ਅਕਾਲੀ ਦਲ ਪੰਜਾਬ ਦੇ ਸਿੱਖਾਂ ਦੀ ਪ੍ਰਮੁੱਖ ਪਾਰਟੀ ਹੈ ਜੋ ਆਪਣੀਂ ਹੋਂਦ ਦੇ ਸਮੇਂ ਤੋਂ ਹੀ ਸਿੱਖ ਹੱਕਾਂ ਲਈ ਸੰਘਰਸ਼ ਕਰਦੀ ਆ ਰਹੀ ਹੈ। ਅਕਾਲੀ ਦਲ ਦੀ ਸਥਾਪਨਾ ਭਾਰਤ ਵਿੱਚ ਸਿੱਖਾਂ ਦੀ ਹੋਂਦ ਦੀ ਰਾਖੀ ਲਈ ਕੀਤੀ ਗਈ ਸੀ। ਜਿਸ ਵੇਲੇ ਈਸਾਈ ਮਿਸ਼ਨਰੀਆਂ ਅਤੇ ਹਿੰਦੂ ਕੱਟੜਪੰਥੀਆਂ ਵੱਲ਼ੋਂ ਬਰਾਬਰ ਸਿੱਖਾਂ ਅਤੇ ਸਿੱਖ ਸਿਧਾਂਤ ਉਤੇ ਹਮਲੇ ਹੋ ਰਹੇ ਸਨ ਉਸ ਵੇਲੇ ਦਾਨਿਸ਼ਵਰ ਸਿੱਖ ਆਗੂਆਂ ਨੇ ਸਿੱਖਾਂ ਦੀ ਹੋਂਦ ਸਾਹਮਣੇ ਖੜ੍ਹੀ ਹੋਈ ਚੁਣੌਤੀ ਨੂੰ ਹਾਰ ਦੇਣ ਲਈ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ।

ਸਮੇਂ ਸਮੇਂ ਤੇ ਅਕਾਲੀ ਦਲ ਨੇ ਆਪਣੀ ਬਣਦੀ ਜਿੰਮੇਵਾਰੀ ਨਿਭਾਈ। ਇਸਦੇ ਵਰਕਰਾਂ ਅਤੇ ਲੀਡਰਾਂ ਤੋਂ ਜਿੰਨਾ ਵੀ ਸਰਿਆ ਉਨ੍ਹਾਂ ਸਿੱਖਾਂ ਦੀ ਧਾਰਮਕ, ਰਾਜਸੀ ਅਤੇ ਸਮਾਜਕ ਹੋਂਦ ਸਾਹਮਣੇ ਪੈਦਾ ਹੋਈਆਂ ਚੁਣੌਤੀਆਂ ਨੂੰ ਹਾਰ ਦੇਣ ਲਈ ਆਪਣੀਆਂ ਜਾਨਾਂ ਵੀ ਨਿਛਾਵਰ ਕੀਤੀਆਂ ਅਤੇ ਲੰਬੀਆਂ ਜੇਲ਼੍ਹਾਂ ਵੀ ਕੱਟੀਆਂ।

ਪਰ ੧੯੯੪ ਵਿੱਚ ਆ ਕੇ ਅਕਾਲੀ ਦਲ ਦੀ ਤਤਕਾਲੀ ਲੀਡਰਸ਼ਿੱਪ ਨੇ ਆਪਣੀਆਂ ਨਿੱਜੀ ਰਾਜਸੀ ਖਾਹਸ਼ਾਂ ਦੀ ਪੂਰਤੀ ਲਈ ਅਕਾਲੀ ਦਲ ਦਾ ਸਿੱਖ ਪੰਥ ਨਾਲ਼ੋਂ ਸਿਧਾਂਤਕ ਅਤੇ ਵਿਚਾਰਧਾਰਕ ਰਿਸ਼ਤਾ ਤੋੜ ਲਿਆ। ਦਿੱਲੀ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਅਤੇ ਆਪਣੀ ਨਿੱਜੀ ਰਾਜਸੀ ਲਾਲਸਾ ਨੂੰ ਚਲਦਾ ਰੱਖਣ ਲਈ ਅਕਾਲੀ ਦਲ ਦੀ ਤਤਕਾਲੀ ਲੀਡਰਸ਼ਿੱਪ ਨੇ ਸਿੱਖਾਂ ਦੀ ਹੋਂਦ ਨੂੰ ਦਿੱਲੀ ਦੇ ਤਾਜਦਾਰਾਂ ਦੇ ਪੈਰਾਂ ਵਿੱਚ ਗਿਰਵੀ ਰੱਖ ਦਿੱਤਾ। ਸਿੱਖਾਂ ਦੀ ਹੋਂਦ ਲਈ ਜੰਗ ਲੜਨ ਵਾਲਾ ਅਕਾਲੀ ਦਲ ਇਸ ਸਮੇਂ ਦੌਰਾਨ ਹਰ ਹਰਬਾ ਵਰਤਕੇ ਸਿਰਫ ਰਾਜ ਕਰਨ ਵਾਲੀ ਮਸ਼ੀਨ ਬਣਾ ਦਿੱਤਾ ਗਿਆ। ਦਿੱਲੀ ਵਾਲਿਆਂ ਨੇ ਅਕਾਲੀ ਦਲ ਨੂੰ ਆਪਣੇ ਪੈਰਾਂ ਤੋਂ ਤਿਲ੍ਹਕਾ ਕੇ ਫਿਰ ਅਜਿਹਾ ਭਜਾਇਆ ਕਿ ਉਸਦੀ ਹੋਂਦ ਅੱਗੇ ਸਵਾਲੀਆ ਚਿੰਨ੍ਹ ਤੱਕ ਲੱਗਣ ਲੱਗ ਪਿਆ। ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਸਿੱਖਾਂ ਦਾ ਇੱਕ ਵੱਡਾ ਹਿੱਸਾ ਅਕਾਲੀ ਦਲ ਨੂੰ ਨਫਰਤ ਕਰਨ ਲੱਗ ਪਿਆ ਹੈ।

ਦੂਜੇ ਪਾਸੇ ਜਿਨ੍ਹਾਂ ਨੇ ਰਾਜਸੀ ਲਾਲਸਾਵਾਂ ਦੀ ਬੁਰਕੀ ਪਾਕੇ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਆਪਣੇ ਨਿਸ਼ਾਨੇ ਅਤੇ ਸਿਧਾਂਤ ਤੋਂ ਡੇਗਿਆ ਸੀ ਉਹ ਵੀ ਹੁਣ ਅਕਾਲੀ ਦਲ ਤੋਂ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ। ਸ਼ਾਇਦ ਉਨ੍ਹਾਂ ਨੇ ਘਾਗ ਕਹੇ ਜਾਂਦੇ ਸਿਆਸਤਦਾਨ ਨੂੰ ਪੂਰਾ ਨਿਚੋੜ ਲਿਆ ਹੈ।

ਭਾਰਤ ਦੇ ਮੀਡੀਆ ਬਾਰੇ ਪਿਛਲੇ ਦਿਨੀ ਇੱਕ ਸਟਿੰਗ ਅਪ੍ਰੇਸ਼ਨ ਸਾਹਮਣੇ ਆਇਆ ਹੈ। ਕੋਬਰਾ ਪੋਸਟ ਨਾਮ ਦੇ ਇੰਰਟਨੈਟ ਪੋਰਟਲ ਨੇ ਭਾਰਤ ਦੇ ਇੱਕ ਵੱਡੇ ਟੀ.ਵੀ. ਚੈਨਲ ਦਾ ਸਟਿੰਗ ਅਪਰੇਸ਼ਨ ਕੀਤਾ ਹੈ ਜਿਸਦੀ ਲੀਡਰਸ਼ਿੱਪ ਪੈਸੇ ਅਤੇ ਰਿਸ਼ਵਤ ਖਾਤਰ ਹਰ ਕਿਸਮ ਦੀਆਂ ਖਬਰਾਂ ਪ੍ਰਸਾਰਤ ਕਰਨ ਲਈ ਰਾਜੀ ਦੱਸੀ ਜਾਂਦੀ ਹੈ। ਭਾਰਤ ਵਿੱਚ ਅੱਜਕੱਲ੍ਹ ਮੀਡੀਆ ਦਾ ਜੋ ਹਾਲ ਹੋ ਗਿਆ ਹੈ, ਕੋਬਰਾ ਪੋਸਟ ਦਾ ਇਹ ਸਟਿੰਗ ਅਪ੍ਰੇਸ਼ਨ ਉਸਦੀ ਭਰਪੂਰ ਤਰਜ਼ਮਾਨੀ ਕਰਦਾ ਹੈ। ਭਾਰਤ ਦੇ ਮੀਡੀਆ ਹਾਊਸ ਖਬਰਾਂ ਦੇ ਨਾਅ ਤੇ ਕਿਵੇਂ ਨਫਰਤ ਫੈਲਾਉਣ ਵਾਲੀ ਮਸ਼ੀਨਰੀ ਬਣ ਗਏ ਹਨ, ਉਸ ਸਟਿੰਗ ਅਪ੍ਰੇਸ਼ਨ ਨੇ ਇਹ ਸਭ ਕੁਝ ਦਿਖਾਇਆ ਹੈ। ਭਾਰਤ ਦੇ ਵੱਡੇ ਮੀਡੀਆ ਗਰੁੱਪ ਦਾ ਚੰਡੀਗੜ੍ਹ ਵਾਲਾ ਪ੍ਰਤੀਨਿਧੀ ਇਹ ਗੱਲ ਪੂਰੇ ਫਖਰ ਨਾਲ ਆਖ ਰਿਹਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਦੱਬਕੇ ਅਕਾਲੀ ਦਲ ਦੀ ਵਿਰੋਧਤਾ ਕੀਤੀ ਅਤੇ ਉਸਨੂੰ ਹਰਾਉਣ ਦੀ ਵਾਹ ਲਾਈ। ਇਹ ਟੀ.ਵੀ. ਚੈਨਲ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਬਰ ਦਾ ਹੈ।

ਹੁਣ ਇਸ ਗੱਲ ਤੋਂ ਅਕਾਲੀ ਦਲ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਮਗਰ ਲੱਗਕੇ ਉਸਦੀ ਲੀਡਰਸ਼ਿੱਪ ਨੇ ਸਿੱਖਾਂ ਦੀਆਂ ਬਾਹਾਂ ਲੱਤਾਂ ਵੱਢਣ ਦਾ ਕਾਰਜ ਪੂਰਾ ਕਰ ਲਿਆ ਹੈ ਉਹ ਲੋਕ ਹੁਣ ਅਕਾਲੀ ਦਲ ਤੋਂ ਉਕਤਾ ਗਏ ਹਨ। ਹੁਣ ਉਨ੍ਹਾਂ ਲਈ ਅਕਾਲੀ ਦਲ ਕੋਈ ਲੋੜਵੰਦ ਚੀਜ ਨਹੀ ਰਿਹਾ। ਹੁਣ ਦਿੱਲੀ ਦੇ ਹਾਕਮਾਂ ਲਈ ਕੋਈ ਅਜਿਹਾ ਕੰਮ ਨਹੀ ਬਚਿਆ ਜੋ ਉਨ੍ਹਾਂ ਨੇ ਅਕਾਲੀ ਦਲ ਤੋਂ ਕਰਵਾਉਣਾਂ ਹੋਵੇ। ਸਪਸ਼ਟ ਹੈ ਕਿ ਦਿੱਲੀ ਵਾਲਿਆਂ ਨੇ ਅਕਾਲੀ ਦਲ ਨੂੰ ਇੱਕ ਪੁਲਿਸ ਕੈਟ ਵਾਂਗ ਵਰਤਿਆ ਅਤੇ ਹੁਣ ਉਸਤੋਂ ਖਹਿੜਾ ਛੁਡਾਉਣ ਦੇ ਚੱਕਰ ਵਿੱਚ ਹਨ। ਇਸ ਸਮੇਂ ਦੌਰਾਨ ਅਕਾਲੀ ਦਲ ਨੇ ਸਿੱਖਾਂ ਦਾ ਜੋ ਨੁਕਸਾਨ ਕਰ ਦਿੱਤਾ ਹੈ ਉਸਦੀ ਭਰਪਾਈ ਨਹੀ ਹੋ ਸਕਦੀ।

ਪਰ ਜੇ ਅਕਾਲੀ ਦਲ ਦੀ ਲੀਡਰਸ਼ਿੱਪ ਵਿੱਚ ਅਣਖ ਗੈਰਤ ਅਤੇ ਸਮਝ ਹੈ ਤਾਂ ਉਸਨੂੰ ਕੰਧ ਤੇ ਲਿਖਿਆ ਪੜ੍ਹ ਲੈਣਾਂ ਚਾਹੀਦਾ ਹੈ ਅਤੇ ਮੁੜ ਤੋਂ ਪੰਥ ਦੀ ਮੁਖਧਾਰਾ ਵਿੱਚ ਸ਼ਾਮਲ ਹੋ ਜਾਣਾਂ ਚਾਹੀਦਾ ਹੈ।