੧੯੯੩ ਵਿੱਚ ਜਦੋਂ ਹਾਵਰਡ ਦੇ ਸੀਨੀਅਰ ਸਿਧਾਂਤਕਾਰ ਪ੍ਰੋਫੈਸਰ ਸੈਮੂਅਲ ਪੀ ਹਟਿੰਗਟਨ ਦਾ ਬਹੁ-ਚਰਚਿਤ ਥੀਸਸ ‘The Clash of Civilizations’ ਪ੍ਰਕਾਸ਼ਿਤ ਹੋਇਆ ਸੀ ਉਸ ਵੇਲੇ ਸੰਸਾਰ ਦੀ ਰਾਜਨੀਤਿਕ ਤੋਰ ਤੇ ਉਂਗਲ ਰੱਖਣ ਵਾਲੇ ਸੱਜਣਾਂ ਨੂੰ ਉਨ੍ਹਾਂ ਦੀਆਂ ਗੱਲਾਂ ਹਜ਼ਮ ਨਹੀ ਸਨ ਹੋਈਆਂ। ਪ੍ਰੋ. ਹਟਿੰਗਟਨ ਨੇ ੨੧ਵੀਂ ਸਦੀ ਦੇ ਭਵਿੱਖ ਦੀ ਰਾਜਨੀਤਿਕ ਦਿਸ਼ਾ ਤੈਅ ਕਰਨ ਵਾਲੇ ਆਪਣੇ ਥਸਿਸ ਵਿੱਚ ਇਸਲਾਮ ਅਤੇ ਈਸਾਈਅਤ ਦੇ ਕਲੇਸ਼ ਨੂੰ ਸਪਸ਼ਟ ਰੂਪ ਵਿੱਚ ਉਜਾਗਰ ਕਰ ਦਿੱਤਾ ਸੀ, ਅਤੇ ਨਵੇਂ ਸੰਸਾਰ ਵਿਆਪੀ ਪ੍ਰਬੰਧ (New World Order) ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਸੀ। ਪ੍ਰੋ. ਹਟਿੰਗਟਨ ਦੇ ਉਸ ਥੀਸਸ ਤੇ ਸੰਸਾਰ ਭਰ ਵਿੱਚ ਚਰਚਾ ਹੋਈ। ਦੁਨੀਆ ਦੀ ਰਾਜਨੀਤਿਕ ਤੋਰ ਬਾਰੇ ਸਮਝ ਰੱਖਣ ਅਤੇ ਬਣਾਉਣ ਵਾਲੇ ਹਰ ਮੈਗਜ਼ੀਨ ਅਤੇ ਅਖਬਾਰ ਵਿੱਚ ਸੰਸਾਰ ਰਾਜਨੀਤੀ ਦੇ ਨਵੇਂ ਕਲੇਸ਼ ਅਤੇ ਨਵੇਂ ਭਵਿੱਖ ਬਾਰੇ ਹਰ ਕਿਸੇ ਨੇ ਆਪਣੇ ਵਿਚਾਰ ਦਿੱਤੇ। ਫਾਰਨ ਅਫੇਅਰਜ਼ ਨੇ ਤਾਂ ਉਸ ਸੰਵਾਦ ਬਾਰੇ ਇੱਕ ਪੂਰੀ ਕਿਤਾਬ ਛਾਪੀ।

ਪ੍ਰੋ. ਹਟਿੰਗਟਨ ਨੇ ਆਪਣੇ ਥੀਸਸ ਵਿੱਚ ਨਵੇਂ ਸੰਸਾਰ ਪ੍ਰਬੰਧ ਬਾਰੇ ਜਿਕਰ ਕਰਦਿਆਂ ਆਖਿਆ ਸੀ ਕਿ ੨੧ਵੀਂ ਸਦੀ ਵਿੱਚ ਸੱਤਾਹੀਣ ਸਮਾਜ (Stateless Society) ਦਾ ਸੂਰਜ ਉਦੇ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਮੌਜੂਦਾ ਨੇਸ਼ਨ ਸਟੇਟ ਦਾ ਸੰਕਲਪ ਭਵਿੱਖ ਵਿੱਚ ਖ਼ਤਮ ਹੋਣ ਜਾ ਰਿਹਾ ਹੈ ਅਤੇ ਸਮਾਜ ਨੇਸ਼ਨ ਸਟੇਟ ਤੋਂ ਰਹਿਤ ਨਵੇਂ ਪ੍ਰਬੰਧ ਵਿੱਚ ਜਿਊਣ ਦੀ ਜਾਂਚ ਸਿੱਖ਼ਣ ਜਾ ਰਿਹਾ ਹੈ।

ਬੇਸ਼ੱਕ ਪ੍ਰੋ. ਹਟਿੰਗਟਨ ਦਾ ਸੱਭਿਅਤਾਵਾਂ ਦੇ ਕਲੇਸ਼ ਬਾਰੇ ਵਿਸ਼ਲੇਸ਼ਣ ਤਾਂ ਬਹੁਤ ਹੱਦ ਤੱਕ ਸਹੀ ਸਾਬਤ ਹੋ ਰਿਹਾ ਹੈ ਪਰ ਸਟੇਟ ਰਹਿਤ ਸਮਾਜ ਬਾਰੇ ਉਨ੍ਹਾਂ ਦੀ ਭਵਿੱਖਬਾਣੀ ਉਲਟ ਹੁੰਦੀ ਜਾਪ ਰਹੀ ਹੈ। ਨੇਸ਼ਨ ਸਟੇਟ ਦਾ ਸੰਕਲਪ ਜੋ ਹੌਲੀ ਹੌਲੀ ਖ਼ੁਰਨਾ ਚਾਹੀਦਾ ਸੀ ਸਗੋਂ ਹੋਰ ਮਜਬੂਤੀ ਨਾਲ ਉਸਰ ਰਿਹਾ ਪ੍ਰਤੀਤ ਹੋ ਰਿਹਾ ਹੈ।

ਕੁਝ ਸਮਾਂ ਪਹਿਲਾਂ ਜਦੋਂ ਸਾਈਪਰਸ ਤੇ ਆਰਥਿਕ ਸੰਕਟ ਦੇ ਬੱਦਲ ਛਾਏ ਤਾਂ ਉਥੋਂ ਦੀ ਸਰਕਾਰ ਨੇ ਇੱਕ ਦਮ ਆਪਣੇ ਮੁਲਕ ਵਿੱਚੋਂ ਪੈਸਾ ਬਾਹਰ ਲਿਜਾਣ ਤੇ ਪਾਬੰਦੀਆਂ ਲਗਾ ਦਿੱਤੀਆਂ। ਇਲੈਕਟਰਾਨਿਕ ਢੰਗ ਨਾਲ ਪੈਸੇ ਬਾਹਰ ਲਿਜਾਣ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਦੇਸ਼ ਤੋਂ ਬਾਹਰ ਜਾਣ ਵਾਲੇ ਹਰ ਰਸਤੇ ਤੇ ਫੌਜ ਤਾਇਨਾਤ ਕਰ ਦਿੱਤੀ ਗਈ ਤਾਂ ਕਿ ਹਰ ਮੁਲਕ ਛੱਡਣ ਵਾਲੇ ਦੀ ਤਲਾਸ਼ੀ ਲਈ ਜਾ ਸਕੇ ਕਿ ਕਿਤੇ ਉਹ ਦੇਸ਼ ਵਿੱਚੋਂ ਪੈਸੇ ਬਾਹਰ ਤਾਂ ਨਹੀ ਲਿਜਾ ਰਿਹਾ। ਅਸਲ ਵਿੱਚ ਸਾਈਪਰਸ ਸਰਕਾਰ ਦੀ ਇਹ ਕਾਰਵਾਈ ਆਪਣੇ ਨੇਸ਼ਨ ਸਟੇਟ ਨੂੰ ਮਜਬੂਤ ਰੱਖਣ ਅਤੇ ਇਸਦੀ ਹੋਂਦ ਨੂੰ ਬਰਕਰਾਰ ਰੱਖਣ ਦਾ ਯਤਨ ਸੀ। ਇਹ ਸਭ ਕੁਝ ਉਸ ਯੂਰਪੀ ਯੂਨੀਅਨ ਦੇ ਮੁੱਢ ਤੇ ਹੋਇਆ ਜਿਸਨੂੰ ਮਾਡਲ ਸਮਝ ਕੇ ਪ੍ਰੋ. ਹਟਿੰਗਟਨ ਨੇ ਆਪਣੇ ਥੀਸਸ ਦਾ ਅਧਾਰ ਸਿਰਜਿਆ ਸੀ।

ਕੁਝ ਸਮਾਂ ਪਹਿਲਾਂ ਹੀ ਬਰਤਾਨੀਆ ਦੀ ਕਲੋਨੀ ਫਾਕਲੈਂਡ ਆਈਲੈਂਡ ਵਿੱਚ ਨਵੇਂ ਸਿਰੇ ਤੋਂ ਰਾਇਸ਼ੁਮਾਰੀ ਹੋ ਕੇ ਹਟੀ ਹੈ ਕਿ ਉਸ ਟਾਪੂ ਦੇ ਵਾਸੀਆਂ ਨੇ ਅਰਜਨਟੀਨਾ ਦੇ ਨਾਲ ਰਹਿਣਾਂ ਹੈ ਜਾਂ ਬਰਤਾਨੀਆ ਦੇ ਨਾਲ। ਟਾਪੂ ਦੇ ਬਹੁਗਿਣਤੀ ਵਾਸੀਆਂ ਨੇ ਆਪਣੀ ਨੈਸ਼ਨਲ ਪਹਿਚਾਣ ਬਰਤਾਨੀਆ ਨਾਲ ਜੋੜੀ ਰੱਖਣ ਦੇ ਹੱਕ ਵਿੱਚ ਵੋਟ ਪਾਈ। ਇਹ ਟਾਪੂ ਅਰਜਨਟੀਨਾ ਦੇ ਨਾਲ ਲੱਗਦਾ ਹੈ ਪਰ ਤਕਨੀਕੀ ਤੌਰ ਤੇ ਇਸਦਾ ਪ੍ਰਬੰਧ ਬਰਤਾਨੀਆ ਦੇ ਕੋਲ ਹੈ। ਅਰਜਨਟੀਨਾ ਆਖ ਰਿਹਾ ਹੈ ਕਿ ਹਜਾਰਾਂ ਮੀਲ ਦੂਰ ਰਹਿਣ ਵਾਲੇ ਕਿਸੇ ਮੁਲਕ ਨਾਲ ਫਾਕਲੈਂਡ ਟਾਪੂ ਦਾ ਸਬੰਧ ਕਿਵੇਂ ਹੋ ਸਕਦਾ ਹੈ ਇਸਤੇ ਸਾਡਾ (ਅਰਜਨਟੀਨਾ ਦਾ) ਹੱਕ ਬਣਦਾ ਹੈ ਪਰ ਬਰਤਾਨੀਆ ਉਸ ਤੇ ਆਪਣਾਂ ਹੱਕ ਜਮਾ ਰਿਹਾ ਹੈ। ਇਸ ਟਾਪੂ ਦਾ ਪ੍ਰਬੰਧ ਹਾਸਲ ਕਰਨ ਲਈ ਬਰਤਾਨੀਆ ਤੇ ਅਰਜਨਟੀਨਾ ਦਰਮਿਆਨ ੧੯੮੨ ਵਿੱਚ ਜੰਗ ਵੀ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਹੋਈ ਰਾਇਸ਼ੁਮਾਰੀ ਨੂੰ ਬਰਤਾਨੀਆ ਦੇ ਮੀਡੀਆ ਨੇ ਬਹੁਤ ਜਿਆਦਾ ਕਵਰੇਜ ਦਿੱਤੀ ਅਤੇ ਬਰਤਾਨਵੀ ਹੋਣ ਤੇ ਮਾਣ ਕਰਨ ਵਾਲੇ ਫਾਕਲੈਂਡ ਟਾਪੂ ਦੇ ਬਸ਼ਿੰਦਿਆਂ ਨਾਲ ਲੰਮੀਆਂ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਸਿਧਾਂਤਿਕ ਹੌਸਲਾ ਦਿੱਤਾ।

ਬਰਤਾਨੀਆ ਦਾ ਯੂਰਪ ਤੋਂ ਬਾਹਰ ਜਾਣ ਦਾ ਡਰਾਵਾ ਅਤੇ ਇਸ ਮਸਲੇ ਤੇ ਮੁਲਕ ਵਿੱਚ ਰਾਇਸ਼ੁਮਾਰੀ ਕਰਵਾਉਣ ਦਾ ਐਲਾਨ ਵੀ ਅਸਲ ਵਿੱਚ ਯੂਰਪੀ ਯੂਨੀਅਨ ਦੀਆਂ ਇਸ ਦੇਸ਼ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀਆਂ ਕਾਰਨ ਹੀ ਪੈਦਾ ਹੋਇਆ ਹੈ।

ਹੁਣੇ ਜਿਹੇ ਸਪੇਨ ਦੇ ਨਾਲ ਲਗਦੇ ਟਾਪੂ ਜਿਬਰਾਲਟਰ ਦੇ ਪ੍ਰਬੰਧ ਅਤੇ ਸਿਆਸੀ ਕਬਜੇ ਨੂੰ ਲੈਕੇ ਸਪੇਨ ਅਤੇ ਬਰਤਾਨੀਆ ਦਰਮਿਆਨ ਚੰਗੀਆਂ ਡਿਪਲੋਮੈਟਿਕ ਝੜਪਾਂ ਹੋ ਕੇ ਹਟੀਆਂ ਹਨ। ਸਪੇਨ ਨੇ ਜਿਬਰਾਲਟਰ ਦੇ ਵਾਸੀਆਂ ਦੇ ਸਪੇਨ ਵਿੱਚ ਦਾਖਲੇ ਤੇ ਕਾਫੀ ਪਾਬੰਦੀਆਂ ਲਗਾ ਦਿੱਤੀਆਂ ਸਨ ਜਿਸ ਨੂੰ ਲੈ ਕੇ ਦੋਵਾਂ ਮੁਲਕਾਂ ਦਰਮਿਆਨ ਕਾਫੀ ਖਰਾਬ ਸਬੰਧ ਬਣ ਗਏ ਸਨ। ਜਿਬਰਾਲਟਰ ਦੇ ਲੋਕ ਆਪਣੇ ਬਰਤਾਨਵੀ ਸ਼ਹਿਰੀ ਹੋਣ ਤੇ ਮਾਣ ਕਰਦੇ ਹਨ ਜਦੋਂਕਿ ਸਪੇਨ ਉਸਨੂੰ ਆਪਣਾਂ ਇਲਾਕਾ ਮੰਨਦਾ ਹੈ।

ਸਕਾਟਲੈਂਡ ਨੇ ਬਰਤਾਨੀਆਂ ਤੋਂ ਵੱਖ ਹੋਣ ਦਾ ਐਲਾਨ ਕਰ ਰੱਖਿਆ ਹੈ ਅਤੇ ਨੇੜ ਭਵਿੱਖ ਵਿੱਚ ਉਥੇ ਇਸ ਬਾਰੇ ਰਾਇਸ਼ੁਮਾਰੀ ਹੋਣ ਜਾ ਰਹੀ ਹੈ। ਸਿਆਸੀ ਵਿਸ਼ਲੇਸ਼ਕ ਸਮਝਦੇ ਹਨ ਕਿ ਸਕਾਟਲੈਂਡ ਦੇ ਲੋਕ ਬਰਤਾਨੀਆ ਤੋਂ ਵੱਖ ਹੋਣ ਦੇ ਹੱਕ ਵਿੱਚ ਰਾਇ ਪ੍ਰਗਟ ਕਰਨਗੇ। ਇਸ ਸਬੰਧੀ ਪ੍ਰਸਿੱਧ ਪੱਤਰਕਾਰ ਐਂਡਰਿਊ ਮਾਰ ਨੇ ਅਗਸਤ ੨੦੧੩ ਦੇ ਪ੍ਰਾਸਪੈਕਟ ਮੈਗਜ਼ੀਨ ਵਿੱਚ ਕਾਫੀ ਵਿਸਥਾਰਪੂਰਬਕ ਲੇਖ ਲਿਖਿਆ ਹੈ ਅਤੇ ਮੈਗਜ਼ੀਨ ਦੀ ਸੰਪਾਦਕ ਬਰੌਨਵੈਨ ਮੈਡੋਕਸ ਨੇ ਆਪਣੀ ਟਿੱਪਣੀ ਵਿੱਚ ਲਿਖਿਆ ਹੈ ਕਿ ਸਕਾਟਲੈਂਡ ਦਾ ਬਰਤਾਨੀਆ ਤੋਂ ਵੱਖ ਹੋਣ ਦਾ ਫੈਸਲਾ ਆਰਥਿਕ ਕਾਰਨਾ ਕਰਕੇ ਨਹੀ ਹੈ ਬਲਕਿ ਆਪਣੀ ਰਾਸ਼ਟਰੀ ਪਹਿਚਾਣ (Nationhood) ਕਰਕੇ ਜਿਆਦਾ ਲਿਆ ਜਾ ਰਿਹਾ ਹੈ।

ਪਿਛਲੇ ਦਿਨੀਂ ਸਪੇਨ ਦੇ ਵਿਸ਼ੇਸ਼ ਦਰਜਾ ਰੱਖਣ ਵਾਲੇ ਹਿੱਸੇ ਕੈਟਾਲੋਨੀਆ ਦੇ ਵਾਸੀਆਂ ਨੇ ਅਜ਼ਾਦੀ ਹਾਸਲ ਕਰਨ ਦੀ ਆਪਣੀ ਮੁਹਿੰਮ ਨੂੰ ਮਜਬੂਤ ਕਰਦਿਆਂ ੪੦੦ ਕਿਲੋਮੀਟਰ ਲੰਬੀ ਮਨੁੱਖੀ ਕੜੀ (Human Chain) ਬਣਾਈ। ਉਨ੍ਹਾਂ ਦਾ ਕਹਿਣਾਂ ਹੈ ਕਿ ਸਾਡਾ Nationhood ਦਾ ਸਵਾਲ ਹੈ ਅਤੇ ਅਸੀਂ ਸਪੇਨ ਨਾਲੋਂ ਵੱਖਰੀ ਬੋਲੀ ਅਤੇ ਸੱਭਿਆਚਾਰ ਦੇ ਮਾਲਕ ਹਾਂ ਇਸ ਲਈ ਅਸੀਂ ਸਪੇਨ ਤੋਂ ਮੁਕੰਮਲ ਅਜ਼ਾਦੀ ਦੀ ਮੰਗ ਕਰਦੇ ਹਾਂ।

ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਨੇਸ਼ਨ ਸਟੇਟ ਦਾ ਸੰਕਲਪ ਹਾਲੇ ਖੁਰਨ ਵੱਲ ਨੂੰ ਨਹੀ ਬਲਕਿ ਮਜਬੂਤ ਹੋਣ ਵੱਲ ਨੂੰ ਵਧ ਰਿਹਾ ਹੈ।