ਜਦੋਂ ਕਿਸੇ ਵੀ ਕਤਲੇਆਮ ਨੂੰ ਮਹਿਜ਼ ਨੰਬਰਾਂ ਅਤੇ ਵਿਕਾਸ ਨੂੰ ਆਰਥਿਕ ਵਿਕਾਸ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ, ਹੱਡ-ਮਾਸ ਦੇ ਮਨੁੱਖਾਂ ਅਤੇ ਉਨ੍ਹਾਂ ਦੀਆਂ ਤ੍ਰਾਸਦੀਆਂ ਨੂੰ ਭੁਲਾ ਦਿੱਤਾ ਜਾਂਦਾ ਹੈ।

ਸਾਮਰਾਜ ਢਹਿ ਢੇਰੀ ਹੋ ਜਾਂਦੇ ਹਨ।ਗੈਂਗ ਲੀਡਰ ਸਟੇਟਸਮੈਨ ਦੀ ਤਰਾਂ ਆਕੜ ਕੇ ਚੱਲ ਰਹੇ ਹਨ।ਅਤੇ ਸਾਰੇ ਕਾਰਿਆਂ ਤੋਂ ਬਾਅਦ ਵੀ ਲੋਕਾਂ ਵਿਚ ਆਮ ਵਾਂਗ ਵਿਚਰ ਰਹੇ ਹਨ।

-ਬਰਤੋਲਤ ਬ੍ਰੈਖ਼ਤ

ਜਰਮਨ ਅਮਰੀਕੀ ਦਾਰਸ਼ਨਿਕ ਹੈਨਾ ਐਂਰਟ ਨੇ ੧੯੬੩ ਵਿਚ ਪ੍ਰਮੁੱਖ ਨਾਜ਼ੀ ਅਫਸਰ ਅਤੇ ਯਹੂਦੀਆਂ ਦੀ ਨਸਲਕੁਸ਼ੀ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਡੋਲਫ ਆਈਖਮੈਨ ਦੇ ਮੁਕੱਦਮੇ ਦੌਰਾਨ “ਬੁਰਾਈ ਦੀ ਸਾਧਾਰਣਤਾ” ਸ਼ਬਦ ਦਿੱਤਾ ਸੀ।ਯੁੱਧ ਦੌਰਾਨ ਕੀਤੇ ਅਪਰਾਧਾਂ ਕਰਕੇ ਆਈਖ਼ਮੈਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।ਐਂਰਟ ਦਾ ਬੁਨਿਆਦੀ ਥੀਸਿਸ ਹੈ ਕਿ ਨਸਲਕੁਸ਼ੀ ਜਿਹੇ ਭਿਆਨਕ ਕਾਰੇ ਜਰੂਰੀ ਨਹੀ ਕਿ ਮਨੋਰੋਗੀਆਂ ਜਾਂ ਪਰ-ਪੀੜਿਕਾਂ ਦੁਆਰਾ ਹੀ ਕੀਤੇ ਜਾਣ, ਬਲਕਿ ਇਹੋ ਜਿਹੇ ਕਾਰਿਆਂ ਨੂੰ ਆਮ, ਸਾਧਾਰਣ ਅਤੇ ਮਾਨਸਿਕ ਰੂਪ ਨਾਲ ਸਵਸਥ ਲੋਕਾਂ ਦੁਆਰਾ ਦਫਤਰੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ।ਅਠੱਤੀ ਸਾਲ ਪਹਿਲਾਂ ੧੯੮੪ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਸੌ ਹੋਰ ਸ਼ਹਿਰਾਂ ਵਿਚ ਵੀ ਅਜਿਹੇ ਹੀ ਘਿਨੌਣੇ ਕਾਰੇ ਕੀਤੇ ਗਏ ਜਦੋਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਜਿੰਦਾ ਜਲਾ ਦਿੱਤਾ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਇਕ ਦਰਖਤ ਹਿੱਲਣ ਦੇ ਸਮਾਨ ਹੀ ਦੱਸਿਆ।

੧੯੮੪ ਵਿਚ ਸਿੱਖਾਂ ਦੀ ਨਸਲਕੁਸ਼ੀ ਵਿਚ ਜਗਦੀਸ਼ ਟਾਈਟਲਰ ਦੋਸ਼ੀ ਵਿਅਕਤੀਆਂ ਵਿਚੋਂ ਇਕ ਸੀ।ਉਸ ਦਾ ਜਨਮ ਇਕ ਸਿੱਖ ਮਾਂ ਦੀ ਕੁੱਖੋਂ ਹੋਇਆ ਅਤੇ ਉਸ ਦਾ ਪਾਲਣਪੋਸ਼ਣ ਇਕ ਇਸਾਈ ਦੁਆਰਾ ਕੀਤਾ ਗਿਆ ਜੋ ਕਿ ਇਕ ਪ੍ਰਮੁੱਖ ਸਿੱਖਿਆ ਸ਼ਾਸਤਰੀ ਸੀ ਜਿਸ ਨੇ ਦਿੱਲੀ ਪਬਲਿਕ ਸਕੂਲ ਜਿਹੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ।ਟਾਈਟਲਰ ਕਾਂਗਰਸ ਦੀ ਸਰਕਾਰ ਸਮੇਂ ਕੇਂਦਰੀ ਮੰਤਰੀ ਵੀ ਰਿਹਾ ਹੈ।ਕਾਨੂੰਨ ਦੀਆਂ ਕਥਿਤ ਰੂਪ ਵਿਚ ਲੰਮੀਆਂ ਬਾਹਵਾਂ ਅਜੇ ਵੀ ਉਸ ਤੱਕ ਪਹੁੰਚ ਨਹੀਂ ਕਰ ਪਾਈਆਂ ਹਨ।ਸ਼ਾਇਦ ਉਹ ਕਦੇ ਕਰ ਵੀ ਨਾ ਪਾਉਣ ਕਿਉਂ ਕਿ ਹਜਾਰਾਂ ਹੀ ਸਿੱਖਾਂ ਨੂੰ ਵੱਢਣ-ਟੱੁਕਣ ਵਾਲੇ ਦੋਸ਼ੀਆਂ ਨੂੰ ਸਜ਼ਾ ਮਿਲਣ ਵਾਲਿਆਂ ਦੀ ਗਿਣਤੀ ਇਕ ਪ੍ਰਤੀਸ਼ਤ ਦੇ ਆਸ ਪਾਸ ਹੀ ਹੈ।

ਐਂਰਟ ਦੇ ਅਨੁਸਾਰ ਬੁਰਾਈ ਉਦੋਂ ਸਾਧਾਰਣ ਬਣ ਜਾਂਦੀ ਹੈ ਜਦੋਂ ਇਹ ਸੋਚਹੀਣ ਅਤੇ ਵਿਵਸਥਿਤ ਕਿਰਦਾਰ ਧਾਰਣ ਕਰ ਲੈਂਦੀ ਹੈ।ਬੁਰਾਈ ਉਦੋਂ ਸਾਧਾਰਣ ਬਣ ਜਾਂਦੀ ਹੈ ਜਦੋਂ ਆਮ ਲੋਕ ਇਸ ਵਿਚ ਹਿੱਸਾ ਲੈਂਦੇ ਹਨ, ਇਸ ਤੋਂ ਇਕ ਦੂਰੀ ਬਣਾ ਕੇ ਇਸ ਨੂੰ ਹਜਾਰਾਂ ਹੀ ਤਰੀਕਿਆਂ ਨਾਲ ਸਹੀ ਦਰਸਾਉਂਦੇ ਹਨ।ਉਨ੍ਹਾਂ ਨੂੰ ਕੋਈ ਨੈਤਿਕ ਉਲਝਣ ਜਾਂ ਪਛਤਾਵਾ ਨਹੀਂ ਹੁੰਦਾ।ਉਦੋਂ ਬੁਰਾਈ ਬੁਰਾਈ ਦੀ ਤਰਾਂ ਨਹੀਂ ਲੱਗਦੀ ਬਲਕਿ ਇਹ ਚਿਹਰਾ ਵਿਹੀਣ ਬਣ ਜਾਂਦੀ ਹੈ।ਬੁਰਾਈ ਦੀ ਸਾਧਾਰਣਾ ਉਦੋਂ ਵਾਪਰਦੀ ਹੈ ਜਦੋਂ ਮਨੁੱਖੀ ਅਪਰਾਧਾਂ ਨੂੰ ਸਿਰਫ ਨੰਬਰਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਇਸ ਲਈ ਅਗਰ ਅਸੀ ਸ਼ਬਦਾਵਲੀ ਬਦਲ ਲਈਏ ਤਾਂ ਕਿਸੇ ਅਪਰਾਧ ਦੀ ਗੰਭੀਰਤਾ ਅਤੇ ਮਨੁੱਖੀ ਤ੍ਰਾਸਦੀ ਦਾ ਪੈਮਾਨਾ ਵੀ ਘੱਟ ਪ੍ਰਤੀਤ ਹੁੰਦਾ ਹੈ।

ਇਸ ਬੌਧਿਕ ਪ੍ਰਵਚਨ (ਡਿਸਕੋਰਸ) ਦਾ ਪ੍ਰਤੀਬਿੰਬ ਸਾਧਾਰਣ ਲੋਕਾਂ ਵਿਚ ਵੀ ਮਿਲਦਾ ਹੈ ਜੋ ਇਹ ਮੰਨ ਲੈਂਦੇ ਹਨ ਕਿ ਸਿੱਖ ਨਸਲਕੁਸ਼ੀ ਵਰਗੀਆਂ ਘਟਨਾਵਾਂ ਲਈ ਨੈਤਿਕ ਜ਼ਿੰਮੇਵਾਰੀ ਕਿਸੇ ਤੇ ਨਹੀਂ ਪਾਈ ਜਾ ਸਕਦੀ, ਖਾਸ ਤੌਰ ਤੇ ਪ੍ਰਧਾਨ ਮੰਤਰੀ ਅਤੇ ਪਾਰਟੀ ਜੋ ਕਿ ਇਸ ਅਪਰਾਧਿਕ ਦ੍ਰਿਸ਼ ਤੋਂ ਦੂਰ ਰਹੇ ਸਨ।ਕਾਨੂੰਨ ਦੁਆਰਾ ਪ੍ਰਵਾਨਿਤ ਸਬੂਤ ਤੋਂ ਇਲਾਵਾ ਹੋਰ ਕਿਸੇ ਨੈਤਿਕ ਸੰਸਾਰ ਦੀ ਹੌਂਦ ਨਹੀਂ ਹੁੰਦੀ।ਬੇਕਸੂਰ ਹੋਣ ਦਾ ਮਤਲਬ ਕਾਨੂੰਨ ਦੀਆਂ ਨਜ਼ਰਾਂ ਵਿਚ ਬੇਕਸੂਰ ਹੋਣਾ ਹੈ।ਪਰ ਸਬੂਤ ਦੇ ਉਦੋਂ ਕੀ ਮਾਇਨੇ ਰਹਿ ਜਾਂਦੇ ਹਨ ਜਦੋਂ ਸ਼ਕਤੀਸ਼ਾਲੀ ਰਾਜਨੀਤਿਕ, ਦਫਤਰੀ ਅਤੇ ਕਾਨੂੰਨੀ ਮਸ਼ੀਨਰੀ ਸਬੂਤਾਂ ਨੂੰ ਮਿਟਾਉਣ ਲਈ ਵਰਤੀ ਜਾਂਦੀ ਹੈ ਜਿਸ ਤਰਾਂ ਕਿ ੧੯੮੪ ਦੇ ਸਿੱਖ ਕਤਲੇਆਮ ਦੇ ਸਮੇਂ ਦੇਖਣ ਨੂੰ ਮਿਲਿਆ ਸੀ।ਗੁਜਰਾਤ ਦੇ ਗੋਧਰਾ ਵਿਚ ਹੋਈ ਹਿੰਸਾ ਤੋਂ ਬਾਅਦ ਮੋਦੀ ਦੀ ਪ੍ਰਤੀਕਿਰਿਆ ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੁਆਰਾ ਕੀਤੀ ਗਈ ਟਿੱਪਣੀ ਦੇ ਤੁਲ ਹੀ ਦੇਖਿਆ ਜਾ ਸਕਦਾ ਹੈ।ਇਸ ਗਣਿਤਕ ਸਮੀਕਰਨ ਵਿਚ ਮਨੁੱਖ ਅਤੇ ਉਨ੍ਹਾਂ ਦੀਆਂ ਤ੍ਰਾਸਦੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ।ਬੁਰਾਈ ਦੀ ਸਾਧਾਰਣਾ ਉਦੋਂ ਵਾਪਰਦੀ ਹੈ ਜਦੋਂ ਗਲਤੀਆਂ ਦੇ ਪਛਤਾਵਿਆਂ ਨੂੰ ਮਹਿਜ਼ ਦਿਖਾਵੇ ਦੀ ਮਾਫੀ ਤੱਕ ਮਹਿਦੂਦ ਕਰ ਦਿੱਤਾ ਜਾਂਦਾ ਹੈ।ਜਦੋਂ ਉਹ ਅਰਥਹੀਣ ਮਾਫੀ ਵੀ ਨਹੀਂ ਦਿੱਤੀ ਜਾਂਦੀ ਤਾਂ ਅਸੀ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਪਸੀ ਮਿਲਾਪ ਕਿਸ ਤਰਾਂ ਸੰਭਵ ਹੋ ਸਕਦਾ ਹੈ?

ਫਾਸੀਵਾਦ ਉਦੋਂ ਹੀ ਆਪਣੀਆਂ ਜੜ੍ਹਾਂ ਡੂੰਘੀਆਂ ਕਰਦਾ ਹੈ ਜਦੋਂ ਮਨੁੱਖੀ ਤ੍ਰਾਸਦੀਆਂ ਨੂੰ ਨੈਤਿਕਤਾ ਅਤੇ ਮਨੁੱਖੀ ਭਲਾਈ ਨਾਲੋਂ ਤੋੜ ਕੇ ਦੇਖਿਆ ਜਾਂਦਾ ਹੈ ਅਤੇ ਘੱਟਗਿਣਤੀਆਂ ਦੇ ਖਿਲਾਫ ਹਿੰਸਾ ਸਾਧਾਰਣਤਾ ਹੋ ਨਿੱਬੜਦੀ ਹੈ।ਜਦੋਂ ਐਂਰਟ ਨੇ ਸੱਠਵਿਆਂ ਵਿਚ ਆਈਖਮੈਨ ਦਾ ਮੁਕੱਦਮਾ ਦੇਖਿਆ ਸੀ ਤਾਂ ਉਹ ਬਹੁਤ ਹੀ ਹੈਰਾਨ ਹੋਈ ਸੀ। ਨਿਊਯਾਰਕਰ ਲਈ ਲਿਖਦੇ ਹੋਏ ਉਹ ਯੈਰੂਸ਼ਲਮ ਵੀ ਗਈ ਅਤੇ ਯੁੱਧ ਤੋਂ ਬਾਅਦ ਦੀਆਂ ਸਥਿਤੀਆਂ ਵੀ ਵਾਚੀਆਂ।ਪਰ ਜੋ ਵੀ ਆਈਖਮੈਨ ਨੇ ਕਿਹਾ, ਉਸ ਨੇ ਐਂਰਟ ਨੂੰ ਬਹੁਤ ਹੈਰਾਨ ਕੀਤਾ।ਉਸ ਨੂੰ ਆਪਣੇ ਕੀਤੇ ਕਾਰਿਆਂ ਦਾ ਕੋਈ ਪਛਤਾਵਾ ਨਹੀਂ ਸੀ।ਉਸ ਨੇ ਕੁਝ ਵੀ ਮਹਿਸੂਸ ਨਹੀਂ ਕੀਤਾ ਕਿਉਂ ਕਿ ਜੋ ਕੁਝ ਵੀ ਉਹ ਕਰ ਰਿਹਾ ਸੀ, ਉਹ ਨੌਕਰਸ਼ਾਹੀ ਢੰਗ ਨਾਲ ਸਿਰੇ ਚੜ੍ਹਾਇਆ ਗਿਆ ਸੀ।ਇਸ ਨੇ ਹੀ ਐਂਰਟ ਨੂੰ ਪਹਿਲਾਂ ਤੋਂ ਮੌਜੂਦ “ਆਮ” ਸ਼ਬਦ ’ਤੇ ਦੁਬਾਰਾ ਵਿਚਾਰ ਕਰਨ ਲਈ ਮਜਬੂਰ ਕੀਤਾ।ਇਸ ਦੀ ਝਲਕ ਅੱਜ ਵੀ ਮਿਲਦੀ ਹੈ ਜਦੋਂ ਅਸੀਂ ਕਾਂਗਰਸ ਲੀਡਰਾਂ ਦੇ ਚਿਹਰਿਆਂ ਉੱਪਰ ਕੋਈ ਪਛਤਾਵਾ ਨਹੀਂ ਦੇਖਦੇ।

ਸਾਧਾਰਣਤਾ ਦਾ ਅਰਥ ਹੈ ਜਿਸ ਵਿਚ ਕੁਝ ਵੀ ਮੌਲਿਕ ਨਹੀਂ ਹੈ ਅਤੇ ਜਿਸ ਵਿਚ ਕੋਈ ਰੁਚੀ ਨਹੀਂ ਪੈਦਾ ਹੰੁਦੀ ਅਤੇ ਜੋ ਬੋਰਿੰਗ ਹੋ ਜਾਂਦਾ ਹੈ।ਐਂਰਟ ਨੇ ਲਿਖਿਆ ਕਿ ਨਾਜ਼ੀ ਸਿਪਾਹੀਆਂ ਲਈ ਜਰਮਨੀ ਵਿਚ ਮਨੁੱਖਤਾ ਵਿਰੁੱਧ ਹੋਏ ਅਪਰਾਧਾਂ ਵਿਚ ਕੁਝ ਵੀ ਅਣਹੋਣਾ ਨਹੀਂ ਸੀ।ਜਦੋਂ ਉਹ ਬੁਰਾਈ ਦੀ ਸਾਧਾਰਣਤਾ ਦੀ ਗੱਲ ਕਰਦੀ ਹੈ ਤਾਂ ਉਸ ਦਾ ਅਰਥ ਹੈ ਕਿਵੇਂ ਬੁਰਾਈ ਨੇ ਸੰਸਾਰ ਵਿਚ ਆਪਣੀ ਅਜਿਹੀ ਜਗ੍ਹਾ ਬਣਾ ਲਈ ਹੈ ਕਿ ਲੋਕਾਂ ਨੂੰ ਇਸ ਵਿਚ ਕੁਝ ਵੀ ਗਲਤ ਨਹੀਂ ਨਜ਼ਰ ਆਉਂਦਾ ਅਤੇ ਉਹ ਇਸ ਦੀ ਗੰਭੀਰਤਾ ਦਾ ਅਹਿਸਾਸ ਕੀਤੇ ਬਿਨਾਂ ਇਸ ਨੂੰ ਸਹੀ ਠਹਿਰਾਉਂਦੇ ਹਨ।ਪੰਜਾਬ ਅਤੇ ਭਾਰਤ ਵਿਚ ਕਾਂਗਰਸ ਪਾਰਟੀ ਦੀ ਸੋਚ ਇਸੇ ਦਾ ਮੁਜਾਹਰਾ ਕਰਦੀ ਹੈ।

ਹਾਲੀਆ ਸਮੇਂ ਵਿਚ ਗਊ ਰੱਖਿਅਕ ਗਰੁੱਪਾਂ ਨੇ ਵੀ ਅਜਿਹੀ ਹੀ ਸੋਚ ਨੂੰ ਉਜਾਗਰ ਕੀਤਾ ਹੈ।ਲੋਕ ਬਹੁਤ ਅਸਾਨੀ ਨਾਲ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹਨ ਅਤੇ ਉਸ ਨੂੰ ਸਹੀ ਵੀ ਠਹਿਰਾ ਦਿੰਦੇ ਹਨ।ਇਹ ਹੋਰ ਵੀ ਦੁਖਦਾਈ ਹੋ ਜਾਂਦਾ ਹੈ ਜਦੋਂ ਰਾਜਨੀਤਿਕ ਮੁਫਾਦਾਂ ਲਈ ਅਜਿਹੇ ਅਪਰਾਧੀਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ।ਸਮਾਜਿਕ ਕਦਰਾਂ ਕੀਮਤਾਂ ਲੋਕਾਂ ਨੂੰ ਸਿਖਾਉਂਦੀਆਂ ਹਨ ਕਿ ਕਿਸੇ ਵੀ ਤਰਾਂ ਦੀ ਹਿੰਸਾ ਗਲਤ ਹੈ।ਪਰ ਹੁਣ ਲੋਕ ਇਸ ਹਿੰਸਾ ਨੂੰ ਸਹੀ ਠਹਿਰਾ ਰਹੇ ਹਨ।ਭਾਵੇਂ ਇਹ ਹਜੂਮੀ ਹਿੰਸਾ ਹੋਵੇ ਜਾਂ ਕੋਈ ਹੋਰ ਕਤਲ।ਭਾਰਤ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਵਿਚੋਂ ਕੋਈ ਵਿਚ ਇਸ ਤੋਂ ਅਛੂਤਾ ਨਹੀਂ ਹੈ।ਇਸ ਲਈ ਇਹ ਨਤੀਜਾ ਕੱਢਣਾ ਮੁਸ਼ਕਿਲ ਨਹੀਂ ਕਿ ਐਂਰਟ ਗਲਤ ਨਹੀਂ ਸੀ ਜਦੋਂ ਉਸ ਨੇ ਕਿਹਾ ਸੀ ਆਧੁਨਿਕਤਾ ਨੇ ਬੁਰਾਈ ਦੀ ਸਾਧਾਰਣਤਾ ਨੂੰ ਵਧਾਇਆ ਹੈ।ਭਾਰਤ ਵਰਗੇ ਸਮਾਜ ਵਿਚ ਇਹ ਹੋਰ ਵੀ ਸਹੀ ਹੋ ਨਿਬੜਦਾ ਹੈ ਜਿੱਥੇ ਸੱਭਿਆਚਾਰਕ ਜੜ੍ਹਾਂ ਬਹੁਤ ਡੂੰਘੀਆਂ ਹਨ।