ਅਗਲੇ ਮਹੀਨਿਆਂ ਦੌਰਾਨ ਭਾਰਤ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ। ਕੁਝ ਦਿਨਾਂ ਤੱਕ ਇਸ ਸਬੰਧੀ ਰਸਮੀ ਐਲਾਨ ਹੋਣ ਜਾ ਰਿਹਾ ਹੈੈ। ਇਸ ਵੇਲੇ ਦੇਸ਼ ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਅਤੇ ਉਸਦੇ ਸਹਿਯੋਗੀ ਇੱਕ ਵਾਰ ਫਿਰ ਆਪਣੇ ਬਲਬੂਤੇ ਤੇ ਸਰਕਾਰ ਬਣਾਉਣ ਦੇ ਯਤਨ ਕਰ ਰਹੇ ਹਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਜੋ ਭਾਰਤ ਜਿੱਤਣ ਦੀ ਮੁਹਿੰਮ ਤੇ ਚੜ੍ਹੀ ਹੋਈ ਸੀ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕੁਝ ਔਕਾਤ ਦਿਖਾ ਦਿੱਤੀ ਹੈੈ। ਕਿਉਂਕਿ ਅਗਲੇ ਕੁਝ ਦਿਨਾਂ ਨੂੰ ਚੋਣਾਂ ਦਾ ਰਸਮੀ ਐਲਾਨ ਹੋ ਜਾਣਾਂ ਹੈ ਅਤੇ ਫਿਰ ਮੀਡੀਆ ਉੱਤੇ ਕਿਸ ਵੀ ਕਿਸਮ ਦੇ ਸਰਵੇਖਣ ਕਰਨ ਦੀ ਪਾਬੰਦੀ ਲੱਗ ਜਾਣੀ ਹੈ ਇਸ ਲਈ ਕੁਝ ਮੀਡੀਆ ਸੰਸਥਾਵਾਂ ਨੇ ਪਿੱਛੇ ਜਿਹੇ ਜੋ ਸਰਵੇਖਣ ਦੇਸ਼ ਭਰ ਵਿੱਚੋਂ ਕੀਤੇ ਹਨ ਉਨ੍ਹਾਂ ਵਿੱਚੋਂ ਜੋ ਤਸਵੀਰ ਉਭਰ ਰਹੀ ਹੈ ਉਹ ਨਰਿੰਦਰ ਮੋਦੀ ਦੀ ਅਗਵਾਈ ਹੇਠਲੇ ਭਗਵੇਂ ਬ੍ਰਿਗੇਡ ਲਈ ਬਹੁਤੀ ਚੰਗੀ ਨਹੀ ਹੈੈ।

ਪਿਛਲੇ ਦਿਨੀ 2019 ਦੀਆਂ ਲੋਕ ਸਭਾ ਚੋਣਾਂ ਬਾਰੇ ਦੋ ਪ੍ਰਮੁੱਖ ਸਰਵੇਖਣ ਸਾਹਮਣੇ ਆਏ ਹਨ। ਇੱਕ ਇੰਡੀਆ ਟੂਡੇ ਗਰੁੱਪ ਦਾ ਹੈ ਅਤੇ ਦੂਜਾ ਦੱਖਣੀ ਭਾਰਤ ਦੇ ਅਖਬਾਰ ‘ਡੈਕਨ ਹੈਰਲਡ’ ਦਾ ਹੈ। ਇੰਡੀਅ ਟੂਡੇ ਗਰੁੱਪ ਉੱਤੇ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਉਹ ਸਮੇਂ ਦੀਆਂ ਸਰਕਾਰਾਂ ਨਾਲ ਮਿਲਕੇ ਚਲਦਾ ਹੈ ਭਾਵ ਜੋ ਸਰਕਾਰਾਂ ਚਾਹੁੰਦੀਆਂ ਹਨ ਉਹੋ ਜਿਹੇ ਹੀ ਸਰਵੇਖਣ ਅਤੇ ਖਬਰਾਂ ਨਸ਼ਰ ਕਰਦਾ ਹੈੈ। ਤੱਥਾਂ ਨਾਲ ਤੋੜ ਮਰੋੜ ਕਰਨੀ ਅਜਿਹੇ ਮੀਡੀਆ ਸਮੂਹਾਂ ਲਈ ਖੱਬੇ ਹੱਥ ਦੀ ਖੇਡ ਮੰਨੀ ਜਾਂਦੀ ਹੈ। ਇਸ ਕਰਕੇ ਉਸ ਸਰਵੇਖਣ ਨੂੰ ਜੇ ਵਧਾ ਚੜ੍ਹਾ ਕੇ ਪੇਸ਼ ਕੀਤਾ ਹੋਇਆ ਵੀ ਮੰਨਿਆ ਜਾਵੇ ਤਾਂ ਵੀ ਇੰਡੀਆ ਟੂਡੇ ਨੇ ਭਾਰਤੀ ਜਨਤਾ ਪਾਰਟੀ ਨੂੰ 236 ਤੋਂ ਵੱਧ ਸੀਟਾਂ ਨਹੀ ਦਿੱਤੀਆਂ। ਇਸ ਮੀਡੀਆ ਸਮੂਹ ਦਾ ਕਹਿਣਾਂ ਹੈ ਕਿ ਭਾਜਪਾ ਦੇ ਸਾਰੇ ਸਹਿਯੋਗੀ ਮਿਲਕੇ ਵੀ ਉਸਨੂੰ 272 ਸੀਟਾਂ ਨਹੀ ਦਿਵਾ ਸਕਣਗੇ।

ਦੂਜੇ ਪਾਸੇ ਡੈਕਨ ਹੈਰਲਡ ਨਾ ਦੇ ਪ੍ਰਮੁੱਖ ਅਖਬਾਰ ਨੇ ਜੋ ਸਰਵੇਖਣ ਪੇਸ਼ ਕੀਤਾ ਹੈ ਉਸ ਦਾ ਆਖਣਾਂ ਹੈ ਕਿ 2019 ਦੀਆਂ ਖੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 160 ਤੋਂ ਲੈਕੇ 175 ਸੀਟਾਂ ਤੱਕ ਮਿਲਣ ਦੀ ਉਮੀਦ ਹੈ ਜੋ ਕਿ ਸਰਕਾਰ ਬਣਾਉਣ ਲਈ ਕਾਫੀ ਨਹੀ ਹੈੈ। ਪੰਜਾਬ ਬਾਰੇ ਅਖਬਾਰ ਦਾ ਕਹਿਣਾਂ ਹੈ ਕਿ ਪੰਜਾਬ ਵਿੱਚੋਂ ਕਾਂਗਰਸ 9 ਸੀਟਾਂ ਤੇ ਜਿੱਤ ਹਾਸਲ ਕਰ ਸਕਦੀ ਹੈ ਅਤੇ ਅਕਾਲੀ ਦਲ 2 ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕਦਾ ਹੈੈ। 2 ਸੀਟਾਂ ਹੋਰਨਾਂ ਪਾਰਟੀਆਂ ਨੂੰ ਜਾ ਸਕਦੀਆਂ ਹਨ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਰਿੰਦਰ ਮੋਦੀ ਅਤੇ ਸੰਘ ਪਰਿਵਾਰ ਦਾ ਬਰਗੇਡ ਇਨ੍ਹਾਂ ਚੋਣ ਸਰਵੇਖਣਾਂ ਨੂੰ ਕਿਵੇਂ ਦੇਖਦਾ ਹੈੈ। ਪਿਛਲੇ ਪੰਜ ਸਾਲਾਂ ਦੌਰਾਨ ਇਨ੍ਹਾਂ ਨੇ ਦੇਸ਼ ਨੂੰ ਜਿਸ ਫਾਸ਼ੀ ਤਰਜ਼ੇਜਿੰਦਗੀ ਵੱਲ ਲੈ ਜਾਣ ਦਾ ਤਹੱਈਆ ਕੀਤਾ ਹੈ ਅਤੇ ਜਿਸ ਲੀਹ ਤੇ ਇਨ੍ਹਾਂ ਨੇ ਮੀਡੀਆ, ਚੋਣਾਂ, ਅਤੇ ਅਦਾਲਤਾਂ-ਪੁਲਿਸ ਦਾ ਗੱਠਜੋੜ ਮਜਬੂਤ ਕਰਨ ਦੇ ਯਤਨ ਕੀਤੇ ਹਨ ਉਸ ਤੋਂ ਸਾਫ ਪਤਾ ਲਗਦਾ ਹੈ ਕਿ ਇਨ੍ਹਾਂ ਧਿਰਾਂ ਦਾ ਨਿਸ਼ਾਨਾ ਭਾਰਤ ਨੂੰ ਰੂਸ ਦੀ ਤਰਜ਼ ਤੇ ਫਾਸ਼ੀ ਸਟੇਟ ਵਿੱਚ ਬਦਲ ਦੇਣ ਦਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਵਿੱਚ ਰਾਜਨੀਤਿਕ ਸਰਗਰਮੀ ਦੇ ਨਾਅ ਤੇ ਸਿਰਫ ਤਿੰਨ ਬੰਦਿਆਂ ਦੀ ਖੇਡ ਚਲਾਈ ਗਈ। ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਜੀਤ ਡੋਵਲ। ਇਨ੍ਹਾਂ ਤਿੰਨਾਂ ਨੇ ਹੀ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਦੀ ਦੇਸ਼ ਨੀਤੀ ਅਤੇ ਵਿਦੇਸ਼ ਨੀਤੀ ਨੂੰ ਚਲਾਇਆ। ਭਾਰਤ ਦੀ ਆਰਥਿਕਤਾ ਦਾ ਮਾਡਲ ਵੀ ਵਦੇਸ਼ ਨੀਤੀ ਦੇ ਸੰਦਰਭ ਵਿੱਚ ਹੀ ਘੜਿਆ ਗਿਆ। ਜੋ ਵਾਅਦੇ ਵੀਤੇ ਗਏ ਸਨ ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀ ਕੀਤਾ ਪਰ ਜੋ ਨਹੀ ਕੀਤੇ ਸਨ ਉਹ ਸਾਰੇ ਪੂਰੇ ਕਰਨ ਦੇ ਯਤਨ ਜੋਰ ਸ਼ੋਰ ਨਾਲ ਕੀਤੇ ਗਏ।

ਲੰਡਨ ਵਿੱਚ ਇੱਕ ਭਾਰਤੀ ਕੰਪਿਊਟਰ ਇੰਜਨੀਅਰ ਨੇ ਇਹ ਦੋਸ਼ ਵੀ ਲਾਇਆ ਕਿ ਵੋਟਾਂ ਵਾਲੀਆਂ ਮਸ਼ੀਨਾਂ ਹੈਕ ਕਰਕੇ ਪਿਛਲੀਆਂ ਚੋਣਾਂ ਜਿੱਤੀਆਂ ਗਈਆਂ ਸਨ। ਉਸ ਇੰਜਨੀਅਰ ਦੀ ਗੱਲ ਵਿੱਚ ਕਿੰਨੀ ਸਚਾਈ ਹੈ ਅਤੇ ਕਿੰਨਾ ਝੂਠ ਇਸ ਬਾਰੇ ਤਾਂ ਅਸੀਂ ਨਹੀ ਜਾਣਦੇ ਪਰ ਅਸੀਂ ਇੱਕ ਗੱਲ ਜਰੂਰ ਜਾਣਦੇ ਹਾਂ ਕਿ ਭਿੰਨ ਭਿੰਨ ਭਾਸ਼ਾਵਾਂ, ਸੱਭਿਆਚਾਰਾਂ, ਧਰਮਾਂ,ਵੱਖਰੇ ਰਹਿਣ ਸਹਿਣ, ਵੱਖਰੀਆਂ ਰਵਾਇਤਾਂ ਵਾਲੇ ਭਾਰਤ ਦੇ ਲੋਕ ਹਾਲੇ ਏਨੇ ਜਾਹਲ ਨਹੀ ਹੋਏ ਕਿ ਉਹ ਭਾਜਪਾ ਵਰਗੀ ਪਾਰਟੀ ਨੂੰ ਏਨੇ ਵੱਡੇ ਪੱਧਰ ਤੇ ਵੋਟਾਂ ਪਾ ਦੇਣ। ਪਿਛਲੇ ਪੰਜ ਸਾਲਾਂ ਤੋਂ ਅਸੀਂ ਇਹ ਗੱਲ ਵਾਰ ਵਾਰ ਦੁਹਰਾ ਰਹੇ ਹਾਂ। ਭਾਰਤੀ ਰਾਜਨੀਤੀ ਨੂੰ ਨੇੜਿਓਂ ਦੇਖਣ ਦਾ ਸਾਡਾ ਆਪਣਾਂ ਇੱਕ ਤਜ਼ਰਬਾ ਹੈੈ। ਅਸੀਂ ਉਸ ਤਜ਼ਰਬੇ ਦੇ ਅਧਾਰ ਤੇ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੇ ਲੋਕ ਏਨੇ ਨਹੀ ਡਿਗੇ ਕਿ ਉਹ ਹਨੇਰੀ ਵਾਂਗ ਸੰਘੀ ਤਾਕਤਾਂ ਨੂੰ ਵੋਟਾਂ ਪਾ ਦੇਂਦੇ। ਕਿਤੇ ਨਾ ਕਿਤੇ ਕੋਈ ਗੜਬੜ ਜਰੂਰ ਹੈੈ। ਇਜ਼ਰਾਈਲ ਅਤੇ ਅਮਰੀਕਾ, ਰੂਸ ਨਾਲ ਮੋਦੀ ਸਰਕਾਰ ਦੇ ਵਧਦੇ ਸਬੰਧ ਇਸ ਗੱਲ ਦਾ ਪ੍ਰਤੀਕ ਹਨ ਕਿ ਉਹ ਚੋਣਾਂ ਜਿੱਤਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ।