ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਪਿਛਲੇ ਦਿਨੀ ਬਹੁਤ ਹੀ ਜਬਰਦਸਤ ਅਤੇ ਜਥੇਬੰਦਕ ਹਮਲਾ ਕੀਤਾ ਗਿਆ। ਜਿਸ ਵਿੱਚ ਲਗਭਗ ੪੦ ਹਮਲਾਵਰਾਂ ਨੇ ਛਬੀਲ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਧੋਖੇ ਨਾਲ ਆਪਣੇ ਹਮਲੇ ਦੀ ਆੜ ਹੇਠ ਲਿਆਂਦਾ, ਇਸ ਹਮਲੇ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਇੱਕ ਸਾਥੀ ਦੀ ਮੌਤ ਹੋ ਗਈ ਅਤੇ ਕੁਝ ਜਖਮੀ ਹੋ ਗਏ। ਭਾਈ ਰਣਜੀਤ ਸਿੰਘ ਉਤੇ ਕੀਤੇ ਗਏ ਹਮਲੇ ਨੂੰ ਦਮਦਮੀ ਟਕਸਾਲ ਨਾਅ ਦੀ ਸਿੱਖ ਜਥੇਬੰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਜੋ ਵਿਅਕਤੀ ਇਸ ਹਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਉਹ ਸਾਰੇ ਹੀ ਦਮਦਮੀ ਟਕਸਾਲ ਨਾਲ ਸਬੰਧਿਤ ਹਨ।

ਦਮਦਮੀ ਟਕਸਾਲ ਉਹ ਜਥੇਬੰਦੀ ਹੈ ਜਿਸਦੇ ੧੪ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ੧੯੮੦ਵਿਆਂ ਦੌਰਾਨ ਭਾਰਤ ਸਰਕਾਰ ਨੂੰ ਸਿੱਖ ਸ਼ਕਤੀ ਦੀ ਅਸਲੀਅਤ ਦੇ ਦਰਸ਼ਨ ਕਰਵਾਏ ਸਨ। ੧੯੮੪ ਦੌਰਾਨ ਭਾਰਤ ਸਰਕਾਰ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ ਸੀ ਤਾਂ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਜੁਝਾਰੂਆਂ ਨੇ ਇਸ ਹਮਲੇ ਦਾ ਮੂੰਹ ਤੋੜ ਉਤਰ ਦਿੱਤਾ ਸੀ। ਸੰਤ ਜਰਨੈਲ ਸਿੰਘ ਜਿੰਨੇ ਸਿੱਖਾਂ ਤੇ ਹੋ ਰਹੇ ਬਾਹਰੀ ਹਮਲਿਆਂ ਪ੍ਰਤੀ ਸੁਚੇਤ ਸਨ ਉਨੇ ਹੀ ਰਵਾਇਤੀ ਅਕਾਲੀ ਲੀਡਰਸ਼ਿੱਪ ਦੀ ਆੜ ਹੇਠ ਸਿੱਖੀ ਤੇ ਹੋ ਰਹੇ ਅੰਦਰੂਨੀ ਹਮਲਿਆਂ ਬਾਰੇ ਵੀ ਸੁਚੇਤ ਸਨ। ਉਨ੍ਹਾਂ ਨੇ ਅਕਾਲੀ ਲੀਡਰਸ਼ਿੱਪ ਦੀ ਕਮਜ਼ੋਰੀ ਅਤੇ ਗਦਾਰੀ ਨੂੰ ਬਹੁਤ ਸਮਾਂ ਪਹਿਲਾਂ ਹੀ ਪਹਿਚਾਣ ਲਿਆ ਸੀ ਇਸੇ ਲਈ ਉਹ ਧਰਮਯੁਧ ਮੋਰਚੇ ਦੌਰਾਨ ਅਕਾਲੀ ਲੀਡਰਸ਼ਿੱਪ ਦੇ ਨਾਲ ਰਹਿੰਦੇ ਹੋਏ ਵੀ ਇਸ ਤੋਂ ਇੱਕ ਦੂਰੀ ਬਣਾ ਕੇ ਚੱਲਦੇ ਸਨ। ਉਹ ਧਰਮਯੁੱਧ ਮੋਰਚੇ ਦਾ ਡਸਿਪਲਿਨ ਤੋੜਨ ਦੇ ਹੱਕ ਵਿੱਚ ਨਹੀ ਸਨ ਪਰ ਅਕਾਲੀ ਲੀਡਰਸ਼ਿੱਪ ਤੋਂ ਉਹ ਕੌਮ ਲਈ ਕਿਸੇ ਭਲੇ ਦੀ ਆਸ ਨਹੀ ਸੀ ਕਰਦੇ । ਇਸੇ ਲਈ ਉਨ੍ਹਾਂ ਨੇ ਅਕਾਲੀ ਲੀਡਰਸ਼ਿੱਪ ਦੇ ਮੁਕਾਬਲੇ ਆਪਣੇ ਪਿਆਰ ਵਾਲੇ ਸਿੰਘਾਂ ਦਾ ਗਰੁੱਪ ਬਣਾ ਲਿਆ ਸੀ ਜੋ ਭੀੜ ਪੈਣ ਤੇ ਆਪਣੀ ਜਾਨ ਵੀ ਦੇ ਸਕਦਾ ਸੀ। ਸੰਤ ਜੀ ਦੀ ਸ਼ਹਾਦਤ ਤੋਂ ਬਹੁਤ ਲੰਬਾ ਸਮਾਂ ਬਾਅਦ ਦਮਦਮੀ ਟਕਸਾਲ ਨੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਆਪਣਾਂ ਮੁਖੀ ਚੁਣਿਆ। ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਦੀ ਉਹ ਆਭਾ ਅਤੇ ਉਚਾਈ ਕਾਇਮ ਨਾ ਰੱਖ ਸਕੇ ਜੋ ਸੰਤ ਜਰਨੈਲ ਸਿੰਘ ਨੇ ਮਿਥ ਦਿੱਤੀ ਸੀ। ਇਸੇ ਲਈ ਸਿੱਖ ਕੌਮ ਵਿੱਚੋਂ ਦਮਦਮੀ ਟਕਸਾਲ ਦਾ ਸਤਿਕਾਰ ਘਟਣ ਲੱਗ ਪਿਆ। ਬਾਬਾ ਹਰਨਾਮ ਸਿੰਘ ਦੀ ਉਨ੍ਹਾਂ ਅਕਾਲੀਆਂ ਨਾਲ ਸਾਕੇਦਾਰੀ ਨੂੰ ਸਿੱਖ ਕੌਮ ਪਰਵਾਨ ਨਹੀ ਕਰ ਰਹੀ ਕਿਉਂਕਿ ਉਸ ਨੇ ਸੰਤ ਜਰਨੈਲ ਸਿੰਘ ਦਾ ਜਲੌਅ ਮਾਣਿਆ ਹੈ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਵੀ ਆਪਣੇ ਨੇੜੇ ਫਟਕਣ ਨਹੀ ਸੀ ਦਿੱਤਾ।

ਬਾਬਾ ਹਰਨਾਮ ਸਿੰਘ ਦੇ ਇਸ ਗੱਠਜੋੜ ਤੇ ਹੀ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਟਕੋਰ ਕੀਤੀ ਸੀ ਜਿਸ ਤੋਂ ਗੁੱਸੇ ਵਿੱਚ ਆਕੇ ਬਾਬਾ ਹਰਨਾਮ ਸਿੰਘ ਦੇ ਹਮਾਇਤੀਆਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹਮਲਾ ਕਰ ਦਿੱਤਾ।

ਅਸੀਂ ਸਮਝਦੇ ਹਾਂ ਕਿ ਇਸ ਮੌਕੇ ਤੇ ਜਦੋਂ ਸਿੱਖ ਕੌਮ ਚਾਰੇ ਪਾਸਿਓਂ ਦੁਸ਼ਮਣਾਂ ਨਾਲ ਘਿਰੀ ਪਈ ਹੈ ਅਤੇ ਜਦੋਂ ਆਪਣੇ ਦਿਸਣ ਵਾਲੇ ਵੀ ਪਰਾਈ ਬੀਨ ਤੇ ਨੱਚ ਰਹੇ ਹਨ ਉਸ ਵੇਲੇ ਸਿੱਖ ਕੌਮ ਦੀਆਂ ਸਤਿਕਾਰਯੋਗ ਹਸਤੀਆਂ ਨੂੰ ਭਰਾ ਮਾਰੂ ਜੰਗ ਵਿੱਚ ਨਹੀ ਉਲਝਣਾਂ ਚਾਹੀਦਾ। ਇਹ ਸਮਾਂ ਆਪਣਿਆਂ ਨੂੰ ਮਾਰਨ ਦਾ ਨਹੀ ਹੈ ਬਲਿਕ ਕੌਮ ਦੇ ਦਿੱਸਹੱਦਿਆਂ ਤੇ ਚੜ੍ਹੀ ਆਉਂਦੀ ਜੁਲਮ ਦੀ ਜੰਝ ਨੂੰ ਸਿੱਧੇ ਮੂੰਹ ਟਕਰਨ ਦਾ ਹੈ। ਭਾਰਤੀ ਸਟੇਟ ਕੌਮ ਨੂੰ ਤਬਾਹ ਕਰਨ ਲਈ ਅਤੇ ਇਸਦੀ ਨਿਆਰੀ ਹਸਤੀ ਨੂੰ ਖਤਮ ਕਰਨ ਲਈ ਵੱਡੇ ਪ੍ਰਜੈਕਟ ਤੇ ਕੰਮ ਕਰ ਰਹੀ ਹੈ। ਇਸ ਵੇਲੇ ਲੋੜ ਕੌਮ ਨੂੰ ਇਸ ਭੰਵਰ ਵਿੱਚੋਂ ਬਾਹਰ ਕੱਢਕੇ ਇਸਦੀ ਨਿਆਰੀ ਹਸਤੀ ਨੂੰ ਬਚਾਉਣ ਦੀ ਹੈ ਨਾ ਕਿ ਸ਼ਖਸ਼ੀਅਤਾਂ ਦੇ ਦੁਆਲੇ ਆਪਣੀ ਸਰਗਰਮੀ ਕੇਂਦਰਿਤ ਕਰਨ ਦੀ। ਠੀਕ ਹੈ ਕੌਮ ਵਿੱਚ ਧਾਰਮਕ ਮਰਯਾਦਾ ਸਬੰਧੀ ਕੁਝ ਵਿਰੋਧ ਹਨ ਪਰ ਇਹ ਵਿਰੋਧ ਗੁਰੂ ਦੇ ਪੁੱਤਰ ਹੋਣ ਦੀ ਸਾਂਝ ਨਾਲੋਂ ਵੱਡੇ ਨਹੀ ਹਨ। ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਹਨ। ਇੱਕ ਪਿਤਾ ਦੀ ਸੰਤਾਨ ਹੋਣ ਦੀ ਸਾਂਝ ਸਾਡੇ ਵਿੱਚ ਵੱਧ ਮਜਬੂਤ ਹੋਣੀ ਚਾਹੀਦੀ ਹੈ ਨਾ ਕਿ ਛੋਟੇ ਛੋਟੇ ਬਿਖੇੜੇ ਜੋ ਕਦੇ ਵੀ ਮਿਲ ਬੈਠ ਕੇ ਹੱਲ ਕਰ ਲਏ ਜਾ ਸਕਦੇ ਹਨ।

ਜਿਸ ਕਿਸਮ ਦੇ ਦੌਰ ਵਿੱਚੋਂ ਇਸ ਵੇਲੇ ਕੌਮ ਗੁਜਰ ਰਹੀ ਹੈ ਇਸ ਸਥਿਤੀ ਵਿੱਚ ਕੌਮ ਨੂੰ ਇੱਕ ਵਾਰ ਫਿਰ ਸੰਤ ਜਰਨੈਲ ਸਿੰਘ ਵਰਗੇ ਆਗੂ ਦੀ ਲੋੜ ਹੈ। ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੰਤਾਂ ਦੇ ਵਾਰਸ ਹੋਣ ਦੇ ਨਾਤੇ ਕੌਮ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਆਪ ਨੂੰ ਕੌਮ ਵਿੱਚ ਮੁੜ ਤੋਂ ਉਹ ਜਿੰਦਗੀ ਭਰਨ ਲਈ ਅੱਗੇ ਆਉਣਾਂ ਚਾਹੀਦਾ ਹੈ ਜਿਵੇਂ ਸੰਤ ਜੀ ਨੇ ਭਰੀ ਸੀ।

ਜੇ ਅੱਜ ਉਨ੍ਹਾਂ ਦੀ ਕੌਮ ਦੇ ਕਿਸੇ ਹਿੱਸੇ ਵੱਲੋਂ ਆਲੋਚਨਾ ਵੀ ਹੋ ਰਹੀ ਹੈ ਤਾਂ ਉਨ੍ਹਾਂ ਨੂੰ ਇਸ ਸਬੰਧੀ ਗੁਰਬਾਣੀ ਦੇ ਰੰਗ ਵਿੱਚ ਰਹਿਕੇ,ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਮੈ ਕਿਤੇ ਸੰਤ ਜਰਨੈਲ ਸਿੰਘ ਦੇ ਨਕਸ਼ੇ ਕਦਮਾਂ ਤੋਂ ਥਿੜਕ ਤਾਂ ਨਹੀ ਗਿਆ?

ਦਮਦਮੀ ਟਕਸਾਲ ਕੌਮ ਦੀ ਮਹਾਨ ਸੰਸਥਾ ਹੈ। ਇਸਦੀ ਇਜਤ ਅਤੇ ਮਾਣ ਬਣਾਉਣਾਂ ਜਿੱਥੇ ਸਿੱਖ ਕੌਮ ਦੀ ਜਿੰਮੇਵਾਰੀ ਹੈ ਉਥ ਇਸ ਸੰਸਥਾ ਦੇ ਆਗੂਆਂ ਦੀ ਵੀ ਜਿੰਮੇਵਾਰੀ ਹੈ ਕਿ ਉਹ ਇਸ ਸੰਸਥਾ ਦੇ ਮਾਣ ਨੂੰ ਥੱਲੇ ਨਾ ਡਿਗਣ ਦੇਣ। ਅਕਾਲੀ ਦਲ ਅਤੇ ਦਮਦਮੀ ਟਕਸਾਲ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਇੱਕ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਦੂਜੀ ਸ਼ਹੀਦਾਂ ਦਾ ਮੁੱਲ ਵੱਟਕੇ ਕੇ ਬੁੱਲੇ ਲ਼ੁੱਟਣ ਵਾਲੀ।

ਅਸੀਂ ਸਮੂਹ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਭਿਆਨਕ ਮੌਕੇ ਤੇ ਉਹ ਭਰਾ ਮਾਰੂ ਜੰਗ ਵਿੱਚ ਨਾ ਉਲਝਣ ਬਲਕਿ ਕੌਮ ਨੂੰ ਇਸ ਖ਼ਤਰੇ ਵਿੱਚੋਂ ਕੱਢਣ ਦਾ ਯਤਨ ਕਰਨ।