ਵਰਤਮਾਨ ਸਟੇਟ ਤੇ ਆਮ ਤੌਰ ਤੇ ਇਹ ਦੋਸ਼ ਲਗਦਾ ਰਹਿੰਦਾ ਹੈ ਕਿ ਉਹ ਕਿਸੇ ਨਾ ਕਿਸੇ ਬਹਾਨੇ ਆਮ ਲੋਕਾਂ ਦੀ ਨਿੱਜੀ ਜਿੰਦਗੀ ਵਿੱਚ ਦਖਲਅੰਦਾਜ਼ੀ ਕਰਦੀ ਰਹਿੰਦੀ ਹੈ। ਬੇਸ਼ੱਕ ਵਰਤਾਮਾਨ ਸਟੇਟ ਇਹ ਦਾਅਵੇ ਕਰਦੀ ਹੈ ਕਿ ਉਹ ਬਹੁਤ ਸੱਭਿਅਕ ਅਤੇ ਬਹੁਤ ਸਵੱਛ ਹੈ ਪਰ ਅਸਲ ਵਿੱਚ ਵਰਤਮਾਨ ਸਟੇਟ ਦਾ ਜੋ ਚਿਹਰਾ ਮੁਹਰਾ ਉਭਰ ਰਿਹਾ ਹੈ ਉਹ ਕਿਸੇ ਸੱਭਿਅਤਾ ਦੀ ਦੱਸ ਨਹੀ ਪਾਉਂਦਾ ਬਲਕਿ ਇੱਕ ਪੁਲਿਸ ਸਟੇਟ ਦੀ ਦੱਸ ਪਾਉਂਦਾ ਹੈ। ਤਕਨੀਕੀ ਵਿਕਾਸ ਨੇ ਜਿਸ ਹੱਦ ਤੱਕ ਵੱਡੀਆਂ ਛਾਲ਼ਾਂ ਮਾਰ ਲਈਆਂ ਹਨ ਉਸ ਹੱਦ ਤੱਕ ਮਨੁੱਖਤਾ ਅਤੇ ਖਾਸ ਕਰਕੇ ਸਟੇਟ ਦਾ ਬੌਧਿਕ ਵਿਕਾਸ ਨਹੀ ਹੋ ਰਿਹਾ। ਸ਼ਗੋਂ ਸਟੇਟ ਤਾਂ ਤਕਨੀਕੀ ਵਿਕਾਸ ਨੂੰ ਆਪਣੀਆਂ ਅਣਮਨੁੱਖੀ ਕਾਰਵਾਈਆਂ ਦੇ ਇੱਕ ਸੰਦ ਵੱਜੋਂ ਵਰਤ ਰਹੀ ਹੈ।

ਐਡਵਰਡ ਸਨੋਡਨ ਨੇ ਅਮਰੀਕੀ ਏਜੰਸੀਆਂ ਵੱਲ਼ੋਂ ਆਮ ਲੋਕਾਂ ਤੋਂ ਲੈਕੇ ਵੱਡੇ ਵੱਡੇ ਸਟੇਟ ਮੁਖੀਆਂ ਤੱਕ ਦੇ ਫੋਨ ਟੈਪ ਕਰਨ ਦੇ ਜੋ ਖੁਲਾਸੇ ਕੀਤੇ ਸਨ ਉਸ ਸਦਮੇਂ ਤੋਂ ਹਾਲੇ ਸੱਭਿਅਕ ਮਨੁੱਖ ਬਾਹਰ ਵੀ ਨਹੀ ਸਨ ਨਿਕਲੇ ਕਿ ਹੁਣ ਖਬਰਾਂ ਆ ਗਈਆਂ ਹਨ ਕਿ ਸਾਡੇ ਘਰਾਂ ਵਿੱਚ ਜੋ ਟੈਲੀਵਿਜ਼ਨ ਚੱਲ ਰਹੇ ਹਨ ਜਿਨ੍ਹਾਂ ਦੇ ਸਾਹਮਣੇ ਬੈਠ ਕੇ ਅਸੀਂ ਆਪਣੇ ਮਨ ਦੇ ਵਿਚਾਰ ਆਪਣੇ ਪਰਿਵਾਰ ਵਾਲਿਆਂ ਜਾਂ ਦੋਸਤਾਂ ਮਿੱਤਰਾਂ ਨਾਲ ਸਾਂਝੇ ਕਰ ਲੈਂਦੇ ਹਾਂ ਇਹ ਟੈਲੀਵਿਜ਼ਨ ਵੀ ਸਾਡੀ ਹਰ ਗੱਲ ਨੂੰ ਆਪਣੇ ਮਾਈਕ ਰਾਹੀਂ ਖਿੱਚਕੇ ਅਮਰੀਕਾ ਸਥਿਤ ਇੱਕ ਅਜਿਹੇ ਸਰਵਰ ਨੂੰ ਭੇਜ ਰਹੇ ਹਨ ਜਿਸ ਬਾਰੇ ਕਿਆਸ ਕੀਤਾ ਜਾਂਦਾ ਹੈ ਕਿ ਉਹ ਅਮਰੀਕੀ ਸਰਕਾਰ ਵੱਲ਼ੋਂ ਚਲਾਇਆ ਜਾ ਰਿਹਾ ਹੈ।

ਜੀ ਹਾਂ, ਹੁਣ ਸਾਵਧਾਨ ਹੋਣ ਦੀ ਲੋੜ ਹੈ ਹਰ ਅਜ਼ਾਦੀ ਪਸੰਦ ਨਾਗਰਿਕ ਲਈ ਜੋ ਆਪਣੇ ਡਰਾਇੰਗ ਰੂਮ ਜਾਂ ਬੈਡਰੂਮ ਵਿੱਚ ਬੈਠਕੇ ਟੀ ਵੀ ਦੇਖਦੇ ਹਨ ਅਤੇ ਵੱਖ ਵੱਖ ਖਬਰਾਂ ਤੇ ਅਜ਼ਾਦਾਨਾ ਟਿੱਪਣੀਆਂ ਕਰਦੇ ਰਹਿੰਦੇ ਹਨ ਉਨ੍ਹਾਂ ਲਈ, ਕਿਉਂਕਿ ਤੁਹਾਡੀਆਂ ਇਹ ਟਿੱਪਣੀਆਂ ਨੂੰ ਵੀ ‘ਵੱਡਾ ਭਰਾ’ ਸੁਣ ਰਿਹਾ ਹੈ। ਇੰਗਲੈਂਡ ਦੇ ਇੱਕ ਅਖਬਾਰ ਨੇ ਇਹ ਖਬਰ ਛਾਪੀ ਹੈ ਕਿ ਹਾਲ ਦੀ ਘੜੀ ਇਹ ‘ਸਹੂਲਤ’ ਕੋਰੀਆ ਦੀ ਇੱਕ ਕੰਪਨੀ ਵੱਲ਼ੋਂ ਬਣਾਏ ਗਏ ਟੈਲੀਵਿਜ਼ਨਾਂ ਵਿੱਚ ਹੀ ਪਾਈ ਗਈ ਹੈ, ਪਰ ਕੌਣ ਜਾਣੇ ਕਿ ਹੁਣ ਕਿਹੜੀ ਕੰਪਨੀ ਦਾ ਟੈਲੀਵਿਜ਼ਨ ਕਿਸ ਕਿਸ ਲਈ ਜਸੂਸੀ ਕਰ ਰਿਹਾ ਹੈ।
ਜਾਰਜ ਆਰਵੈਲ ਨੇ ੧੯੪੯ ਵਿੱਚ ਇਸ ਕਿਸਮ ਦਾ ਨਾਵਲ ਲਿਖਕੇ ਸਨਸਨੀ ਫੈਲ ਦਿੱਤੀ ਸੀ ਕਿ ੧੯੮੪ ਤੱਕ ਸਰਕਾਰ ਤੁਹਾਡੇ ਡਰਾਇੰਗ ਰੂਮ ਅਤੇ ਬੈਡਰੂਮ ਤੱਕ ਪਹੁੰਚ ਜਾਵੇਗੀ, ਇਹ ਸਭ ਕੁਝ ੨੧ਵੀਂ ਸਦੀ ਦੇ ਨਾਗਰਿਕ ਦੇਖ ਅਤੇ ਹੰਢਾ ਰਹੇ ਹਨ।

ਅਖਬਾਰ ਵਿੱਚ ਲੱਗੀ ਖਬਰ ਵਿੱਚ ਦੱਸਿਆ ਗਿਆ ਹੈ ਕਿ ਨਵੀਂ ਤਕਨੀਕ ਰਾਹੀਂ ਟੈਲੀਵਿਜ਼ਨਾ ਵਿੱਚ ਅਜਿਹੇ ਮਾਈਕਰੋਫੋਨ ਲਗਾਏ ਹੋਏ ਹਨ ਜੋ ਉਸਦੇ ਦੁਆਲੇ ਬੈਠੇ ਲੋਕਾਂ ਦੇ ਵਿਚਾਰ ਸੁਣਦੇ ਹਨ ਅਤੇ ਅਮਰੀਕਾ ਸਥਿਤ ਆਪਣੇ ਮੁਖ ਸਰਵਰ ਨੂੰ ਭੇਜ ਦੇਂਦੇ ਹਨ। ਅਖਬਾਰ ਨੇ ਬੇਸ਼ੱਕ ਇਹ ਵੀ ਆਖਿਆ ਹੈ ਕਿ ਇਹ ਸਭ ਕੁਝ ਕੰਪਨੀਆਂ ਵੱਲ਼ੋਂ ਮਾਰਕੀਟਿੰਗ ਦੇ ਮਨਸ਼ੇ ਨਾਲ ਕੀਤਾ ਜਾ ਰਿਹਾ ਹੈ ਪਰ ਇਸਦੇ ਨਾਲ ਹੀ ਸਰਕਾਰੀ ਏਜੰਸੀਆਂ ਦੇ ਹੱਥ ਦਾ ਵੀ ਖੁਲਾਸਾ ਕੀਤਾ ਗਿਆ ਹੈ। ਅਜਿਹੇ ਦੋਸ਼ ਫੇਸਬੁੱਕ ਅਤੇ ਗੂਗਲ ਉਤੇ ਵੀ ਲੱਗ ਰਹੇ ਹਨ ਕਿ ਉਹ ਇਹ ਸੇਵਾਵਾਂ ਵਰਤਣ ਵਾਲਿਆਂ ਦਾ ਪਿੱਛਾ ਕਰਦੀਆਂ ਹਨ। ਫੇਸਬੁੱਕ ਵਰਤਣ ਤੋਂ ਬਾਅਦ ਕਿਹੜਾ ਵਿਅਕਤੀ ਕਿਨ੍ਹਾਂ ਸਾਈਟਾਂ ਤੇ ਜਾਂਦਾ ਹੈ ਇਸਦਾ ਰਿਕਾਰਡ ਰੱਖਿਆ ਜਾਂਦਾ ਹੈ।

ਟੈਲੀਵਿਜ਼ਨਾ ਰਾਹੀਂ ਜਸੂਸੀ ਕਰਨ ਦੀ ਇਸ ਨਵੀਂ ਖਬਰ ਨੇ ਆਪਣੀ ਨਿੱਜੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਵਾਲੀ ਅਜ਼ਾਦ ਜਿੰਦਗੀ ਚਾਹੁਣ ਵਾਲਿਆਂ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕਿਸ ਪਾਸੇ ਜਾ ਰਹੇ ਹਾਂ ਅਸੀਂ, ਕਿੱਥੇ ਜਾ ਰਹੀ ਹੈ ਮਨੁੱਖੀ ਸੱਭਿਅਤਾ, ਜਿੱਥੇ ਅਸੀਂ ਅਜ਼ਾਦੀ ਨਾਲ ਸਾਹ ਵੀ ਨਹੀ ਲੈ ਸਕਦੇ।

ਪਿਛਲੇ ਦਿਨੀ ਅਮਰੀਕਾ ਦੇ ਪ੍ਰਸਿੱਧ ਡਿਪਲੋਮੈਟ ਅਤੇ ਨੀਤੀਵਾਨ ਹੈਨਰੀ ਕਸਿੰਗਰ ਦੀ ਨਵੀਂ ਕਿਤਾਬ ਛਪਕੇ ਆਈ ਹੈ। ਉਸ ਵਿੱਚ ਕਸਿੰਗਰ ਨੇ ਚਾਰ ਸੱਭਿਅਤਾਵਾਂ ਦੇ ਸਿਆਸੀ ਚਰਿੱਤਰ ਦਾ ਵਰਨਣ ਕੀਤਾ ਹੈ। ਇਸਲਾਮੀ ਸੱਭਿਅਤਾ ਦੇ ਸਿਆਸੀ ਚਰਿੱਤਰ ਦਾ ਵਰਨਣ ਕਰਦੇ ਹੋਏ ਉਹ ੧੯੨੯ ਦੀ ਇੱਕ ਘਟਨਾ ਦਾ ਜਿਕਰ ਕਰਦੇ ਹਨ ਜਿਸ ਵਿੱਚ ਮੁਸਲਿਮ ਬਰਦਰਹੁੱਡ ਦੇ ਸੰਸਥਾਪਕ ਇੱਕ ਭਾਸ਼ਣ ਦੇ ਰਹੇ ਹਨ। ਉਹ ਆਖਦੇ ਹਨ ਕਿ ਪੱਛਮ ਨੇ ਬੇਸ਼ੱਕ ਪਦਾਰਥਵਾਦੀ ਤਰੱਕੀ ਬਹੁਤ ਕਰ ਲਈ ਹੈ, ਪਦਾਰਥਵਾਦ ਦੇ ਖੇਤਰ ਵਿੱਚ ਪੱਛਮ ਨੇ ਲੋਕਾਂ ਨੂੰ ਚਕਾਚੌਂਧ ਕਰਕੇ ਰੱਖ ਦਿੱਤਾ ਹੈ ਪਰ ਨੈਤਿਕ ਅਤੇ ਆਤਮਕ ਤੌਰ ਤੇ ਪੱਛਮ ਕੰਗਾਲੀ ਵੱਲ ਵਧ ਰਿਹਾ ਹੈ। ਹੈਨਰੀ ਕਸਿੰਗਰ ਨੇ ਉਹ ਇਸਲਾਮੀ ਲੀਡਰ ਦੇ ਬਿਆਨ ਦੇ ਸੰਦਰਭ ਵਿੱਚ ਪੱਛਮ ਦੇ ਬੌਧਿਕ ਤਰੱਕੀ ਅਤੇ ਨੀਤੀ ਦਾ ਖੁਲਾਸਾ ਕੀਤਾ ਹੈ। ਪਰ ਹੁਣ ਜੋ ਨਵੇਂ ਖੁਲਾਸੇ ਹੋ ਰਹੇ ਹਨ ਜਿਸ ਵਿੱਚ ਪੱਛਮੀ ਸੂਹੀਆ ਏਜੰਸੀਆਂ ਸਾਡੇ ਬੈਡਰੂਮ ਤੱਕ ਦਾਖਲ ਹੋ ਚੁੱਕੀਆਂ ਹਨ ਤਾਂ ਕੀ ਇਹ ਆਖਿਆ ਜਾ ਸਕਦਾ ਹੈ ਕਿ ਇਹ ਤਰੱਕੀ ਵਾਕਿਆ ਹੀ ਮਨੁੱਖੀ ਵਿਕਾਸ ਦਾ ਰਾਹ ਦਰਸਾਵਾ ਬਣ ਸਕੇਗੀ?

ਨੈਤਿਕ ਅਤੇ ਨਿੱਜੀ ਅਜ਼ਾਦੀ ਚਾਹੁੰਣ ਵਾਲਿਆਂ ਨੂੰ ਇਸ ਸਥਿਤੀ ਵਿੱਚ ਕੁਝ ਨਵਾ ਸੋਚਣ ਦੀ ਲੋੜ ਹੈ।