ਬਰਗਾੜੀ ਮੋਰਚੇ ਦੇ ਅੱਧ-ਵਿਚਕਾਰ ਖਤਮ ਹੋ ਜਾਣ ਨਾਲ ਪੰਜਾਬ ਦੀ ਰਾਜਨੀਤਿਕ ਤੇ ਪੰਥਕ ਸਿਆਸਤ ਵਿੱਚ ਇੱਕ ਤਰ੍ਹਾਂ ਨਾਲ ਖੜੋਤ ਆ ਗਈ ਹੈ। ਬਰਗਾੜੀ ਮੋਰਚੇ ਦੀ ਸਫਲਤਾ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸਦੀ ਸਫਲਤਾ ਨਾਲ ਪਿਛਲੇ ਤਿੰਨ ਸਾਲਾਂ ਤੋਂ ਲਮਕਦੀ ਆ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਕਿਸੇ ਹੱਲ ਤੇ ਪਹੁੰਚੇਗਾ ਤੇ ਬਹਿਬਲ ਕਲਾਂ ਵਿੱਚ ਹੋਏ ਗੋਲੀ ਕਾਂਡ ਦਾ ਵੀ ਕੋਈ ਨਤੀਜਾ ਨਿਕਲੇਗਾ। ਪਰ ਇਹ ਸਭ ਕੁਝ ਵਿਚਕਾਰ ਹੀ ਲਮਕ ਕੇ ਰਹਿ ਗਿਆ ਹੈ। ਬਰਗਾੜੀ ਮੋਰਚੇ ਨਾਲ ਜਿਹੜੀ ਜਥੇਦਾਰ ਸਾਹਿਬਾਨ ਨੂੰ ਸਿੱਖਾਂ ਵੱਲੋਂ ਭਰਪੂਰ ਮਾਨਤਾ ਮਿਲੀ ਸੀ ਉਹਵੀ ਇਕ ਤਰਾਂ ਨਾਲ ਹਾਸ਼ੀਏ ਤੇ ਚਲੀ ਗਈ ਹੈ। ਉਹਨਾਂ ਵੱਲੋਂ ਹੁਣ ਪੂਰੀ ਤਰ੍ਹਾਂ ਖਾਮੋਸ਼ੀ ਧਾਰ ਲਈ ਗਈ ਹੈ। ਇਸੇ ਤਰ੍ਹਾਂ ਇਸ ਖਲਾਅ ਨੂੰ ਭਰਨ ਲਈ ਸੁਖਪਾਲ ਸਿੰਘ ਖਹਿਰਾ ਤੇ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਅਲੱਗ ਹੋ ਕੇ ਆਪਣੇ ਆਪਣੇ ਪੱਧਰ ਤੇ ਆਪਣੀ ਨਵੀਂ ਰਣਨੀਤੀ ਤਹਿ ਕੀਤੀ ਹੈ। ਇਸ ਨਾਲ ਭਾਵੇਂ ਆਮ-ਆਦਮੀ ਪਾਰਟੀ ਇੱਕ ਤਰਾਂ ਨਾਲ ਪੰਜਾਬ ਵਿੱਚ ਆਪਣਾ ਕਾਫੀ ਹੱਦ ਤੱਕ ਪ੍ਰਭਾਵ ਗਵਾ ਚੁੱਕੀ ਹੈ ਕਿਉਂਕਿ ਉਸਨੇ ਵੀ ਲਹਿਰ ਵਿਚੋਂ ਨਿਕਲੀ ਹੋਣ ਦੇ ਬਾਵਜੂਦ ਆਪਣਾ ਕੋਈ ਜੱਥੇਬੰਦਕ ਢਾਂਚਾ ਮਜਬੂਤੀ ਨਾਲ ਨਹੀਂ ਬਣਾਇਆ। ਇਸ ਨਾਲ ਆਮ ਆਦਮੀ ਪਾਰਟੀ ਵੀ ਸਿਰਫ ਆਗੂਆਂ ਦੀ ਪਾਰਟੀ ਹੀ ਬਣ ਰਹਿ ਗਈ ਹੈ।

ਇਸ ਤੋਂ ਪਹਿਲਾਂ ਵੀ ਪੰਜਾਬ ਦੀ ਸਿਆਸਤ ਅੰਦਰ ਮਨਪ੍ਰੀਤ ਬਾਦਲ ਨੇ ਬਾਦਲ ਸਰਕਾਰ ਤੋਂ ਨਰਾਜ਼ ਹੋ ਕੇ ਪੀਪਲਜ਼ ਪਾਰਟੀ ਬਣਾਈ ਸੀ ਜਿਸਨੂੰ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਭਰਪੂਰ ਹੁੰਗਾਰਾ ਮਿਿਲਆ ਸੀ। ਪਰ ਉਹ ਵੀ ਹਵਾ ਦੇ ਵਾਬਰੋਲੇ ਵਾਂਗ ਜਲਦੀ ਹੀ ਸਿਮਟ ਗਈ ਤੇ ਮਨਪ੍ਰੀਤ ਬਾਦਲ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਤੇ ਅੱਜ ਉਹ ਕਾਂਗਰਸ ਪਾਰਟੀ ਵਿੱਚ ਇੱਕ ਮੰਤਰੀ ਹੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆਪਣੀ ਸ਼ਾਖ ਨੂੰ ਬਰਕਰਾਰ ਰੱਖਣ ਦਾ ਯਤਨ ਤਾਂ ਕਰ ਰਿਹਾ ਹੈ ਪਰ ਉਸ ਉਪਰ ਜੋ ਬਰਗਾੜੀ ਦੀ ਗੁਰੂ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਤੇ ਇਲਜ਼ਾਮ ਲੱਗੇ ਹਨ ਉਹਨਾਂ ਤੋਂ ਆਪਣਾ ਖਹਿੜਾ ਨਾ ਛੁਡਾ ਸਕਣ ਕਾਰਨ ਪੰਥਕ ਹਲਕਿਆਂ ਵਿੱਚ ਆਪਣੀ ਪੰਥਕ ਸ਼ਾਖ ਨੂੰ ਬਚਾ ਸਕਣ ਵਿੱਚ ਅੱਜ ਦੇ ਦਿਨ ਵਿੱਚ ਨਾਕਾਮਯਾਬ ਹੈ।

ਇਸੇ ਤਰਾਂ ਆਮ ਆਦਮੀ ਪਾਰਟੀ ਵਿਚੋਂ ਵੱਖ ਹੋਏ ਪਾਰਲੀ ਮੈਂਟਰੀ ਸਾਂਸਦ ਧਰਮਵੀਰ ਗਾਂਧੀ ਵੀ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਦਾ ਯਤਨ ਤਾਂ ਕਰ ਰਿਹਾ ਹੈ। ੳਸਦਾ ਸੀਮਤ ਤੌਰ ਤੇ ਜਨਤਕ ਅਧਾਰ ਵੀ ਹੈ ਜਿਸ ਸਦਕਾ ਉਹ ਸੁਖਪਾਲ ਸਿੰਘ ਖਹਿਰਾ ਨਾਲ ਰਲ ਕੇ ਪੰਜਾਬ ਅੰਦਰ ਇੱਕ ਜ਼ਮਹੂਰੀਅਤ ਫਰੰਟ ਬਣਾਉਣ ਦੀ ਵਿਉਂਤ ਤਾਂ ਬਣਾ ਰਿਹਾ ਹੈ ਪਰ ਕੀ ਇਹ ਪੰਜਾਬ ਅੰਦਰ ਮਜਬੂਤੀ ਨਾਲ ਵਿਚਰ ਰਹੀ ਕਾਂਗਰਸ ਪਾਰਟੀ ਅਤੇ ਲੜਖੜਾ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੁੰ ਕੋਈ ਮੁਕਾਬਲਾ ਦੇ ਸਕਣਗੇ ਜਾ ਨਹੀਂ ਇਹ ਵੱਡਾ ਪ੍ਰਸ਼ਨ ਚਿੰਨ ਹੈ।

ਕੁਲ ਮਿਲਾ ਕੇ ਪੰਜਾਬ ਦੀ ਰਾਜਨੀਤਿਕ ਅਤੇ ਪੰਥਕ ਸਿਆਸਤ ਵੱਡੇ ਖਲਾਅ ਦਾ ਸਾਹਮਣਾ ਕਰ ਰਹੀ ਹੈ ਜਿਸ ਨੂੰ ਭਰਨ ਲਈ ਅੱਡ-ਅੱਡ ਛੋਟੇ ਗਰੁੱਪ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹਨ ਜਾਂ ਖਹਿਰਾ ਦੀ ਪਾਰਟੀ ਹੈ, ਜਾਂ ਧਰਮਵੀਰ ਗਾਂਧੀ ਦਾ ਫਰੰਟ ਹੈ, ਪਰ ਉਹ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ। ਕਿਉਂਕਿ ਉਹਨਾਂ ਦੀ ਪਛਾਣ ਵੀ ਆਪਣੇ ਆਪਣੇ ਪੱਧਰ ਤੇ ਪੰਜਾਬ ਅੰਦਰ ਬਹੁਤ ਹੀ ਸੀਮਿਤ ਹੈ। ਆਮ ਆਦਮੀ ਪਾਰਟੀ ਜਿਸਨੂੰ ਪੰਜ ਸਾਲ ਪਹਿਲਾਂ ਪੰਜਾਬ ਵਿੱਚ ਜਨਤਕ ਰੂਪ ਵਿੱਚ ਲੋਕਾਂ ਦਾ ਭਰਪੂਰ ਸਹਿਯੋਗ ਅਤੇ ਹੁੰਗਾਰਾ ਮਿਿਲਆ ਸੀ ਉਹ ਵੀ ਆਪਣੇ ਲੀਡਰਾਂ ਦੀ ਹਉਮੈ ਕਰਕੇ ਤੀਲਾ-ਤੀਲਾ ਹੋ ਕੇ ਇੱਕ ਤਰਾਂ ਨਾਲ ਪੰਜਾਬ ਦੀ ਸਿਆਸਤ ਤੋਂ ਅਲੋਪ ਹੁੰਦੀ ਦਿਖਾਈ ਦੇ ਰਹੀ ਹੈ ਇਸ ਤਰਾਂ ਅੱਜ ਦੇ ਦਿਨ ਵਿੱਚ ਪੰਜਾਬ ਅੰਦਰ ਕਾਂਗਰਸ ਹੀ ਪੂਰੀ ਤਰਾਂ ਪੰਜਾਬ ਦੀ ਸਰਪ੍ਰਸਤ ਬਣ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸਨੂੰ ਕੋਈ ਚੁਣੌਤੀ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ। ਇਹ ਸਿੱਖਾਂ ਦੀ ਤ੍ਰਾਸਦੀ ਹੈ ਕਿ ਜਿਸ ਕਾਂਗਰਸ ਜਮਾਤ ਨੇ ਸਿੱਖ ਪੰਥ ਦਾ ਖੁਰਾ ਖੋਜ ਮਿਟਾਉਣ ਲਈ ਪੂਰੀ ਵਾਹ ਲਾਈ ਅੱਜ ਉਹੀ ਪੰਜਾਬ ਦੀ ਸਿਆਸਤ ਤੇ ਰਾਜ ਕਰ ਰਹੀ ਹੈ ਤੇ ਪੰਥਕ ਦਲ ਸ਼੍ਰੋਮਣੀ ਅਕਾਲੀ ਦਲ ਆਪਣੇ ਵਕਾਰ ਲਈ ਜੂਝ ਰਿਹਾ ਹੈ।