ਮਨੁੱਖਾਂ ਨਾਲ ਬੀਤੇ ਦੁਖਾਂਤ ਉਸ ਸਮੇਂ ਭੁਲਾ ਦਿੱਤੇ ਜਾਂਦੇ ਹਨ ਜਾਂ ਮਹਿਜ਼ ਬੀਤੇ ਦੀ ਗੱਲ ਬਣ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਗਿਣਤੀ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਹੈ। ਪ੍ਰਸਿੱਧ ਜਰਮਨ ਨਾਟਕਕਾਰ ਅਤੇ ਕਵੀ ਬ੍ਰਤੋਲਤ ਬ੍ਰੈਖ਼ਤ ਲਿਖਦਾ ਹੈ:

ਸਾਮਰਾਜ ਢਹਿ-ਢੇਰੀ ਹੋ ਜਾਂਦੇ ਹਨ।
ਗਿਰੋਹ ਦੇ ਲੀਡਰ ਰਾਜਨੇਤਾਵਾਂ ਦੀ ਤਰਾਂ
ਅਕੜਾ ਕੇ ਚੱਲਦੇ ਹਨ,
ਪਰ ਉਨ੍ਹਾਂ ਦੇ ਅਸਤਰਾਂ-ਸ਼ਸ਼ਤਰਾਂ ਦੀ ਚਮਕ ਵਿਚ
ਲੋਕਾਂ ਨੂੰ ਨਹੀਂ ਦੇਖਿਆ ਜਾ ਸਕਦਾ।

ਜਰਮਨ ਅਮਰੀਕਨ ਦਾਰਸ਼ਨਿਕ ਅਤੇ ਲੇਖਕ ਹੰਨਾ ਅਰੈਂਟ ਨੇ ੧੯੬੩ ਵਿਚ “ਬੁਰਾਈ ਦੀ ਸਾਧਾਰਣਤਾ” ਦਾ ਸੰਕਲਪ ਪੇਸ਼ ਕੀਤਾ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਜਦੋਂ ਨਸਲਕੁਸ਼ੀ ਜਾਂ ਕਤਲੇਆਮ ਜਿਹੇ ਭਿਆਨਕ ਮੰਜ਼ਰ ਵਾਪਰਦੇ ਹਨ ਤਾਂ ਇਹ ਅਕਸਰ ਮਨੋਰੋਗੀਆਂ ਜਾਂ ਦੂਜਿਆਂ ਨੂੰ ਦੁੱਖ ਦੇ ਕੇ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦੁਆਰਾ ਸਿਰੇ ਨਹੀਂ ਚੜ੍ਹਾਏ ਜਾਂਦੇ, ਬਲਕਿ ਆਮ ਅਤੇ ਸੂਝਵਾਨ ਵਿਅਕਤੀ ਇਸ ਵਿਚ ਸ਼ਾਮਿਲ ਹੁੰਦੇ ਹਨ ਜੋ ਕਿ ਨੌਕਰਸ਼ਾਹੀ ਨਿਪੁੰਨਤਾ ਨਾਲ ਇਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨ।

ਜਗਦੀਸ਼ ਟਾਈਟਲਰ, ਜੋ ਕਿ ੧੯੮੪ ਵਿਚ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦਾ ਮੁੱਖ ਦੋਸ਼ੀ ਹੈ, ਇਕ ਸਿੱਖ ਮਾਂ ਦੀ ਕੁੱਖੋਂ ਪੈਦਾ ਹੋਇਆ ਅਤੇ ਇਕ ਪ੍ਰਸਿੱਧ ਈਸਾਈ ਸਿੱਖਿਆ ਸ਼ਾਸਤਰੀ, ਜਿਸ ਨੇ ਦਿੱਲੀ ਪਬਲਿਕ ਸਕੂਲ ਜਿਹੀਆਂ ਸੰਸਥਾਵਾਂ ਖੋਲੀਆਂ, ਦੁਆਰਾ ਉਸ ਦਾ ਪਾਲਣ-ਪੋਸ਼ਣ ਹੋਇਆ।ਟਾਈਟਲਰ ਕਾਂਗਰਸ ਦਾ ਪ੍ਰਮੱੁਖ ਨੇਤਾ ਹੈ ਅਤੇ ਕੇਂਦਰੀ ਸਰਕਾਰ ਵਿਚ ਮੰਤਰੀ ਵੀ ਰਿਹਾ ਹੈ।ਕਾਨੂੰਨ ਦੀਆਂ ਕਥਿਤ ਲੰਬੀਆਂ ਬਾਹਵਾਂ ਇਸ ਭਿਆਨਕ ਕਤਲੇਆਮ ਦੇ ਸੈਂਤੀ ਸਾਲਾਂ ਬਾਅਦ ਵੀ ਉਸ ਤੱਕ ਨਹੀਂ ਪਹੁੰਚ ਸਕੀਆਂ ਹਨ ਅਤੇ ਸ਼ਾਇਦ ਨਾ ਹੀ ਕਦੇ ਪਹੁੰਚ ਸਕਣ।ਇਹ ਧਿਆਨ ਰੱਖਣ ਯੋਗ ਗੱਲ ਹੈ ਕਿ ਅੱਠ ਹਜਾਰ ਤੋਂ ਜਿਆਦਾ ਸਿੱਖਾਂ ਦੇ ਕਤਲੇਆਮ ਦੇ ਸੰਬੰਧ ਵਿਚ ਸਜਾ ਦੇਣ ਦੀ ਦਰ ਮਹਿਜ਼ ਇਕ ਪ੍ਰਤੀਸ਼ਤ ਹੈ।ਇਸੇ ਤਰਾਂ ਹੀ ਗੁਜਰਾਤ ਦੰਗਿਆਂ ਦੌਰਾਨ ਹੋਏ ਕਤਲੇਆਮ ਦੇ ਸੰਬੰਧ ਵਿਚ ਉੱਥੋਂ ਦੀ ਮੰਤਰੀ ਅਤੇ ਪ੍ਰਸਿੱਧ ਡਾਕਟਰ ਮਾਇਆ ਕੌਡਾਨੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਪਰ ਕੇਂਦਰ ਸਰਕਾਰ ਨੇ ਉਸ ਨੂੰ ਰਾਹਤ ਦਿੰਦੇ ਹੋਏ ੨੦੦੨ ਵਿਚ ਨਰਿੰਦਰ ਮੋਦੀ ਦੀ ਸਰਕਾਰ ਵਿਚ ਉਸ ਨੂੰ ਮੰਤਰੀ ਬਣਾਇਆ ਗਿਆ ਸੀ।ਸਿੱਖਾਂ ਦੇ ਭਿਆਨਕ ਕਤਲੇਆਮ ਵਾਂਗ ਹਰ ਕਤਲੇਆਮ ਵਿਚ ਕਿਸ਼ੋਰੀ ਲਾਲ, ਟਾਈਟਲਰਾਂ ਅਤੇ ਕੌਡਾਨੀਆਂ ਦੀ ਮੌਜੂਦਗੀ ਨਾਲ-ਨਾਲ ਹੁੰਦੀ ਹੈ।

ਹੰਨਾ ਅਰੈਂਟ ਦੇ ਅਨੁਸਾਰ ਬੁਰਾਈ ਉਦੋਂ ਸਾਧਾਰਣ ਬਣ ਜਾਂਦੀ ਹੈ ਜਦੋਂ ਆਮ ਲੋਕ ਇਸ ਵਿਚ ਭਾਗੀਦਾਰੀ ਕਰਦੇ ਹਨ, ਫਿਰ ਇਸ ਤੋਂ ਦੂਰੀ ਬਣਾ ਲੈਂਦੇ ਹਨ ਅਤੇ ਇਸ ਨੂੰ ਉੱਚਿਤ ਠਹਿਰਾਉਂਦੇ ਹਨ।ਉਨ੍ਹਾਂ ਸਾਹਮਣੇ ਕੋਈ ਨੈਤਿਕ ਪਹੇਲੀ ਜਾਂ ਤਬਦੀਲੀ ਨਹੀ ਹੁੰਦੀ।ਉਨ੍ਹਾਂ ਨੂੰ ਬੁਰਾਈ ਵੀ ਬੁਰਾਈ ਨਹੀਂ ਲੱਗਦੀ, ਬਲਕਿ ਇਹ ਚਿਹਰਾ-ਵਿਹੀਣ ਹੋ ਜਾਂਦੀ ਹੈ।੧੯੮੪ ਵਿਚ ਸਿੱਖਾਂ ਦੇ ਭਿਆਨਕ ਕਤਲੇਆਮ ਨੂੰ ਮਹੱਤਵਹੀਣ ਅਤੇ ਆਮ ਦਰਸਾ ਕੇ ਹੀ ਨਵੇਂ ਪ੍ਰਧਾਨ ਮੰਤਰੀ ਨੂੰ ਗੱਦੀ ਨਸ਼ੀਨ ਬਣਾਇਆ ਗਿਆ ਜਿਸ ਨੇ ਇਸ ਕਤਲੇਆਮ ਲਈ ਕੋਈ ਪਛਤਾਵਾ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ।ਆਮ ਲੋਕਾਂ ਸਾਹਮਣੇ ਬੌਧਿਕ ਤਰਕ ਪੇਸ਼ ਕੀਤੇ ਜਾਂਦੇ ਹਨ ਜਿਸ ਵਿਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖਾਂ ਦੇ ਕਤਲੇਆਮ ਜਾਂ ਗੁਜਰਾਤ ਦੰਗਿਆਂ ਜਿਹੀਆਂ ਘਟਨਾਵਾਂ ਲਈ ਕਿਸੇ ਉੱਪਰ ਵੀ ਨੈਤਿਕ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ।ਨੈਤਿਕ ਸਵਾਲ ਨੂੰ ਕਾਨੂੰਨੀ ਰੂਪ ਵਿਚ ਪ੍ਰਵਾਨਿਤ ਸਬੂਤਾਂ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਹੈ।ਇਸ ਵਿਚ ਬੇਦੋਸ਼ੇ ਹੋਣਾ ਮਹਿਜ਼ ਕਾਨੂੰਨ ਦੀਆਂ ਨਜ਼ਰਾਂ ਵਿਚ ਹੀ ਬੇਦੋਸ਼ੇ ਹੋਣਾ ਹੈ।ਪਰ ਇੱਥੇ ਸੁਆਲ ਇਹ ਹੈ ਕਿ ਸਬੂਤਾਂ ਦਾ ਉਦੋਂ ਕੀ ਅਰਥ ਰਹਿ ਜਾਂਦਾ ਹੈ ਜਦੋਂ ਪੂਰੀ ਰਾਜ ਮਸ਼ੀਨਰੀ, ਰਾਜਨੀਤਿਕ, ਨੌਕਰਸ਼ਾਹੀ ਅਤੇ ਕਾਨੂੰਨੀ ਜਮਾਤ ਹੀ ਸਬੂਤਾਂ ਨਾਲ ਛੇੜਛਾੜ ਕਰਨ, ਉਹਨਾਂ ਨੂੰ ਘੜਨ ਜਾਂ ਮਿਟਾਉਣ ਵਿਚ ਜੁਟੀ ਹੋਵੇ ਜਿਸ ਤਰਾਂ ਕਿ ਸਿੱਖਾਂ ਦੇ ਕਤਲੇਆਮ ਦੌਰਾਨ ਹੋਇਆ ਸੀ?
ਬੁਰਾਈ ਦੀ ਸਾਧਾਰਣਤਾ ਦਾ ਦੂਜਾ ਪੱਖ ਇਸ ਨੂੰ ਮਹਿਜ਼ ਗਿਣਤੀ ਤੱਕ ਮਹਿਦੂਦ ਕਰਨਾ ਹੈ।੧੯੮੪ ਵਿਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਨਤਕ ਰੈਲੀ ਵਿਚ ਬਹੁਤ ਹੀ ਅਸੰਵੇਦਨਸ਼ੀਲ ਬਿਆਨ ਦਿੱਤਾ ਸੀ ਜੋ ਕਿ ਸਰਕਾਰ ਦੀ ਕਠੋਰਤਾ ਅਤੇ ਬੁਰਾਈ ਨੂੰ ਸਾਧਾਰਣ ਬਣਾਉਣ ਦੀ ਪ੍ਰੀਕਿਰਿਆ ਨੂੰ ਦਿਖਾਉਂਦਾ ਹੈ।ਇਸ ਤਰਾਂ ਦੇ ਗਿਣਤੀ-ਮਿਣਤੀ ਦੇ ਸਮੀਕਰਨਾਂ ਵਿਚ ਅਸਲ ਮਨੁੱਖਾਂ ਅਤੇ ਉਨ੍ਹਾਂ ਦੇ ਦੁਖਾਂਤਾਂ ਨੂੰ ਪੂਰੀ ਤਰਾਂ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ।ਬੁਰਾਈ ਦੀ ਸਾਧਾਰਣਤਾ ਉਦੋਂ ਵੀ ਵਾਪਰਦੀ ਹੈ ਜਦੋਂ ਪਛਤਾਵੇ ਦੀ ਪ੍ਰੀਕਿਰਿਆ ਨੂੰ ਸਤਹੀ ਮਾਫੀ ਤੱਕ ਮਹਿਦੂਦ ਕਰ ਦਿੱਤਾ ਜਾਂਦਾ ਹੈ।ਅਰਥਹੀਣ ਮਾਫੀਆਂ ਅਤੇ ਅਫ਼ਸੋਸ ਦੀ ਕੋਈ ਭਾਵਨਾ ਦਾ ਨਾ ਹੋਣਾ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕਿਸ ਹੱਦ ਤੱਕ ਦਮਿਤ ਧਿਰਾਂ ਇਸ ਤਰਾਂ ਦੀਆਂ ਘਟਨਾਵਾਂ ਤੋਂ ਬਾਹਰ ਆ ਸਕਦੀਆਂ ਹਨ? ਬੁਰਾਈ ਦੀ ਸਾਧਾਰਣਤਾ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਇਸ ਦਾ ਤੱਥਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ।ਫਾਸੀਵਾਦੀ ਰਾਜ ਦਾ ਉਦੈ ਉਦੋਂ ਹੀ ਹੁੰਦਾ ਹੈ ਜਦੋਂ ਨੈਤਿਕਤਾ ਅਤੇ ਮਨੁੱਖੀ ਚੰਗਿਆਈ ਦੇ ਸੰਕਲਪਾਂ ਨੂੰ ਰਾਜਨੀਤਿਕ ਪ੍ਰਵਚਨ ਵਿਚੋਂ ਬੁਰੀ ਤਰਾਂ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਘੱਟ-ਗਿਣਤੀਆਂ ਵਿਰੁੱਧ ਹਿੰਸਾ ਬਹੁਤ ਆਮ/ਸਾਧਾਰਣ ਗੱਲ ਹੋ ਜਾਂਦੀ ਹੈ।ਬੁਰਾਈ ਚੰਗਿਆਈ ਦਾ ਜਾਮਾ ਪਾ ਕੇ ਸਭ ਜਗ੍ਹਾ ਆਪਣਾ ਘਰ ਬਣਾ ਲੈਂਦੀ ਹੈ।ਇਹ ਪੇਚੀਦਗੀ ਇਸ ਤੱਥ ਵਿਚ ਪਈ ਹੈ ਕਿ ਕਿਉਂ ਬੁਰਾਈ ਦਾ ਧੁਰਾ ਇੰਨੇ ਵੱਡੇ ਦੁਖਾਤਾਂ ਵਿਚ ਤਬਦੀਲ ਹੋ ਜਾਂਦਾ ਹੈ।

ਇਹਨਾਂ ਸੰਗੀਨ ਬੁਰਾਈਆਂ ਨੂੰ ਨੇਪਰੇ ਚਾੜ੍ਹਨ ਵਾਲੇ ਵਿਅਕਤੀ ਕੋਈ ਬਹੁਤ ਅਸਾਧਾਰਣ ਜਾਂ ਮਹਾਨ ਵਿਅਕਤੀ ਨਹੀਂ ਹੁੰਦੇ; ਬਲਕਿ ਬਹੁਤ ਹੀ ਸਾਧਾਰਣ ਵਿਅਕਤੀ ਹੁੰਦੇ ਹਨ।ਬੁਰਾਈ ਦੀ ਸਾਧਾਰਣਤਾ ਵਿਚ ਬਿਆਨ ਨਾ ਕੀਤੇ ਜਾ ਸਕਣ ਵਾਲੇ ਭਿਆਨਕ ਕਾਰਿਆਂ ਅਤੇ ਇਹਨਾਂ ਨੂੰ ਸਿਰੇ ਚੜ੍ਹਾਉਣ ਵਾਲੇ ਵਿਅਕਤੀਆਂ ਦੀ ਨਾ ਨਕਾਰੀ ਜਾ ਸਕਣ ਵਾਲੀ ਬੇਰੁਖੀ ਵਿਚਕਾਰ ਦੁਵਿਧਾ ਹੁੰਦੀ ਹੈ।ਬੁਰਾਈ ਚਰਮ ਸੀਮਾ ਤੇ ਹੀ ਹੁੰਦੀ ਹੈ ਅਤੇ ਇਸ ਵਿਚ ਨਾ ਤਾਂ ਕੋਈ ਡੂੰਘਾਈ ਹੁੰਦੀ ਹੈ ਤੇ ਨਾ ਹੀ ਕੋਈ ਰਾਖਸ਼ੀ ਪੱੱਖ ਹੁੰਦਾ ਹੈ।ਇਹ ਵਧਦੀ ਰਹਿੰਦੀ ਹੈ ਅਤੇ ਸਤਹ ਉੱਪਰ ਪਈ ਫੰਗਸ ਵਾਂਗ ਪਈ ਰਹਿੰਦੀ ਹੈ।ਬੁਰਾਈ ਵਿਚਾਰਾਂ ਨੂੰ ਤੁੱਛ ਜਾਣਦੀ ਹੈ, ਇਹ ਕਦੇ ਜਿੱਤਦੀ ਨਹੀਂ ਪਰ ਇਹ ਕਦੇ ਮਰਦੀ ਵੀ ਨਹੀਂ।ਆਮ ਲੋਕ ਇਸ ਤਰਾਂ ਦੇ ਘ੍ਰਿਣਤ ਕੰਮ ਕਿਉਂ ਕਰਦੇ ਹਨ, ਇਸ ਸਵਾਲ ਨੇ ਸਦੀਆਂ ਤੋਂ ਹੀ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਕਰੀ ਰੱਖਿਆ ਹੈ।ਪਰ ਪੁਰਾਣੇ ਅਤੇ ਘਿਸੇ-ਪਿਟੇ ਵਿਚਾਰ ਆਧੁਨਿਕ ਕੱਟੜਪੁਣੇ ਨੂੰ ਸਮਝਣ ਵਿਚ ਸਹਾਈ ਨਹੀਂ ਹੋ ਸਕਦੇ।

ਆਰੰਭਿਕ ਈਸਾਈ ਧਰਮ ਸ਼ਾਸਤਰੀਆਂ ਨੇ ਇਸ ਗੱਲ ਉੱਪਰ ਬੇਇੰਤਹਾ ਸਮਾਂ ਲਗਾਇਆ ਕਿ ਮਿਹਰਬਾਨ ਅਤੇ ਸਰਵਸ਼ਕਤੀਮਾਨ ਈਸ਼ਵਰ ਬੁਰਾਈ ਦੀ ਹੌਂਦ ਨੂੰ ਕਿਸ ਤਰਾਂ ਸਵੀਕਾਰ ਕਰ ਸਕਦਾ ਹੈ?ਮਨੁੱਖੀ ਸੁਭਾਅ ਦਾ ਹਨੇਰਾ ਪਾਸਾ ਬਹੁਤ ਹੀ ਚਿੰਤਾਜਨਕ ਹੈ; ਹਾਲਾਂਕਿ, ਲੋਕ ਇਸ ਦੀ ਕੁਦਰਤੀ ਵਿਆਖਿਆ ਦੇਣ ਦੀ ਕੋਸ਼ਿਸ਼ ਕਰਦੇ ਹਨ।ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਹੀ ਉਘੜਵੇਂ ਰੂਪ ਵਿਚ ਸਾਹਮਣੇ ਆਇਆ ਜਿਸਨੇ ਉਸ ਨੀਚਤਾ ਦੀ ਗਹਿਰਾਈ ਨੂੰ ਨੰਗਿਆ ਕੀਤਾ ਜਿੱਥੋਂ ਤੱਕ ਮਨੁੱਖ ਗਿਰ ਸਕਦੇ ਹਨ।ਇਹ ਵਿਚਾਰ ਕਿ ਬੁਰੇ ਕਾਰੇ ਜਰੂਰੀ ਨਹੀਂ ਕਿ ਬੁਰੇ ਲੋਕਾਂ ਦੁਆਰਾ ਹੀ ਕੀਤੇ ਜਾਣ ਇਸ ਤੱਥ ਨੂੰ ਦਿਖਾਉਂਦਾ ਹੈ ਕਿ ਆਮ ਲੋਕਾਂ ਨੂੰ ਬਹੁਤ ਅਸਾਨੀ ਨਾਲ ਕਰੂਰ ਕਾਰੇ ਕਰਨ ਲਈ ਭਰਮਾਇਆ ਜਾ ਸਕਦਾ ਹੈ ਜਿਸ ਵਿਚ ਉਹ ਕਿਸੇ ਨੂੰ ਮਾਰਨ ਜਾਂ ਜਲੀਲ ਕਰਨ ਲਈ ਸਿਰਫ ਆਦੇਸ਼ਾਂ ਦਾ ਹੀ ਪਾਲਣ ਕਰਦੇ ਹਨ।

ਵੀਹਵੀਂ ਸਦੀ ਵਿਚ ਹੋਈਆਂ ਸਮੂਹਿਕ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਸਮਝਣ ਲਈ ਬੁਰਾਈ ਦੀ ਸਾਧਾਰਣਤਾ ਦੇ ਸੰਕਲਪ ਨੂੰ ਪ੍ਰਮੁੱਖ ਰੂਪ ਵਿਚ ਵਰਤਿਆ ਗਿਆ।ਇਸ ਦੀ ਅਪੀਲ ਬਹੁਤ ਹੀ ਸਪੱਸ਼ਟ ਸੀ।ਇਸ ਨੇ ਸਦੀ ਵਿਚ ਹੋਏ ਸਭ ਤੋਂ ਕਰੂਰ ਕਾਰਿਆਂ ਦੀ ਵਿਆਖਿਆ ਕੀਤੀ ਜਿਸ ਵਿਚ ਜਿਆਦਾਤਰ ਦੋਸ਼ੀਆਂ ਨੂੰ ਆਪਣੇ ਕਾਰਿਆਂ ਦੀ ਕੋਈ ਸਜ਼ਾ ਨਹੀਂ ਹੋਈ।ਸਿੱਖ ਕਤਲੇਆਮ ਵੀ ਆਮ ਲੋਕਾਂ ਵਿਚ ਅਪ੍ਰਤੱਖ ਅਤੇ ਅਣਪਛਾਤੀ ਬੀਮਾਰੀ ਦਾ ਇਜ਼ਹਾਰ ਹੈ।ਸਰਲ ਸ਼ਬਦਾਂ ਵਿਚ ਬੁਰਾਈ ਦੀ ਸਾਧਾਰਣਤਾ ਵਿਚ ਕਰੂਰ ਕਾਰਿਆਂ ਨੂੰ ਬਹੁਤ ਹੀ ਆਮ ਅਤੇ ਮਨੁੱਖੀ ਪ੍ਰਕਿਰਤੀ ਵਜੋਂ ਪੇਸ਼ ਕੀਤਾ ਜਾਂਦਾ ਹੈ ਜਿਸ ਕਰਕੇ ਉਹ ਬਿਨਾਂ ਕਿਸੇ ਸੁਆਲ ਤੋਂ ਸੱਤਾ ਅੱਗੇ ਸਿਰ ਝੁਕਾਉਂਦੇ ਹਨ।ਉਹ ਬਹੁਤ ਸਹਿਜੇ ਹੀ ਆਪਣੇ ਸਾਥੀਆਂ ਦੇ ਦਬਾਅ ਹੇਠ ਆ ਜਾਂਦੇ ਹਨ ਅਤੇ ਆਪਣੇ ਨਾਲ ਦੇ ਹੀ ਮਨੁੱਖਾਂ ਨੂੰ ਖਤਮ ਕਰਨ ਜਿਹੇ ਕਰੂਰ ਕਾਰਿਆਂ ਵਿਚ ਆਪਣੀ ਮਨੁੱਖਤਾ ਨੂੰ ਅਸਾਨੀ ਨਾਲ ਭੁੱਲ ਜਾਂਦੇ ਹਨ।ਬੁਰਾਈ ਦੀ ਹੌਂਦ ਨੂੰ ਬਣਾਈ ਰੱਖਣ ਅਤੇ ਇਸ ਵਿਚ ਲੋਕਾਂ ਦੀ ਬਿਨਾਂ ਸੋਚੀ-ਸਮਝੀ ਭਾਗੀਦਾਰੀ ਕਾਇਮ ਕਰਨ ਲਈ ਹੀ ਬੁਰਾਈ ਨੂੰ ਸਾਧਾਰਣ ਬਣਾਇਆ ਜਾਂਦਾ ਹੈ ਅਤੇ ਵਿਅਕਤੀਆਂ, ਸਮੂਹਾਂ ਅਤੇ ਦੇਸ਼ਾਂ ਵਿਚ ਇਸ ਦਾ ਸਥਾਨ ਬਣਾਇਆ ਜਾਂਦਾ ਹੈ।

ਬੁਰਾਈ ਦੇ ਰਾਜ ਵਿਚ ਰਾਜਨੇਤਾ ਅਤੇ ਸੱਤਾਧਾਰੀ ਧਿਰ ਕਿਸੇ ਦੇ ਅਧੀਨ ਨਹੀਂ ਹੁੰਦੀ ਅਤੇ ਉਹ ਨਫਰਤ ਅਤੇ ਹਿੰਸਾ ਫੈਲਾਉਂਦੀ ਹੈ।ਰਾਜਨੇਤਾ ਅਤੇ ਸੱਤਾਧਾਰੀ ਧਿਰ ਵੀ ਇਸ ਜਾਲ ਵਿਚ ਕੈਦ ਹੁੰਦੀ ਹੈ ਅਤੇ ਸਵੈ-ਚਾਲਿਤ ਢੰਗ ਨਾਲ ਇਸ ਪ੍ਰੀਕਿਰਿਆ ਨੂੰ ਅੱਗੇ ਤੋਰਦੀ ਹੈ।ਇਹ ਧਿਰ ਇਸ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਵਿਚ ਮਾਹਿਰ ਹੁੰਦੀ ਹੈ।ਇਸ ਲਈ ਉਹ ਮੌਜੂਦ ਵਿਚਾਰਧਾਰਾਵਾਂ, ਤਰਕਾਂ, ਰਾਸ਼ਟਰੀ ਅਖੰਡਤਾ, ਕਾਲਪਨਿਕ ਨੈਤਿਕ ਸ੍ਰੇਸ਼ਠਤਾ, ਝੂਠ ਸਹਾਰੇ ਸਿਰਜੀ ਅਸਲੀਅਤ ਜਿਹੇ ਸੰਕਲਪਾਂ ਦਾ ਸਹਾਰਾ ਲੈਂਦੇ ਹਨ।ਸਿੱਖ ਕਤਲੇਆਮ ਨੂੰ ਸਿੱਖਾਂ ਨੂੰ ਖਤਮ ਕਰਨ ਜਿਹੀ ਭਿਅੰਕਰ ਮਨਸ਼ਾ ਨਾਲ ਸਿਰੇ ਚੜ੍ਹਾਇਆ ਗਿਆ, ਪਰ ਜਿਸ ਵਿਚ ਬੁਰਾਈ ਨੂੰ ਬੁਰਾਈ ਵਾਂਗ ਨਹੀਂ ਸੀ ਸਮਝਿਆ ਗਿਆ।ਅਗਰ ਅਸੀ ਭਾਰਤ ਦੇ ਹਿੰਸਕ ਇਤਿਹਾਸ ਉੱਪਰ ਝਾਤੀ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਚੰਗਿਆਈ ਦੇ ਨਾਂ ’ਤੇ ਰਾਜ ਦੁਆਰਾ ਬੁਰਾਈ ਦਾ ਪੈਰਾਮਿਡ ਉਸਾਰ ਲਿਆ ਗਿਆ ਹੈ ਜਿਸ ਦੀ ਸਰਵ-ਵਿਆਪੀ ਹੌਂਦ ਬਣ ਚੁੱਕੀ ਹੈ।

ਬੁਰਾਈ ਦੀ ਸਾਧਾਰਣਤਾ ਦਾ ਇਕ ਹੋਰ ਪੱਖ ਇਹ ਹੈ ਕਿ ਇਸ ਵਿਚ ਮੰਨਿਆ ਜਾਂਦਾ ਹੈ ਜੋ ਵੀ ਬੁਰਾ ਕਾਰਾ ਕੋਈ ਵਿਅਕਤੀ ਕਰ ਰਿਹਾ ਹੈ, ਉਹ ਅਸਲ ਵਿਚ ਬੁਰਾ ਨਹੀਂ ਹੈ ਸਗੋਂ ਉਸੇ ਕਾਰੇ ਨੂੰ ਸਮਾਜ ਦੁਆਰਾ ਹੀ ਆਮ ਕਰ ਦਿੱਤਾ ਜਾਂਦਾ ਹੈ।੧੯੮੪ ਵਿਚ ਹੋਈਆਂ ਘਟਨਾਵਾਂ ਜਿਆਦਾਤਰ ਰਾਜਨੀਤਿਕ ਵਿਵਸਥਾ ਅਤੇ ਨੇਤਾਵਾਂ ਦੀ ਜ਼ਿੰਮੇਵਾਰੀ ਕਰਕੇ ਹੋਈਆਂ।ਅਗਰ ਮਨੁੱਖਤਾ ਖਿਲਾਫ ਹੋਈਆਂ ਇਹਨਾਂ ਘਟਨਾਵਾਂ ਨੇ ਸਾਧਾਰਣ ਰੂਪ ਲੈ ਲਿਆ, ਉਹ ਇਸ ਲਈ ਸੀ ਕਿ ਇਹ ਬਹੁਤ ਆਮ, ਪਰ ਵਿਵਸਥਿਤ ਰੂਪ ਵਿਚ ਸਿਰੇ ਚੜ੍ਹਾਈਆਂ ਗਈਆਂ ਜਿਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ।ਸੱਤਾਧਾਰੀ ਕਾਂਗਰਸ ਪਾਰਟੀ ਉਸ ਸਮੇਂ ਮਨੁੱਖਤਾ ਨੂੰ ਖਤਮ ਕਰਨ ਉੱਪਰ ਤੁਲੀ ਹੋਈ ਸੀ।ਹੁਣ ਤੱਕ ਵੀ ਕਾਂਗਰਸ ਲੀਡਰਸ਼ਿਪ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।ਉਨ੍ਹਾਂ ਨੇ ਇਸ ਨੂੰ ਬਿਲਕੁਲ ਮਹਿਸੂਸ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਇਸ ਕਾਰੇ ਨੂੰ ਬਹੁਤ ਸਾਧਾਰਣਤਾ ਨਾਲ ਅੰਜਾਮ ਦਿੱਤਾ।ਬੁਰਾਈ ਨੇ ਇਸ ਸੰਸਾਰ ਵਿਚ ਆਪਣੀ ਜਗ੍ਹਾ ਬਣਾਈ ਹੈ ਕਿਉਂਕਿ ਇੱਥੇ ਨਾ ਸਿਰਫ ਲੋਕ ਗਲਤ ਕਾਰੇ ਕਰਦੇ ਹਨ; ਬਲਕਿ, ਉਹ ਆਪਣੇ ਕਾਰਿਆਂ ਦੀ ਗੰਭੀਰਤਾ ਨੂੰ ਬਿਨਾਂ ਸਮਝੇ ਉਨ੍ਹਾਂ ਨੂੰ ਉੱਚਿਤ ਵੀ ਠਹਿਰਾਉਂਦੇ ਹਨ।ਇਹ ਉਦੋਂ ਹੋਰ ਵੀ ਦੁੱਖਦਾਈ ਹੋ ਜਾਂਦਾ ਹੈ ਜਦੋਂ ਰਾਜਨੀਤਿਕ ਲਾਭਾਂ ਲਈ ਦੋਸ਼ੀਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ।

ਭਾਰਤੀ ਸਮਾਜਿਕ ਕਦਰਾਂ-ਕੀਮਤਾਂ ਕਹਿੰਦੀਆਂ ਹਨ ਕਿ ਕਿਸੇ ਵੀ ਤਰਾਂ ਦੀ ਹਿੰਸਾ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।ਪਰ ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਲੋਕ ਰਾਜਨੀਤਿਕ ਲਾਭਾਂ ਲਈ ਹਰ ਰੂਪ ਵਿਚ ਹਿੰਸਾ ਨੂੰ ਜਾਇਜ ਠਹਿਰਾਉਣ ਵਿਚ ਲੱਗੇ ਹੋਏ ਹਨ: ਭਾਵੇ ਇਹ ਸਿੱਖ ਕਤਲੇਆਮ ਹੋਵੇ ਜਾਂ ਹਜੂਮੀ ਹਿੰਸਾ (ਲੰਿਚਿੰਗ) ਦੀਆਂ ਵਾਪਰੀਆਂ ਘਟਨਾਵਾਂ।ਕੋਈ ਵੀ ਪ੍ਰਮੁੱਖ ਰਾਜਨੀਤਿਕ ਪਾਰਟੀ ਇਸ ਵਿਚ ਅਪਵਾਦ ਨਹੀਂ ਹੈ।ਹੰਨਾ ਅਰੈਂਟ ਗਲਤ ਨਹੀਂ ਸੀ ਜਦੋਂ ਉਸ ਨੇ ਕਿਹਾ ਸੀ ਕਿ ਆਧੁਨਿਕਤਾ ਨੇ ਬੁਰਾਈ ਦੀ ਸਾਧਾਰਣਤਾ ਨੂੰ ਪੈਦਾ ਕੀਤਾ ਹੈ।ਇਹ ਗੱਲ ਭਾਰਤ ਜਿਹੇ ਸਮਾਜ ਵਿਚ ਵੀ ਓਨੀ ਹੀ ਲਾਗੂ ਹੁੰਦੀ ਹੈ ਜਿਸਦੀਆਂ ਆਰੰਭਿਕ ਕਾਲ ਤੋਂ ਗਹਿਰੀਆਂ ਸਮਾਜਿਕ ਅਤੇ ਸੱਭਿਆਚਾਰਕ ਜੜ੍ਹਾਂ ਹਨ।ਸਿੱਖ ਕਤਲੇਆਮ ਨਾਲ ਸੰਬੰਧਿਤ ਬਣਾਏ ਗਏ ਅਲੱਗ-ਅਲੱਗ ਜਾਂਚ ਕਮਿਸ਼ਨਾਂ ਨੇ ਬਹੁਤ ਹੀ ਸਪੱਸ਼ਟ ਰੂਪ ਵਿਚ ਦਿਖਾਇਆ ਕਿ ਸਿੱਖ ਨੂੰ ਨਿਸ਼ਾਨਾ ਬਣਾਉਣ ਲਈ ਇਹ ਕਤਲੇਆਮ ਬਹੁਤ ਹੀ ਵਿਵਸਥਿਤ ਅਤੇ ਜੱਥੇਬੰਧਕ ਢੰਗ ਨਾਲ ਸਿਰੇ ਚੜ੍ਹਾਇਆ ਗਿਆ।ਆਮ ਕਰਕੇ ਸਭ ਨੂੰ ਪਤਾ ਹੈ ਕਿ ਕਤਲੇਆਮ ਨੂੰ ਸਹਿਮਤੀ ਦੇਣ ਅਤੇ ਅੰਜਾਮ ਦੇਣ ਵਿਚ ਕਾਂਗਰਸ ਦੇ ਉੱਚ ਨੇਤਾਵਾਂ ਦੀ ਭੂਮਿਕਾ ਰਹੀ ਸੀ।ਰਾਜ ਦੀ ਸਹਿਮਤੀ ਰਾਹੀ ਅੰਜਾਮ ਦਿੱਤੇ ਗਏ ਕਤਲੇਆਮ ਦਾ ਡੀ ਐਨ ਏ ਦਿਖਾਉਂਦਾ ਹੈ ਕਿ ਇਸ ਵਿਚ ਆਮ ਲੋਕਾਂ ਨੂੰ ਭਿਆਨਕ ਕਾਰੇ ਕਰਨ ਲਈ ਭਾਗੀਦਾਰ ਬਣਾਇਆ ਗਿਆ।ਇਸ ਦਾ ਵੱਡਾ ਕਾਰਣ ਇਹ ਹੈ ਕਿ ਇਸ ਤਰਾਂ ਦੇ ਸਮੂਹਿਕ ਕਤਲੇਆਮ ਕੁਝ ਹੀ ਲੋਕਾਂ ਦੁਆਰਾ ਅੰਜਾਮ ਤੱਕ ਨਹੀਂ ਪਹੁੰਚਾਏ ਜਾ ਸਕਦੇ, ਇਸ ਲਈ ਸਮੂਹਿਕ ਅਤੇ ਵਿਵਸਥਿਤ ਰਾਜ ਮਸ਼ੀਨਰੀ ਕੰਮ ਕਰਦੀ ਹੈ।੧੯੮੪ ਵਿਚ ਹੋਈਆਂ ਘਟਨਾਵਾਂ ਮਨੁੱਖਤਾ ਵਿਰੁੱਧ ਕੀਤੇ ਅਪਰਾਧ ਹਨ।ਨਸਲਕੁਸ਼ੀ ਤੋਂ ਬਚ ਕੇ ਆਏ ਇਤਾਲਵੀ-ਯਹੂਦੀ ਲੇਖਕ ਪਰਾਈਮੋ ਲੇਵੀ ਲਿਖਦਾ ਹੈ:

ਅਤਿ-ਕਰੂਰ ਵਿਅਕਤੀ ਬਚ ਕੇ ਨਿਕਲ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਗਿਣਤੀ ਇੰਨੀ ਜਿਆਦਾ ਨਹੀਂ ਹੁੰਦੀ ਕਿ ਉਹ ਖਤਰਨਾਕ ਹੋ ਸਕਣ।ਸਭ ਤੋਂ ਖਤਰਨਾਕ ਆਮ ਵਿਅਕਤੀ ਹੁੰਦੇ ਹਨ ਜੋ ਅਸਾਨੀ ਨਾਲ ਸੱਤਾਧਾਰੀਆਂ ਦਾ ਯਕੀਨ ਕਰ ਲੈਂਦੇ ਹਨ ਅਤੇ ਬਿਨਾਂ ਕੋਈ ਸੁਆਲ ਕੀਤੇ ਅਜਿਹੇ ਕਾਰੇ ਕਰਨ ਲਈ ਤਿਆਰ ਹੋ ਜਾਂਦੇ ਹਨ।

ਭਾਰਤੀ ਰਾਜ ਦਿਨੋਂ-ਦਿਨ ਕੱਟੜਪੰਥੀ ਰਾਸ਼ਟਰਵਾਦ ਵੱਲ ਵਧ ਰਿਹਾ ਹੈ ਅਤੇ ਅਜਿਹਾ ਉਗਰ-ਰਾਸ਼ਟਰਵਾਦ ਹੀ ਅਜਿਹੇ ਕਾਰਿਆਂ ਨੂੰ ਜਨਮ ਦਿੰਦਾ ਹੈ।ਅੰਤ ਵਿਚ ਰਾਜ ਆਪ ਹੀ ਬੁਰਾਈ ਦੀ ਸਾਧਾਰਣਤਾ ਵਿਚ ਭਾਗੀਦਾਰ ਹੁੰਦਾ ਹੈ।ਭਾਰਤ ਵਿਚ “ਦੂਜੇਕਰਣ (ਅਦਰਿੰਗ) ਦੀ ਰਾਜਨੀਤੀ ਜੋ ਰੂਪ ਲੈ ਰਹੀ ਹੈ, ਉਸ ਨੇ ਗਹਿਰੀ ਚਿੰਤਾ ਪੈਦਾ ਕੀਤੀ ਹੈ ਕਿਉਂਕਿ ਇਹ ਇਤਿਹਾਸ ਵਿਚ ਵਾਪਰੇ ਸਾਰੇ ਭਿਆਨਕ ਕਾਰਿਆਂ ਦੀ ਯਾਦ ਦੁਆਉਂਦੀ ਹੈ।