਕੌਮ ਦੇ ਮਨਾਂ ਅੰਦਰ ਵੱਡਾ ਸਵਾਲ ਬਰਗਾੜੀ ਮੋਰਚੇ ਦੀ ਸਮਾਪਤੀ ਸਬੰਧੀ ਹੈ। ਛੇ ਮਹੀਨੇ ਲੰਬੇ ਚੱਲੇ ਇਸ ਮੋਰਚੇ ਦੌਰਾਨ ਇਸ ਦੀ ਕਾਰਜ-ਸ਼ੀਲਤਾ ਤੇ ਭਾਵੇਂ ਸਵਾਲ ਹੁੰਦੇ ਰਹੇ ਪਰ ਕੁੱਲ ਮਿਲਾ ਕੇ ਜਿਵੇਂ ਵੀ ਹੈ ਇਸ ਨਾਲ ਸਿੱਖ ਕੌਮ ਦੇ ਮਨਾਂ ਅੰਦਰ ਇਹ ਭਾਵਨਾ ਅਤੇ ਮਨੋਬਲ ਪੈਦਾ ਹੋ ਗਿਆ ਸੀ ਕਿ ਇਸ ਮੋਰਚੇ ਵਿੱਚੋਂ ਕੋਈ ਸੱਜਰੀ ਨਿਰੋਲ ਪੰਥਕ ਸੋਚ ਉਭਰੇਗੀ। ਜਿਸ ਦੇ ਆਲੇ ਦੁਆਲੇ ਇਕ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਸਿਰਜਿਆ ਜਾ ਸਕੇ। ਬਰਗਾੜੀ ਮੋਰਚੇ ਦੀ ਅੱਚਨਚੇਤ ਸਮਾਪਤੀ ਨਾਲ ਇਹ ਭਰਮ ਖਤਮ ਹੋ ਗਿਆ ਹੈ। ਇਸੇ ਤਰ੍ਹਾਂ ਦਾ ਹੀ ਵਰਤਾਰਾ ਚੱਬੇ ਵਿਖੇ ਹੋਏ ਪੰਥ ਦੇ ਇਤਾਹਾਸਕ ਇੱਕਠ ਦੇ 2015 ਦੇ ਇੱਕਠ ਤੋਂ ਬਾਅਦ ਵਾਪਰਿਆ ਸੀ। ਦੋਵੇਂ ਵੇਲੇ ਸਿੱਖ ਕੌਮ ਅੰਦਰ ਜਾਣੀਆਂ ਜਾਂਦੀਆਂ ਗਰਮ ਖਿਆਲੀ ਧਿਰਾਂ ਦਾ ਇਸਤੇ ਪੂਰਾ ਕਬਜ਼ਾ ਸੀ ਪਰ ਬਰਗਾੜੀ ਮੋਰਚੇ ਦੀ ਸਮਾਪਤੀ ਨਾਲ ਅੱਜ ਵੀ ਸਿੱਖ ਕੌਮ ਨੂੰ ਇਸਦੀ ਤਰਜ਼ਮਾਨੀ ਕਰਨ ਵਾਲੀ ਕਿਸੇ ਸੋਚ ਦੀ ਤਲਾਸ਼ ਹੈ। ਅਤੇ ਸਮੇਂ ਦੀ ਇਹ ਮੰਗ ਵੀ ਹੈ ਕਿ ਕੌਮ ਨੂੰ ਆਪਣੀ ਵਿਉਂਤਬੰਦੀ ਲਈ ਮੁੜ ਤੋਂ ਕੋਈ ਰਾਹ ਤਲਾਸ਼ਣਾ ਪਾਉਗਾ।

ਬਰਗਾੜੀ ਮੋਰਚੇ ਦੀਆਂ ਮੁੱਖ ਮੰਗਾਂ ਵਿਚੋਂ ਇਕ ਵੀ ਮੰਗ ਨੂੰ ਕਿਸੇ ਪ੍ਰਕਾਰ ਦੀ ਸਫਲਤਾ ਨਹੀਂ ਮਿਲੀ । ਨਾ ਹੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸ਼ਾਜਿਸ਼ ਨੂੰ ਪੂਰੀ ਤਰਾਂ ਨੰਗਿਆ ਕਰ ਸਕੀ ਹੈ ਤੇ ਨਾ ਹੀ ਬਹਿਬਲ ਕਲਾਂ ਗੋਲੀ ਕਾਂਡ ਦੇ ਬਾਰੇ ਅਤੇ ਕਿਸੇ ਤਰ੍ਹਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਕੋਈ ਅੱਜ ਦੇ ਦਿਨ ਬੂਰ ਪਿਆ ਨਹੀਂ ਜਾਪਦਾ ਹੈ। ਬਰਗਾੜੀ ਮੋਰਚੇ ਦੇ ਸ਼ੁਰੂ ਤੋਂ ਹੀ ਇਹ ਵਿਚਾਰ ਚਰਚਾ ਸੀ ਕਿ ਇਹ ਮੋਰਚਾ ਮਹਿਜ ਜੱਥੇਦਾਰ ਧਿਆਨ ਸਿੰਘ ਮੰਡ ਹੋਣਾ ਵੱਲੋਂ ਆਪ ਮੁਹਾਰੇ ਨਹੀਂ ਲਗਾਇਆ ਗਿਆ ਸਗੋਂ ਇਸਦੇ ਸਮਰਥਨ ਵਿੱਚ ਕਾਂਗਰਸ ਸਰਕਾਰ ਦਾ ਵੀ ਕੋਈ ਮਨੋਰਥ ਹੈ।

ਇਹ ਵਿਚਾਰ ਚਰਚਾ ਦੁਬਾਰਾ ਸਾਹਮਣੇ ਆਈ। ਸਿਵਾਏ ਕਾਂਗਰਸ ਹਿੱਤਾਂ ਦੇ ਸਿੱਧ ਹੋਣ ਤੋਂ ਬਜਾਏ ਬਰਗਾੜੀ ਮੋਰਚੇ ਦੀ ਕੀ ਪ੍ਰਾਪਤੀ ਹੈ ? ਕਾਂਗਰਸ ਦਾ ਮੁੱਖ ਮਕਸਦ ਇਸ ਮੋਰਚੇ ਰਾਹੀਂ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਸੀ ਅਤੇ ਧਾਰਮਿਕ ਤੌਰ ਤੇ ਸਿੱਖ ਕੌਮ ਦੀਆਂ ਨਜ਼ਰਾਂ ਵਿੱਚ ਡੇਗਣਾ ਸੀ। ਜਿਸ ਵਿੱਚ ਕਾਮਯਾਬੀ ਮਿਲੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਤਰ੍ਹਾਂ ਨਾਲ ਮੁਸ਼ਕਿਲ ਘੜੀਆਂ ਵਿੱਚ ਹੈ। ਜਿਸ ਵਿਚੋਂ ਨਿਕਲਣ ਲਈ ਉਹ ਕੋਈ ਰਾਹ ਤਲਾਸ਼ਣ ਚ’ ਕੋਈ ਕਾਮਯਾਬੀ ਹਾਸਲ ਨਹੀਂ ਕਰ ਸਕਿਆ। ਪਰ ਬਰਗਾੜੀ ਮੋਰਚੇ ਦੇ ਇਸ ਤਰਾਂ ਅਚਾਨਕ ਸਮਾਪਤੀ ਤੋਂ ਬਾਅਦ ਉੱਠੇ ਸਵਾਲਾਂ ਵਿਚੋਂ ਇਕ ਸਵਾਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ ਤੋਂ ਸਾਹ ਭਰਦਾ ਨਜ਼ਰ ਆਵੇਗਾ। ਬਰਗਾੜੀ ਮੋਰਚੇ ਦੌਰਾਨ ਸਿੱਖ ਕੌਮ ਨੇ ਆਪਣੀ ਧਾਰਮਿਕ ਆਸਥਾ ਦੀ ਪੂਰਨਤਾ ਲਈ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਅਤੇ ਬਹਿਬਲ ਗੋਲੀ ਕਾਂਡ ਦੇ ਰੋਸ ਵਜੋਂ ਆਪਣੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਤਨੋਂ ਮਨੋਂ ਧਨੋਂ ਬਰਗਾੜੀ ਮੋਰਚੇ ਨੂੰ ਪੂਰਨ ਸਮਰਥਨ ਦਿੱਤਾ। ਜਿਸਤੋਂ ਅੱਜ ਸਿੱਖ ਕੌਮ ਮੁੜ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਇਸ ਨਾਲ ਸਿੱਖ ਕੌਮ ਦੀਆਂ ਗਰਮ ਖਿਆਲੀ ਧਿਰਾਂ ਦੀ ਕਾਰਜਸ਼ੈਲੀ ਉਪਰ ਵੀ ਵੱਡਾ ਸਵਾਲ ਖੜਾ ਹੋ ਗਿਆ। ਇਸ ਸਾਰੇ ਵਰਤਾਰੇ ਨਾਲ ਮੁੜ ਤੋਂ ਇਕ ਵਾਰ ਫਿਰ ਜਾਤੀ ਦੂਸਣਬਾਜੀ ਤਾਂ ਚੱਲੇਗੀ ਹੀ ਪਰ ਜਿਸ ਮਕਸੱਦ ਦੀ ਪੂਰਤੀ ਲਈ ਸਿੱਖ ਕੌਮ ਲੰਬੇ ਚਿਰ ਤੋਂ ਆਸ ਵਿਚ ਬੈਠੀ ਸੀ ਉਹ ਉਮੀਦ ਅੱਜ ਵੀ ਅਧੂਰੀ ਦਿਖਾਈ ਦਿੰਦੀ ਹੈ। ਅਤੇ ਮਸ਼ਹੂਰ ਕਵੀ ਸ਼ਾਹ ਮੁਹੰਮਦ ਦੇ ਕਹਿਣ ਅਨੁਸਾਰ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ !!!