ਪੰਜਾਬ ਵਿੱਚ ਸਿਆਸੀ ਸਰਗਰਮੀਆਂ ਫਿਰ ਤੋਂ ਜੋਰ ਫੜਨ ਲੱਗ ਪਈਆਂ ਹਨ। ਕੁਝ ਸਮਾਂ ਪਹਿਲਾਂ ਜਦੋਂ ਅਕਾਲੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂ ਕਿਸਾਨ ਮੋਰਚੇ ਦੀ ਲੀਡਰਸ਼ਿੱਪ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਕਿਸਾਨ ਆਗੂਆਂ ਦਾ ਤਰਕ ਸੀ ਕਿ ਜਦੋਂ ਤੱਕ ਪੰਜਾਬ ਵਿੱਚ ਚੋਣਾਂ ਦਾ ਰਸਮੀ ਐਲਾਨ ਨਹੀ ਹੋ ਜਾਂਦਾ ਕਿਸੇ ਵੀ ਰਾਜਸੀ ਪਾਰਟੀ ਨੂੰ ਸਿਆਸਤ ਨਹੀ ਕਰਨੀ ਚਾਹੀਦੀ। ਕਿਸਾਨ ਆਗੂਆਂ ਦਾ ਤਰਕ ਸੀ ਕਿ ਕਿਸਾਨ ਮੋਰਚਾ ਹਾਲੇ ਕਿਸੇ ਤਣ ਪੱਤਣ ਨਹੀ ਲੱਗਾ ਇਸ ਲਈ ਜਦੋਂ ਪੰਜਾਬ ਦੀ ਕਿਸਾਨੀ ਦਾ ਵੱਡਾ ਹਿੱਸਾ ਸੰਘਰਸ਼ ਦੇ ਮੈਦਾਨ ਵਿੱਚ ਹੋਵੇ ਉਦੋਂ ਸਿਆਸਤਦਾਨਾਂ ਨੂੰ ਕੁਝ ਸੰਜਮ ਵਰਤਣਾਂ ਚਾਹੀਦਾ ਹੈ।

ਖੈਰ ਕੁਝ ਸਮਾਂ ਸਿਆਸੀ ਸਰਗਰਮੀਆਂ ਠੱਪ ਰਹੀਆਂ ਪਰ ਹੁਣ ਇਹ ਫਿਰ ਰਫਤਾਰ ਫੜ ਰਹੀਆਂ ਹਨ। ਕਾਂਗਰਸ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਤੋਂ ਆਪਣੀਆਂ ਦੋ ਪਰਮੁੱਖ ਮੰਗਾਂ ਮਨਵਾ ਕੇ ਪਾਰਟੀ ਨੂੰ ਫਿਰ ਪੰਜਾਬ ਦੇ ਕੁਝ ਭਖਦੇ ਮੁੱਦਿਆਂ ਤੱਕ ਕੇਂਦਰਤ ਕਰ ਲਿਆ ਹੈ। ਰਾਜ ਦੇ ਪਰਮੁੱਖ ਵਕੀਲ ਜਿਸਨੂੰ ਐਡਵੋਕੇਟ ਜਨਰਲ ਆਖਿਆ ਜਾਂਦਾ ਹੈ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੁਲਿਸ ਮੁਖੀ ਦੀ ਵੀ ਤਬਦੀਲੀ ਕਰਨ ਦੀ ਗੱਲ ਮੁੱਖ ਮੰਤਰੀ ਨੇ ਆਖ ਦਿੱਤੀ ਹੈ। ਇਸ ਵਾਰ ਨਾਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਉਤਮਤਾ ਮਨਾ ਲਈ ਹੈ।

ਦੂਜੇ ਪਾਸੇ ਅਕਾਲੀ ਲੀਡਰਸ਼ਿੱਪ ਨੂੰ ਸੁਆਲ ਕਰਨ ਵਾਲਿਆਂ ਤੇ ਤਸ਼ੱਦਦ ਕਰਨ ਦੀਆਂ ਖਬਰਾਂ ਵੀ ਆ ਰਹੀਆਂ ਹਨ। ਬੀਬੀ ਹਰਸਿਮਰਤ ਕੌਰ ਦੇ ਕਾਫਲੇ ਨੂੰ ਸੁਆਲ ਕਰਨ ਵਾਲਿਆਂ ਤੇ ਅਕਾਲੀਆਂ ਵੱਲੋਂ ਤਸ਼ੱਦਦ ਕਰਨ ਦੀਆਂ ਖਬਰਾਂ ਹਨ। ਇਸ ਨਾਲ ਅਕਾਲੀਆਂ ਨੂੰ ਰਾਜਸੀ ਨੁਕਸਾਨ ਹੋ ਸਕਦਾ ਹੈ।

ਰਾਜ ਦੀ ਵਰਤਮਾਨ ਸਿਆਸੀ ਸਥਿਤੀ ਤੇ ਟਿੱਪਣੀ ਕਰਦੇ ਹੋਏ, ਉੱਘੇ ਪੱਤਰਕਾਰ ਸੁਖਦੇਵ ਸਿੰਘ ਨੇ ਆਖਿਆ ਹੈ ਕਿ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਵਰਗੇ ਤਾਨਾਸ਼ਾਹ ਦੀ ਚੋਣ ਨਹੀ ਕਰਨੀ ਚਾਹੀਦੀ। ਪੰਜਾਬ ਦੀ ਸਿਆਸਤ ਨਾਲ ਜੁੜੇ ਹੋਏ ਸੁਖਦੇਵ ਸਿੰਘ ਨੇ ਆਖਿਆ ਹੈ ਕਿ ਤਾਨਾਸ਼ਾਹ ਲੀਡਰ ਕਦੇ ਵੀ ਪੰਜਾਬ ਦਾ ਭਲਾ ਨਹੀ ਸੋਚਦੇ। ਉਹ ਆਪਣੇ ਪਰਵਾਰ ਦਾ ਭਲਾ ਹੀ ਸੋਚਦੇ ਹਨ। ਇਸ ਲਈ ਪੰਜਾਬ ਵਿੱਚ ਕੋਈ ਵੀ ਮਜਬੂਤ ਸਰਕਾਰ ਨਹੀ ਬਣਨੀ ਚਾਹੀਦੀ। ਜਿਹੜੀ ਸਰਕਾਰ ਘੱਟ ਗਿਣਤੀ ਵਿੱਚ ਹੋਵੇ, ਜਿਹੜੀ ਸਰਕਾਰ ਕਮਜੋਰ ਹੋਵੇ ਉਹ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਣ ਦੇ ਕਾਬਲ ਹੋ ਸਕਦੀ ਹੈ। ਕਿਉਂਕਿ ਉਸਨੂੰ ਆਪਣੀ ਸਥਿਰਤਾ ਦਾ ਹਮੇਸ਼ਾ ਡਰ ਪਿਆ ਰਹਿੰਦਾ ਹੈ। ਪੱਤਰਕਾਰ ਸੁਖਦੇਵ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਟਿੱਪਣੀ ਕਰਦੇ ਹੋਏ ਲਿਖਿਆ ਹੈ ਕਿ ਉਸਨੇ ਕਾਂਗਰਸ ਦੀ ਰਾਜਨੀਤੀ ਨੂੰ ਪਾਰਦਰਸ਼ੀ ਬਣਾ ਦਿੱਤਾ ਹੈ। ਪਾਰਦਰਸ਼ੀ ਰਾਜਨੀਤੀ ਭਰਿਸ਼ਟਾਚਾਰ ਦੀ ਵੈਰਨ ਹੁੰਦੀ ਹੈ। ਜੇ ਪੰਜਾਬ ਵਿੱਚ ਕਮਜੋਰ ਸਰਕਾਰ ਬਣਦੀ ਹੈ ਤਾਂ ਪੰਜਾਬ ਦੀ ਰਾਜਨੀਤੀ ਪਾਰਦਰਸ਼ੀ ਰਹਿ ਸਕਦੀ ਹੈ। ਕਮਜੋਰ ਸਰਕਾਰ ਮੁੱਦਿਆਂ ਦੀ ਰਾਜਨੀਤੀ ਕਰੇਗੀ ਜੋ ਕਿ ਪੰਜਾਬ ਦੇ ਆਮ ਲੋਕਾਂ ਦੇ ਭਲੇ ਲਈ ਬਹੁਤ ਜਰੂਰੀ ਹੈ।

ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਦਿਆਂ ਦੀ ਰਾਜਨੀਤੀ ਦਾ ਖਾਤਮਾ ਕਰ ਦਿੱਤਾ ਸੀ। ਉਹ ਨਿੱਜ ਦੀ ਰਾਜਨੀਤੀ ਕਰਨ ਲੱਗ ਪਏ ਸਨ ਜਿਸਦਾ ਖਮਿਆਜਾ ਪੰਜਾਬ ਨੂੰ ਲੱਖਾਂ ਕਰੋੜਾਂ ਦੇ ਕਰਜ਼ੇ ਦੇ ਰੂਪ ਵਿੱਚ ਭੁਗਤਣਾਂ ਪੈ ਰਿਹਾ ਹੈ। ਜੇ ਪੰਜਾਬ ਦੀ ਆਰਥਕ ਸਥਿਤੀ ਅੱਜ ਨਾਜ਼ੁਕ ਹੈ ਤਾਂ ਇਸਦਾ ਵੱਡਾ ਕਾਰਨ ਬਾਦਲ ਅਤੇ ਕੈਪਟਨ ਦੀ ਤਾਨਾਸ਼ਾਹ ਰਾਜਨੀਤੀ ਸੀ। ਉਨ੍ਹਾਂ ਪੰਜਾਬ ਦਾ ਨਹੀ ਸੋਚਿਆ ਬਲਕਿ ਆਪਣੇ ਪਰਵਾਰਾਂ ਦਾ ਸੋਚਿਆ।

ਰਾਜਨੀਤੀ ਵਿੱਚ ਇਹ ਤਾਂ ਹੀ ਵਾਪਰਦਾ ਹੈ ਜਦੋਂ ਕਿਸੇ ਇੱਕ ਲੀਡਰ ਹੱਥ ਅਥਾਹ ਤਾਕਤ ਕੇਂਦਰਤ ਹੋ ਜਾਵੇ। ਜੇ ਤਾਕਤ ਖਿੰਡੀ ਰਹੇਗੀ ਤਾਂ ਉਹ ਤਾਨਾਸ਼ਾਹ ਵਤੀਰਾ ਨਹੀ ਅਪਨਾ ਸਕਦਾ। ਭਾਰਤ ਦੇ ਆਰਥਕ ਅਤੇ ਸਿਆਸੀ ਹਾਲਤ ਡਾਵਾਂਡੋਲ ਹੋਣ ਦਾ ਅੱਜ ਵੱਡਾ ਕਾਰਨ ਹੀ ਇਹ ਹੈ ਕਿ ਸੱਤਾ ਦੋ ਬੰਦਿਆਂ ਦੇ ਹੱਥਾਂ ਤੱਕ ਸੀਮਤ ਕਰ ਦਿੱਤੀ ਗਈ ਹੈ। ਤਾਨਾਸ਼ਾਹੀ ਨੇ ਸਿਆਸੀ ਜੁਆਬਦੇਹੀ ਦੀ ਭਾਵਨਾ ਖਤਮ ਕਰ ਦਿੱਤੀ ਹੈ।

ਸੋ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਚਾਹੀਦਾ ਹੈ ਕਿ ਰਾਜ ਦੇ ਭਲੇ ਲਈ ਕਿਸੇ ਤਾਨਾਸ਼ਾਹ ਲੀਡਰ ਨੂੰ ਨਾ ਚੁਣਨ ਅਤੇ ਨਾ ਹੀ ਕਿਸੇ ਇੱਕ ਪਾਰਟੀ ਨੂੰ ਸੱਤਾ ਦੀ ਨਿਰਕੁੰਸ਼ ਵਾਗਡੋਰ ਸੰਭਾਲਣ। ਅਜਿਹਾ ਪੰਜਾਬ ਲਈ ਕਾਫੀ ਖਤਰਨਾਕ ਹੋਵੇਗਾ।