ਹਰ ਕੌਮ ਦੇ ਆਪਣੇ ਨਾਇਕ ਹੁੰਦੇ ਹਨ ਅਤੇ ਹਰ ਕੌਮ ਦੇ ਹੀ ਆਪਣੇ ਸ਼ਹੀਦ ਅਤੇ ਬਹਾਦਰ ਸੂਰਮੇ ਹੁੰਦੇ ਹਨ ਜਿਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅਤੇ ਸਿਜਦਾ ਕਰਕੇ ਕੌਮਾਂ ਆਪਣਾਂ ਭਵਿੱਖ ਘੜਦੀਆਂ ਹਨ। ਜਦੋਂ ਵੀ ਕੌਮਾਂ ਦੇ ਇਤਿਹਾਸ ਵਿੱਚ ਆਪਣੀ ਸਿਆਸੀ ਹੋਣੀ ਅਤੇ ਸਿਆਸੀ ਭਵਿੱਖ ਘੜਨ ਦਾ ਮੌਕਾ ਆਉਂਦਾ ਹੈ ਉਸ ਵੇਲੇ ਕੌਮਾਂ ਆਪਣੇ ਸ਼ਹੀਦਾਂ ਅਤੇ ਸੂਰਬੀਰਾਂ ਵੱਲ ਦੇਖਦੀਆਂ ਹਨ ਅਤੇ ਉਨ੍ਹਾਂ ਦੇ ਜਜਬੇ ਨੂੰ ਹੀ ਆਪਣੇ ਭਵਿੱਖ ਦੇ ਜਜਬੇ ਦੀ ਉਸਾਰੀ ਲਈ ਵਰਤਦੀਆਂ ਹਨ। ਜਿਹੜੀਆਂ ਕੌਮਾਂ ਆਪਣੇ ਸੂਰਬੀਰਾਂ ਅਤੇ ਨਾਇਕਾਂ ਨੂੰ ਭੁੱਲ ਜਾਂਦੀਆਂ ਹਨ ਉਹ ਆਪਣਾਂ ਭਵਿੱਖ ਸਹੀ ਦਿਸ਼ਾ ਵਿੱਚ ਨਹੀ ਘੜ ਸਕਦੀਆਂ। ਇਸ ਲਈ ਹਰ ਕੌਮ ਨੂੰ ਆਪਣੇ ਬਹਾਦਰ ਸੂਰਮਿਆਂ ਨੂੰ ਹਮੇਸ਼ਾ ਯਾਦ ਰੱਖਣਾਂ ਚਾਹੀਦਾ ਹੈ।

ਸਿੱਖ ਲਹਿਰ ਦੇ ਇੱਕ ਉਘੇ ਸੂਰਬੀਰ ਭਾਈ ਦਇਆ ਸਿੰਘ ਲਹੌਰੀਆ ਪਿਛਲੇ ਦਿਨੀ ਆਪਣੇ ਮਾਤਾ ਜੀ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਸਿਰਫ ਦੋ ਦਿਨਾਂ ਦੀ ਪੈਰੌਲ ਤੇ ਰਿਹਾ ਹੋਕੇ ਆਪਣੇ ਪਿੰਡ ਪਹੁੰਚੇ। ਸ਼ਾਇਦ ਅਕਾਲੀਆਂ ਕਾਂਗਰਸੀਆਂ ਦੇ ਘੜਮੱਸ ਵਿੱਚ ਫਸੀ ਸਿੱਖ ਕੌਮ ਦਾ ਇੱਕ ਹਿੱਸਾ ਇਹ ਭੁਲ ਗਿਆ ਹੋਵੇ ਕਿ ਭਾਈ ਦਇਆ ਸਿੰਘ ਲਹੌਰੀਆ ਕੌਣ ਹੈ। ਪਰ ਕੌਮ ਦੇ ਭਲੇ ਲਈ ਅਤੇ ਉਸਦਾ ਸੁਨਹਿਰਾ ਸਿਆਸੀ ਭਵਿੱਖ਼ ਘੜਨ ਲਈ ਵੱਖ ਵੱਖ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਨੌਜਵਾਨਾਂ ਨੂੰ ਇਹ ਦੱਸਣਾਂ ਜਰੂਰੀ ਬਣਦਾ ਹੈ ਕਿ ਜਿਸ ਗੈਰਤ ਅਤੇ ਮਾਣ ਨਾਲ ਅਸੀਂ ਅੱਜ ਪੰਜਾਬ ਵਿੱਚ ਰਹਿ ਰਹੇ ਹਾਂ ਉਹ ਭਾਈ ਦਇਆ ਸਿੰਘ ਅਤੇ ਉਨ੍ਹਾਂ ਵਰਗੇ ਹਜਾਰਾਂ ਸਿੱਖ ਸੂਰਮਿਆਂ ਦੀ ਬਦੌਲਤ ਹੀ ਹੈ।ਅੱਜ ਜੇ ਏਨੇ ਭਾਰੀ ਤਸ਼ੱਦਦ ਅਤੇ ਜਬਰ ਤੋਂ ਬਾਅਦ ਵੀ ਸਿੱਖ ਆਪਣੀ ਮਾਂ ਧਰਤੀ ਤੇ ਜੈਕਾਰੇ ਗਜਾਉਣ ਜੋਗੇ ਬਚਕੇ ਰਹਿ ਗਏ ਹਨ ਤਾਂ ਇਸ ਵਿੱਚ ਭਾਈ ਦਇਆ ਸਿੰਘ ਅਤੇ ਉਨ੍ਹਾਂ ਦੇ ਹੋਣਹਾਰ ਸੂਰਬੀਰ ਸਾਥੀਆਂ ਦੀ ਸਭ ਤੋਂ ਵੱਡੀ ਦੇਣ ਹੈ ਜਿਨ੍ਹਾਂ ਨੇ ਪੰਜਾਬ ਦੇ ਦਿਸਹੱਦੇ ਤੇ ਚੜ੍ਹਕੇ ਆਈਆਂ ਬਾਬਰ ਦੀਆਂ ਫੌਜਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ। ਸਿਰਫ ਪੰਜਾਬ ਵਿੱਚ ਹੀ ਨਹੀ ਬਲਕਿ ਭਾਈ ਦਇਆ ਸਿੰਘ ਦੀ ਸਮੁੱਚੀ ਟੀਮ ਨੇ ਸਮੁੱਚੇ ਭਾਰਤ ਵਿੱਚ ਆਪਣੀ ਗੁਰੀਲਾ ਨੀਤੀ ਦੇ ਜੌਹਰ ਦਿਖਾਏ। ਇਹ ਭਾਈ ਦਇਆ ਸਿੰਘ ਅਤੇ ਉਨ੍ਹਾਂ ਦੇ ਹੋਣਹਾਰ ਸਾਥੀਆਂ ਦੀ ਇੱਕੋ ਇੱਕ ਟੀਮ ਸੀ ਜੋ ਸਮੁੱਚੇ ਭਾਰਤ ਵਿੱਚ ਕਿਤੇ ਵੀ ਸਿੱਖ ਪੰਥ ਦੇ ਦੋਖੀਆਂ ਨੂੰ ਬਣਦੀ ਸਜ਼ਾ ਦੇਣ ਦੇ ਯੋਗ ਸੀ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬਹਾਦਰ ਸਾਥੀਆਂ ਨੇ ਪੰਜਾਬ ਦੇ ਦਰਵਾਜ਼ੇ ਤੇ ਖੜ੍ਹੇ ਦੁਸ਼ਮਣ ਨੂੰ ਵੰਗਾਰ ਕੇ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦਿੱਤੀ ਅਤੇ ਸਿੱਖ ਲਹਿਰ ਦੇ ਇਤਿਹਾਸ ਵਿੱਚ ਅਜਿਹੇ ਮਹਾਨ ਕੰਮ ਕੀਤੇ ਜਿਨ੍ਹਾਂ ਦਾ ਇਤਿਹਾਸ ਹਮੇਸ਼ਾ ਰਿਣੀ ਰਹੇਗਾ।

ਜਿਸ ਵੇਲੇ ਸਿੱਖ ਪੰਥ ਦੇ ਦਿਸਹੱਦਿਆਂ ਤੋਂ ਜੁਲਮਾਂ ਦੀ ਕਾਲੀ ਘਟਾ ਛਟੇਗੀ ਉਸ ਵੇਲੇ ਪੰਥ ਜਿਨ੍ਹਾਂ ਸੂਰਮਿਆਂ ਦੀ ਗਾਥਾ ਗਾਵੇਗਾ ਉਨ੍ਹਾਂ ਵਿੱਚ ਭਾਈ ਦਇਆ ਸਿੰਘ ਅਤੇ ਉਨ੍ਹਾਂ ਦੇ ਹੋਣਹਾਰ ਸਾਥੀਆਂ ਦੀ ਮਹਿਮਾਂ ਸਭ ਤੋਂ ਪਵਿੱਤਰ ਹੋਵੇਗੀ। ਇਸ ਟੀਮ ਨੇ ਟੀਸੀ ਦੇ ਬੇਰ ਤੋੜਨ ਵਿੱਚ ਆਪਣੀ ਕਾਮਯਾਬੀ ਦਾ ਸਿੱਕਾ ਸਮੁੱਚੇ ਭਾਰਤ ਵਿੱਚ ਮਨਵਾਇਆ। ਸਿੱਖ ਲਹਿਰ ਦੀ ਇਹੋ ਇੱਕੋ ਇੱਕ ਟੀਮ ਸੀ ਜਿਸਨੇ ਆਪਣੇ ਸਮੁੱਚੇ ਰੂਪੋਸ਼ ਜੀਵਨ ਦੌਰਾਨ ਕਦੇ ਪੰਥ ਦੀਆਂ ਰਵਾਇਤਾਂ ਨਾਲ ਸਮਝੌਤਾ ਨਹੀ ਕੀਤਾ ਅਤੇ ਹਮੇਸ਼ਾ ਪੰਥ ਦੀ ਜੈਕਾਰ ਲਈ ਵੱਡੇ ਤੋਂ ਵੱਡੇ ਦੂਸ਼ਮਣ ਨਾਲ ਵੀ ਟਕਰਾਉਣ ਤੋਂ ਗੁਰੇਜ਼ ਨਹੀ ਕੀਤਾ। ਸੱਚਮੁੱਚ ਇਹ ਸੰਤ ਸਿਪਾਹੀਆਂ ਦੀ ਵੱਡੀ ਟੀਮ ਸੀ ਜਿਸਦੇ ਖਿਡਾਰੀ ਆਪਣੇ ਪੰਥ ਅਤੇ ਕੌਮ ਤੋਂ ਜਾਨਾ ਵਾਰ ਦੇਣ ਦੇ ਜਜਬੇ ਨਾਲ ਭਰਪੂਰ ਸਨ।

ਆਪਣੀ ਪੰਥਕ ਘਾਲਣਾ ਕਾਰਨ ਹੀ ਭਾਈ ਦਇਆ ਸਿੰਘ ਅਤੇ ਉਨਾਂ ਦੇ ਸਾਥੀ ਭਾਈ ਦਵਿੰਦeਪਾਲ ਸਿੰਘ ਅਤੇ ਭਾਈ ਲਾਲ ਸਿੰਘ ਅੱਜ ਵੀ ਸਿੱਖੀ ਸਿਦਕ ਨੂੰ ਕੇਸਾਂ ਸਵਾਸਾਂ ਸੰਗ ਨਿਭਾ ਰਹੇ ਹਨ। ਇਤਿਹਾਸ ਦੇ ਵੱਡੇ ਝੱਖੜ ਵੀ ਉਨ੍ਹਾਂ ਦੇ ਪੰਥਕ ਜਜਬੇ ਨੂੰ ਤੋੜ ਨਹੀ ਸਕੇ ਅਤੇ ਵੱਡੇ ਵੱਡੇ ਲਾਲਚ ਵੀ ਉਨ੍ਹਾਂ ਦੀ ਦ੍ਰਿੜਤਾ ਸਾਹਮਣੇ ਬੌਣੇ ਹੋ ਗਏ ਹਨ।

ਇਨ੍ਹਾਂ ਸੂਰਮਿਆਂ ਨੇ ਮਹਿਜ਼ ਸ਼ਹਾਦਤਾਂ ਦਾ ਰਾਹ ਹੀ ਨਹੀ ਚੁਣਿਆਂ ਬਲਕਿ ਸ਼ਹਾਦਤ ਨੂੰ ਜੀਵਿਆ ਵੀ ਹੈ। ਜਿਸ ਕਿਸਮ ਦੀ ਕਠਿਨ ਜੇਲ਼੍ਹ ਜਿੰਦਗੀ ਇਸ ਟੀਮ ਦੇ ਬਚੇ ਹੋਏ ਮੈਂਬਰ ਜੀਅ ਰਹੇ ਹਨ ਜਿਸ ਕਿਸਮ ਦੀਆਂ ਪਰਿਵਾਰਕ ਭਾਵਨਾਵਾਂ ਅਤੇ ਵਲਵਲਿਆਂ ਦੀ ਉਹ ਹਰ ਪਲ ਸ਼ਹਾਦਤ ਦੇ ਰਹੇ ਹਨ ਉਹ ਬਹੁਤ ਵੱਡੀਆਂ ਸ਼ਹਾਦਤਾਂ ਨਾਲੋਂ ਵੀ ਉਤਮ ਹੈ।

ਜਿੰਨੇ ਵੱਡੇ ਸੂਰਬੀਰ ਇਹ ਜੰਗ ਦੇ ਮੈਦਾਨ ਵਿੱਚ ਸਨ ਉਸ ਤੋਂ ਵੀ ਵੱਡੀ ਕੁਰਬਾਨੀ ਇਨ੍ਹਾਂ ਸੂਰਮਿਆਂ ਨੇ ਆਪਣੀ ਜੇਲ਼੍ਹ ਜਿੰਦਗੀ ਦੌਰਾਨ ਵੀ ਹੰਢਾਈ ਹੈ। ਭਾਈ ਦਵਿੰਦਰਪਾਲ ਸਿੰਘ, ਭਾਈ ਲਾਲ ਸਿੰਘ ਅਤੇ ਭਾਈ ਦਇਆ ਸਿੰਘ ਸਿੱਖ ਲਹਿਰ ਦੇ ਅਨਮੋਲ ਹੀਰੇ ਹਨ ਜਦੋਂ ਵੀ ਵੀਹਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ ਇਨ੍ਹਾਂ ਦਾ ਅਤੇ ਇਨ੍ਹਾਂ ਦੇ ਸਾਥੀਆਂ ਦਾ ਨਾਅ ਸਤਿਕਾਰ ਨਾਲ ਲਿਆ ਜਾਵੇਗਾ।

ਸਿੱਖ ਕੌਮ ਨੂੰ ਜਿੱਥੇ ਇਨ੍ਹਾਂ ਸਾਰੇ ਸੂਰਬੀਰਾਂ ਦੀ ਕੁਰਬਾਨੀ ਨੂੰ ਯਾਦ ਰੱਖਣਾਂ ਚਾਹੀਦਾ ਹੈ ਉਥੇ ਇਨ੍ਹਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ਵੀ ਆਪਣੇ ਤੌਰ ਤੇ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਇਹ ਭਵਿੱਖ ਦੇ ਸਿੱਖ ਇਤਿਹਾਸ ਅਤੇ ਕੌਮੀ ਹੋਣੀ ਲਈ ਰਾਹ ਦਰਸਾਵੇ ਹਨ।