ਇਸ ਸਮੇਂ ਸਿੱਖ ਕੌਮ ਅੰਦਰ ਜਾਤ-ਪਾਤ ਨੇ ਡੂੰਘੀਆਂ ਜੜ੍ਹਾਂ ਬਣਾ ਲਈਆਂ ਹਨ ਅਤੇ ਇਸ ਗੰਭੀਰ ਸਮੱਸਿਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੁਹਿੰਮ ‘ਇੱਕ ਪਿੰਡ ਇੱਕ ਗੁਰਦੁਆਰਾ’ ਦਾ ਆਗਾਜ਼ ਕੀਤਾ ਹੈ। ਇਸ ਮੁੰਹਿਮ ਦਾ ਮੁੱਖ ਮਕਸਦ ਜਾਤ-ਪਾਤ ਕਾਰਨ ਸਿੱਖ ਕੌਮ ਅੰਦਰ ਜੋ ਵੰਡੀਆਂ ਪੈ ਰਹੀਆਂ ਹਨ ਉਸ ਨੂੰ ਠੱਲ ਪਾਉਣਾ ਹੈ। ਇਸ ਬਾਰੇ ਅਕਾਲ ਤਖਤ ਸਾਹਿਬ ਤੋਂ ਵੀ ਉਦੇਸ਼ ਜਾਰੀ ਹੋਇਆ ਹੈ ਕਿ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਹੀ ਸਥਾਪਤ ਕੀਤਾ ਜਾਵੇ ਜੋ ਸਰਵ ਪ੍ਰਵਾਨਿਤ ਹੋਣਾ ਚਾਹੀਦਾ ਹੈ। ਸਿੱਖ ਧਰਮ ਦੀ ਨੀਂਹ ਹੀ ਗੁਰੂ ਸਾਹਿਬ ਨੇ ਇਸ ਜਾਤ-ਪਾਤ ਦੇ ਕੋਹੜ ਤੋਂ ਉੱਪਰ ਉੱਠ ਕੇ ਰੱਖੀ ਸੀ ਤੇ ਮਨੁੱਖੀ ਬਰਾਬਰਤਾ ਨੂੰ ਗੁਰੂ ਸਾਹਿਬ ਨੇ ਹਮੇਸ਼ਾ ਮੁੱਖ ਰੱਖਿਆ ਸੀ। ਅੱਜ ਪੰਜਾਬ ਦੇ ਕੁਝ ਵਿਰਲੇ ਹੀ ਪਿੰਡ ਹਨ ਜਿਥੇ ਪਿੰਡ ਵਾਸੀਆਂ ਦੀ ਜਾਗ੍ਰਿਤਾ ਕਾਰਨ ਇੱਕ ਹੀ ਗੁਰੂ ਘਰ ਹੈ। ਪਰ ਸਮੁੱਚੇ ਪਿੰਡ ਦੀ ਜੇ ਗੱਲ ਕਰੀਏ ਤਾਂ ਹਰੇਕ ਪਿੰਡ ਵਿੱਚ ਜਾਤੀ ਤੇ ਅਧਾਰਿਤ ਵੱਖ-ਵੱਖ ਗੁਰਦੁਆਰਾ ਸਾਹਿਬ ਹਨ ਜੋ ਜਾਣੇ ਵੀ ਜਾਤੀ ਨਾਲ ਹੀ ਜਾਂਦੇ ਹਨ। ਕਈ ਥਾਵਾਂ ਤੇ ਪਿੰਡ ਵਾਸੀਆਂ ਦੀ ਆਪਸੀ ਰੰਜ਼ਿਸ਼ ਕਾਰਨ ਵੀ ਵੱਖ-ਵੱਖ ਗੁਰੂ ਘਰ ਹਨ। ਭਾਵੇਂ ਉਨਾਂ ਦੀ ਸੇਵਾ ਸੰਭਾਲ ਸੰਪੂਰਨ ਹੈ ਜਾਂ ਨਹੀਂ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਜਾਂਦਾ ਤੇ ਸਿਰਫ ਨਾਂ ਦੇ ਹੀ ਗੁਰਦੁਆਰਾ ਸਾਹਿਬ ਹਨ। ਹੁਣ ਜਦੋਂ ਪੂਰੇ ਭਾਰਤ ਅੰਦਰ ਜਾਤੀਵਾਦ ਦਾ ਪ੍ਰਛਾਵਾਂ ਤੇ ਵਿਤਕਰਾ ਇੱਕ ਘਿਨਾਉਣਾ ਰੂਪ ਅਖਤਿਆਰ ਕਰ ਚੁੱਕਿਆ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗੁਰਦੁਆਰਾ ਇੱਕ ਪਿੰਡ ਦੀ ਮੁੰਹਿਮ ਚਲਾਉਣਾ ਉੱਦਮੀ ਵਰਤਾਰਾ ਹੈ ਇਸਦਾ ਮੁੱਖ ਉਦੇਸ਼ ਵੀ ਜਾਤੀਵਾਦ ਨੂੰ ਮਿਟਾਉਣਾ ਹੀ ਦੱਸਿਆ ਜਾ ਰਿਹਾ ਹੈ। ਕਿਉਂਕਿ ਸਿੱਖ ਕੌਮ ਅੰਦਰ ਆਏ ਜਾਤੀਵਾਦ ਦੇ ਭੇਦ-ਭਾਵ ਨੇ ਗੂੜੀ ਰੰਗਤ ਅਖਤਿਆਰ ਕਰ ਲਈ ਹੈ ਤੇ ਸਮੇਂ ਨਾਲ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਵੀ ਸਿੱਖ ਖਾਲਸੇ ਦੀ ਬਜਾਇ ਜਾਤੀਵਾਦਕ ਨਾਮਾਂ ਨਾਲ ਹੀ ਜਾਣੇ ਜਾਂਦੇ ਹਨ। ਇਸ ਨੂੰ ਅਧਾਰ ਬਣਾ ਕੇ ਹੀ ਅੱਜ ਪੰਜਾਬ ਦੇ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਤਾਂ ਵੰਡੀਆਂ ਪੈ ਹੀ ਗਈਆਂ ਤੇ ਇਹ ਵੰਡੀਆਂ ਸਮਸ਼ਾਨਘਾਟ ਤੱਕ ਵੀ ਪਹੁੰਚ ਚੁੱਕੀਆਂ ਹਨ। ਇਸ ਜਾਤੀਵਾਦ ਦਾ ਪ੍ਰਭਾਵ ਗੁਰੂ ਘਰ ਦੀ ਉੱਤਮ ਰੀਤ ‘ਲੰਗਰ’ ਤੱਕ ਵੀ ਪਹੁੰਚ ਚੁੱਕਿਆ ਹੈ ਤੇ ਲੰਗਰ ਪ੍ਰਥਾ ਨੂੰ ਵੀ ਜਾਤੀਵਾਦ ਤੇ ਅਧਾਰਿਤ ਵੰਡ ਦਿੱਤਾ ਗਿਆ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਵੱਖ-ਵੱਖ ਮਜ਼ਹਬਾ, ਜਾਤੀਆਂ ਨਾਲ ਸਬੰਧਤ ਭਗਤਾਂ ਦੀ ਬਾਣੀ ਦਰਜ਼ ਹੈ ਤੇ ਗੁਰੂ ਸਾਹਿਬ ਨੇ ਹਮੇਸ਼ਾ ਹੀ ਜਾਤ-ਪਾਤ ਤੋਂ ਉੱਪਰ ਉੱਠਣ ਦਾ ਉਦੇਸ਼ ਦਿੱਤਾ ਸੀ। ਇਸੇ ਤਰ੍ਹਾਂ ਸਿੱਖ ਕੌਮ ਅੰਦਰ ਸਤਿਕਾਰਤ ਤੇ ਪੂਜਣਯੋਗ ਸਿੱਖ ਭਾਈ ਮਨੀ ਸਿੰਘ, ਭਾਈ ਜੀਵਨ ਸਿੰਘ ਤੇ ਪੰਜ ਪਿਆਰੇ ਵੀ ਵੱਖ-ਵੱਖ ਜਾਤੀਆਂ ਨਾਲ ਸਬੰਧਤ ਸਨ। ਪਰ ਹੁਣ ਇਹ ਪ੍ਰਥਾ ਸਿਰਫ ਪੰਜਾਬ ਦੇ ਪਿੰਡਾਂ ਤੱਕ ਹੀ ਸੀਮਿਤ ਨਹੀਂ ਸਗੋਂ ਇਹ ਸ਼ਹਿਰਾਂ ਕਸਬਿਆਂ ਵਿਚੋਂ ਹੁੰਦੀ ਹੋਈ ਸਿੱਖ ਕੌਮ ਨਾਲ ਵਿਦੇਸ਼ਾਂ ਵਿੱਚ ਵੀ ਪਹੁੰਚ ਚੁੱਕੀ ਹੈ। ਇਸ ਜਾਤੀਵਾਦ ਦੇ ਸੰਵੇਦਨਸ਼ੀਲ ਪ੍ਰਛਾਵੇਂ ਤੋਂ ਮੁਕਤੀ ਦਾ ਇੱਕ ਹੀ ਰਸਤਾ ਹੈ ਉਹ ਹੈ ਸਰਵਪ੍ਰਵਾਨਿਤ ਸਿੱਖ ਮਰਿਯਾਦਾ ਦਾ ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋਂ ਮੁੱਖ ਰੂਪ ਵਿੱਚ ਪ੍ਰਚਾਰਨਾ ਤੇ ਲਾਗੂ ਕਰਨਾ ਤਾਂ ਜੋ ਸਿੱਖ ਕੌਮ ਇੱਕ ਲੜੀ ਅਧੀਨ ਆਪਣੀ ਧਾਰਮਿਕ ਬਰਾਬਰਤਾ ਨੂੰ ਕਾਇਮ ਰੱਖ ਸਕੇ ਤੇ ਡੇਰਾਵਾਦ ਤੇ ਜਤੀਵਾਦ ਤੋਂ ਕੌਮ ਉੱਪਰ ਉਠ ਸਕੇ। ਸਿੱਖ ਕੌਮ ਨੂੰ ਪ੍ਰਚਾਰ ਅਤੇ ਰਹਿਨੁਮਾਈ ਲਈ ਗੁਰੂ ਘਰ ਦੀ ਬੇਹੱਦ ਲੋੜ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮੁੰਹਿਮ ‘ਇੱਕ ਪਿੰਡ ਇੱਕ ਗੁਰਦੁਆਰਾ’ ਨੂੰ ਸਫਲਤਾ ਮਿਲਣੀ ਇੱਕ ਵੰਗਾਰ ਹੈ। ਇਹ ਵੀ ਅਜਿਹੇ ਸਮੇਂ ਜਦੋਂ ਸਿੱਖ ਕੌਮ ਅੰਦਰ ਗੁਰਪੁਰਬਾਂ ਦੀਆਂ ਤਰੀਕਾਂ ਤੱਕ ਵੰਡ ਦਿੱਤੀਆਂ ਗਈਆਂ ਹਨ ਤੇ ਗੁਰੂ ਸਾਹਿਬਾਨਾਂ ਦੇ ਮਨਾਏ ਜਾਂਦੇ ਗੁਰਪੁਰਬ ਕੁਝ ਗੁਰੂ ਸਾਹਿਬਾਂ ਤੱਕ ਹੀ ਸਿਮਟ ਗਏ ਹਨ। ਬਾਕੀ ਗੁਰੂਆਂ ਦੇ ਗੁਰਪੁਰਬ ਮਨਾਏ ਹੀ ਨਹੀਂ ਜਾਂਦੇ। ਸਿੱਖ ਕੌਮ ਅੰਦਰ ਜਾਤ ਪ੍ਰਥਾ ਭਾਵੇਂ ਆਪਣੀਆਂ ਡੂੰਘੀਆਂ ਜੜ੍ਹਾਂ ਲਗਾ ਚੁੱਕੀ ਹੈ, ਪਰ ਅਸਦਾਇਕ ਤਰੀਕੇ ਨਾਲ ਚਲਾਈ ਗਈ ਮੁੰਹਿਮ ਕੀ ਪ੍ਰਭਾਵ ਛੱਡੇਗੀ, ਇਹ ਵਕਤ ਹੀ ਦੱਸੇਗਾ।