ਪਿਛਲੇ ਹਫਤੇ ਪੰਜਾਬ ਦੇ ਲੁਧਿਆਣਾ ਸਹਿਰ ਵਿੱਚ ਸ਼ਾਮ ਵੇਲੇ ਇੱਕ ਬਹੁਤ ਹੀ ਮਾੜਾ ਤੇ ਪੰਥ ਮਾਰੂ ਵਾਕਿਆ ਹੋਇਆ ਹੈ। ਇਸ ਘਟਨਾ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨਾਲਾ ਸਬੰਧਤ ਦਮਦਮੀ ਟਕਸਾਲ ਦੀ ਭੂਮਿਕਾ ਹੋਣ ਕਾਰਨ ਸਿੱਖ ਪੰਥ ਅੰਦਰ ਨਮੋਸ਼ੀ ਛਾਈ ਹੋਈ ਹੈ। ਇਹ ਘਟਨਾ ਵਿੱਚ ਪੰਥ ਦੇ ਮਹਾਨ ਤੇ ਸਤਿਕਾਰਯੋਗ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆ ਵਾਲਾ ਇੱਕ ਦੀਵਾਨ ਵਿੱਚ ਜਾਂਦੇ ਸਮੇਂ ਉਨਾਂ ਉਤੇ ਅਤਿ ਹੀ ਮਾੜਾ ਤੇ ਸ਼ਰਮਨਾਇਕ ਜਾਨਲੇਵਾ ਹਮਲਾ ਕੀਤਾ ਗਿਆ। ਭਾਵੇਂ ਕਿ ਉਹ ਆਪ ਇਸ ਜਾਨਲੇਵਾ ਹਮਲੇ ਵਿੱਚ ਗੁਰੁ ਮਹਾਰਾਜ ਦੀ ਕਿਰਪਾ ਸਦਕਾ ਵਾਲ ਵਾਲ ਬਚ ਗਏ ਹਨ ਪਰ ਉਨਾਂ ਦਾ ਇੱਕ ਸਾਥੀ ਇਸ ਜਾਨਲੇਵਾ ਹਮਲੇ ਦੌਰਾਨ ਸ਼ਹੀਦ ਹੋ ਗਿਆ। ਇਸ ਘਟਨਾ ਵਿੱਚ ਗੁਰੁ ਮਹਾਰਾਜ ਵੱਲੋਂ ਪ੍ਰਤੱਖ ਰੂਪ ਵਿੱਚ ਆਪ ਸਹਾਈ ਹੋ ਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਦੀ ਢਾਲ ਬਣਕੇ ਰੱਖਿਆ ਕੀਤੀ ਗਈ।

ਹਮਲਾਵਰਾਂ ਨੇ ਗੁਰੂ ਪੰਥ ਦੀ ਮਹਾਨ ਰੀਤ ਛਬੀਲ ਨੂੰ ਢਾਲ ਬਣਾ ਕੇ ਪੰਥ ਦੀ ਰੀਤ ਨੂੰ ਧੁੰਦਲਾ ਤਾਂ ਕੀਤਾ ਹੀ ਹੈ ਸਗੋਂ ਇਸ ਢਾਲ ਦੀ ਆੜ ਰਾਹੀਂ ਪੰਥ ਦੇ ਮਹਾਨ ਸਿੱਖ ਪ੍ਰਚਾਰਕ ਤੇ ਜਾਨਲੇਵਾ ਹਮਲਾ ਕਰਨਾ ਪੰਥ ਵਿੱਚ ਭਰਾ-ਮਾਰੂ ਜੰਗ ਦਾ ਵੀ ਆਗਾਜ ਕੀਤਾ ਹੈ। ਇਸ ਹਮਲੇ ਪਿੱਛੇ ਪੰਥ ਦੀ ਮਹਾਨ ਸੰਸਥਾ ਜਿਸਦੀ ਕਿਸੇ ਸਮੇਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਾ ਰਹਿਨੁਮਾਈ ਕਰਦੇ ਸਨ ਤੇ ਸਦਾ ਹੀ ਪੰਥ ਵਿੱਚ ਭਰਾ ਮਾਰੂ ਜੰਗ ਨੂੰ ਵਰਜਦਿਆਂ ਹੋਇਆਂ ਪੰਥ ਦੇ ਹਿਤਾਂ ਖਾਤਿਰ ਆਪਣੀ ਜਾਨ ਤੱਕ ਕੌਮ ਦੇ ਲੇਖੇ ਲਾ ਗਏ ਦਮਦਮੀ ਟਕਸਾਲ ਦਾ ਨਾਮ ਸਾਹਮਣੇ ਆਇਆ ਹੈ। ਅੱਜ ਉਸੇ ਸੰਸਥਾ ਦਾ ਇਸ ਹਮਲੇ ਵਿੱਚ ਨਾਮ ਆ ਜਾਣ ਕਾਰਨ ਪੰਥ ਵਿੱਚ ਦੁੱਖ ਅਤੇ ਰੋਸ ਦੀ ਲਹਿਰ ਹੈ। ਇਸ ਸੰਸਥਾ ਨਾਲ ਸਬੰਧਿਤ ਦਸ ਦੇ ਕਰੀਬ ਬੰਦਿਆਂ ਦਾ ਇਸ ਹਮਲੇ ਵਿੱਚ ਨਾਮ ਆਇਆ ਹੈ ਤੇ ਇਸ ਸੰਸਥਾ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਦੀ ਵੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਨਾਂ ਵੱਲੋਂ ਅੱਜ ਤੱਕ ਇਸ ਘਟਨਾ-ਕ੍ਰਮ ਬਾਰੇ ਕੋਈ ਪ੍ਰਤੀਕਰਮ ਬਾਹਰ ਨਹੀਂ ਆਇਆ ਹੈ ਤੇ ਨਾ ਹੀ ਉਹ ਕਿਸੇ ਤਰਾਂ ਆਪਣਾ ਪੱਖ ਸਿੱਖ ਪੰਥ ਸਾਹਮਣੇ ਰੱਖ ਸਕੇ ਹਨ। ਜਦਕਿ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਖੁਲੇਆਮ ਬਾਬਾ ਧੂੰਮਾਂ ਤੇ ਇਸ ਘਟਨਾ ਦਾ ਮੁੱਖ ਦੋਸ਼ੀ ਹੋਣ ਦਾ ਵਾਰ ਵਾਰ ਦੋਸ਼ ਲਾ ਰਹੇ ਹਨ।

ਇਸ ਘਟਨਾ ਕ੍ਰਮ ਦੇ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਇਹ ਪਿਛਲੇ ਕੁਝ ਸਮੇਂ ਤੋਂ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਤੇ ਬਾਬਾ ਧੁੰਮਾਂ ਵੱਲੋਂ ਪੰਥ ਗਦਾਰ ਹੋਣ ਦਾ ਦੋਸ਼ ਲਾਉਣ ਕਰਕੇ ਸੰਤ ਢੱਡਰੀਆਵਾਲਾ ਨੇ ਬਾਬਾ ਧੁੰਮਾ ਨੂੰ ਜਵਾਬ ਦਿੰਦੇ ਹੋਏ ਇਹ ਕਿਹਾ ਸੀ ਉਹ ਅੱਜ ਕੱਲ ਪੰਥ ਦੀ ਬਜਾਇ ਸਰਕਾਰੀ ਸੰਤ ਵਧੇਰੇ ਹਨ। ਇਸਦੇ ਜਵਾਬ ਵਿੱਚ ਲੜੀਵਾਰ ਇੱਕ ਦੂਜੇ ਪ੍ਰਤੀ ਸ਼ੋਸ਼ਲ ਮੀਡੀਆ ਰਾਹੀਂ ਦੋਸ਼ ਲਾਏ ਜਾਂਦੇ ਰਹੇ ਹਨ। ਅਖਿਰਕਾਰ ਇਹ ਸ਼ਬਦੀ ਜੰਗ ਜੋ ਕਿ ਪੰਥ ਲਈ ਤੇ ਸਿੱਖ ਕੌਮ ਲਈ ਬਹੁਤ ਹੀ ਮੰਦਭਾਗੀ ਹੈ ਕਿਉਂ ਕਿ ਦੋਨੋਂ ਹੀ ਸੰਸਥਾਵਾਂ ਸਿੱਖ ਪੰਥ ਵਿੱਚ ਅਹਿਮ ਸਥਾਨ ਰੱਖਦੀਆਂ ਹਨ ਤੇ ਦੋਨਾਂ ਦੀ ਹੀ ਪੰਥ ਪ੍ਰਤੀ ਜਿੰਮੇਵਾਰੀ ਹੈ ਕਿ ਉਨਾਂ ਦਾ ਨਾਮ ਜਾਂ ਸੰਸਥਾ ਦਾ ਨਾਮ ਪੰਥ ਦੇ ਹਿੱਤਾਂ ਖਾਤਿਰ ਤਾਂ ਆਵੇ ਪਰ ਭਰਾ ਮਾਰੂ ਜੰਗ ਵਿੱਚ ਨਾਮ ਆਉਣਾ ਬਹੁਤ ਹੀ ਮੰਦਭਾਗਾ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਵਾਕਿਆ ਹੀ ਇਸ ਘਟਨਾਕ੍ਰਮ ਪਿੱਛੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਧੁੰਮਾ ਜੀ ਦੀ ਸ਼ਾਮੂਲੀਅਤ ਹੈ ਜਾਂ ਨਹੀਂ ਪਰ ਹੁਣ ਤੱਕ ਦੀਆਂ ਪ੍ਰਸਥੀਆਂ ਤੇ ਸਾਰੇ ਸੰਕੇਤ ਬਾਬਾ ਧੁੰਮਾਂ ਵੱਲ ਹੀ ਉਂਗਲ ਧਰਦੇ ਹਨ।

ਇਸ ਘਟਨਾਕ੍ਰਮ ਦੌਰਾਨ ਫੜੇ ਗਏ ਪ੍ਰਮੁੱਖ ਦੋਸ਼ੀਆਂ ਦੇ ਦਮਦਮੀ ਟਕਸਾਲ ਨਾਲ ਸਬੰਧ ਪ੍ਰਤੱਖ ਰੂਪ ਵਿੱਚ ਸਾਹਮਣੇ ਆਏ ਹਨ ਤੇ ਬਾਬਾ ਧੁੰਮਾਂ ਦੇ ਸਹਿਯੋਗੀ ਬਾਬਾ ਚਰਨਜੀਤ ਸਿੰਘ ਜੋ ਕਿ ਸ਼੍ਰੋਮਣੀ ਕਮੇਟੀ ਦੇ ਵੀ ਮੈਂਬਰ ਹਨ, ਵੱਲੋਂ ਇੰਨਾਂ ਦੋਸ਼ੀਆਂ ਦੀ ਪੇਸ਼ੀ ਮੌਕੇ ਫੁੱਲਾਂ ਦੀ ਵਰਖਾ ਕਰਨਾ, ਕੀ ਦਰਸਾਉਂਦਾ ਹੈ? ਕਿਧਰੇ ਇਹ ਦੋਸ਼ੀ ਵਾਕਿਆ ਹੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਸੰਸਥਾ ਨਾਲ ਜੁੜੇ ਹੋਏ ਹਨ ਕਿਉਂਕਿ ਸੰਤ ਜਰਨੈਲ ਸਿੰਘ ਜੀ ਨਾਲ ਜੁੜੀ ਇਹ ਸੰਸਥਾ ਅੱਜ ਵੀ ਸਿੱਖ ਪੰਥ ਵਿੱਚ ਮਹਾਨ ਕੁਰਬਾਨੀਆਂ ਤੇ ਪੰਥ ਹਿਤੈਸ਼ੀ ਸੰਸਥਾ ਵਜੋਂ ਸਨਮਾਨਤ ਸਥਾਨ ਰੱਖਦੀ ਹੈ। ਇਸ ਸੰਸਥਾ ਦਾ ਕਿਸੇ ਨਾ ਕਿਸੇ ਰੂਪ ਵਿੱਚ ਇਸ ਜਾਨਲੇਵਾ ਹਮਲੇ ਵਿੱਚ ਸਾਮੂਲੀਅਤ ਹੋਣਾ ਸਿੱਖ ਪੰਥ ਲਈ ਇੱਖ ਗੰਭੀਰ ਤੇ ਵਿਚਾਰਨਵਾਲਾ ਮਸਲਾ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਰ-ਵਾਰ ਇਹ ਸਿੱਧ ਕਰ ਰਹੀਆਂ ਹਨ ਕਿ ਸਿੱਖ ਪੰਥ ਅੰਦਰ ਦਿਨ ਪ੍ਰਤੀ ਦਿਨ ਕਿਸੇ ਵੀ ਮਸਲੇ ਤੇ ਸ਼ਬਦੀ ਵਿਚਾਰਾਂ ਦੀ ਰੀਤ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ ਤੇ ਪੰਥ ਅੰਦਰ ਭਾਵੇਂ ਅੱਜ ਹਰ ਇੱਕ ਸਿਰਮੌਰ ਹਸਤੀ ਅਤੇ ਸਤਿਕਾਰਯੋਗ ਜਥੇਦਾਰੀਆਂ ਵੀ ਵਿਵਾਦਾਂ ਵਿੱਚ ਘਿਰੀਆਂ ਹੋਈਆਂ ਹਨ ਤੇ ਹਰ ਰੋਜ ਪੰਜਾਬ ਅੰਦਰ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੱਧ ਰਹੀ ਹੈ ਤੇ ਪੰਥ ਦੋਖੀ ਸੰਸਥਾਵਾਂ ਲਲਕਾਰ ਕੇ ਖੋਖਲੇ ਹੋ ਚੁੱਕੇ ਪੰਥ ਨੂੰ ਵੰਗਾਰ ਰਹੀਆਂ ਹਨ ਤੇ ਖੁੱਲੇਆਮ ‘ਲਲਕਾਰ ਰੈਲੀਆਂ’ ਕੱਢਣ ਦਾ ਹੌਸਲਾ ਕਰ ਰਹੀਆਂ ਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ ਭਰਾ ਮਾਰੂ ਜੰਗ ਵਿੱਚ ਉਲਝੀਆਂ ਹੋਈਆਂ ਹਨ।