ਰਾਸ਼ਟਰਵਾਦ ਇਕ ਅਜਿਹਾ ਵਿਚਾਰ ਅਤੇ ਅੰਦੋਲਨ ਹੈ ਜਿਸ ਦਾ ਭਾਵ ਹੈ ਕਿ ਰਾਸ਼ਟਰ ਅਤੇ ਰਾਜ ਵਿਚ ਸਮਰੂਪਤਾ ਹੋਣੀ ਚਾਹੀਦੀ ਹੈ।ਇਕ ਅੰਦੋਲਨ ਦੇ ਰੂਪ ਵਿਚ ਰਾਸ਼ਟਰਵਾਦ ਇਸ ਉਦੇਸ਼ ਨਾਲ ਇਕ ਰਾਸ਼ਟਰ/ਕੌਮ ਦੇ ਹਿੱਤਾਂ ਦੀ ਪੈਰਵੀ ਕਰਦਾ ਹੈ ਕਿ ਉਸ ਰਾਸ਼ਟਰ ਦੀ ਪ੍ਰਭੂਸੱਤਾ (ਸਵੈ-ਸੱਤਾ) ਬਣੀ ਰਹਿ ਸਕੇ।ਇਹ ਸ਼ਬਦ ਖਾਸ ਤੌਰ ’ਤੇ ਉਸ ਸਮੂਹ ਲਈ ਵਰਤਿਆ ਜਾਂਦਾ ਹੈ ਜੋ ਦੂਜੇ ਰਾਸ਼ਟਰਾਂ ਨਾਲੋਂ ਆਪਣੇ ਰਾਸ਼ਟਰ ਦੇ ਦਰਜੇ ਨੂੰ ਉੱਚਾ ਚੁੱਕ ਲੈਂਦਾ ਹੈ ਅਤੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਦੂਜੇ ਰਾਸ਼ਟਰਾਂ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਨੀਵਾਂ ਦਿਖਾਉਣ ਉੱਪਰ ਕੇਂਦਰਿਤ ਹੁੰਦਾ ਹੈ।ਭਾਰਤ ਦਾ ਹਿੰਦੂ ਰਾਸ਼ਟਰ ਦੇ ਰੂਪ ਵਿਚ ਪ੍ਰਚਾਰ ਕਰਨਾ ਇਸ ਤਰਾਂ ਦੇ ਰਾਸ਼ਟਰਵਾਦ ਦੀ ਉਦਾਹਰਣ ਹੈ।ਭਾਰਤ ਵਿਚ ਅਥਾਹ ਧਾਰਮਿਕ ਵਿਭਿੰਨਤਾ ਹੋਣ ਦੇ ਬਾਵਜੂਦ ਹਰ ਕਿਸੇ ਤੋਂ ਇਹ ਤਵੱਕੋ ਕੀਤੀ ਜਾ ਰਹੀ ਹੈ ਕਿ ਉਹ ਹਿੰਦੂ ਆਦਰਸ਼ਾਂ ਪ੍ਰਤੀ ਵਫਾਦਾਰ ਰਹੇ।ਰਾਸ਼ਟਰਵਾਦ ਨੂੰ ਚੰਗੇ ਜਾਂ ਬੁਰੇ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ, ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਇਕ ਰਾਸ਼ਟਰ ਰਾਸ਼ਟਰ ਦੇ ਰੂਪ ਵਿਚ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ।

ਰਾਸ਼ਟਰਵਾਦ ਦੀ ਉਤਪਤੀ ਬਾਰੇ ਦੋ ਵਿਚਾਰ ਪੇਸ਼ ਕੀਤੇ ਜਾਂਦੇ ਹਨ: ਮੂਲਵਾਦੀ ਅਤੇ ਆਧੁਨਿਕਤਾਵਾਦੀ।ਰਾਸ਼ਟਰ ਬਾਰੇ ਮੂਲਵਾਦੀ ਨਜ਼ਰੀਏ ਦਾ ਭਾਵ ਹੈ ਕਿ ਰਾਸ਼ਟਰਵਾਦ ਦਾ ਵਿਕਾਸ ਮਨੁੱਖਾਂ ਦੀ ਸਮੂਹਾਂ ਵਿਚ ਇਕੱਠੇ ਅਤੇ ਸੰਯੁਕਤ ਹੋਣ ਦੀ ਪ੍ਰਵਿਰਤੀ ਵਿਚੋਂ ਹੋਇਆ ਹੈ।ਪਿਅਰੇ ਵੇਨ ਡੈਨ ਬਰਗ ਨੇ ਰਾਸ਼ਟਰਵਾਦ ਦਾ ਅਜਿਹਾ ਵਿਚਾਰ ਪ੍ਰਸਤੁਤ ਕੀਤਾ ਸੀ।ਰਾਸ਼ਟਰ ਬਾਰੇ ਆਧੁਨਿਕਤਾਵਾਦੀ ਵਿਚਾਰ ਦੱਸਦਾ ਹੈ ਕਿ ਰਾਸ਼ਟਰਵਾਦ ਬਹੁਤ ਨਵਾਂ ਹੈ ਅਤੇ ਇਸ ਦੀ ਹੌਂਦ ਨੂੰ ਤਤਕਾਲੀਨ ਸਮਾਜਿਕ ਅਤੇ ਸੱਭਿਆਚਾਰਕ ਬਣਤਰਾਂ ਦੀ ਲੋੜ ਹੁੰਦੀ ਹੈ।ਹੈਨਰੀ ਮੈਨ, ਮੈਕਸ ਵੈਬਰ ਅਤੇ ਫਰਡੀਨੈਂਡ ਟੋਨੀਜ਼ ਪ੍ਰਮੁੱਖ ਆਧੁਨਿਕਤਾਵਾਦੀ ਵਿਚਾਰਕ ਹਨ।ਰਾਸ਼ਟਰਵਾਦ ਸ਼ਬਦ ਦਾ ਸਭ ਤੋਂ ਪਹਿਲਾ ਪ੍ਰਯੋਗ ੧੭੦੦ਵਿਆਂ ਵਿਚ ਜੌਹਾਨ ਗੌਟਫਰੀਡ ਨੇ ਕੀਤਾ ਸੀ।ਇਕ ਦੇਸ਼ ਦੇ ਰੂਪ ਵਿਚ ਆਪਣੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਲਈ ਰਾਸ਼ਟਰਵਾਦ ਸ਼ਕਤੀਸ਼ਾਲੀ ਮਾਧਿਅਮ ਹੋ ਸਕਦਾ ਹੈ।ਪਰ ਇਸ ਦੇ ਨਾਲ ਹੀ ਇਹ ਇਕ ਸਮੂਹ ਜਾਂ ਦੇਸ਼ ਦੀ ਲੀਡਰਸ਼ਿਪ ਦੁਆਰਾ ਚਾਲਬਾਜੀਆਂ ਦਾ ਮਾਧਿਅਮ ਵੀ ਹੋ ਸਕਦਾ ਹੈ ਜਿਸ ਦਾ ਨਤੀਜਾ ਭਿਆਨਕ ਹਿੰਸਾ ਦੇ ਰੂਪ ਵਿਚ ਨਿਕਲ ਸਕਦਾ ਹੈ।

ਹਿੰਦੂਤਵੀ ਮਾਡਲ ਅਨੁਸਾਰ ਧਾਰਮਿਕ ਰਾਸ਼ਟਰਵਾਦ ਅਤੇ ਲੋਕਤੰਤਰ ਇਕ ਦੂਜੇ ਦੇ ਵਿਰੋਧੀ ਹਨ।ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਧਰਮ ਉੱਪਰ ਅਧਾਰਿਤ ਰਾਸ਼ਟਰਵਾਦ ਧਰਮ ਅਤੇ ਖਿੱਤੇ ਵਿਚ ਜਰੂਰੀ ਸੰਬੰਧ ਜੋੜ ਦਿੰਦਾ ਹੈ।ਧਰਮ ਅਤੇ ਖਿੱਤੇ ਦੇ ਆਪਸੀ ਸੰਬੰਧ ਜਿੱਤਾਂ, ਉਪਨਿਵੇਸ਼ਵਾਦ ਅਤੇ ਹਿਜਰਤ ਕਰਕੇ ਅਸਪੱਸ਼ਟ ਹੋ ਜਾਂਦੇ ਹਨ।ਜਦੋਂ ਇਕ ਖਿੱਤੇ ਦੀਆਂ ਸੀਮਾਵਾਂ ਨੂੰ ਧਰਮ ਤੱਕ ਮਹਿਦਦ ਕਰਕੇ ਦੇਖਿਆ ਜਾਂਦਾ ਹੈ ਤਾਂ ਉਸ ਦੇ ਸੱਭਿਆਚਾਰ ਦੀ ਇਕਰੂਪਤਾ ਦੀ ਪ੍ਰੀਕਿਰਿਆ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਪ੍ਰਮੱੁਖ ਧਾਰਮਿਕ ਸਮੂਹ ਦੀ ਪ੍ਰਭੂਸੱਤਾ/ਪ੍ਰਧਾਨਤਾ ਹੀ ਉਸ ਦਾ ਇਕੋ ਇਕ ਵਿਚਾਰਧਾਰਕ ਸਿਧਾਂਤ ਬਣ ਜਾਂਦੀ ਹੈ।ਇਸ ਤਰਾਂ ਦੀ ਵਿਚਾਰਧਾਰਾ ਰਾਜਨੀਤੀ ਨੂੰ ਫਿਰਕਾਪ੍ਰਸਤੀ ਦੇ ਰੰਗ ਵਿਚ ਰੰਗਦੀ ਹੈ ਜਿਸ ਦੇ ਲੋਕਤੰਤਰੀ ਪ੍ਰਬੰਧ ਲਈ ਭਿਆਨਕ ਸਿੱਟੇ ਨਿਕਲਦੇ ਹਨ।੧੯੪੭ ਤੋਂ ਲੈ ਕੇ, ਜਦੋਂ ਦੇਸ਼ ਨੇ ਵੰਡ ਦਾ ਭਿਆਨਕ ਮੰਜ਼ਰ ਦੇਖਿਆ ਅਤੇ ਜਿਸ ਨੇ ਦੇਸ਼ ਨੂੰ ਦੋ ਹਿੱਸਿਆ ਵਿਚ ਵੰਡ ਦਿੱਤਾ, ਭਾਰਤੀ ਰਾਜਨੀਤੀ ਅਪਵਾਦ (ਐਕਸਕਲ਼ੂਜ਼ਨ) ਦੀ ਪ੍ਰੀਕਿਰਿਆ ਆਲੇ-ਦੁਆਲੇ ਹੀ ਘੜੀ ਜਾ ਰਹੀ ਹੈ ਜਿਸ ਦਾ ਮੰਤਵ ਇਹ ਨਿਸ਼ਚਿਤ ਕਰਨਾ ਹੈ ਕਿ ਕੌਣ ਭਾਰਤੀ ਨਹੀਂ ਹੋ ਸਕਦਾ ਅਤੇ ਇਹ ਜਾਂਚਣਾ ਕਿ ਕੋਈ ਕਿੰਨਾ ਭਾਰਤੀ ਹੋ ਸਕਦਾ ਹੈ?
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਉਸ ਦੀ ਭਾਰਤੀ ਜਨਤਾ ਪਾਰਟੀ ਇਸ ਖਤਰਨਾਕ ਝੂਠ ਦੇ ਸਹਾਰੇ ਸੱਤਾ ਵਿਚ ਆਈ ਹੈ ਜੋ ਉਹ ਲਗਾਤਾਰ ਭਾਰਤ ਦੇ ਹਿੰਦੂਆਂ ਨੂੰ ਵੇਚ ਰਹੇ ਹਨ: ਜਿਸ ਦੇਸ਼ ਵਿਚ ਹਿੰਦੂਆਂ ਦੀ ਅਬਾਦੀ ਅੱਸੀ ਪ੍ਰਤੀਸ਼ਤ ਹੈ, ਉੱਥੇ ਹਿੰਦੂਵਾਦ ਖਤਰੇ ਵਿਚ ਹੈ।ਹਿੰਦੂ ਤਾਂ ਹੀ ਪ੍ਰਫੁੱਲਿਤ ਹੋ ਸਕਦੇ ਹਨ ਅਗਰ ਉਹ ਇਸ ਹਿੰਦੂਤਵ ਜਾਂ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ। ਮੋਦੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵਿਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਿਸ ਵਿਚ ਹਿੰਦੂ ਰਾਸ਼ਟਰਵਾਦੀ ਨੀਤੀਆਂ ਤੋਂ ਹਿੰਦੂਆਂ ਨੂੰ ਕੋਈ ਲਾਭ ਹੋਇਆ ਹੋਵੇ।੨੦੧੪ ਵਿਚ ਸਰਕਾਰ ਬਣਨ ਤੋਂ ਲੈ ਕੇ ਹੀ ਭਾਰਤੀ ਜਨਤਾ ਪਾਰਟੀ ਦਾ ਅਧਾਰ ਝੂਠੇ ਵਾਅਦੇ ਰਹੇ ਹਨ ਕਿ ਹਿੰਦੂ ਰਾਸ਼ਟਰਵਾਦ ਹੀ “ਚੰਗੇ ਦਿਨਾਂ” ਵੱਲ ਵਧਣ ਦਾ ਰਸਤਾ ਹੈ।ਹਿੰਦੂ ਰਾਸ਼ਟਰਵਾਦ ਲੋਕਾਂ ਨੂੰ ਆਪਣੇ ਜੋੜਨ ਲਈ ਮਿੱਥ, ਧਾਰਮਿਕ ਸੰਸਕਾਰਾਂ, ਸੰਕੇਤਿਕ ਰਾਜਨੀਤੀ ਅਤੇ ਚਮਤਕਾਰੀ ਲੀਡਰਸ਼ਿਪ ਦੇ ਸੰਕਲਪ ਉੱਪਰ ਅਧਾਰਿਤ ਅਸਥਿਰ ਰਵੱਈਏ ਦੀ ਵਰਤੋਂ ਕਰਦਾ ਹੈ।ਇਸ ਗੱਲ ਉੱਪਰ ਜੋਰ ਦਿੱਤਾ ਜਾਂਦਾ ਹੈ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ।ਧਰਮ ਨਿਰਪੱਖਤਾ ਦਾ ਜੋ ਵੀ ਭਾਵ ਹੋਵੇ, ਪਰ ਜੋ ਹੁਣ ਭਾਰਤ ਵਿਚ ਵਾਪਰ ਰਿਹਾ ਹੈ ਉਹ ਧਰਮ ਨਿਰਪੱਖਤਾ ਨਹੀਂ ਹੈ।

ਭਾਰਤ ਵਿਚ ਮੋਦੀ ਸਰਕਾਰ ਸਮੇਂ “ਲੋਕਤੰਤਰ ਦੇ ਸੰਕਟ” ਦੇ ਰੂਪ ਵਿਚ ਜੋ ਕੁਝ ਵੀ ਵਾਪਰ ਰਿਹਾ ਹੈ, ਲੋਕਾਂ ਨੂੰ ਇਸ ਦਾ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ “ਸੰਕਟ” ਦੀ ਬਜਾਇ ਇਹ ਲੋਕਤੰਤਰ ਦਾ ਹੀ ਉਤਪਾਦ ਹੈ ਜਿਸ ਵਿਚ ਬਹੁਗਿਣਤੀ ਰਾਸ਼ਟਰਵਾਦ ਦਿਨੋਂ-ਦਿਨ ਮਜਬੂਤ ਹੁੰਦਾ ਜਾ ਰਿਹਾ ਹੈ।ਅਗਰ ਭਾਰਤ ਵਿਚ ਹਿੰਦੂਤਵ ਮਾਡਲ ਨੂੰ ਅੱਗੇ ਵਧਾਉਣਾ ਹੈ ਅਤੇ ਇਸ ਨੇ ਹਿੰਦੂ ਆਦਰਸ਼ਾਂ, ਨੈਤਿਕਾਂ ਅਤੇ ਸੱਭਿਆਚਾਰ ਉੱਪਰ ਅਧਾਰਿਤ ਹੋਣਾ ਹੈ ਤਾਂ ਇਹ ਸੁਆਲ ਉੱਠਦਾ ਹੈ ਕਿ ਹਿੰਦੂ ਸੰਪ੍ਰਦਾਇਆਂ ਦੇ ਆਪਸੀ ਵਖਰੇਵਿਆਂ ਨੂੰ ਸਾਹਮਣੇ ਆਉਣ ਲਈ ਕਿੰਨਾ ਸਮਾਂ ਲੱਗੇਗਾ?ਮੋਦੀ ਸਰਕਾਰ ਆਪਣੇ ਰਾਜਨੀਤਿਕ ਮੁਫਾਦਾਂ ਲਈ ਧਾਰਮਿਕ ਰਾਸ਼ਟਰਵਾਦ ਨੂੰ ਵਰਤ ਸਕਦੀ ਹੈ, ਪਰ ਆਉਣ ਵਾਲੇ ਦਹਾਕਿਆਂ ਵਿਚ ਭਾਰਤ ਨੂੰ ਇਸ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ।ਧਰਮ ਦੀ ਦੁਰਵਰਤੋਂ ਕਰਨ ਦਾ ਮੋਦੀ ਮਾਡਲ ਅਸਲ ਵਿਚ ਤਬਾਹੀ ਦੀ ਵਿਧੀ ਹੈ।

ਧਰਮ ਨੂੰ ਕਦੇ ਵੀ ਅਖੰਡ ਨਹੀਂ ਸਮਝਿਆ ਜਾਣਾ ਚਾਹੀਦਾ ਜਿਸ ਵਿਚ ਦਖ਼ਲਅੰਦਾਜ਼ੀ ਕੀਤੀ ਜਾਵੇ ਅਤੇ ਜਿਸ ਨੂੰ ਰਾਜਨੀਤਿਕ ਮੁਫਾਦਾਂ ਲਈ ਵਰਤਿਆ ਜਾਵੇ।੨੦੧੪ ਤੋਂ ਬਾਅਦ ਭਾਰਤ ਦਾ ਭਗਵਾਂਕਰਣ ਹੋ ਰਿਹਾ ਹੈ।ਜਿਸ ਤਰਾਂ ਹਿੰਦੂ ਪੁਜਾਰੀ ਭਗਵੇਂ ਕੱਪੜੇ ਪਾਉਂਦੇ ਹਨ, ਹਿੰਦੂ ਰਾਸ਼ਟਰਵਾਦੀ ਵੀ ਆਪਣੇ ਰਾਜਨੀਤਿਕ ਅਤੇ ਧਾਰਮਿਕ ਨਿਸ਼ਚਿਆਂ ਨੂੰ ਦਿਖਾਉਣ ਲਈ ਇਸੇ ਰੰਗ ਦੀ ਵਰਤੋਂ ਕਰਦੇ ਹਨ।੨੦੧੪ ਦੀਆਂ ਚੋਣਾਂ ਵਿਚ, ਉੱਤਰੀ ਅਤੇ ਪੱਛਮੀ ਭਾਰਤ ਦੀ ਲਗਭਗ ਹਰ ਇਕ ਤਹਿਸੀਲ ਵਿਚ ਭਾਰਤੀ ਜਨਤਾ ਪਾਰਟੀ ਜਿੱਤੀ ਸੀ।ਹਿੰਦੂ ਰਾਸ਼ਟਰਵਾਦ ਦਾ ਸੰਭਾਵੀ ਪ੍ਰਭਾਵ ਭਾਰਤ ਦੀਆਂ ਸਰਹੱਦਾਂ ਉੱਪਰ ਹੀ ਖਤਮ ਨਹੀਂ ਹੋ ਜਾਂਦਾ।ਬਹੁਤ ਸਾਰੇ ਹਿੰਦੂ ਰਾਸ਼ਟਰਵਾਦੀ ਇਹ ਮੰਨਦੇ ਹਨ ਕਿ ਭਾਰਤ ਦੇ ਸਹੀ ਅਤੇ ਅਸਲ ਨਕਸ਼ੇ ਵਿਚ ਨੇਪਾਲ, ਭੂਟਾਨ, ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਿਲ ਹੋਣਗੇ।ਹਿੰਦੂ ਰਾਸ਼ਟਰਵਾਦੀਆਂ ਨੇ ਭਾਰਤੀ ਪਾਠ-ਪੁਸਤਕਾਂ ਵਿਚ ਵੀ ਭਾਰਤ ਦੀਆਂ ‘ਅਸਲ’ ਸਰਹੱਦਾਂ ਨੂੰ ਦਰਸਾਉਣ ਲਈ ਉਨ੍ਹਾਂ ਨੂੰ ਮੁੜ ਲਿਖਣ ਦਾ ਪ੍ਰੋਜੈਕਟ ਵੀ ਜੋਰ-ਸ਼ੋਰ ਨਾਲ ਚਲਾਇਆ ਹੈ।ਧਰਮ ਨਿਰਪੱਖਤਾ ਅਜੇ ਵੀ ਭਾਰਤੀ ਸੰਵਿਧਾਨ ਦਾ ਅਟੁੱਟ ਹਿੱਸਾ ਹੈ, ਪਰ ਪਿਛਲੇ ਤਿੰਨ ਦਹਾਕਿਆਂ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਭਾਰਤ ਹਿੰਦੂ ਰਾਸ਼ਟਰਵਾਦ ਵੱਲ ਵਧ ਰਿਹਾ ਹੈ।

ਭਾਰਤੀ ਜਨਤਾ ਪਾਰਟੀ ਹਿੰਸਾ ਨੂੰ ਉਤਸ਼ਾਹਿਤ ਕਰਕੇ ਹੀ ਲੋਕਤੰਤਰ ਵਿਚ ਸਫਲ ਹੋਈ ਹੈ।ਚੋਣਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਮਜਬੂਤ ਨੇਤਾ ਦੇ ਰੂਪ ਵਿਚ ਪੇਸ਼ ਕਰਨਾ ਅਸਧਾਰਣ ਨਹੀਂ ਹੈ।ਭਾਰਤੀ ਰਾਜਨੀਤੀ ਵਿਚ ਹਿੰਦੂ ਰਾਸ਼ਟਰਵਾਦ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿਚ ਲਿਆਉਣ ਲਈ ਇਕ ਜਰੂਰੀ ਤੱਤ ਹੋ ਸਕਦਾ ਹੈ, ਪਰ ਇਹ ਮੰਨਣਾ ਸਰਾਸਰ ਗਲਤੀ ਹੋਵੇਗੀ ਕਿ ਕਾਂਗਰਸ ਪਾਰਟੀ ਨੇ ਹਿੰਦੂ ਰਾਸ਼ਟਰਵਾਦ ਦੀ ਵਰਤੋਂ ਨਹੀਂ ਕੀਤੀ।ਧਰਮ ਦੀ ਤਰਾਂ ਹੀ ਰਾਸ਼ਟਰਵਾਦ ਆਪਣਾ ਪ੍ਰਭਾਵ ਇਸ ਦਾਅਵੇ ਨਾਲ ਸਥਾਪਿਤ ਕਰਦਾ ਹੈ ਕਿ ਇਸ ਨੇ ਮਹਿਜ਼ ਉਸੇ ਵਿਚ ਮੁੜ ‘ਪ੍ਰਾਣ’ ਭਰੇ ਹਨ ਜੋ ਪਹਿਲਾਂ ਤੋਂ ਹੀ ਮੌਜੂਦ ਹੈ – ਇਕ ਪ੍ਰਭਾਵੀ ਰਾਸ਼ਟਰ।ਹਾਲ ਦੇ ਵਰ੍ਹਿਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ, ਖਾਸ ਕਰਕੇ ੨੦੧੯ ਦੀਆਂ ਲੋਕਾਂ ਸਭਾ ਚੋਣਾਂ ਵਿਚੋਂ ਜਿੱਤ ਤੋਂ ਬਾਅਦ, ਨੇ ਇਸ ਵਿਚਾਰ ਨੂੰ ਪ੍ਰਫੁੱਲਿਤ ਕੀਤਾ ਹੈ ਕਿ ਭਾਰਤ ਵਿਚ ਧਰਮ ਨਿਰਪੱਖਤਾ ਦਾ ਪਤਨ ਹੋ ਚੁੱਕਿਆ ਹੈ।ਧਾਰਮਿਕ ਰਾਸ਼ਟਰਵਾਦ ਨੇ ੧੯੮੦ਵਿਆਂ ਵਿਚ ਹਿੰਦੂ ਰਾਸ਼ਟਰਵਾਦ ਨੂੰ ਬੜਾਵਾ ਦਿੱਤਾ ਜੋ ਕਿ ਦੱਖਣੀ ਭਾਰਤ ਦੇ ਮੀਨਾਕਸ਼ੀਪੁਰਮ ਪਿੰਡ ਵਿਚ ਅਛੂਤ ਭਾਈਚਾਰਿਆਂ ਦੇ ਇਸਲਾਮ ਵਿਚ ਧਰਮ ਪਰਿਵਰਤਨ ਨਾਲ ਸ਼ੁਰੂ ਹੋਇਆ।ਧਰਮ ਪਰਿਵਰਤਨ ਨੂੰ ਲੈ ਕੇ ਬੇਚੈਨੀ ਅਤੇ ਗਿਣਤੀ ਨਾਲ ਸੰਬੰਧਿਤ ਰਾਜਨੀਤੀ ਇਸ ਨਾਲ ਜੁੜੀ ਹੋਈ ਹੈ ਅਤੇ ਹੁਣ ਵੀ ਇਹ ਹਿੰਦੂ ਰਾਸ਼ਟਰ ਦੇ ਨਾਂ ’ਤੇ ਲੋਕਾਂ ਨੂੰ ਇਕੱਠੇ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।

ਨਹਿਰੂ ਦੀ ਧਰਮ ਨਿਰਪੱਖਤਾ ਪ੍ਰਤੀ ਪ੍ਰਤੀਬੱਧਤਾ ਉਸ ਦੀ ਇਹ ਘੋਸ਼ਣਾ ਸੀ ਕਿ ਭਾਰਤ ਸ਼ਾਂਤੀਪੂਰਵਕ ਅਤੇ ਬਹੁ-ਧਰਮੀ ਦੇਸ਼ ਹੋ ਸਕਦਾ ਹੈ।ਜਿਨਾਹ ਦੇ ਇਸ ਨੂੰ ਲੈ ਕੇ ਆਪਣੇ ਸ਼ੰਕੇ ਸਨ।ਹਿੰਦੂ ਰਾਸ਼ਟਰਵਾਦੀ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਕਰਕੇ ਲੋਕਾਂ ਨੂੰ ਜਲਦੀ ਹੀ ਪਤਾ ਲੱਗ ਜਾਣਾ ਸੀ ਕਿ ਜਿਨਾਹ ਸਹੀ ਸੀ।ਅੱਜ-ਕੱਲ੍ਹ ਕੱਟੜ ਰਾਸ਼ਟਰਵਾਦ ਨੇ ਜੋਰ ਫੜ੍ਹਿਆ ਹੋਇਆ ਹੈ।ਭਾਰਤ ਵਿਚ ਰਾਸ਼ਟਰਵਾਦ ਅਤੇ ਸੱਭਿਆਚਾਰ ਦੇ ਸੰਕਲਪਾਂ ਦੀ ਮੌਜੂਦਾ ਵਰਤੋਂ ਨੇ ਬਹੁਤ ਹੀ ਭੱਦਾ ਰੂਪ ਧਾਰਣ ਕਰ ਲਿਆ ਹੈ।ਇਸ ਦਾ ਸੰਬੰਧ ਬਹੁਤਾ ਰਾਸ਼ਟਰ ਜਾਂ ਸੱਭਿਆਚਾਰ ਨਾਲ ਨਹੀਂ, ਬਲਕਿ ਕੱਟੜ ਰਾਸ਼ਟਰਵਾਦ ਨਾਲ ਜਿਸ ਨੂੰ ਜਨਵਾਦੀ ਬਹੁਗਿਣਤੀ ਦੁਆਰਾ ਬੜਾਵਾ ਦਿੱਤਾ ਜਾਂਦਾ ਹੈ।ਉਹ ਸਸ਼ਕਤ ਸਮੂਹ ਜੋ ਰਾਸ਼ਟਰ ਨਿਰਮਾਣ ਦੇ ਵਰ੍ਹਿਆਂ ਵਿਚ ਹਾਸ਼ੀਏ ਉੱਪਰ ਰਿਹਾ ਹੈ, ਉਹ ਹੁਣ ਮੁੱਖਧਾਰਾ ਵਿਚ ਸ਼ਾਮਿਲ ਹੋ ਚੁੱਕਿਆ ਹੈ।ਲੋਕਾਂ ਵਿਚ ਵੰਡੀਆਂ ਪਾਉਣ ਲਈ ਅਲੰਕਾਰਿਕ ਰਾਸ਼ਟਰਵਾਦ ਦੀ ਵਰਤੋਂ ਕੀਤੀ ਜਾਂਦੀ ਹੈ।ਇਹ ਵਿਸ਼ਵ ਪੱਧਰ ਉੱਪਰ ਹੀ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਸ ਨੂੰ ਵਰਤਣ ਦੇ ਬਹੁਤ ਭਿਆਨਕ ਸਿੱਟੇ ਨਿਕਲੇ ਹਨ।

ਭਾਰਤੀ ਧਾਰਮਿਕ ਰਾਸ਼ਟਰਵਾਦ ਨੇ ਬਹੁਤ ਹੀ ਸਫਲਤਾਪੂਰਵਕ ਲੋਕਾਂ ਵਿਚ ‘ਦੂਜੇ’ (ਅਦਰ) ਦਾ ਡਰ ਪੈਦਾ ਕਰਕੇ ਲੋਕਾਂ ਨੂੰ ਵੰਡ ਦਿੱਤਾ ਹੈ। ਉਸ ‘ਦੂਜੇ’ ਨੂੰ ਰਾਸ਼ਟਰ, ਸੱਭਿਆਚਾਰ ਵਿਰੋਧੀ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਨੂੰ ਰਾਸ਼ਟਰ ਦੇ ਵਿਕਾਸ ਅਤੇ ਸਗੋਂ ਇਸ ਹੌਂਦ ਵਿਚ ਰੁਕਾਵਟ ਵਜੋਂ ਪੇਸ਼ ਕੀਤਾ ਜਾਂਦਾ ਹੈ।ਇਸ ਤਰਾਂ ਦੇ ਰਾਸ਼ਟਰਵਾਦ ਵਿਚ ਇਕਰੂਪਤਾ ਦੀ ਚਾਹਤ ਹੁੰਦੀ ਹੈ ਅਤੇ ਇਹ ਵਿਭਿੰਨਤਾ ਨੂੰ ਨਫਰਤ ਕਰਦਾ ਹੈ।ਇਹ ਬਿਲਕੁਲ ਪਸੰਦ ਨਹੀਂ ਕਰਦਾ ਕਿ ਇਸ ਦੇ ਰਾਸ਼ਟਰਵਾਦੀ ਘੇਰੇ ਉੱਪਰ ਕੋਈ ਵੀ ਸੁਆਲ ਉਠਾਇਆ ਜਾਵੇ।ਇਸ ਨੂੰ ਸੱਭਿਆਚਾਰਾਂ ਦੀ ਵਿਭਿੰਨਤਾ, ਵਿਚਾਰਾਂ, ਆਦਤਾਂ, ਪਹਿਰਾਵੇ ਅਤੇ ਮੰਨੋਰਜਨ ਦੇ ਸਾਧਨਾਂ ਦੀ ਵਿਭਿੰਨਤਾ ਵੀ ਪਸੰਦ ਨਹੀਂ ਹੁੰਦੀ।ਇਸ ਤਰਾਂ ਦਾ ਸ਼ੱਕੀ ਰਾਸ਼ਟਰਵਾਦ, ਜਿਸ ਨੂੰ ਇਸ ਸਮੇਂ ਰਾਜ ਦੁਆਰਾ ਸਰਪ੍ਰਸਤੀ ਦਿੱਤੀ ਜਾ ਰਹੀ ਹੈ, ਆਪਣੇ ਹੀ ਨਾਗਰਿਕਾਂ ਖਿਲ਼ਾਫ ਵਰਤਿਆ ਜਾਣ ਵਾਲਾ ਬਹੁਤ ਹੀ ਖਤਰਨਾਕ ਹਥਿਆਰ ਹੈ।ਸਭ ਤਰਾਂ ਦੇ ਰਾਸ਼ਟਰਵਾਦ ਦਾ ਇਕ ਹੀ ਅਧਾਰ ਹੁੰਦਾ ਹੈ: ਲੋਕ ਭਾਵਨਾਤਮਕ ਰੂਪ ਵਿਚ ਆਪਣੇ ਆਪ ਨੂੰ ਰਾਸ਼ਟਰ ਨਾਲ ਜੋੜਣ ਲਈ ਤਤਪਰ ਹੁੰਦੇ ਹਨ ਅਤੇ ਰਾਜਨੀਤੀ ਦਾ ਜਮਹੂਰੀਕਰਨ, ਖਾਸ ਕਰਕੇ ਚੋਣਾਂ, ਉਨ੍ਹਾਂ ਨੂੰ ਇਸ ਤਰਾਂ ਦੇ ਮੌਕੇ ਪ੍ਰਦਾਨ ਕਰਦਾ ਹੈ।ਰਾਸ਼ਟਰਵਾਦ ਨੂੰ ਧਰਮ ਸ਼ਾਸਤਰ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਵਿਚ ਇਸ ਪ੍ਰਤੀ ਕਿਸੇ ਵੀ ਕਿਸਮ ਦੀ ਆਲੋਚਨਾ ਨੂੰ ਧਰਮਧ੍ਰੋਹੀ ਗਰਦਾਨ ਦਿੱਤਾ ਜਾਂਦਾ ਹੈ।ਅੱਜ ਇਸ ਤਰਾਂ ਦੇ ਲੋਕ ਮੌਜੂਦ ਹਨ ਜੋ ਰਾਸ਼ਟਰਵਾਦ ਦੀ ਅੰਨ੍ਹੀ-ਭਗਤੀ ਕਰਦੇ ਹਨ ਅਤੇ ਬੋਲਣ ਦੀ ਅਜ਼ਾਦੀ ਦਾ ਖੁੱਲ੍ਹਮ-ਖੱੁਲਾ ਵਿਰੋਧ ਕਰਦੇ ਹਨ।

ਵੀਹਵੀਂ ਸਦੀ ਦੇ ਸ਼ੁਰੂਆਤੀ ਵਰ੍ਹਿਆਂ ਤੋਂ ਹੀ ਭਾਰਤ ਦੀ ਅਨੇਕਤਾ ਵਿਚ ਏਕਤਾ ਦੇਖਣ ਵਾਲਿਆਂ ਅਤੇ ਇਸ ਨੂੰ ਅਲੱਗ-ਅਲੱਗ ਰਾਸ਼ਟਰਾਂ ਵਿਚ ਵੰਡ ਕੇ ਦੇਖਣ ਵਾਲਿਆਂ ਵਿਚ ਸੰਘਰਸ਼ ਰਿਹਾ ਹੈ।੧੯੩੦ਵਿਆਂ ਵਿਚ ਹਿੰਦੂ ਰਾਸ਼ਟਰਵਾਦੀਆਂ ਨੇ ਆਪਣੇ ਸੱਜੇ-ਪੱਖੀ ਪ੍ਰੋਜੈਕਟਾਂ ਨੂੰ ਸਿਰੇ ਚੜ੍ਹਾਉਣ ਲਈ ਫਾਸੀਵਾਦੀ ਇਟਲੀ ਅਤੇ ਨਾਜ਼ੀ ਜਰਮਨੀ ਦੇ ਪ੍ਰਮੁੱਖ ਨੇਤਾਵਾਂ ਨਾਲ ਸਹਿਯੋਗ ਕੀਤਾ।੨੦੧੪ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਹਿੰਦੂ ਰਾਸ਼ਟਰਵਾਦ ਦੇ ਬਰਾਂਡ ਦੀ ਪ੍ਰਧਾਨਤਾ ਨੇ ਭਾਰਤ ਦੀ ਧਰਮ-ਨਿਰਪੱਖ ਪਰੰਪਰਾ ਅਤੇ ਵਿਭਿੰਨਤਾ ਨੂ ਖਤਰੇ ਵਿਚ ਪਾ ਦਿੱਤਾ ਹੈ।ਭਾਰਤੀ ਜਨਤਾ ਪਾਰਟੀ ਭਾਰਤ ਨੂੰ ਬਹੁ-ਸੰਸਕ੍ਰਿਤਿਕ ਦੇਸ਼ ਮੰਨਣ ਦੀ ਬਜਾਇ ਬਹੁ-ਗਿਣਤੀ ਦੇਸ਼ ਮੰਨਦੀ ਹੈ।ਹਾਲ ਦੇ ਵਰ੍ਹਿਆਂ ਵਿਚ ਇਸ ਤਰਾਂ ਦੀ ਪਰਿਕਲਪਨਾ ਵਿਚ ਤਣਾਅ ਨੇ ਪ੍ਰਮੁੱਖ ਰੂਪ ਲੈ ਲਿਆ ਹੈ।ਰਾਜਨੀਤਿਕ ਉੱਦਮੀ, ਖਾਸ ਕਰਕੇ ਹਿੰਦੂ ਰਾਸ਼ਟਰਵਾਦੀ ਵਿਚਾਰਕ, ਜੋ ਖਾਸ ਸੰਸਕ੍ਰਿਤੀ ਅਧਾਰਿਤ ਪਛਾਣਾਂ ਨੂੰ ਬੜਾਵਾ ਦਿੰਦੇ ਹਨ ਉਨ੍ਹਾਂ ਨੇ ਧਰਮ-ਨਿਰਪੱਖਤਾ ਨੂੰ ਲੈ ਕੇ ਬਹੁਤ ਭੰਬਲਭੂਸਾ ਪੈਦਾ ਕਰ ਦਿੱਤਾ ਹੈ।ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨੂੰ ਮੰਨਣ ਵਾਲਿਆਂ ਨੇ ਰਾਜ ਨੂੰ ਹਿੰਦੂ ਧਰਮ ਦਾ ਵਿਰੋਧੀ ਬਣਾ ਦਿੱਤਾ ਹੈ।

ਕੀ ਭਾਰਤ ਵਿਚ ਧਰਮ-ਨਿਰਪੱਖਤਾ ਆਪਣੀ ਹੌਂਦ ਬਚਾਈ ਰੱਖ ਸਕਦੀ ਹੈ ਜਾਂ ਨਹੀਂ ਇਹ ਰਾਜਨੀਤਿਕ ਸ਼ਕਤੀਆਂ ਦੇ ਸਮੀਕਰਣਾਂ ਉੱਪਰ ਨਿਰਭਰ ਕਰਦਾ ਹੈ ਜਿਸ ਵਿਚ ਭਾਰਤੀ ਜਨਤਾ ਪਾਰਟੀ ਦੀ ਭਵਿੱਖ ਵਿਚ ਚੁਣਾਵੀ ਜਿੱਤ ਸ਼ਾਮਿਲ ਹੈ ਅਤੇ ਵਿਰੋਧੀ ਪਾਰਟੀਆਂ ਉਨ੍ਹਾਂ ਦੀਆਂ ਨੀਤੀਆਂ ਦਾ ਕੀ ਬਦਲ ਪੇਸ਼ ਕਰਦੀਆਂ ਹਨ।੧੯੪੭ ਵਿਚ ਭਾਰਤ ਦੀ ਅਜ਼ਾਦੀ ਸਮੇਂ ਧਰਮ ਨਿਰਪੱਖਤਾ ਦੀ ਵਕਾਲਤ ਕਰਨ ਵਾਲਿਆਂ ਦੀ ਇਸ ਬਹਿਸ ਵਿਚ ਜਿੱਤ ਹੋਈ ਕਿ ਰਾਜ ਨੂੰ ਭਾਰਤ ਦੀ ਅਥਾਹ ਵਿਭਿੰਨਤਾ ਵਿਚ ਆਪਣਾ ਰਸਤਾ ਕਿਸ ਤਰਾਂ ਬਣਾਉਣਾ ਚਾਹੀਦਾ ਹੈ? ਰਾਜ ਨੂੰ ਧਰਮ ਨਾਲ ਕਿਸ ਤਰਾਂ ਨਜਿੱਠਣਾ ਚਾਹੀਦਾ ਹੈ, ਇਸ ਸੰਬੰਧੀ ਉਸੇ ਸਮੇਂ ਹੀ ਦੋ ਹੋਰ ਵਿਰੋਧੀ ਵਿਚਾਰ ਵੀ ਕੰਮ ਕਰ ਰਹੇ ਸਨ: ਹਿੰਦੂ ਰਾਸ਼ਟਰਵਾਦ ਅਤੇ ਹਿੰਦੂ ਪਰੰਪਰਾਵਾਦ।

ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਨੂੰ ੧੯੨੦ਵਿਆਂ ਵਿਚ ਪਹਿਲੀ ਵਾਰ ਵੀ.ਡੀ. ਸਾਵਰਕਰ ਨੇ “ਹਿੰਦੂਤਵ: ਹੂ ਇਜ਼ ਏ ਹਿੰਦੂ?” ਵਿਚ ਵਿਧੀਬੱਧ ਕੀਤਾ।ਇਹ ਪ੍ਰਮੁੱਖ ਰੂਪ ਵਿਚ ਸੱਭਿਆਚਾਰਕ ਪੱਖ ਤੋਂ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਰੂਪ ਵਿਚ ਪ੍ਰਭਾਸ਼ਿਤ ਕਰਦੀ ਹੈ ਅਤੇ ਇਸ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨਾ ਚਾਹੰੁਦੀ ਹੈ।੨੦੧੪ ਤੋਂ ਬਾਅਦ ਵਧਦੇ ਹਿੰਦੂ ਰਾਸ਼ਟਰਵਾਦ ਨੇ ਕਾਂਗਰਸ ਅਤੇ ਧਰਮ-ਨਿਰਪੱਖਤਾ ਨੂੰ ਖੂੰਜੇ ਲਗਾ ਦਿੱਤਾ ਹੈ।ਬਹੁਤ ਸਾਰੇ ਭਾਰਤੀ ਵਿਦਵਾਨਾਂ ਦਾ ਮਤ ਹੈ ਕਿ ਭਾਰਤੀ ਰਾਜਨੀਤੀ ਵਿਚ ਹੁਣ ਭਾਰਤੀ ਜਨਤਾ ਪਾਰਟੀ ਹੀ ਪ੍ਰਮੱੁਖ ਪ੍ਰਭੂਤਾ ਪ੍ਰਾਪਤ ਪਾਰਟੀ ਹੈ।ਹਿੰਦੂਤਵ ਦੇ ਵਿਚਾਰ ਵਿਚ ਭਾਰਤੀ ਸੰਵਿਧਾਨ ਵਿਚ ਤਬਦੀਲੀ ਕਰਕੇ ਅਜ਼ਾਦ ਲੋਕਤੰਤਰ ਦੇ ਚਿਹਰੇ-ਮੁਹਰੇ ਨੂੰ ਹੀ ਬਦਲਣਾ ਹੈ।ਹਿੰਦੂਤਵ ਦੀ ਹਾਲਾਂਕਿ ਕੋਈ ਪ੍ਰਧਾਨ ਸੰਸਥਾ, ਕੋਈ ਇਕ ਪੁਜਾਰੀ ਜਾਂ ਕੋਈ ਇਕ ਸੱਤਾ ਨਹੀਂ ਹੈ।ਰਾਸ਼ਟਰੀ ਸਵੈ-ਸੇਵਕ ਸੰਘ ਨੇ ਆਪਣੇ ਆਪ ਨੂੰ ਧਾਰਮਿਕ ਅਰਥਾਂ ਦੇ ਵਿਚੋਲੇ ਅਤੇ ਹਿੰਦੂ ਰਾਸ਼ਟਰ ਦੇ ਨਿਰਮਾਤਾ ਦੇ ਰੂਪ ਵਿਚ ਪੇਸ਼ ਕੀਤਾ ਹੈ।ਹੁਣ ਜਦੋਂ ਹੋਰ ਮੁਲ਼ਕ ਧਾਰਮਿਕ ਵਿਭਿੰਨਤਾ ਨਾਲ ਸੰਘਰਸ਼ ਕਰ ਰਹੇ ਹਨ, ਹਿੰਦੂ ਰਾਸ਼ਟਰਵਾਦ ਭਾਰਤ ਨੂੰ ਇਸ ਦੇ ਪ੍ਰਮੱੁਖ ਮੁੱਲਾਂ ਤੋਂ ਹੀ ਦੂਰ ਕਰ ਰਿਹਾ ਹੈ।

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਹਿੰਦੂ ਰਾਸ਼ਟਰਵਾਦ ਦੀ ਕਥਿਤ ਚੜ੍ਹਤ ਹੋਣ ਦੇ ਬਾਵਜੂਦ ਇਸ ਨਤੀਜੇ ’ਤੇ ਪਹੁੰਚਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਇਸ ਤਰਾਂ ਦੇ ਰਾਸ਼ਟਰਵਾਦ ਨੇ ਭਾਰਤੀ ਰਾਜਨੀਤੀ ਅਤੇ ਸਮਾਜ ਵਿਚ ਪੂਰਣ ਪ੍ਰਭੂਤਾ ਸਥਾਪਿਤ ਕਰ ਲਈ ਹੈ।ਕੱਟੜ ਰਾਸ਼ਟਰਵਾਦ ਕਰਕੇ ਲੋਕਤੰਤਰ ਖਤਰੇ ਵਿਚ ਹੈ।ਸੱਜੇ-ਪੱਖੀ ਕੱਟੜਪੰਥੀਆਂ ਦੇ ਰਾਜਨੀਤਿਕ ਅਤੇ ਆਰਥਿਕ ਸ਼ਕਤੀ ਪ੍ਰਾਪਤ ਕਰਨ ਦੀ ਹੋੜ ਨੇ ਇਸ ਤਰਾਂ ਦੇ ਰਾਸ਼ਟਰਵਾਦ ਨੂੰ ਪੈਦਾ ਕੀਤਾ ਹੈ ਜੋ ਧਰਮ ਨੂੰ ਇਕ ਟੂਲ ਦੇ ਰੂਪ ਵਿਚ ਪ੍ਰਯੋਗ ਕਰਦੇ ਹਨ।ਮੋਦੀ ਦੇ ਰਾਜਨੀਤੀ ਵਿਚ ਉਦੈ ਨੇ ਨਾ ਸਿਰਫ ਭਾਰਤੀ ਜਨਤਾ ਪਾਰਟੀ ਬਲਕਿ ਪੂਰੇ ਭਾਰਤੀ ਰਾਜਨੀਤਿਕ ਪਰਿਦ੍ਰਿਸ਼ ਵਿਚ ਇਕ ਸ਼ਿਫਟ ਲਿਆਂਦੀ ਹੈ ਜੋ ਕਿ ਧਰਮ-ਨਿਰਪੱਖ ਰਾਜਨੀਤੀ ਤੋਂ ਹਿੰਦੂਤਵ ਦੀ ਰਾਜਨੀਤੀ ਵਿਚ ਤਬਦੀਲ ਹੋ ਗਿਆ ਹੈ।ਭਾਰਤ ਵਿਚ ਹਿੰਦੂ ਰਾਸ਼ਟਰਵਾਦ ਦਾ ਭਾਸ਼ਾਈ ਪੱਖ ਵੀ ਹੈ।ਬਾਕੀ ਭਾਰਤੀਆਂ ਦੇ ਮੁਕਾਲਬਤਨ ਹਿੰਦੂ ਆਪਣੇ ਆਪ ਨੂੰ ਜਿਆਦਾ ਹਿੰਦੀ ਭਾਸ਼ਾ ਨਾਲ ਜੋੜ ਕੇ ਦੇਖਦੇ ਹਨ।ਜਦੋਂ ਕਿ ਭਾਰਤ ਵਿਚ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਹਨ, ਜਿਆਦਾਤਰ ਹਿੰਦੂ (੫੫ ਪ੍ਰਤੀਸ਼ਤ) ਇਹ ਮਹਿਸੂਸ ਕਰਦੇ ਹਨ ਕਿ ਅਸਲ ਭਾਰਤੀ ਹੋਣ ਲਈ ਸਹੀ ਹਿੰਦੀ ਬੋਲ ਸਕਣਾ ਬਹੁਤ ਜਰੂਰੀ ਹੈ।ਜੋ ਹਿੰਦੂ ਆਪਣੇ ਧਰਮ ਨੂੰ ਰਾਸ਼ਟਰੀ ਪਹਿਚਾਣ ਨਾਲ ਜੋੜਦੇ ਹਨ, ਉਹ ਹਿੰਦੂ ਨੂੰ ਵੀ ਭਾਰਤੀ ਪਛਾਣ ਨਾਲ ਜੋੜ ਕੇ ਦੇਖਦੇ ਹਨ ਜਿਸ ਕਰਕੇ ਭਾਰਤੀ ਰਾਸ਼ਟਰਵਾਦ ਦਾ ਘੇਰਾ ਬਹੁਤ ਹੀ ਤੰਗ ਅਤੇ ਸੰਪ੍ਰਦਾਇਕ ਹੋ ਗਿਆ ਹੈ।ਭਾਰਤੀ ਰਾਸ਼ਟਰਵਾਦੀ ਜੋਸ਼ ਹਰ ਪ੍ਰਕਾਰ ਦੇ ਪੂਰਵ-ਗ੍ਰਹਿਾਂ ਦਾ ਸ਼ਿਕਾਰ ਹੋ ਚੁੱਕਿਆ ਹੈ: ਇਸ ਵਿਚ ਕੁਝ ਧਰਮ ਦੀ ਰਾਖੀ ਕਰਨ ਦਾ ਦਾਅਵਾ ਕਰਦੇ ਹਨ,ਕੁਝ ਸੱਭਿਆਚਾਰ ਦੀ ਰਾਖੀ ਦਾ ਦਾਅਵਾ ਕਰਦੇ ਹਨ ਅਤੇ ਕੁਝ ਭਾਸ਼ਾ ਦੀ ਰਾਖੀ ਦਾ।ਇਹਨਾਂ ਵਿਚੋਂ ਕੁਝ ਲੋਕਾਂ ਲਈ ਭਾਰਤੀ ਰਾਸ਼ਟਰ ਸਿਰਫ ਉਨ੍ਹਾਂ ਦਾ ਹੈ ਜੋ ਕੁਝ ਖਾਸ ਧਾਰਮਿਕ ਪ੍ਰੰਪਰਾਵਾਂ ਨੂੰ ਮੰਨਦੇ ਹਨ, ਇਕ ਖਾਸ ਬੋਲੀ ਬੋਲਦੇ ਹਨ ਅਤੇ ਇਕ ਖਾਸ ਜੀਵਨ ਲਹਿਜਾ ਰੱਖਦੇ ਹਨ।

ਹਾਲ ਦੇ ਵਰ੍ਹਿਆਂ ਵਿਚ ਰਾਸ਼ਟਰਵਾਦੀ ਸ਼ਬਦ ਨਾਲ ਬਹੁਤ ਸਾਰੇ ਘ੍ਰਿਣਾਮਈ ਅਰਥ ਜੁੜ ਗਏ ਹਨ।ਪੱਛਮ ਦੇ ਵੀ ਬਹੁਤ ਸਾਰੇ ਹਿੱਸੇ ਨਵ-ਨਾਜ਼ੀ, ਸੱਜੇ-ਪੱਖੀ ਅੰਦੋਲਨਾਂ ਦੀ ਚੜ੍ਹਤ ਦੇਖ ਰਹੇ ਹਨ ਜੋ ਕਿ ਰਾਸ਼ਟਰਵਾਦੀ ਹੋਣ ਦਾ ਦਾਅਵਾ ਕਰਦੇ ਹਨ।ਇਹਨਾਂ ਵਿਚੋਂ ਬਹੁਤ ਸਾਰੇ ਅੰਦੋਲਨਾਂ ਦਾ ਸੰਦੇਸ਼ ਦੂਜੇ ਪ੍ਰਤੀ ਅਤੇ ਆਪਣੇ ਤੋਂ ਦਿੱਖ, ਸੱਭਿਆਚਾਰ ਅਤੇ ਵਿਸ਼ਵਾਸ ਕਰਕੇ ‘ਵੱਖਰਿਆਂ’ ਤੋਂ ਨਫਰਤ ਹੀ ਹੈ ਜੋ ਬਹੁਤੀ ਵਾਰ ਹਿੰਸਾ ਦਾ ਰੂਪ ਵੀ ਲੈ ਲੈਂਦੀ ਹੈ। ਇਕ ਸਮੇਂ ਭਾਰਤੀ ਰਾਸ਼ਟਰਵਾਦ ਨੇ ਮਾਰਟਿਨ ਲੂਥਰ ਅਤੇ ਨੈਲਸਨ ਮੰਡੇਲਾ ਨੂੰ ਪ੍ਰੋਤਸਾਹਿਤ ਕੀਤਾ ਸੀ, ਪਰ ਦੁੱਖ ਦੀ ਗੱਲ ਹੈ ਕਿ ਅੱਜ ਰਾਸ਼ਟਰਵਾਦ ਦੂਜੇ ਪ੍ਰਤੀ ਨਫਰਤ ਦਾ ਸਾਧਨ ਬਣਿਆ ਹੋਇਆ ਹੈ।ਭਾਰਤੀ ਰਾਸ਼ਟਰਵਾਦ ਲੰਮੀ ਘਾਲਣਾ ਅਤੇ ਬਹਿਸ-ਮੁਬਾਹਿਸੇ ਦਾ ਨਤੀਜਾ ਹੈ ਜੋ ਕਿ ਵੀਹਵੀਂ ਸਦੀ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਸ਼ੁਰੂ ਹੋਇਆ।

ਬਹੁਤ ਸਾਰੇ ਪੱਖਾਂ ਤੋਂ ਭਾਰਤ ਅਤੇ ਚੀਨ ਦੀ ਰਾਸ਼ਟਰੀ-ਬਣਤਰ ਨੂੰ ਮੁਕਾਬਲਤਨ ਦੇਖਿਆ ਜਾ ਸਕਦਾ ਹੈ।ਇਹ ਦੋਵੇਂ ਹੀ ਵਿਸ਼ਾਲ ਸਮਾਜ ਉੱਪਰ ਅਧਾਰਿਤ ਹਨ ਜਿਨ੍ਹਾਂ ਦੀ ਸੰਸਕ੍ਰਿਤਿਕ ਧਰੋਹਰ ਬਹੁਤ ਅਮੀਰ ਹੈ ਜਿਸ ਨੇ ਇੱਥੋਂ ਦੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਰੱਖਿਆ ਹੈ।ਦੋਹਾਂ ਹੀ ਦੇਸ਼ਾਂ ਨੇ ਪੱਛਮੀ ਸਾਮਰਾਜਵਾਦ ਦੀ ਸੱਤਾ ਤੋਂ ਬਾਅਦ ਰਾਸ਼ਟਰਵਾਦ ਦਾ ਰੂਪ ਅਪਣਾਇਆ ਹੈ।ਦੋਹੇਂ ਹੀ ਰਾਸ਼ਟਰ ਤਰੱਕੀ, ਤਰਕ, ਬਰਾਬਰਤਾ ਅਤੇ ਸਾਮਰਾਜ-ਵਿਰੋਧੀ ਇਕੋ ਜਿਹੇ ਵਿਚਾਰ ਰੱਖਦੇ ਹਨ, ਪਰ ਭਾਰਤ ਅਤੇ ਚੀਨ ਦੀਆਂ ਰਾਸ਼ਟਰਵਾਦੀ ਕਲਪਨਾਵਾਂ ਵਿਚ ਧਰਮ ਦਾ ਸਥਾਨ ਬਿਲਕੁਲ ਵਿਰੋਧੀ ਹੈ।ਧਰਮ ਭਾਰਤੀ ਰਾਸ਼ਟਰਵਾਦ ਦਾ ਅਟੁੱਟ ਹਿੱਸਾ ਹੈ ਜਦੋਂ ਕਿ ਇਸ ਨੂੰ ਚੀਨੀ ਰਾਸ਼ਟਰਵਾਦ ਵਿਚ ਇਕ ਅੜਿੱਕੇ ਵਜੋਂ ਦੇਖਿਆ ਜਾਂਦਾ ਹੈ।ਭਾਰਤੀ ਸੰਵਿਧਾਨ ਲੋਕਤੰਤਰ, ਨਾਗਰਿਕ ਅਜ਼ਾਦੀ ਅਤੇ ਧਰਮ-ਨਿਰਪੱਖਤਾ ਦਾ ਅਧਿਕਾਰ ਦਿੰਦਾ ਹੈ, ਪਰ ਭਾਰਤੀ ਜਨਤਾ ਪਾਰਟੀ ਦੀ ਸੱਤਾ ਤੋਂ ਬਾਅਦ ਇਹ ਪਰਿਦ੍ਰਿਸ਼ ਬਦਲ ਗਿਆ ਹੈ।ਪਾਰਟੀ ਦੇ ਹਿੰਦੂਵਾਦੀ ਫਲਸਫੇ ਵਿਚ ਹਿੰਦੂ ਰਾਸ਼ਟਰ ਬਣਾਉਣ ਦੀ ਕਲਪਨਾ ਹੈ ਜਿਸ ਵਿਚ ਦੂਜੇ ਧਰਮਾਂ ਨਾਲ ਸੰਬੰਧਿਤ ਲੋਕ ਤਾਂ ਹਨ, ਪਰ ਉਹ ਦੂਜੇ ਦਰਜੇ ਦੇ ਨਾਗਰਿਕ ਹਨ।ਭਾਰਤ ਦਿਨੋਂ ਦਿਨ ਘੱਟ ਧਰਮ-ਨਿਰਪੱਖ ਹੋ ਰਿਹਾ ਹੈ ਅਤੇ ਇਸ ਦੇ ਕਦਮ ਤਾਨਾਸ਼ਾਹੀ ਅਤੇ ਅਣ-ਉਦਾਰਵਾਦੀ ਲੋਕਤੰਤਰ ਵੱਲ ਵਧ ਰਹੇ ਹਨ।