ਜੂਨ ੬, ੧੯੮੪ ਦੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਸਾਕੇ ਨੂੰ ਅੱਜ ੩੪ ਸਾਲ ਬੀਤ ਗਏ ਹਨ। ਮੌਜੂਦਾ ਸਮੇਂ ਅਤੇ ਬੀਤੀ ਹੋਈ ਸਦੀ ਦਾ, ਭਾਰਤ ਦੀ ਅਜ਼ਾਦੀ ਤੋਂ ਬਾਅਦ ਦਾ ਇਹ ਵੱਡਾ ਘਟਨਾ ਕ੍ਰਮ ਸੀ।

੩੪ ਸਾਲ ਬੀਤ ਜਾਣ ਬਾਅਦ ਜੇ ਇਸ ਮੌਜੂਦਾ ਸਮੇਂ ਦੇ ਸਿੱਖ ਘੱਲੂਘਾਰੇ ਬਾਰੇ ਵਿਚਾਰ ਕਰੀਏ ਤਾਂ ਇਸਦਾ ਮੁੱਢ ਭਾਰਤ ਦੀ ਅਜ਼ਾਦੀ ਸਮੇਂ, ਸਿੱਖ ਲੀਡਰਸ਼ਿਪ ਦੀ ਦੂਰ ਅੰਦੇਸ਼ੀ ਦਾ ਨਾ ਹੋਣਾ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ। ੧੯੪੭ ਸਮੇਂ ਸਿੱਖ ਕੌਮ ਅੰਗਰੇਜ਼ਾਂ ਸਾਹਮਣੇ ਜਦੋਂ ਵੰਡ ਦਾ ਮੁੱਦਾ ਸੀ ਤਾਂ ਇੱਕ ਤੀਜ਼ੀ ਧਿਰ ਵਜੋਂ ਮੌਜੂਦ ਸੀ। ਇਸੇ ਲਈ ਅੰਗਰੇਜ਼ਾਂ ਨੇ ਸਿੱਖ ਨੁਮਾਇੰਦਿਆਂ ਨੂੰ ਉਚੇਚੇ ਤੌਰ ਤੇ ਮੀਟਿੰਗਾਂ ਵਿੱਚ ਸ਼ਾਮਿਲ ਕੀਤਾ ਸੀ। ਦੂਜੀਆਂ ਦੋ ਧਿਰਾਂ ਵਿੱਚ ਇੱਕ ਭਾਰਤੀ ਕਾਂਗਰਸ ਪਾਰਟੀ ਸੀ ਜੋ ਭਾਰਤੀ ਹਿੰਦੂਤਵ ਦੀ ਪ੍ਰਤੀਨਿਧਤਾਂ ਕਰਦੀ ਸੀ ਤੇ ਦੂਸਰੀ ਮੁਸਲਿਮ ਲੀਗ ਸੀ ਜੋ ਭਾਰਤੀ ਮੁਸਲਮਾਨਾਂ ਦੀ ਪ੍ਰਤੀਨਿਧ ਸੀ। ਤੀਜੀ ਧਿਰ ਉਸ ਸਮੇਂ ਸਿੱਖ ਕੌਮ ਸੀ। ਜਿਸ ਨੂੰ ਅੰਗਰੇਜਾਂ ਨੇ ਅਜ਼ਾਦੀ ਸਮੇਂ ਦੇ ਹਰ ਵਾਰਤਾਲਾਪ ਵਿੱਚ ਸ਼ਾਮਿਲ ਕੀਤਾ ਸੀ। ਪਰ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਆਪਣੇ ਆਪ ਨੂੰ ਤੇ ਸਿੱਖ ਕੌਮ ਦੇ ਭਵਿੱਖ ਨੂੰ ਭਾਰਤੀ ਕਾਂਗਰਸ ਪਾਰਟੀ ਨਾਲ ਹੀ ਸੁਰੱਖਿਅਤ ਰੱਖਣਾ ਬੇਹਤਰ ਸਮਝਿਆ ਸੀ। ਭਾਵੇਂ ਕਿ ਅਜ਼ਾਦੀ ਦੇ ਥੋੜੇ ਮਹੀਨਿਆਂ ਬਾਅਦ ਹੀ ਉਸ ਸਿੱਖ ਲੀਡਰਸ਼ਿਪ ਨੂੰ ਭਾਰਤ ਅੰਦਰ ਉਸ ਕਾਂਗਰਸ ਪਾਰਟੀ ਨੇ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਸਿੱਖ ਕੌਮ ਵੱਖਰੀ ਕੌਮ ਨਹੀਂ ਹੈ, ਸਗੋਂ ਇਹ ਹਿੰਦੂ ਪ੍ਰਣਾਲੀ ਦੇ ਮੁਹਤੈਤ ਵਿਚਰ ਸਕੇਗੀ।

੧੯੪੭ ਤੋਂ ਬਾਅਦ ਸਿੱਖ ਕੌਮ ਅੰਦਰ ਸਿੱਖ ਲੀਡਰਸ਼ਿਪ ਵੱਲੋਂ ੧੯੪੭ ਸਮੇਂ ਚੁੱਕੇ ਕਦਮਾਂ ਕਾਰਨ ਭਾਰਤੀ ਨਿਜ਼ਾਮ ਅੰਦਰ ਘੁੱਟਣ ਮਹਿਸੂਸ ਦੀ ਚੀਸ ਤੇ ਅਸੁਰੱਖਿਅਤ ਹੋਣ ਦਾ ਸਹਿਮ ਸਿਸਕਦਾ ਹੋਇਆ ਜੂਨ ੧੯੮੪ ਦੇ ਦਰਬਾਰ ਸਾਹਿਬ ਦੇ ਘੱਲੂਕਾਰੇ ਦੇ ਰੂਪ ਵਿੱਚ ਸਾਹਮਣੇ ਆਇਆ। ਇਹ ਭਾਵੇਂ ਵਿਚਾਰ ਦਾ ਵਿਸ਼ਾ ਹੈ ਜੋ ਮੰਗ ਕਰਦਾ ਹੈ ਕਿ ਹੁਣ ਦੀ ਸਿੱਖ ਲੀਡਰਸ਼ਿਪ ਸਿੱਖ ਕੌਮ ਨੂੰ ਘੱਟੋ-ਘੱਟ ੩੪ ਸਾਲਾਂ ਬਾਅਦ ਕੋਈ ਵਿਸ਼ਲੇਸ਼ਣ ਕਰਕੇ ਮੁੱਖ ਰੂਪ ਵਿੱਚ ਦਰਬਾਰ ਸਾਹਿਬ ਦੇ ਸਾਕੇ ਦੇ ਕਾਰਨਾਂ ਬਾਰੇ ਵਿਚਾਰ ਕਰਕੇ ਖੁੱਲ ਕੇ ਦੱਸ ਸਕੇ ਤਾਂ ਜੋ ਦਰਬਾਰ ਸਾਹਿਬ ਦੇ ਸਾਕੇ ਦੌਰਾਨ ਹੋਈਆਂ ਮਹਾਨ ਸ਼ਹਾਦਤਾਂ ਤੇ ਉਸ ਵਿਚੋਂ ਉਪਜੇ ਸਿੱਖ ਸੰਘਰਸ਼ ਦੌਰਾਨ ਹੋਏ ਸਿੱਖ ਨੌਜਵਾਨੀ ਦੇ ਘਾਣ ਦਾ ਸਿੱਖ ਕੌਮ ਅੰਦਰ ਕੋਈ ਮਹੱਤਵ ਬਣ ਸਕੇ ਨਾ ਕਿ ਇਸਨੂੰ ਭਾਰਤੀ ਨਿਜ਼ਾਮ ਦੇ ਵਿਚਾਰ ਤੇ ਅਸਰ ਅਧੀਨ ਸਿੱਖ ਅੱਤਵਾਦ ਦੇ ਮੁੱਦੇ ਵਿੱਚ ਹੀ ਸੀਮਿਤ ਰੱਖਿਆ ਜਾਵੇ।

ਅੱਜ ੩੪ ਸਾਲਾਂ ਬਾਅਦ ਜੇ ਦਰਬਾਰ ਸਾਹਿਬ ਦੇ ਸਾਕੇ ਪ੍ਰਤੀ ਜੇ ਵਿਚਾਰ ਅਧੀਨ ਸੋਚਿਆ ਜਾਵੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਜਿਸ ਮਕਸਦ ਤੇ ਉਦੇਸ਼ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਅਗਵਾਈ ਵਿੱਚ ਜੋ ਰੂਪ ਰੇਖਾ ਸੋਚੀ ਤੇ ਸਮਝੀ ਗਈ ਸੀ ਉਹ ਕਿਸੇ ਤਣ-ਪੱਤਵ ਲੱਗਣ ਤੋਂ ਅਸਮਰਥ ਜਾਪਦੀ ਹੈ। ਸਿੱਖ ਕੌਮ ਇੰਨੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਵੀ ਭਾਰਤੀ ਨਿਜ਼ਾਮ ਅੰਦਰ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਿਵਾਉਣ ਤੋਂ ਵੀ ਅਸਮਰਥ ਹੈ।

੩੪ ਸਾਲਾਂ ਵਿੱਚ ਦਰਬਾਰ ਸਾਹਿਬ ਦੇ ਸਾਕੇ ਤੋਂ ਬਾਅਦ ਲਗਾਤਾਰ ਇਹ ਪੱਖ ਜਰੂਰ ਸਾਹਮਣੇ ਆਇਆ ਹੈ ਕਿ ਸਿੱਖ ਲੀਡਰਸ਼ਿਪ ਸਿੱਖ ਕੌਮ ਨੂੰ ਘੱਲੂ ਘਾਰਾ ਦਿਵਸ ਦੀ ਅਰਦਾਸ ਵਿੱਚ ਵੀ ਇੱਕ ਜੁੱਟਤਾ ਦੀ ਲੜੀ ਵਿੱਚ ਨਹੀਂ ਪਰੋ ਸਕੀ। ਇਥੋਂ ਤੱਕ ਕੇ ਲੰਮੇ ਸਮੇਂ ਤੋਂ ਇਸ ਅਰਦਾਸ ਦਿਵਸ ਮੌਕੇ ਸਿੱਖ ਅਜ਼ਾਦੀ ਦੇ ਨਾਅਰੇ ਤਾਂ ਬੜੀ ਬੁਲੰਦੀ ਨਾਲ ਲਾਏ ਜਾਂਦੇ ਹਨ ਤੇ ਧਾਰਮਿਕ ਅਸਥਾਨਾਂ ਤੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਇਸਦਾ ਅੰਤ ਅਕਾਲ ਤਖਤ ਦੇ ਸਾਹਮਣੇ ਸਿੱਖਾਂ ਵੱਲੋਂ ਆਪਸੀ ਹਲਵਾਰਾਂ ਤੇ ਡਾਗਾਂ ਕੱਢੀਆਂ ਜਾਂਦੀਆਂ ਹਨ ਤੇ ਆਪਣੀ ਹੀ ਕੌਮ ਦੀਆਂ ਪੱਗਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਅਜਿਹੀਆਂ ਘਟਨਾਵਾਂ ਹੀ ੩੪ ਸਾਲਾਂ ਬਾਅਦ ਅਰਦਾਸ ਦਿਵਸ ਮੌਕੇ ਵਾਪਰੀਆਂ ਹਨ ਜਿਸ ਨੂੰ ਭਾਰਤੀ ਮੀਡੀਆਂ ਖੁੱਲ ਕੇ ਪੇਸ਼ ਕਰਦਾ ਹੈ ਤਾਂ ਜੋ ਸਿੱਖਾਂ ਦੇ ਘੱਲੂਘਾਰੇ ਨੂੰ ਅਜਿਹੀਆਂ ਘਟਨਾਵਾਂ ਹੇਠ ਹੀ ਦਬਾ ਦਿੱਤਾ ਜਾਵੇ।

ਅੱਜ ੩੪ ਸਾਲਾਂ ਬਾਅਦ ਸਿੱਖ ਕੌਮ ਅਜਿਹੇ ਮੋੜ ਤੇ ਹੈ ਜਿਥੇ ਸਿੱਖ ਕੌਮ ਨਾਲ ਸਬੰਧਤ ਕਿਸਾਨੀ, ਮਜ਼ਦੂਰ ਅਤੇ ਸਿੱਖ ਨੌਜਵਾਨੀ ਪੂਰੀ ਤਰਾਂ ਬੇਵੱਸ ਦਿਖਾਈ ਦੇ ਰਹੀ ਹੈ ਅਤੇ ਅੱਜ ਉਹ ਇਸ ਤਲਾਸ਼ ਵਿੱਚ ਹੈ ਕਿ ਕੋਈ ਪੰਥਕ ਲੀਡਰ ਕਦੋਂ ਕੌਮ ਦੀ ਸਹੀ ਅਗਵਾਈ ਕਰਕੇ ਇਸਨੂੰ ਸਹੀ ਦਿਸ਼ਾ ਦੇ ਕੇ ਬੇਵੱਸੀ ਤੇ ਦੁਰਦਸ਼ਾ ਦੇ ਆਲਮ ਵਿਚੋਂ ਬਾਹਰ ਕੱਢ ਸਕੇ।