ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਿਚ ਚੱਲੇ ਲੰਮੇ ਕਾਟੋ-ਕਲੇਸ਼ ਤੋਂ ਬਾਅਦ ੧੮ ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।ਪਿਛਲ਼ੇ ਚੌਵੀ ਵਰ੍ਹਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਇਕੋ ਇਕ ਅਜਿਹਾ ਮੁੱਖ ਮੰਤਰੀ ਬਣ ਗਿਆ ਹੈ ਜਿਸ ਨੂੰ ਆਪਣੀ ਪੰਜ ਵਰ੍ਹਿਆਂ ਦੀ ਮਿਆਦ ਪੂਰੀ ਕਰਨ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।ਅਸਤੀਫਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੈਪਟਨ ਨੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਸ ਨੂੰ ਪਾਰਟੀ ਦੁਆਰਾ ਜ਼ਲੀਲ ਕੀਤਾ ਗਿਆ ਹੈ।ਉਸ ਨੇ ਇਹ ਸਪੱਸ਼ਟ ਕੀਤਾ ਕਿ ਇਸ ਨਾਲ ਉਸ ਦਾ ਰਾਜਨੀਤਿਕ ਕੈਰੀਅਰ ਸਮਾਪਤ ਨਹੀਂ ਹੋ ਜਾਂਦਾ ਬਲਕਿ ਉੱਚਿਤ ਸਮੇਂ ’ਤੇ ਉਹ ਆਪਣੇ ਲਈ ਸਹੀ ਰਾਜਨੀਤਿਕ ਵਿਕਲਪਾਂ ਦੀ ਚੋਣ ਕਰ ਸਕਦੇ ਹਨ ਅਤੇ ਆਪਣੇ ਸਲਾਹਕਾਰਾਂ ਅਤੇ ਸ਼ੁੱਭਚਿੰਤਕਾਂ ਦੀ ਸਲਾਹ ਨਾਲ ਹੀ ਕੋਈ ਅਗਲਾ ਕਦਮ ਉਠਾਉਣਗੇ।

ਆਪਣੀ ਵਧਦੀ ਉੁਮਰ ਅਤੇ ਇਸ ਜ਼ਲਾਲਤ ਤੋਂ ਬਾਅਦ ਉਸਦੇ ਰਾਜਨੀਤਿਕ ਕੈਰੀਅਰ ਨੂੰ ਮੁੜ ਜੀਵਿਤ ਕਰਨ ਦੀਆਂ ਸੰਭਾਵਨਾਵਾਂ ਬਹੁਤ ਹੀ ਮੱਧਮ ਹੋ ਜਾਂਦੀਆਂ ਹਨ।ਅਗਰ ਉੁਹ ਕਾਂਗਰਸ ਪਾਰਟੀ ਨਾਲੋਂ ਆਪਣਾ ਨਾਤਾ ਤੋੜ ਲੈਂਦਾ ਹੈ, ਉਸ ਕੋਲ ਜਿਆਦਾ ਵਿਕਲਪ ਨਹੀਂ ਬਚਦੇ ਹਨ ਅਤੇ ਨਾ ਹੀ ਹੋਰ ਰਾਜਨੀਤਿਕ ਪਾਰਟੀਆਂ ਉਸ ਨੂੰ ਲੀਡਰ ਦਾ ਅਹੁਦਾ ਦੇਣਾ ਪ੍ਰਵਾਨ ਕਰਨਗੀਆਂ।ਨਵੀਂ ਪਾਰਟੀ ਦਾ ਗਠਨ ਕਰਨਾ ਵੀ ਕੋਈ ਅਸਾਨ ਕੰਮ ਨਹੀਂ ਹੋਵੇਗਾ।ਉਸ ਕੋਲ ਇਕੋ ਇਕ ਵਿਕਲਪ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਬਚਦਾ ਹੈ ਕਿਉਂ ਜੋ ਕੈਪਟਨ ਦਾ ਮਜਬੂਤ ਰਾਸ਼ਟਰਵਾਦੀ ਹਿੰਦੂਤਵ ਵੱਲ ਕਾਫੀ ਝੁਕਾਅ ਹੈ ਜੋ ਕਿ ਹਿੰਦੂ ਵੋਟਰਾਂ ਨੂੰ ਵੀ ਪ੍ਰਵਾਨਿਤ ਹੋਵੇਗਾ।ਨਵੀਂ ਪਾਰਟੀ ਦਾ ਗਠਨ ਕਰਨਾ ਕੈਪਟਨ ਦੀ ਆਪਣੀ ਰਾਜਨੀਤੀ ਨੂੰ ਕੋਈ ਹੁਲਾਰਾ ਨਹੀਂ ਦੇਵੇਗਾ; ਹਾਲਾਂਕਿ, ਇਹ ਕਾਂਗਰਸ ਨੂੰ ਚੁਣਾਵੀ ਪੱਧਰ ਉੱਪਰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂ ਉਸ ਵਿਚ ਪਹਿਲਾਂ ਹੀ ਫੱੁਟ ਪਈ ਹੋਈ ਹੈ ਅਤੇ ਉਹ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ।

ਦਸ ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ੨੦੧੭ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੋ-ਤਿਹਾਈ ਬਹੁਮਤ ਪ੍ਰਾਪਤ ਕਰਕੇ ਮੁੜ ਸੱਤਾ ਵਿਚ ਆਈ।ਆਪਣੀ ਪਾਰਟੀ ਦੇ ਅੰਦਰੋਂ ਹੀ ਵਿਦਰੋਹ ਦਾ ਸਾਹਮਣਾ ਕਰਨ ਤੋਂ ਪਹਿਲਾਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਕੈਪਟਨ ਦਾ ਸਰਕਾਰ ਉੱਪਰ ਪੂਰਾ ਨਿਯੰਤ੍ਰਣ ਸੀ, ਪਰ ਅੰਤ ਉੁਸ ਦਾ ਨਿਯੰਤ੍ਰਣ ਆਪਣੀ ਸਰਕਾਰ ਅਤੇ ਪਾਰਟੀ ਤੋਂ ਖਤਮ ਹੋ ਗਿਆ।ਕੈਪਟਨ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਨੂੰ ਉਸ ਦੀ ਅਸਫਲ਼ਤਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਾਰਜ-ਕਾਲ ਦੌਰਾਨ ਉਸ ਦੀ ਫੈਸਲਾ ਲੈਣ ਦੀ ਸਮਰੱਥਾ ਪੂਰੀ ਤਰਾਂ ਗਾਇਬ ਸੀ।ਉਹ ਸਿਵਲ ਸੈਕਟ੍ਰੀਏਟ ਵਿਚਲੇ ਆਪਣੇ ਦਫਤਰ ਵਿਚੋਂ ਗਾਇਬ ਰਿਹਾ ਅਤੇ ਉਸ ਨੇ ਚੰਡੀਗੜ੍ਹ ਦੇ ਬਾਹਰਵਾਰ ਸਥਿਤ ਆਪਣੇ ਫਾਰਮ ਹਾਊਸ ਨੂੰ ਹੀ ਆਪਣਾ ਹੈੱਡਕਵਾਟਰ ਬਣਾ ਲਿਆ ਜਿਸ ਨੇ ਉਸ ਨੂੰ ਆਪਣੀ ਹੀ ਪਾਰਟੀ ਅਤੇ ਲੋਕਾਂ ਤੋਂ ਅਲੱਗ ਕਰ ਦਿੱਤਾ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਨੇ ਅਕਾਲੀ ਦਲ ਨੂੰ ਹਰਾ ਕੇ ਅਤੇ ਆਮ ਆਦਮੀ ਪਾਰਟੀ ਦੀਆਂ ਉਮੀਦਾਂ ਉੱਪਰ ਪਾਣੀ ਫੇਰ ਕੇ ਆਪਣੀ ਪਾਰਟੀ ਲਈ ਇਕ ਸਥਾਨ ਬਣਾਇਆ।ਪਰ ਇਸ ਕਾਰਜ ਕਾਲ ਵਿਚ ਉਸ ਦਾ ਕੋਈ ਕੰਮ ਨਾ ਕਰਨਾ, ਆਪਣੇ ਹੰਕਾਰ ਅਤੇ ਰਾਜਨੀਤਿਕ ਨੇਤਾਵਾਂ ਦੀ ਬਜਾਇ ਨੌਕਰਸ਼ਾਹੀ ਉੱਪਰ ਪੂਰਣ ਭਰੋਸੇ ਨੇ ਉਸ ਨੂੰ ਕੋਈ ਠੋਸ ਫੈਸਲਾ ਨਹੀਂ ਲੈਣ ਦਿੱਤਾ।ਬਹੁਤ ਸਾਰੇ ਮਹੱਤਵਪੂਰਣ ਮੁੱਦਿਆਂ ਵਿਚ ਉਸ ਨੂੰ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨਸ਼ਿਆਂ ਨੂੰ ਠੱਲ ਪਾਉਣ ਅਤੇ ੨੦੧੫ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱੁਖ ਦੋਸ਼ੀਆਂ ਨੂੰ ਸਜ਼ਾ ਦੁਆਉਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ।ਸਾਢੇ ਚਾਰ ਸਾਲ ਬਾਅਦ ਵੀ ਨਸ਼ਿਆਂ ਦਾ ਜਾਲ ਹੋਰ ਜਿਆਦਾ ਫੈਲ ਗਿਆ ਹੈ ਅਤੇ ਬੇਅਦਬੀ ਦਾ ਮੁੱਦਾ ਵੀ ਜਿਉਂ ਦਾ ਤਿਉਂ ਬਰਕਰਾਰ ਹੈ।ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਕੈਪਟਨ ਦੁਆਰਾ ਗਠਿਤ ਕੀਤਾ ਗਿਆ ਰਣਜੀਤ ਸਿੰਘ ਕਮਿਸ਼ਨ ਵੀ ਸਹੀ ਜਾਂਚ ਕਰਨ ਵਿਚ ਅਸਫਲ ਰਿਹਾ ਹੈ।ਕੈਪਟਨ ਵਿਰੱੁਧ ਬਾਦਲਾਂ ਦਾ ਸਾਥ ਦੇਣ ਦੀ ਪੱਕੀ ਧਾਰਨਾ ਕਰਕੇ ਵੀ ਲੋਕਾਂ ਵਿਚ ਉਸ ਪ੍ਰਤੀ ਗੁੱਸੇ ਦੀ ਭਾਵਨਾ ਹੈ।ਕੈਪਟਨ ਲਈ ਜ਼ਲਾਲਤ ਦਾ ਇਕ ਹੋਰ ਮੁੱਦਾ ਉੱਚ ਅਦਾਲਤ ਵਿਚ ਬੇਅਦਬੀ ਨਾਲ ਸੰਬੰਧਿਤ ਕੇਸ ਹਾਰਨਾ ਹੈ।ਇਸ ਕਰਕੇ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੇ ਵੀ ਕੈਪਟਨ ਨੂੰ ਸੁਆਲਾਂ ਦੇ ਘੇਰੇ ਵਿਚ ਲੈ ਕੇ ਆਂਦਾ।ਨਸ਼ਿਆਂ ਦੇ ਮਸਲੇ ਵਿਚ ਵੀ ਤਿੰਨ ਸਾਲ ਪਹਿਲਾਂ ਸਪੈਸ਼ਲ ਟਾਸਕ ਫੋਰਸ ਦੁਆਰਾ ਉੱਚ ਅਦਾਲਤ ਸਾਹਮਣੇ ਪੇਸ਼ ਕੀਤੀ ਰਿਪੋਰਟ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।ਪੂਰੇ ਪੰਜਾਬ ਵਿਚ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਨੌਕਰਸ਼ਾਹੀ ਦੁਆਰਾ ਚਲਾਏ ਜਾਣ ਦਾ ਦੋਸ਼ ਲਗਾਇਆ।ਪੰਜਾਬ ਦੀ ਰਾਜਨੀਤੀ ਨੇ ਬਹੁਤ ਹੀ ਘਟਨਾਵਾਂ ਨਾਲ ਭਰਪੂਰ ਰਾਜਨੀਤਿਕ ਕੈਰੀਅਰ ਦਾ ਅੰਤ ਹੁੰਦਾ ਦੇਖਿਆ ਜੋ ੧੯੮੦ਵਿਆਂ ਦਾ ਸਿੱਖ ਸੰਘਰਸ਼ ਅਤੇ ਉਸ ਤੋਂ ਬਾਅਦ ਵਾਲੇ ਦੁਖਦਾਈ ਵਰ੍ਹਿਆਂ ਦੀ ਗਵਾਹੀ ਭਰਦਾ ਹੈ।ਪੰਜਾਬ ਕਾਂਗਰਸ ਕੈਪਟਨ ਦੀ ਬਹੁਤ ਦੇਣਦਾਰ ਹੈ।ਦਰਬਾਰ ਸਾਹਿਬ ਉੱਪਰ ੧੯੮੪ ਵਿਚ ਫੌਜੀ ਹਮਲੇ ਤੋਂ ਬਾਅਦ ਉਸ ਦੇ ਅਸਤੀਫੇ ਨੇ ਕੈਪਟਨ ਨੂੰ ਸਿੱਖਾਂ ਵਿਚ ਖਾਸ ਜਗ੍ਹਾ ਦੁਆਈ।ਹਾਲਾਂਕਿ ਕੁਝ ਸਾਲਾਂ ਉਪਰੰਤ ਉਹ ਕਾਂਗਰਸ ਵਿਚ ਮੁੜ ਪਰਤ ਗਿਆ, ਪਰ ਉਸ ਉੱਪਰ ੧੯੮੦ਵਿਆਂ ਅਤੇ ੯੦ਵਿਆਂ ਦੇ ਸਮੇਂ ਦਾ ਕੋਈ ਦਾਗ ਨਹੀ ਹੈ ਜਿਸ ਨੇ ਕੁਝ ਵਰ੍ਹਿਆਂ ਤੱਕ ਪੰਜਾਬ ਦੇ ਸਿੱਖਾਂ ਵਿਚ ਕਾਂਗਰਸ ਦੇ ਪੈਰ ਨਹੀਂ ਲੱਗਣ ਦਿੱਤੇ।

੧੯੮੪ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਨੇ ਤਿੰਨ ਵਾਰ ਸਰਕਾਰ ਬਣਾਈ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਫਲਤਾ ਅਤੇ ਸਿੱਖਾਂ ਦੀ ਸਿੱਖ ਰਾਜਨੀਤੀ ਅਤੇ ਪੰਥਕ ਰਾਜਨੀਤਿਕ ਪਾਰਟੀਆਂ ਪ੍ਰਤੀ ਨਿਰਾਸ਼ਾ ਨੂੰ ਜ਼ਾਹਿਰ ਕਰਦਾ ਹੈ।੨੦੦੨ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਮੁੜ ਸੱਤਾ ਵਿਚ ਆਈ ਅਤੇ ੨੦੧੭ ਵਿਚ ਤਾਂ ਪਾਰਟੀ ਨੂੰ ਭਾਰੀ ਬਹੁਮਤ ਪ੍ਰਾਪਤ ਹੋਇਆ।ਆਪਣੇ ਮੌਜੂਦਾ ਕਾਰਜਕਾਲ ਦੇ ਦੋ ਸਾਲਾਂ ਬਾਅਦ ਕੈਪਟਨ ਦੀ ਛਵੀ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ।ਸੀ ਵੋਟਰ ਟਰੈਕਰ ਦੇ ਅਨੁਸਾਰ ੨੦੧੯ ਦੀ ਸ਼ੁਰੂਆਤ ਵਿਚ ਉਸ ਦੀ ਪ੍ਰਵਾਨਗੀ ਰੇਟਿੰਗ ੧੯ ਪ੍ਰਤੀਸ਼ਤ ਸੀ ਜੋ ਕਿ ੨੦੨੧ ਵਿਚ ੯.੮ ਪ੍ਰਤੀਸ਼ਤ ਉੱਪਰ ਆ ਗਈ।ਹਾਲੀਆ ਟਰੈਕਰ ਦੇ ਅਨੁਸਾਰ ਉਸ ਦੀ ਪ੍ਰਵਾਨਗੀ ਦਰ ਨਾਕਾਰਤਮਕ ਹੋ ਚੁੱਕੀ ਹੈ।ਗੈਰ-ਭ੍ਰਿਸ਼ਟਾਚਾਰ ਸਰਕਾਰ ਦੇਣ, ਨਸ਼ਾ, ਰੇਤ ਅਤੇ ਕੇਬਲ ਮਾਫੀਆ, ਜੋ ਕਿ ਅਸਲ ਵਿਚ ਅਕਾਲੀ ਭਾਜਪਾ ਸਰਕਾਰ ਦੀ ਵਿਸ਼ੇਸ਼ਤਾ ਸੀ, ਉੱਪਰ ਨਕੇਲ ਕਸਣ ਵਿਚ ਸਰਕਾਰ ਬੁਰੀ ਤਰਾਂ ਅਸਫਲ ਰਹੀ ਹੈ ।ਇਹ ਮਾਫੀਆ ਕਾਂਗਰਸ ਦੇ ਰਾਜ ਵਿਚ ਜਿਉਂ ਦੇ ਤਿਉਂ ਬਰਕਰਾਰ ਰਹੇ।ਇਹ ੨੦੧੭ ਵਿਚ ਕੈਪਟਨ ਦੁਆਰਾ ਗੁਟਕਾ ਸਾਹਿਬ ਫੜ੍ਹ ਕੇ ਜਨਤਕ ਰੂਪ ਵਿਚ ਸਹੁੰ ਚੁੱਕਣ ਦੇ ਬਾਵਜੂਦ ਵਾਪਰਿਆ। ਇਸ ਤੋਂ ਇਲਾਵਾ ਕੈਪਟਨ ਨੇ ਆਪਣੇ ਹੋਰ ਚੁਣਾਵੀ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ।ਹਾਲ ਹੀ ਵਿਚ ਕੈਪਟਨ ਦੁਆਰਾ ਅੰਦੋਲਨਕਾਰੀ ਕਿਸਾਨਾਂ ਉੱਪਰ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਉਣਾ ਵੀ ਉਸ ਦਾ ਜ਼ਮੀਨੀ ਹਕੀਕਤ ਤੋਂ ਦੂਰ ਹੋਣ ਦੀ ਗਵਾਹੀ ਭਰਦਾ ਹੈ।ਕੈਪਟਨ ਦੇ ਰਾਸ਼ਟਰਵਾਦੀ ਝੁਕਾਅ, ਸਿੱਖ ਨੌਜਵਾਨਾਂ ਉੱਪਰ ਰਾਸ਼ਟਰ-ਵਿਰੋਧੀ ਗਤੀਵਿਧੀਆਂ ਦਾ ਦੋਸ਼ ਮੜ੍ਹ ਕੇ ਉਨ੍ਹਾਂ ਨੂੰ ਜੇਲ ਵਿਚ ਸੁੱਟਣ ਕਰਕੇ ਅਤੇ ਬਿਨ੍ਹਾਂ ਵਜ੍ਹਾ ਡਰ ਦਾ ਮਾਹੌਲ ਪੈਦਾ ਕਰਨ ਕਰਕੇ ਉਸ ਦੇ ਸਮਰਥਕ ਕੁਝ ਕੁ ਹਿੰਦੂ ਵੋਟਰ ਹਨ।
੨੦੧੭ ਵਿਚ ਮਹਾਰਾਜੇ ਦੀ ਭਾਰੀ ਜਿੱਤ ਨੇ ਇਸ ਪਾਰਟੀ ਦੇ ਪੁਰਾਣੇ ਜਲੌਅ ਦੇ ਮੁੜ ਸੁਰਜੀਤ ਹੋਣ ਦੀ ਉਮੀਦ ਪੈਦਾ ਕੀਤੀ ਸੀ।ਕੈਪਟਨ ਉਨ੍ਹਾਂ ਕੁਝ ਕੁ ਰਾਜਨੇਤਾਵਾਂ ਵਿਚੋਂ ਆਉਂਦਾ ਹੈ ਜਿਨ੍ਹਾਂ ਨੇ ਭਾਰਤੀ ਫੌਜ ਵਿਚ ਆਪਣੀ ਜ਼ਿੰਮੇਵਾਰੀ ਨਿਭਾਈ।ਕੈਪਟਨ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ੧੯੮੦ ਵਿਚ ਕੀਤੀ ਸੀ ਜਦੋਂ ਉਹ ਕਾਂਗਰਸ ਪਾਰਟੀ ਰਾਹੀ ਸੰਸਦ ਦਾ ਮੈਂਬਰ ਬਣਿਆ ਸੀ।੧੯੮੪ ਵਿਚ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦੇ ਰੋਸ ਵਜੋਂ ਉਸ ਨੇ ਸੰਸਦ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਛੱਡ ਦਿੱਤੀ।ਕੁਝ ਸਮਾਂ ਅਕਾਲੀ ਦਲ ਵਿਚ ਰਹਿਣ ਤੋਂ ਬਾਅਦ ਉਹ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਅਤੇ ੨੦੦੨ ਵਿਚ ਸਰਕਾਰ ਬਣਾਈ।੧੯੮੦ਵਿਆਂ ਵਿਚ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਸਮੇਂ ੧੯੮੨ ਵਿਚ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਹ ਸਤਲੁਜ-ਯਮੁਨਾ ਲੰਿਕ ਨਹਿਰ ਦੀ ਖੁਦਾਈ ਵੇਲੇ ਉਸਦੀ ਸ਼ਮੂਲੀਅਤ ਰਹੀ।

ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦੇ ਸ਼ਾਹੀ ਘਰਾਣੇ ਨਾਲ ਸੰਬੰਧਿਤ ਹੈ। ਉਸ ਦਾ ਦਾਦਾ ਭੁਪਿੰਦਰ ਸਿੰਘ ਹੋਰ ਰਾਜਿਆਂ ਦੀ ਤਰਾਂ ਬਸਤੀਵਾਦੀ ਹਕੂਮਤ ਦਾ ਸਮਰਥਕ ਰਿਹਾ।੧੯੧੯ ਵਿਚ ਜਲਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਵੀ ਉਸ ਨੇ ਅੰਗਰੇਜ਼ਾਂ ਦੀ ਹਮਾਇਤ ਕੀਤੀ।ਲੈਫਟੀਨੈਂਟ ਗਵਰਨਰ ਓਡਾਇਰ ਨੇ ਆਪਣੀ ਆਤਮਕਥਾ ਵਿਚ ਇੰਕਸ਼ਾਫ ਕੀਤਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਬ੍ਰਿਟਿਸ਼ ਰਾਜ ਦਾ ਸਾਥ ਦਿੱਤਾ।ਇਸ ਤਰਾਂ ਦੀ ਗੁਲਾਮ ਮਾਨਸਿਕਤਾ ਉਸ ਸਮੇਂ ਰਾਜਸ਼ਾਹੀ ਪ੍ਰਬੰਧ ਦਾ ਹਿੱਸਾ ਸੀ, ਜਿਨ੍ਹਾਂ ਦੀਆਂ ਪੁਸ਼ਤਾਂ ਹੁਣ ਵੀ ਸੱਤਾਧਾਰੀ ਧਿਰ ਵਿਚ ਸ਼ਾਮਿਲ ਹਨ।ਹੁਣ ਜਦੋਂ ਭਾਰਤੀ ਲੋਕ ਅਤੇ ਸਰਕਾਰ ਬ੍ਰਿਟਿਸ਼ ਹਕੂਮਤ ਤੋਂ ਜਲ੍ਹਿਆਂਵਾਲੇ ਬਾਗ ਦੇ ਸਾਕੇ ਲਈ ਮਾਫੀ ਦੀ ਮੰਗ ਕਰ ਰਹੇ ਹਨ ਤਾਂ ਲੋਕਾਂ ਨੂੰ ਇਹ ਨਹੀਂ ਭੁੱਲ ਜਾਣਾ ਚਾਹੀਦਾ ਕਿ ਪੰਜਾਬ ਦੇ ਮਹਾਰਾਜਿਆਂ ਅਤੇ ਕੁਲੀਨਾਂ, ਜੋ ਅਜੇ ਵੀ ਮੌਜੂਦ ਹਨ, ਨੇ ਬ੍ਰਿਟਿਸ਼ ਰਾਜ ਦਾ ਸਾਥ ਦਿੱਤਾ।ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੇ ੧੯੪੭ ਦੀ ਵੰਡ ਸਮੇਂ ਪੂਰਬੀ ਪੰਜਾਬ ਵਿਚੋਂ ਮੁਸਲਮਾਨਾਂ ਦਾ ਸਫਾਇਆ ਕਰਨ ਵਿਚ ਸ਼ਮੂਲੀਅਤ ਰਹੀ ਸੀ।੨੦੧੭ ਦੇ ਰਾਜਨੀਤਿਕ ਅਭਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਅਕਸਰ ਹੀ ਵਿਦਿਆਰਥੀਆਂ, ਆਮ ਲੋਕਾਂ ਅਤੇ ਕਿਸਾਨਾਂ ਨਾਲ ਗੱਲ-ਬਾਤ ਕਰਦੇ ਦੇਖਿਆ ਜਾ ਸਕਦਾ ਸੀ, ਪਰ ਹੌਲੀ-ਹੌਲ਼ੀ ਉਹ ਆਮ ਲੋਕਾਂ ਹੀ ਨਹੀਂ ਬਲਕਿ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਗਿਆ।ਕੈਪਟਨ ਦੀ ਰਾਜਨੀਤਿਕ ਪੂੰਜੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ ਅਤੇ ਇਸ ਦੇ ਨਾਲ ਹੀ ਧਾਰਮਿਕ ਮੁੱਦਿਆਂ ਅਤੇ ਨਸ਼ਿਆਂ ਦੇ ਜੰਜਾਲ ਨੂੰ ਲੈ ਕੇ ਉਸ ਦੀ ਦ੍ਰਿਸ਼ਟੀ ਵਿਚ ਵੀ ਬਦਲਾਅ ਆ ਗਿਆ।ਪਰ ਉਸ ਦੇ ਕਾਰਜਕਾਲ ਵਿਚ ਅਨਾਜ ਦੀ ਸਰਕਾਰੀ ਖਰੀਦ ਦੇ ਸਹੀ ਪ੍ਰਬੰਧਨ ਅਤੇ ਕਿਸਾਨ ਅੰਦੋਲਨ ਨੂੰ ਅਸਿੱਧੇ ਰੂਪ ਵਿਚ ਦਿੱਤੇ ਸਮਰਥਨ ਨੇ ਉਸ ਲਈ ਸਾਕਾਰਤਮਕ ਰਵੱਈਆ ਬਣਾਇਆ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਉਸ ਨੂੰ ਬਾਦਲ ਪਰਿਵਾਰ ਤੋਂ ਬਿਹਤਰ ਸਿੱਖ ਨੇਤਾ ਮੰਨਿਆ ਗਿਆ।੨੦੨੨ ਦੀਆਂ ਅਸੈਂਬਲ਼ੀ ਚੋਣਾਂ ਦੀ ਤਿਆਰੀ ਕਰ ਰਹੀ ਕਾਂਗਰਸ ਪਾਰਟੀ ਲਈ ਅਮਰਿੰਦਰ ਸਿੰਘ ਗੈਰ-ਜ਼ਰੂਰੀ (liability) ਹੋ ਗਿਆ।