ਪੰਜਾਬ ਦੇ ਕਿਸਾਨ ਦੀ ਕਣਕ ਇਸ ਵੇਲੇ ਮੰਡੀਆਂ ਵਿੱਚ ਰੁਲ ਰਹੀ ਹੈ। ਬੇਮੌਸਮੀ ਬਾਰਸ਼ ਨੇ ਛੇ ਮਹੀਨਿਆਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ। ਜਿਨ੍ਹਾਂ ਸੁਪਨਿਆਂ ਨੂੰ ਸੰਜੋਅ ਕੇ ਕਿਸਾਣ ਨੇ ਫਸਲ ਬੀਜੀ ਅਤੇ ਸਾਂਭੀ ਹੁੰਦੀ ਹੈ ਉਹ ਸੁਪਨੇ ਮੰਡੀਆਂ ਦੀ ਬੇਰੁਖੀ ਅਤੇ ਕੁਦਰਤ ਦੀ ਕਰੋਪੀ ਨੇ ਚੂਰ ਚੂਰ ਕਰ ਦਿੱਤੇ ਹਨ। ਅਪ੍ਰੈਲ ਦਾ ਮਹੀਨਾ ਜਿਸ ਨੂੰ ਪੰਜਾਬੀ ਲੋਕ-ਸੱਭਿਆਚਾਰ ਦੇ ਇਤਿਹਾਸ ਵਿੱਚ ਖੁਸ਼ੀਆਂ ਭਰਿਆ ਮੰਨਿਆ ਜਾਂਦਾ ਹੈ ਪੰਜਾਬ ਦੇ ਕਿਸਾਨ ਲਈ ਹੁਣ ਦੁਖਦਾਈ ਬਣਦਾ ਜਾ ਰਿਹਾ ਹੈ। ਭੁੱਖੇ ਮਰ ਰਹੇ ਦੇਸ਼ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਾਲੇ ਮਿਹਨਤੀ ਲੋਕਾਂ ਦੀ ਹੁਣ ਦੀਆਂ ਨਵੀਆਂ ਸਰਕਾਰਾਂ ਨੂੰ ਲੋੜ ਨਹੀ ਰਹਿ ਗਈ।

ਕਾਰਪੋਰੇਟ ਜਗਤ ਨੇ ਮੁਲਕ ਦੀਆਂ ਸਰਕਾਰਾਂ ਨੂੰ ਜਿਸ ਨਵੀਂ ਪਟੜੀ ਤੇ ਚਾੜ੍ਹ ਦਿੱਤਾ ਹੈ ਉਸ ਵਿੱਚੋਂ ਕਿਸਾਨ ਦੀ ਭੂਮਿਕਾ ਖਤਮ ਹੋ ਗਈ ਹੈ। ਹੁਣ ਸਭ ਸਕੀਮਾਂ ਯੋਜਨਾਵਾਂ ਕਾਰਪੋਰੇਟ ਜਗਤ ਦੀਆਂ ਲਲਸਾਈਆਂ ਨੀਤੀਆਂ ਦੇ ਸੰਦਰਭ ਵਿੱਚ ਹੀ ਪੇਸ਼ ਹੋਣਗੀਆਂ। ਭਾਰਤ ਵਿੱਚ ਬਣੀ ਬ੍ਰਾਹਮਣ ਬਾਣੀਆ ਦੀ ਸਰਕਾਰ ਲਈ ਕਿਸਾਨ ਹੁਣ ਚੂਸੀ ਹੋਈ ਗਿੱਟਕ ਤੋਂ ਵੱਧ ਕੁਝ ਨਹੀ ਰਹਿ ਗਏ। ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੀ ਫਸਲ, ਕਿਸਾਨਾਂ ਦੀ ਜਮੀਨ ਸਨਅਤਾਂ ਲਈ ਖਰੀਦਣ ਖਾਤਰ ਹੋ ਰਹੀ ਤਰਲੋਮੱਛੀ ਅਤੇ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨਵੀਆਂ ਨੀਤੀਆਂ ਪੰਜਾਬ ਦੇ ਕਿਸਾਨਾਂ ਲਈ ਬਹੁਤ ਦੁਖਦਾਈ ਭਵਿੱਖ ਦੀ ਸੂਚਨਾ ਲੈ ਕੇ ਆ ਰਹੀਆਂ ਹਨ। ਪੰਜਾਬ ਦੇ ਕਿਸਾਨ ਲਈ ਖੁਸ਼ ਹੋਣ ਦੇ ਦਿਨ ਹੁਣ ਖਤਮ ਹੋ ਗਏ ਸਮਝੋ, ਕਿਉਂਕਿ ਦੇਸ਼ ਦੀ ਨਵੀਂ ਸਰਕਾਰ ਜੋ ਨੀਤੀ ਲੈ ਕੇ ਆ ਰਹੀ ਹੈ ਉਸ ਵਿੱਚ ਛੋਟੇ ਕਿਸਾਨਾਂ ਲਈ ਕੋਈ ਥਾਂ ਨਹੀ ਹੈ। ਛੋਟੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਖੇਤੀ ਮਜ਼ਦੂਰਾਂ ਵਿੱਚ ਤਬਦੀਲ ਕਰਨ ਦੀ ਨਵੀਂ ਯੋਜਨਾ ਬਹੁਤ ਸ਼ਾਤਰਤਾ ਨਾਲ ਲਾਗੂ ਹੋਣੀ ਸ਼ੁਰੂ ਹੋ ਗਈ ਹੈ।

ਮੰਡੀਕਰਨ ਦੀਆਂ ਯੋਜਨਾਵਾਂ ਵਿੱਚ ਆ ਰਹੀ ਤਬਦੀਲੀ ਅਤੇ ਪੰਜਾਬ ਦੇ ਸਬੰਧ ਵਿੱਚ ਬਹੁਤ ਦੇਰੀ ਨਾਲ ਹੋ ਰਹੇ ਫੈਸਲੇ ਇਸ ਗੱਲ ਦੀ ਅਗਾਊਂ ਸੂਚਨਾ ਦੇਂਦੇ ਹਨ ਕਿ ਅਗਲੇ ਦਸ-ਪੰਦਰਾਂ ਸਾਲਾਂ ਵਿੱਚ ਪੰਜਾਬ ਦਾ ਕਿਸਾਨ ਖੇਤੀ ਮਜ਼ਦੂਰ ਬਣਾ ਦਿੱਤਾ ਜਾਵੇਗਾ। ਅਗਲੇ ਦਸ ਪੰਦਰਾਂ ਸਾਲਾਂ ਵਿੱਚ ਕਿਸਾਨ ਲਈ ਖੇਤੀ ਅਜਿਹੀ ਖੇਡ ਬਣਾ ਦਿੱਤੀ ਜਾਵੇਗੀ ਕਿ ਉਹ ਅੱਕ ਕੇ ਆਪ ਹੀ ਆਪਣੀ ਜਮੀਨ ਕਿਸੇ ਵੀ ਭਾਅ ਵੇਚਣ ਲਈ ਮਜਬੂਰ ਹੋ ਜਾਵੇਗਾ। ਉਸ ਨੌਬਤ ਤੱਕ ਪਹੁੰਚੀ ਕਿਸਾਨੀ ਦੇ ਦੁਖਾਂ ਵਿੱਚੋਂ ਉਪਜੀ ਪੀੜ ਦਾ ਫਾਇਦਾ ਲੈਣ ਲਈ ਕਾਰਪੋਰੇਟ ਘਰਾਣੇ ਪਹਿਲਾਂ ਹੀ ਆਪਣਾਂ ਜਾਲ ਵਿਛਾ ਲੈਣਗੇ।

ਹੋਵੇਗਾ ਇਹ ਕਿ ਪੰਜਾਬ ਸਮੇਤ ਹਰਿਆਣਾਂ ਵਰਗੇ ਉਪਜਾਉੂ ਜਮੀਨ ਵਾਲੇ ਇਲਾਕਿਆਂ ਦੀ ਜਮੀਨ ਕਾਰਪੋਰੇਟ ਘਰਾਣਿਆਂ ਦੀ ਮਲਕੀਅਤ ਬਣ ਜਾਵੇਗੀ। ਭਾਰਤ ਦੇ ਉਚ ਕਾਰਪੋਰੇਟ ਘਰਾਣੇ ਫਿਰ ਹਜਾਰ-ਦੋ ਹਜਾਰ ਏਕੜ ਦੇ ਫਾਰਮ ਬਣਾਕੇ ਖੇਤੀ ਕਰਨਗੇ ਅਤੇ ਛੋਟੇ ਕਿਸਾਨ ਉਥੇ ਖੇਤ ਮਜ਼ਦੂਰ ਹੋਣਗੇ। ਜਮੀਨ ਜਿਨ੍ਹਾਂ ਵਿੱਚ ਅਣਖ ਅਤੇ ਗੈਰਤ ਦਾ ਮਾਦਾ ਭਰਦੀ ਸੀ ਉਸ ਅਣਖ ਅਤੇ ਗੈਰਤ ਨੂੰ ਭੰਨ ਦੇਣ ਲਈ ਕਾਰਪੋਰੇਟ ਘਰਾਣਿਆਂ ਦੀ ਖੇਤ-ਮਜ਼ਦੂਰੀ ਕਿਸਾਨਾਂ ਲਈ ਪਰੋਸੀ ਜਾਵੇਗੀ। ਫਿਰ ਸਬਜ਼ੀਆਂ ਤੋਂ ਲੈਕੇ ਅਨਾਜ ਤੱਕ ਅਤੇ ਪਾਣੀ ਤੋਂ ਲੈ ਕੇ ਦੁੱਧ ਤੱਕ ਸਭ ਕੁਝ ਕਾਰਪੋਰੇਟ ਜਗਤ ਦੀ ਮਲਕੀਅਤ ਹੋਵੇਗੀ। ਸ਼ਬਜ਼ੀਆਂ ਵੀ ਉਹ ਵੇਚਣਗੇ, ਦੁੱਧ ਵੀ ਅਤੇ ਇੱਥੋਂ ਤੱਕ ਕਿ ਪਾਣੀ ਵੀ। ਪੱਛਮੀ ਮੁਲਕਾਂ ਵਾਂਗ ਮਾਰੀਸਨ, ਟੈਸਕੋ, ਆਸਦਾ ਅਤੇ ਵਾਲਮਾਰਟ ਵਰਗੀਆਂ ਦੇਸੀ ਕੰਪਨੀਆਂ ਦੇ ਵੱਡੇ ਫਾਰਮ ਪੰਜਾਬ ਵਿੱਚ ਹੋਣਗੇ ਅਤੇ ਉਹ ਆਪਣੀ ਮਰਜੀ ਨਾਲ ਭਾਅ ਤੈਅ ਕਰਕੇ ਵੇਚਣਗੇ। ਸ਼ਰਕਾਰ ਦਾ ਜਿਣਸ ਖਰੀਦਣ ਅਤੇ ਵੇਚਣ ਦਾ ਕੰਮ ਖਤਮ ਹੋ ਜਾਵੇਗਾ। ਸ਼ਰਕਾਰ ਦਾ ਕੰਮ ਉਥੋਂ ਤੱਕ ਹੀ ਸੀ ਜਦੋਂ ਤੱਕ ਜਮੀਨ ਕਿਸਾਨਾਂ ਦੀ ਮਲਕੀਅਤ ਸੀ ਜਦੋਂ ਮਲਕੀਅਤ ਕਾਰਪੋਰੇਟ ਘਰਣਿਆਂ ਦੀ ਹੋ ਗਈ ਫਿਰ ਸਰਕਾਰ ਦੀ ਜਿੰਮੇਵਾਰੀ ਖਤਮ ਹੋ ਜਾਵੇਗੀ। ਹਰ ਚੀਜ ਵਿਕੇਗੀ।
ਆਲੂ, ਗੋਭੀ, ਘੀਆ ਟਿੰਡੇ, ਪਾਣੀ ਅਤੇ ਸਭ ਤੋਂ ਵਧਕੇ ਗੈਰਤਮੰਦ ਕਿਸਾਨ ਦੀ ਜਮੀਰ।

ਇਸ ਨਾਲ ਦੋ ਫਾਇਦੇ ਹੋਣਗੇ ਸਰਕਾਰ ਨੂੰ ਇੱਕ ਤਾਂ ਕਾਰਪੋਰੇਟ ਘਰਾਣਿਆਂ ਨਾਲ ਸੌਦੇ ਕਰਨੇ ਸੌਖੇ ਹੋ ਜਾਣਗੇ ਕਿਉਕਿ ਉਹ ਪੰਜ ਸੱਤ ਕੰਪਨੀਆਂ ਹੀ ਹੋਣਗੀਆਂ ਦੂਜਾ ਪੰਜਾਬ ਵਿੱਚੋਂ ਫਿਰ ਕਿਸ ਬਗਾਵਤ ਦੀ ਸੰਭਾਵਨਾ ਨਹੀ ਰਹੇਗੀ। ਜਮੀਨ ਨੇ ਜੋ ਗੈਰਤ ਅਤੇ ਅਣਖ਼ ਕਿਸਾਨ ਵਿੱਚ ਭਰ ਰੱਖੀ ਹੈ ਉਹ ਖਤਮ ਹੋ ਜਾਵੇਗੀ ਅਤੇ ਫਿਰ ਨਵੀਂ ਕਿਸਮ ਦੇ ਅਬਦਾਲੀ ਅਤੇ ਔਰੰਗੇ ਪੰਜਾਬ ਨੂੰ ਤਬਾਹ ਕਰਨ ਲਈ ਨਿੱਤ ਪਾਪ ਕੀ ਜੰਝ ਲੈ ਕੇ ਆਇਆ ਕਰਨਗੇ ਅਤੇ ਬਿਨਾ ਮੁਕਾਬਲੇ ਤੋਂ ਹੀ ਅਗਾਂਹ ਵਧ ਜਾਇਆ ਕਰਨਗੇ। ਗੁਰੂਆਂ ਦੀ ਧਰਤੀ ਤੇ ਗੁੰਜਣ ਵਾਲਾ ਗੈਰਤ ਦਾ ਗੀਤ ਹਮੇਸ਼ਾ ਹਮੇਸ਼ਾ ਲਈ ਖਤਮ ਕਰਨ ਦੀ ਯੋਜਨਾ ਨਵੀਂ ਸਰਕਾਰ ਦੇ ਮਨ ਵਿੱਚ ਹੈ।

ਪੰਜਾਬ ਦੇ ਇਤਿਹਾਸ ਨੂੰ ਬਦਲਣ ਵਾਲੀ ਇਸ ਯੋਜਨਾ ਦੇ ਖਿਲਾਫ ਪੰਜਾਬ ਦੇ ਕਿਸਾਨ ਨੂੰ ਹੁਣ ਤੋਂ ਹੀ ਯੋਜਨਾਬੰਦੀ ਕਰਕੇ, ਨਵੇਂ ਵੈਰੀ ਦੀ ਜੜ੍ਹ ਪੁੱਟਣੀ ਚਾਹੀਦੀ ਹੈ।