ਕੋਈ ਦੋ ਕੁ ਸਾਲ ਪਹਿਲਾਂ ਜਦੋਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਸੀ, ਉਸ ਵੇਲੇ ਪੰਜਾਬ ਵਿੱਚ ਥਾਂ ਥਾਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਸਨ। ਬਹੁਤ ਸਾਰੀਆਂ ਥਾਵਾਂ ਤੇ ਤਾਂ ਨਫਰਤ ਭਰਪੂਰ ਲੋਕਾਂ ਨੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਨਹਿਰਾਂ ਆਦਿ ਵਿੱਚ ਖਿਲਾਰ ਦਿੱਤੇ ਸਨ। ਉਸ ਵੇਲੇ ਦੀ ਸਰਕਾਰ ਅਤੇ ਪਾਤਾਲ ਵਿੱਚੋਂ ਬੰਦੇ ਲੱਭ ਲੈਣ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਿਸ ਬੇਬਸ ਜਿਹੀ ਹੋ ਗਈ ਸੀ।

ਸਿੱਖ ਸੰਗਤਾਂ ਦੇ ਮਨਾਂ ਵਿੱਚ ਆਪਣੇ ਇਸ਼ਟ ਦੀ ਬੇਅਦਬੀ ਖਿਲਾਫ ਕਾਫੀ ਰੋਹ ਪੈਦਾ ਹੋਇਆ ਅਤੇ ਇਹ ਰੋਹ ਸਾਰੇ ਪੰਜਾਬ ਵਿੱਚ ਫੈਲ ਗਿਆ ਸੀ।ਥਾਂ ਥਾਂ ਸਿੱਖਾਂ ਨੇ ਜਮਹੂਰੀ ਢੰਗ ਨਾਲ ਗੁਰੂ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕੀਤਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਰੱਖ ਦਿੱਤਾ। ਜਿਹੜੀ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਿੱਚ ਸਫਲ ਨਾ ਹੋ ਸਕੀ ਉਸਦੇ ਹੁਕਮਾਂ ਤੇ ਪੁਲਿਸ ਨੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ, ਅਤੇ ਕਈ ਹੋਰਨਾ ਨੂੰ ਜ਼ਖਮੀ ਕਰ ਦਿੱਤਾ।

ਜਦੋਂ ਇਸ ਘਟਨਾ ਦਾ ਪੰਜਾਬ ਭਰ ਦੇ ਸਿੱਖਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਬਦਲਾਖੋਰੀ ਦੀ ਨੀਤੀ ਅਧੀਨ ਉਨ੍ਹਾਂ ਦੋ ਸਿੱਖ ਨੌਜਵਾਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜੋ ਉਸ ਗੋਲੀਬਾਰੀ ਵਿੱਚ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਕਿਸੇ ਵਿਦੇਸ਼ ਬੈਠੇ ਸੱਜਣ ਨਾਲ ਹੋਈ ਟੈਲੀਫੋਨ ਕਾਲ ਦਾ ਵੇਰਵਾ ਜਾਰੀ ਕਰਕੇ ਉਨ੍ਹਾਂ ਨੌਜਵਾਨਾਂ ਨੂੰ ਹੀ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਗਰਦਾਨ ਦਿੱਤਾ। ਪਰ ਜਦੋਂ ਕੁਝ ਦਿਨਾਂ ਬਾਅਦ ਸ਼ੋਸ਼ਲ ਮੀਡੀਆ ਤੇ ਸਾਰੀ ਅਸਲੀਅਤ ਸਾਹਮਣੇ ਆ ਗਈ ਤਾਂ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਮੁਖੀ ਨੂੰ ਬਰਖਾਸਤ ਕਰ ਦਿੱਤਾ।

ਪਹਿਲਾਂ ਬਾਦਲ ਸਰਕਾਰ ਨੇ ਉਨ੍ਹਾਂ ਘਟਨਾਵਾਂ ਦੀ ਜਾਂਚ ਲਈ ਕਮਿਸ਼ਨ ਬਣਾਇਆ ਜਿਸ ਨੇ ਸਿੱਖ ਪਰਚਾਰਕਾਂ ਨੂੰ ਦੋਸ਼ੀ ਗਰਦਾਨ ਕੇ, ਅਤੇ ਸੁਰੱਖਿਆ ਦੀ ਮੰਗ ਕਰਕੇ ਕੰਮ ਸਾਰ ਦਿੱਤਾ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਹੋਇਆ ਹੈ ਜਿਸਨੇ ਆਪਣੇ ਕਾਰਜ ਖੇਤਰ ਅਧੀਨ ਜਾਂਚ ਅਰੰਭ ਕੀਤੀ ਹੋਈ ਹੈ। ਇਸੇ ਸੰਦਰਭ ਵਿੱਚ ਜਸਟਿਸ ਰਣਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਭੇਜੇ ਸਨ ਪਰ ਸੁਖਬੀਰ ਸਿੰਘ ਪੇਸ਼ ਨਹੀ ਹੋਏ। ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜ ਕੇ ਆਪਣਾਂ ਪੱਖ ਰੱਖਣ ਲਈ ਆਖਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹੀ ਅੜੀ ਫੜ ਲਈ ਹੈ। ਉਲਟਾ ਉਨ੍ਹਾਂ ਬਿਆਨ ਜਾਰੀ ਕਰਕੇ ਇਹ ਕਹਿਣਾਂ ਅਰੰਭ ਕਰ ਦਿੱਤਾ ਹੈ ਕਿ ਕਮਿਸ਼ਨ ਉਨ੍ਹਾਂ ਦੀ ਬੇਇਜਤੀ ਕਰ ਰਿਹਾ ਹੈ।

ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੋਂ ਇਹ ਲਗਦਾ ਹੈ ਕਿ ਉਹ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾਲ਼ੋਂ ਆਪਣੀ ਨਿੱਜੀ ਜਿੰਦਗੀ ਬਾਰੇ ਜਿਆਦਾ ਚਿੰਤਤ ਹਨ। ਨਹੀ ਤਾਂ ਕੋਈ ਵੀ ਸੰਜੀਦਾ ਮਨੁੱਖ ਜੋ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦਾ ਸਤਿਕਾਰ ਕਰਦਾ ਹੈ ਉਹ ਕਦੇ ਵੀ ਇਹ ਨਹੀ ਸੋਚ ਸਕਦਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂਚ ਵਿੱਚ ਉਹ ਕੋਈ ਅੜਿੱਕਾ ਪਾਵੇ।

ਅਸੀਂ ਸਮਝਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸੀਨੀਅਰ ਰਾਜਸੀ ਨੇਤਾ ਹਨ। ਉਨ੍ਹਾਂ ਨੂੰ ਜਿੰਦਗੀ ਵਿੱਚ ਜੋ ਵੀ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹਨ ਉਹ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੀ ਦੇਣ ਹੈ। ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਅਜਿਹੀ ਹਰ ਜਾਂਚ ਪੜਤਾਲ ਵਿੱਚ ਸਹਿਯੋਗ ਦੇਣਾਂ ਚਾਹੀਦਾ ਹੈ ਜੋ ਸਿੱਖਾਂ ਦੇ ਰਹਿਬਰ ਦੀ ਬੇਅਦਬੀ ਨਾਲ ਸਬੰਧਿਤ ਹੋਵੇ। ਉਨ੍ਹਾਂ ਨੂੰ ਅਜਿਹੀ ਭਾਵਨਾ ਮਨ ਵਿੱਚ ਨਹੀ ਲਿਆਉਣੀ ਚਾਹੀਦੀ ਕਿ ਜਸਟਿਸ ਰਣਜੀਤ ਸਿੰਘ ਵੱਲ਼ੋਂ ਸੰਮਨ ਭੇਜਣ ਨਾਲ ਉਨ੍ਹਾਂ ਦੀ ਨਿੱਜੀ ਬੇਇਜ਼ਤੀ ਹੋ ਰਹੀ ਹੈ। ਪੰਜਾਬ ਦੇ ਭਲੇ ਲਈ ਅਤੇ ਪੰਥ ਦੇ ਭਲੇ ਲਈ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਧਰਮ ਦੇ ਮਾਮਲੇ ਵਿੱਚ ਸਾਨੂੰ ਰਾਜਨੀਤੀ ਨਹੀ ਕਰਨੀ ਚਾਹੀਦੀ।