ਅਪ੍ਰੈਲ-ਮਈ ਵਿੱਚ ਭਾਰਤ ਦੀ ਸਿਆਸੀ ਸੱਤਾ ਉਤੇ ਕਾਬਜ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਹੁਣ ਹਰਿਆਣਾਂ ਅਤੇ ਮਹਾਰਾਸ਼ਟਰ ਵਿੱਚ ਵੀ ਆਪਣੀ ਸਰਕਾਰ ਬਣਾ ਲਈ ਹੈ। ਦੋਹਾਂ ਰਾਜਾਂ ਵਿੱਚ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਿਯੋਗੀ ਰਾਸ਼ਟਰਵਾਦੀ ਜਥੇਬੰਦੀਆਂ ਲਈ ਇਹ ਜਸ਼ਨ ਦਾ ਸਮਾਂ ਹੈ ਕਿਉਂਕਿ ਜਿਸ ਪੱਧਰ ਤੇ ਉਨ੍ਹਾਂ ਨੂੰ ਸਿਆਸੀ ਹਮਾਇਤ ਅਤੇ ਜਿੱਤਾਂ ਮਿਲੀਆਂ ਹਨ ਉਸਦਾ ਅੰਦਾਜ਼ਾ ਤਾਂ ਉਨ੍ਹਾਂ ਨੂੰ ਆਪ ਵੀ ਨਹੀ ਸੀ। ਲੋਕ ਸਭਾ ਚੋਣਾਂ ਵਿੱਚ ਜਿਵੇਂ ਨਰਿੰਦਰ ਮੋਦੀ ਨੇ ਦੋ ਥਾਵਾਂ ਤੋਂ ਚੋਣ ਲੜੀ, ਜਿਵੇਂ ਭਾਜਪਾ ਦੇ ਵੱਡੇ ਨੇਤਾ ਲਾਲ ਕਿਸ਼ਨ ਅਡਵਾਨੀ ਨੇ ਗੁਜਰਾਤ ਵਿੱਚ ਚੋਣ ਲੜਨ ਤੋਂ ਇਹ ਕਹਿੰਦਿਆਂ ਨਾਹ ਕਰ ਦਿੱਤੀ ਸੀ ਕਿ ਉਨ੍ਹਾਂ ਨੂੰ ਹਰਾਉਣ ਦੀ ਸਾਜਿਸ਼ ਹੋ ਰਹੀ ਹੈ, ਉਸ ਦੇ ਮੱਦੇ ਨਜ਼ਰ ਇਹ ਗੱਲ ਹਰ ਕੋਈ ਮੰਨ ਸਕਦਾ ਹੈ ਕਿ ਭਾਜਪਾ ਨੂੰ ਆਪਣੀ ਜਿੱਤ ਦੇ ਅੰਦਾਜ਼ੇ ਨਹੀ ਸਨ।

ਭਾਰਤ ਦੇ ਸਿਆਸੀ ਇਤਿਹਾਸ ਵਿੱਚ ੧੯੪੦-ਵਿਆਂ ਤੋਂ ਬਾਅਦ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਦੇਸ਼ ਦੇ ਇੱਕ ਅਜਿਹੇ ਹਿੱਸੇ ਨੂੰ ਹਿੰਦੂ ਰਾਸ਼ਟਰਵਾਦ ਨੇ ਮੋਹਿਆ ਹੋਵੇ ਜੋ ਸਰਕਾਰਾਂ ਬਣਾਉਣ ਦੀ ਤਾਕਤ ਰੱਖਦਾ ਹੈ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹਿੰਦੂ ਰਾਸ਼ਟਰਵਾਦੀਆਂ ਨੂੰ ਮਿਲੀ ਰਿਹ ਹਮਾਇਤ ਸਿਆਸੀ ਮਾਹਰਾਂ ਲਈ ਕਾਫੀ ਅਚੰਭਾਜਨਕ ਹੈ।

ਪ੍ਰਸਿੱਧ ਚਿੰਤਕ ਬੀਬੀ ਅਨਯਾਇਨਾ ਵਾਜਪਾਈ ਦੇ ਸ਼ਬਦਾਂ ਵਿੱਚ ਹਾਲੇ ਇਹ ਗੱਲ ਸਪਸ਼ਟ ਨਹੀ ਹੈ ਕਿ ਭਾਜਪਾ ਦੀ ਜਿੱਤ ਪਿੱਛੇ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦਾ ਕਿੰਨਾ ਯੋਗਦਾਨ ਹੈ। ਫਾਰਨ ਅਫੇਅਰਜ਼ ਦਾ ਤਾਜ਼ਾ ਅੰਕ ਵਿੱਚ ਲਿਖੇ ਲੇਖ ਵਿੱਚ ਉਸ ਵਿਦਵਾਨ ਦਾ ਕਹਿਣਾਂ ਹੈ ਕਿ ਦੇਸ਼ ਦੇ ਲੋਕਾਂ ਨੇ ਆਰਥਕ ਹਾਲਤ ਸੁਧਾਰਨ ਲਈ ਮੋਦੀ ਲਹਿਰ ਨੂੰ ਵੋਟ ਪਈ ਹੈ ਜਾਂ ਹਿੰਦੂ ਰਾਸ਼ਟਰਵਾਦ ਦੀ ਲਹਿਰ ਨੂੰ ਵੋਟ ਪਾਈ ਹੈ ਇਸ ਬਾਰੇ ਗੰਭੀਰ ਖੋਜ ਕੀਤੀ ਜਾਣੀ ਚਾਹੀਦੀ ਹੈ।

ਹੁਣ ਜਦੋਂ ਦੇਸ਼ ਦੇ ਦੋ ਵੱਡੇ ਰਾਜਾਂ ਵਿੱਚ ਵੀ ਭਾਜਪਾ ਨੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ ਇਸ ਸਥਿਤੀ ਵਿੱਚ ਧਰਮ-ਨਿਰਪੱਖ ਵਿਦਵਾਨਾਂ ਲਈ ਇਹ ਸੁਆਲ ਕਾਫੀ ਗੁੰਝਲਦਾਰ ਬਣਦਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਉਤੇ ਹਿੰਦੂ-ਰਾਸ਼ਟਰਵਾ ਦੀ ਵਿਚਾਰਧਾਰਾ ਦਾ ਪ੍ਰਭਾਵ ਕਿੰਨਾ ਕੁ ਹੈ।

ਮੋਦੀ ਦੀਆਂ ਸਰਗਰਮੀਆਂ ਕਾਰਨ ਕੁਝ ਹਲਕਿਆਂ ਵਿੱਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਉਸਨੇ ਹਿੰਦੂ-ਰਾਸ਼ਟਰ ਦੀ ਵਿਚਾਰਧਾਰਕ ਪਹੁੰਚ ਸਿਰਫ ਚੋਣਾਂ ਜਿੱਤਣ ਲਈ ਹੀ ਅਪਣਾਈ ਸੀ ਅਤੇ ਹੁਣ ਦੇਸ਼ ਦੀ ਆਰਥਿਕ ਨੀਤੀ ਅਤੇ ਵਿਦੇਸ਼ ਨੀਤੀ ਲਈ ਉਨ੍ਹਾਂ ਨੂੰ ਇਹ ਕੱਟੜ ਵਿਚਾਰਧਾਰਾ ਦਾ ਤਿਆਗ ਕਰਨਾ ਪਵੇਗਾ। ਜੇ ਮੋਦੀ ਅਜਿਹਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਫਰੀਦ ਜ਼ਕਰੀਆ ਦੇ ਸ਼ਬਦਾਂ ਵਿੱਚ ਕੱਟੜ ਪੰਥੀਆਂ ਨੂੰ ਇੱਕ ਪਾਸੇ ਕਰ ਸਕਦੇ ਹਨ ਪਰ ਜੇ ਕੱਟੜਪੰਥੀਆਂ ਨੇ ਆਪਣਾਂ ਜਾਲ ਬੁਣਨਾ ਜਾਰੀ ਰੱਖਿਆ ਤਾਂ ਪ੍ਰਧਾਨ ਮੰਤਰੀ ਬਣੇ ਮੋਦੀ ਲਈ ਸਿਆਸੀ ਚੌਰਾਹਾ ਸਾਹਮਣੇ ਆ ਜਾਵੇਗਾ।

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਅਤੇ ਹੁਣ ਦੋ ਰਾਜਾਂ ਵਿੱਚ ਆਪਣੀ ਜਿੱਤ ਦੇ ਝੰਡੇ ਗੱਡਣ ਤੋਂ ਬਾਅਦ ਕੱਟੜ ਹਿੰਦੂ-ਰਾਸ਼ਟਰਵਾਦੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਉਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਉਹ ਵਾਰ ਵਾਰ ਛੇੜਾਂ ਛੇੜਨ ਦੇ ਯਤਨ ਕਰ ਰਹੇ ਹਨ। ਭਾਜਪਾ ਦੀ ਮਾਤਰੀ ਜਥੇਬੰਦੀ ਸੰਘ ਪਰਿਵਾਰ ਨੇ ਵਾਰ ਵਾਰ ਹਿੰਦੂ ਰਾਸ਼ਟਰ ਦਾ ਨਾਹਰਾ ਲਾਉਣਾਂ ਅਰੰਭ ਕਰ ਦਿੱਤਾ ਹੈ।

ਵੀਰ ਸਰਵਾਰਕਰ ਦੇ ਵਿਚਾਰਧਾਰਕ ਹਿੰਦੂ-ਰਾਸ਼ਟਰਵਾਦ ਦੇ ਅਧਾਰ ਤੇ ਸੰਘ ਪਰਿਵਾਰ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਹਿੰਦੂ ਆਖਣ ਅਤੇ ਬਣਾਉਣ ਲਈ ਯਤਨਸ਼ੀਲ ਹੋ ਗਿਆ ਹੈ। ਵੀਰ ਸਰਵਾਰਕਰ ਜਿਸਨੂੰ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦਾ ਪਿਤਾਮਾ ਆਖਿਆ ਜਾਂਦਾ ਹੈ ਦਾ ਰਾਸ਼ਟਰਵਾਦ ਕਾਫੀ ਆਪਾ ਵਿਰੋਧਾਂ ਨਾਲ ਭਰਪੂਰ ਹੈ। ਉਸਦਾ ਮੰਨਣਾਂ ਸੀ ਕਿ, “ਕੋਈ ਵੀ ਭਾਰਤੀ ਹਿੰਦੁਸਤਾਨ ਨਾਲ ਇਸ ਕਰਕੇ ਆਪਣੀ ਪਹਿਚਾਣ ਨਾ ਜੋੜੇ ਕਿ ਉਸਦਾ ਜਨਮ ਇਸ ਧਰਤੀ ਤੇ ਹੋਇਆ ਹੈ ਬਲਕਿ ਇਸ ਲਈ ਕਿ ਉਹ ਹਿੰਦੂ ਸੱਭਿਅਤਾ ਵਿੱਚ ਵਿਸ਼ਵਾਸ਼ ਰੱਖਦਾ ਹੈ ਜਿਸਦੇ ਨਾਇਕ, ਤਿਉਹਾਰ, ਖਲਨਾਇਕ, ਚਿੰਤਨ, ਸਾਹਿਤ ਅਤੇ ਇਤਿਹਾਸ ਸਾਂਝਾ ਹੈ।”

ਵੀਰ ਸਰਵਾਰਕਰ ਦੀ ਇਹ ਪਰਿਭਾਸ਼ਾ ਭਾਰਤ ਦੇ ਪ੍ਰਸਿੱਧ ਵਿਦਵਾਨ ਰਬਿੰਦਰਨਾਥ ਟੈਗੋਰ ਦੇ ਵਿਚਾਰਾਂ ਨਾਲ ਬਿਲਕੁਲ ਮੇਲ ਨਹੀ ਖਾਂਦੀ। ਭਾਰਤੀ ਰਾਸ਼ਟਰਵਾਦ ਬਾਰੇ ਉਨ੍ਹਾਂ ਉਸ ਸਮੇਂ ਸਭ ਤੋਂ ਜਿਆਦਾ ਭਾਸ਼ਣ ਦਿੱਤੇ ਜਦੋਂ ਸਰਵਾਰਕਰ ਆਪਣੀ ਪਰਿਭਾਸ਼ਾ ਪੇਸ਼ ਕਰ ਰਿਹਾ ਸੀ। ਟੈਗੋਰ ਨੇ ਅਮਰੀਕਾ ਵਿੱਚ ਭਾਰਤੀ ਰਾਸ਼ਟਰਵਾਦ ਬਾਰੇ ਗਿਆਨਭਰਪੂਰ ਭਾਸ਼ਣ ਦੇਂਦਿਆਂ ਆਖਿਆ ਸੀ ਕਿ, “ਭਾਰਤ ਇੱਕ ਭੂੰ-ਖ਼ੰਡ ਵਿੱਚ ਵਸੇ ਹੋਏ ਬਹੁਤ ਸਾਰੇ ਮੁਲਕਾਂ ਵਰਗਾ ਦੇਸ਼ ਹੈ, ਜਿਸਦੇ ਨਾਇਕ, ਤਿਉਹਾਰ, ਸਾਹਿਤ ਅਤੇ ਬੋਲੀਆਂ ਵੱਖਰੀਆਂ ਹਨ।” ਟੈਗੋਰ ਆਖਦੇ ਹਨ ਕਿ ਇਸੇ ਲਈ ਭਾਰਤ ਵਿੱਚ ਅਮਰੀਕਾ ਜਾਂ ਯੂਰਪ ਵਰਗਾ ਰਾਸ਼ਟਰਵਾਦ ਕਾਇਮ ਨਹੀ ਹੋ ਸਕੇਗਾ। ਟੈਗੋਰ ਨੇ ਆਖਿਆ ਕਿ ਯੂਰਪ ਕਈ ਭੂੰ-ਖੰਡਾਂ ਵਿੱਤ ਵਸਿਆ ਇੱਕ ਦੇਸ਼ ਹੈ ਪਰ ਭਾਰਤ ਇੱਕ ਭੂੰ-ਖੰਡ ਵਿੱਚ ਵਸਦੇ ਕਈ ਦੇਸ਼ ਹਨ।

ਜਿਸ ਵੇਲੇ ਵਿਚਾਰਧਾਰਕ ਤੌਰ ਤੇ ਦੇਸ਼ ਦੇ ਰਾਸ਼ਟਰਵਾਦ ਬਾਰੇ ਏਨਾ ਵੱਡਾ ਵਿਰੋਧਾਭਾਸ ਹੋਵੇ ਉਸ ਸਥਿਤੀ ਵਿੱਚ ਹਿੰਦੂਰਾਸ਼ਟਰਵਾਦੀਆਂ ਦੀ ਜਿੱਤ ਅਤੇ ਉਨ੍ਹਾਂ ਦੇ ਅਸਲ ਨਿਸ਼ਾਨੇ ਕੀ ਹੋਣਗੇ, ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿੱਚ ਇਸ ਸੁਆਲ ਦੀਆਂ ਅਮਲੀ ਪਰਤਾਂ ਸਭ ਦੇ ਸਾਹਮਣੇ ਖੁਲ਼੍ਹਣਗੀਆਂ।