ਚਾਰੇ ਪਾਸੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਹੈ। ਸ਼ੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ। ਜਿਉਂ ਜਿਉਂ ਉਹ ਆਪਣਾਂ ਸਮਾਨ ਸਮੇਟ ਰਹੇ ਹਨ ਨਾਲ ਦੀ ਨਾਲ ਹੀ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ। ਹਰ ਪਾਸੇ ਮੋਰਚਾ ਜਿੱਤ ਲੈਣ ਦਾ ਚਾਉ ਹੈ। ਉਹ ਭਰੋਸਾ ਵੀ ਹੈ ਜੋ ਇਤਿਹਾਸ ਵਿੱਚ ਹਮੇਸ਼ਾ ਦਸਤਾਰਧਾਰੀ ਖਾਲਸੇ ਦੇ ਨਾਲ ਰਿਹਾ ਹੈ। ਇਤਿਹਾਸ ਦਾ ਭਰੋਸਾ, ਆਪਣੇ ਪੁਰਖਿਆਂ ਦਾ ਭਰੋਸਾ, ਆਪਣੇ ਸ਼ਹੀਦਾਂ ਦਾ ਭਰੋਸਾ ਜੋ ਰਣ ਤੱਤੇ ਵਿੱਚ ਜਦੋਂ ਦਾਖਲ ਹੋਏ ਫਿਰ ਜਿੱਤ ਤੋਂ ਬਿਨਾ ਵਾਪਸ ਨਹੀ ਪਰਤੇ। ਉਹ ਤੂੰਬਾ ਤੂੰਬਾ ਹੋ ਗਏ ਪਰ ਈਨ ਨਹੀ ਮੰਨੀ ਅਤੇ ਨਾ ਹੀ ਕਦੇ ਹਾਰ ਖਾਧੀ। ਆਪਣੇ ਗੁਰੂਆਂ ਉੱਤੇ ਅਤੇ ਆਪਣੇ ਸ਼ਹੀਦਾਂ ਉੱਤੇ ਅਜਿਹਾ ਭਰੋਸਾ ਹੀ ਕਿਸੇ ਕੌਮ ਨੂੰ ਵੱਡੇ ਸ਼ੰਘਰਸ਼ਾਂ ਵਿੱਚ ਜਿੱਤ ਦਿਵਾ ਸਕਦਾ ਹੈ।

ਅੱਜ ਉਹ ਜਿੱਤ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਝੋਲੀ ਵਿੱਚ ਪਾ ਦਿੱਤੀ ਹੈ। ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦਾ ਸਿਦਕ ਜਰੂਰ ਪਰਖਿਆ ਪਰ ਜਿੱਤ ਨਾਲ ਨਿਵਾਜਿਆ ਵੀ। ਗੁਰੂ ਸਾਹਿਬ ਨੇ ਇਹ ਪਰਖ ਕੀਤੀ ਕਿ ਕਿਤੇ ਪਦਾਰਥਵਾਦ ਦੇ ਚੱਕਰ ਵਿੱਚ ਫਸਕੇ ਮੇਰੇ ਬੱਚੇ ਆਪਣੇ ਪੁਰਖਿਆਂ ਨੂੰ ਤਾਂ ਨਹੀ ਭੁੱਲ ਗਏ? ਖਾਲਸਾ ਪੰਥ ਨੇ ਵੀ ਇਹ ਸਿੱਧ ਕੀਤਾ ਕਿ ਉਹ ਹਰ ਪਲ ਆਪਣੇ ਪੁਰਖਿਆਂ ਦੀ ਛਾਂ ਹੇਠ ਹੀ ਜੀਵਨ ਜਿਉਂਦੇ ਹਨ। ਬੇਸ਼ੱਕ ਆਪਣੀ ਨਿੱਜੀ ਜਿੰਦਗੀ ਵਿੱਚ ਉਹ ਕਈ ਵਾਰ ਕਮਜ਼ੋਰ ਸਾਬਤ ਹੁੰਦੇ ਹਨ ਪਰ ਜਦੋਂ ਗੱਲ ਮਾਂ ਧਰਤੀ ਪੰਜਾਬ ਦੀ ਆਉਂਦੀ ਹੈ ਜਾਂ ਗੁਰ ਇਤਿਹਾਸ ਦੀ ਆਉਂਦੀ ਹੈ ਤਾਂ ਉਹ ਹਮੇਸ਼ਾ ਆਪਣੇ ਮਾਣਮੱਤੇ ਇਤਿਹਾਸ ਦੀ ਛਾਂ ਹੇਠ ਹੀ ਵਿਚਰਦੇ ਹਨ।

ਪਿਛਲੇ ਸਾਲ ਜਦੋਂ ਦਿੱਲੀ ਨੂੰ ਚਾਲੇ ਪਾਏ ਸਨ ਤਾਂ ਇੱਕੋ ਹੀ ਨਾਅ ਜੁਬਾਨ ਤੇ ਸੀ। ਉਹ ਸੀ ਬਾਬਾ ਬਘੇਲ ਸਿੰਘ ਜੀ ਦਾ ਜਿਨ੍ਹਾਂ ਦਿੱਲੀ ਦੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਝੁਲਾਏ ਸਨ। ਹਰ ਸੰਘਰਸ਼ਸ਼ੀਲ ਨੇ ਬਾਬਾ ਜੀ ਦਾ ਜਿਕਰ ਕਰਕੇ ਇਹ ਆਖਿਆ ਸੀ ਕਿ ਉਨ੍ਹਾਂ ਦੇ ਵਾਰਸ ਹਾਂ,ਜਿੱਤੇ ਬਿਨਾ ਵਾਪਸ ਨਹੀ ਜਾਵਾਂਗੇ। ਇਸਦਾ ਜਿਕਰ ਕਿਸਾਨ ਮੋਰਚੇ ਬਾਰੇ ਲਗਾਤਾਰ ਖਬਰਾਂ ਦੇਣ ਵਾਲੇ ਉੱਤਰ ਪਰਦੇਸ਼ ਦੇ ਇੱਕ ਸਤਿਕਾਰਤ ਪੱਤਰਕਾਰ ਨੇ ਵੀ ਕੀਤਾ ਹੈ। ਜਦੋਂ ਮੋਰਚਾ ਸਿਖਰਾਂ ਤੇ ਸੀ ਅਤੇ ਖਾਲਸਾ ਪੰਥ ਦੇ ਕਦਮ ਕਦਮ ਤੇ ਗੁਰੂ ਦੀਆਂ ਰਹਿਮਤਾਂ ਬਰਸ ਰਹੀਆਂ ਸਨ ਉਸ ਪੱਤਰਕਾਰ ਨੇ ਉਸ ਵੇਲੇ ਖਾਲਸਾ ਜੀ ਦਾ ਜਲੌਅ ਦੇਖਕੇ ਅਤੇ ਖਾਲਸਾ ਜੀ ਦੀ ਸ਼ਕਤੀ ਦੇਖਕੇ ਆਖਿਆ ਸੀ,ਸਰਦਾਰ ਜੀ ਤੁਸੀਂ ਗਰੇਟ ਹੋਂ’ ਭਾਵ ਕਿ ਸਿੱਖ ਮਹਾਨ ਕੌਮ ਹੈ। ਹੁਣ ਜਦੋਂ ਕਿਸਾਨ ਮੋਰਚੇ ਦੀ ਸਮਾਪਤੀ ਹੋਣ ਜਾ ਰਹੀ ਹੈ ਅਤੇ ਕਿਸਾਨ ਆਪਣਾਂ ਸਮਾਨ ਸਮੇਟ ਰਹੇ ਹਨ ਤਾਂ ਕਿਸਾਨ ਮੋਰਚੇ ਨੂੰ ਜਿੱਤ ਦਿਵਾਉਣ ਵਿੱਚ ਸਿੱਖਾਂ ਦੀ ਪ੍ਰਤੀਬੱਧਤਾ ਅਤੇ ਸਾਦਗੀ ਨਾਲ ਮੰਤਰਮੁਗਧ ਹੋਇਆ ਉਹ ਪੱਤਰਕਾਰ ਇੱਕ ਵਾਰ ਫਿਰ ਆਖ ਗਿਆ ਹੈ ਕਿ ਸਰਦਾਰ ਜੀ ਵਾਕਿਆ ਹੀ ਤੁਸੀ ਧੰਨ ਹੋ।

ਇਹ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦੀਆਂ ਹੀ ਹਨ।

ਬੇਸ਼ੱਕ ਕਿਸਾਨ ਮੋਰਚੇ ਨੂੰ ਕੁਝ ਬੇਗਾਨੇ ਫਲਸਫੇ ਵਾਲਿਆਂ ਨੇ ਜਬਰੀ ਅਗਵਾ ਕਰਨ ਦੇ ਅਣਗਿਣਤ ਯਤਨ ਕੀਤੇ ਅਤੇ ਇਸਨੂੰ ਸਿੱਖੀ ਨਾਲੋਂ ਤੋੜ ਕੇ ਪੇਸ਼ ਕਰਨ ਦੇ ਯਤਨ ਕੀਤੇ ਪਰ ਰਾਤ ਦਿਨ ਉੱਥੇ ਹੁੰਦੇ ਸਤਿਨਾਮ ਵਾਹਿਗੁਰੂ ਦੇ ਜਾਪ ਨੇ ਅਤੇ ਗੂੰਜਦੇ ਜੈਕਾਰਿਆਂ ਨੇ ਉਨ੍ਹਾਂ ਦੀ ਪੇਸ਼ ਨਾ ਜਾਣ ਦਿੱਤੀ।

ਹੁਣ ਵੀ ਜਦੋਂ ਸਿੰਘੂ ਬਾਡਰ ਵਾਲੀ ਸਟੇਜ ਨੂੰ ਸਮੇਟਿਆ ਜਾ ਰਿਹਾ ਸੀ ਤਾਂ ਪਿੱਛੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਹੀ ਗੂੰਜ ਰਹੇ ਸਨ। ਕਿਸੇ ਵੀ ਬੇਗਾਨੇ ਫਲਸਫੇ ਦਾ ਇੱਕ ਵੀ ਜੈਕਾਰਾ ਉੱਥੇ ਸੁਣਨ ਨੂੰ ਨਹੀ ਮਿਲਿਆ। ਬੇਸ਼ੱਕ ਉਹ ਆਪਣੇ ਹੀ ਹਨ ਪਰ ਰਾਹ ਤੋਂ ਭਟਕੇ ਹੋਏ ਹਨ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪਰਤ ਆਉਣਗੇ।

ਖਾਲਸਾ ਪੰਥ ਨੇ ਆਪਣੇ ਇਤਿਹਾਸ ਤੋਂ ਸੇਧ ਲੈਕੇ ਮੋਰਚੇ ਨੂੰ ਫਤਿਹ ਕਰ ਲਿਆ ਹੈ। ਹੁਣ ਕਿਸਾਨ ਲੀਡਰਸ਼ਿੱਪ ਸਿਰ ਇੱਕ ਵੱਡੀ ਜਿੰਮੇਵਾਰੀ ਆਣ ਪਈ ਹੈ ਕਿ ਜੇ ਸਰਕਾਰ ਦਾ ਖੇਤੀ ਮਾਡਲ ਪਰਵਾਨ ਨਹੀ ਹੈ ਤਾਂ ਕਿਸਾਨ ਕਿਸ ਖੇਤੀ ਮਾਡਲ ਨੂੰ ਅਪਨਾਉਣ ਤਾਂ ਕਿਸਾਨੀ ਇੱਕ ਲਾਹੇਵੰਦਾ ਧੰਦਾ ਬਣਿਆ ਰਹੇ। ਕਿਸਾਨ ਜਥੇਬੰਦੀਆਂ ਨੂੰ ਇਹ ਜਿੰਮੇਵਾਰੀ ਸਮਝਣੀ ਚਾਹੀਦੀ ਹੈ।