ਜੂਨ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਇੱਕ ਪੀੜਾਦਾਇਕ ਮਹੀਨਾ ਹੋ ਗੁਜ਼ਰਿਆ ਹੈ। ਹਰ ਸਾਲ ਜਦੋਂ ਵੀ ਇਹ ਮਹੀਨਾ ਚੜ੍ਹਦਾ ਹੈ ਤਾਂ ਸਿੱਖਾਂ ਨੂੰ ੧੯੮੪ ਦਾ ਜੂਨ ਦਾ ਮਹੀਨਾ ਯਾਦ ਆ ਜਾਂਦਾ ਹੈ ਜਦੋਂ ਭਾਰਤੀ ਫੌਜਾਂ ਨੇ ਪੂਰੀ ਸ਼ਕਤੀ ਨਾਲ ਸਿੱਖਾਂ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕਰ ਦਿੱਤੀ ਸੀ। ਸਿੱਖਾਂ ਦੇ ਕੇਂਦਰੀ ਅਸਥਾਨਾ ਤੇ ਫੌਜੀ ਹਮਲਾ ਕਰਕੇ ਸਮੇਂ ਦੀ ਹਕੂਮਤ ਨੇ ਇੱਕ ਜੁਝਾਰੂ ਕੌਮ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਸੀ ਕਿ ਉਸ ਦੇਸ਼ ਵਿੱਚ ਹੁਣ ਸਿੱਖਾਂ ਲਈ ਕੋਈ ਥਾਂ ਨਹੀ ਹੈ। ਕਿ ਉਸ ਦੇਸ਼ ਦੇ ਸਿਸਟਮ ਦਾ ਪੱਤਾ ਪੱਤਾ ਸਿੱਖਾਂ ਦਾ ਵੈਰੀ ਹੈ ਅਤੇ ਉਸ ਦੇਸ਼ ਦੇ ਸਿਸਟਮ ਦੇ ਹਰ ਅੰਗ ਵਿੱਚੋਂ ਸਿੱਖਾਂ ਲਈ ਗੋਲੀਆਂ ਅਤੇ ਬੰਬਾਂ ਦੀ ਬੁਛਾਰ ਹੀ ਹੋਵੇਗੀ।

ਬੇਸ਼ੱਕ ਸਿੱਖ ਪਹਿਲਾਂ ਵੀ ਭਾਰਤੀ ਸਟੇਟ ਦੀ ਦਹਿਸ਼ਤਗਰਦੀ ਦਾ ਸਾਹਮਣਾਂ ਕਰਦੇ ਆ ਰਹੇ ਸਨ ਪਰ ਜੂਨ ੧੯੮੪ ਦੇ ਹਮਲੇ ਨੇ ਸਿੱਖਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਸਨ। ਜੂਨ ੧੯੮੪ ਸਿੱਖਾਂ ਦੇ ਇਤਿਹਾਸ ਦਾ ਜ਼ੀਰੋ ਆਵਰ ਬਣ ਗਿਆ ਹੈ। ਉਸ ਦਿਨ ਤੋਂ ਹੀ ਹੁਣ ਸਿੱਖਾਂ ਨੇ ਭਾਰਤੀ ਸਟੇਟ ਅਤੇ ਭਾਰੂ ਬਹੁਗਿਣਤੀ ਨਾਲ ਆਪਣੇ ਰਿਸ਼ਤੇ ਨਵੇਂ ਸਿਰੇ ਤੋਂ ਤਹਿ ਕਰਨੇ ਅਰੰਭ ਕਰ ਦਿੱਤੇ ਸਨ। ਸਿੱਖਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਪਹਿਲੀ ਵਾਰ ਅਹਿਸਾਸ ਹੋਇਆ ਸੀ ਕਿ ਦੁਸ਼ਮਣ ਉਨ੍ਹਾਂ ਦੇ ਬੂਹੇ ਤੇ ਆ ਕੇ ਲਲਕਾਰ ਰਿਹਾ ਹੈ।

ਦੁਨੀਆਂ ਦੀ ਛੇਵੀਂ ਵੱਡੀ ਤਾਕਤ ਦਾ ਮੁਕਾਬਲਾ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੁਝ ਮੁਠੱੀਭਰ ਮਰਜੀਵੜੇ ਤਾਇਨਾਤ ਸਨ ਜਿਨ੍ਹਾਂ ਤੇ ਦਸਾਂ ਗੁਰੂਆਂ ਦੀ ਬਖਸ਼ਿਸ਼ ਦੇ ਦਰਿਆ ਵਗ ਰਹੇ ਸਨ। ਉਨ੍ਹਾਂ ਭੁਖਣਭਾਣੇ ਮੁੱਠੀਭਰ ਸਿੰਘਾਂ ਨੇ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਦੁਸ਼ਮਣ ਨਾਲ ਲੋਹਾ ਲ਼ੈਂਦਿਆਂ ਆਪਣੇ ਪੁਰਖਿਆਂ ਵੱਲ਼ੋਂ ਦਰਸਾਏ ਮਾਰਗ ਨੂੰ ਹੋਰ ਉਜਵਲ ਕਰ ਦਿੱਤਾ। ਹੈਰਾਨ ਕਰ ਦੇਣ ਵਾਲੀ ਫੌਜੀ ਟੱਕਰ ਨੇ ਵੀਹਵੀਂ ਸਦੀ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੋੜ ਦਿੱਤਾ ਹੈ। ੧੯੮੪ ਦੇ ਜੂਨ ਮਹੀਨੇ ਲੜੀ ਗਈ ਉਸ ਅਸਾਵੀਂ ਲੜਾਈ ਦੀਆਂ ਕਹਾਣੀਆਂ ਕਿਸੇ ਵੇਲੇ ਸੰਸਾਰ ਦੇ ਇਤਿਹਾਸ ਦਾ ਹਿੱਸਾ ਜਰੂਰ ਬਣਨਗੀਆਂ।

ਸੰਤ ਜਰਨੈਲ ਸਿੰਘ ਜੀ ਜੋ ਕਹਿਣੀ ਅਤੇ ਕਰਨੀ ਦੇ ਪੂਰੇ ਗੁਰਸਿੱਖ ਵੱਜੋਂ ਸਿੱਖ ਇਤਿਹਾਸ ਵਿੱਚ ਉਭਰੇ ਉਨ੍ਹਾਂ ਨੇ ਪਹਿਲੀ ਵਾਰ ਸਿੱਖਾਂ ਨੂੰ ਸਪਸ਼ਟ ਲਕੀਰ ਖਿੱਚਕੇ ਇਹ ਦਰਸਾ ਦਿੱਤਾ ਸੀ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਅਸਾਂ ਇਹ ਗੁਲਾਮੀਂ ਗਲ਼ੋਂ ਲਾਹੁੰਣੀ ਹੈ। ਸੰਤ ਜਰਨੈਲ ਸਿੰਘ ਜੀ ਦੀ ਵਿਚਾਰਧਾਰਾ ਉਸ ਰਵਾਇਤੀ ਸਿੱਖ ਲੀਡਰਸ਼ਿੱਪ ਨਾਲ਼ੋਂ ਬਿਲਕੁਲ ਵੱਖਰੀ ਸੀ ਜੋ ਸਮੇਂ ਦੀਆਂ ਸਰਕਾਰਾਂ ਤੋਂ ਕੁਝ ਨਿੱਜੀ ਲਾਭ ਲੈਕੇ ਹੀ ਸਬਰ ਕਰ ਲ਼ੈਂਦੀਆਂ ਸਨ ਅਤੇ ਉਸ ਸਿਸਟਮ ਦੀ ਗੁਲਾਮੀ ਆਪਣੇ ਗਲ ਪਵਾਈ ਰੱਖਦੀਆਂ ਸਨ ਜੋ ਸਿਸਟਮ ਪਲ ਪਲ ਸਿੱਖ ਤਰਜ਼ੇ ਜਿੰਦਗੀ ਨੂੰ ਜਿਬਾਹ ਕਰ ਰਿਹਾ ਸੀ।

ਸੰਤ ਜਰਨੈਲ ਸਿੰਘ ਨੂੰ ਸਿੱਖ ਇਤਿਹਾਸ ਉਨ੍ਹਾਂ ਦੀ ਮਹਾਨ ਕੁਰਬਾਨੀ ਕਰਕੇ ਹੀ ਯਾਦ ਨਹੀ ਕਰਦਾ ਬਲਕਿ ਦਮਦਮੀ ਟਕਸਾਲ ਦੇ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਿੱਖ ਕੌਮ ਵਿੱਚ ਧਾਰਮਕ ਪਰਚਾਰ ਰਾਹੀਂ ਉਨ੍ਹਾਂ ਨੇ ਜੋ ਨਵੀਂ ਰੂਹ ਫੂਕੀ ਉਸਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਪਿੰਡ ਪਿੰਡ ਜਾ ਕੇ ਉਨ੍ਹਾਂ ਧਰਮ ਪਰਚਾਰ ਦਾ ਜੋ ਕਾਰਜ ਸੱਚੇ ਮਨੋਂ ਕੀਤਾ ਇਹ ਉਸਦਾ ਹੀ ਨਤੀਜਾ ਸੀ ਕਿ ਜਦੋਂ ਕੌਮ ਨੂੰ ਲੋੜ ਪਈ ਉਸ ਵੇਲੇ ਉਨ੍ਹਾਂ ਦੀ ਅਗਵਾਈ ਹੇਠ ਅਜਿਹੇ ਮਰਜੀਵੜੇ ਸਿੱਖਾਂ ਦਾ ਇੱਕ ਜਥਾ ਤਿਆਰ ਹੋ ਗਿਆ ਸੀ ਜੋ ਆਪਣੀ ਕੌਮ ਅਤੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਨੂੰ ਵੀ ਤਿਆਰ ਹੋ ਗਿਆ ਸੀ। ਸ਼ਹੀਦ ਹਮੇਸ਼ਾ ਹੀ ਰੁਹਾਨੀ ਉਚਤਾ ਅਤੇ ਉਚੇ ਧਾਰਮਕ ਕਿਰਦਾਰ ਨਾਲ ਹੀ ਬਣਦੇ ਉਸਰਦੇ ਹਨ। ਜਦੋਂ ਗੁਰੂ ਸਾਹਿਬ ਆਪਣੀ ਮਿਹਰ ਕਰ ਦੇਣ ਤਾਂ ਹੀ ਕੋਈ ਇਨਸਾਨ ਸ਼ਹੀਦ ਦਾ ਮਹਾਨ ਰੁਤਬਾ ਹਾਸਲ ਕਰ ਸਕਦਾ ਹੈ। ਜਦੋਂ ਗੁਰੂ ਦੀ ਮਿਹਰ ਹੋ ਜਾਵੇ ਫਿਰ ਦੁਨੀਆਂ ਦੀ ਕੋਈ ਤਾਕਤ ਤੀ ਸ਼ਹੀਦਾਂ ਦੀ ਆਭਾ ਨੂੰ ਮੱਠੀ ਨਹੀ ਪਾ ਸਕਦੀ।

ਇਸੇ ਲਈ ਅੱਜ ੩੪ ਸਾਲਾਂ ਬਾਅਦ ਜਿੱਥੇ ਪੰਜਾਬ ਵਿੱਚ ਇੰਦਰਾ ਗਾਂਧੀ ਦਾ ਕੋਈ ਨਾਅ ਲੈਣ ਲਈ ਤਿਆਰ ਨਹੀ ਹੈ ਉਥੇ ਦੂਜੇ ਪਾਸੇ ਸਰਕਾਰਾਂ ਨੂੰ ਇਹ ਪਾਬੰਦੀਆਂ ਲਾਉਣੀਆਂ ਪੈ ਰਹੀਆਂ ਹਨ ਕਿ ਸੰਤ ਜਰਨੈਲ ਸਿੰਘ ਦੀ ਤਸਵੀਰ ਵਾਲੀ ਕੋਈ ਟੀ-ਸ਼ਰਟ ਜਾਂ ਪੋਸਟਰ ਨਾ ਵਿਕ ਸਕੇ।
ਇਨ੍ਹੀ ਦਿਨੀ ਕਿਸੇ ਪਿੰਡ ਦੇ ਬਰੋਟੇ ਹੇਠ ਬੈਠੇ ਸਧਾਰਨ ਗੁਰਸਿੱਖਾਂ ਵੱਲ਼ੋਂ ਗਾਈ ਹੋਈ ਸੰਤ ਜਰਨੈਲ ਸਿੰਘ ਦੀ ਵਾਰ ਸ਼ੋਸ਼ਲ ਮੀਡੀਆ ਤੇ ਕਾਫੀ ਦੇਖੀ ਜਾ ਰਹੀ ਹੈ। ਉਸ ਵਾਰ ਦਾ ਅੰਤ, ਗਾਉਣ ਵਾਲਾ ਨੌਜਵਾਨ ਇਨ੍ਹਾਂ ਬੋਲਾਂ ਨਾਲ ਕਰਦਾ ਹੈ-

ਤੈਨੂੰ ਕੁੱਤਾ ਨਾ ਪੁੱਛਦਾ ਰਾਣੀਏ
ਓਹਦੀ ਵਿਕਦੀ ਹੈ ਤਸਵੀਰ।