ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਿਛਲੇ ਦਿਨੀ ਤਿੰਨ ਦੇਸ਼ਾਂ ਦੇ ਦੌਰੇ ਤੇ ਨਿਕਲੇ। ਇੱਕ ਖਾਸ ਅੰਦਾਜ਼ ਵਿੱਚ ਉਹ ਫਰਾਂਸ ਪਹੁੰਚੇ। ਪੈਸੇ ਪੈਸੇ ਨੂੰ ਤਰਸ ਰਹੀ ਪੱਛਮੀ ਮੰਡੀ ਲਈ ਵੱਡੀ ਸੌਗਾਤ ਲੈ ਕੇ ਆਏ। ਹ੍ਹਥਿਆਰਾਂ ਦੇ ਸੌਦਾਗਰ। ਫਿਰ ਜਰਮਨੀ ਅਤੇ ਫਿਰ ਕਨੇਡਾ। ਭਾਰਤੀ ਮੀਡੀਆ ਨੂੰ ਮੈਨੇਜ ਕਰ ਰਹੀ ਨਰਿੰਦਰ ਮੋਦੀ ਦੀ ਟੀਮ ਨੇ ਇਸ ਸਾਰੇ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਦਿਖਾਇਆ ਅਤੇ ਗਰੀਬੀ ਨਾਲ ਜੂਝ ਰਹੀ ੬੫ ਫੀਸਦੀ ਅਬਾਦੀ ਨੂੰ ਦੱਸਿਆ ਕਿ ਨਰਿੰਦਰ ਮੋਦੀ ਵਰਗੇ ਅਵਤਾਰ ਇਸ ਦੇਸ਼ ਵਿੱਚ ਕਦੇ ਕਦੇ ਹੀ ਉਤਰਦੇ ਹਨ।

ਕਨੇਡਾ ਦੀ ਧਰਤੀ ਤੇ ਉਨ੍ਹਾਂ ਦਾ ਹਾਰਪਰ ਸਰਕਾਰ ਵੱਲ਼ੋਂ ਭਰਵਾਂ ਸਵਾਗਤ ਕੀਤਾ ਗਿਆ। ਫ਼ੌਜੀ ਸਲਾਮੀ ਦਿੱਤੀ ਗਈ ਅਤੇ ਹੋਰ ਵੀ ਬਹੁਤ ਕੁਝ ਕੀਤਾ ਗਿਆ। ਨਰਿੰਦਰ ਮੋਦੀ ਨੂੰ ਦਿੱਤੀ ਗਈ ਫੌਜੀ ਸਲਾਮੀ ਦੇ ਸੰਦਰਭ ਵਿੱਚ ਕਿਸੇ ਵੀਰ ਨੇ ਫੇਸਬੁੱਕ ਤੇ ਕੁਮੈਂਟ ਕੀਤਾ ਕਿ ਕੱਲ਼੍ਹ ਤੱਕ ਜਿਸ ਬੰਦੇ ਨੂੰ ਹਜਾਰਾਂ ਲੋਕਾਂ ਦੇ ਕਾਤਲ ਵੱਜੋਂ ਦੇਖਿਆ ਜਾਂਦਾ ਸੀ ਅੱਜ ਉਸਦਾ ਸਾਰਾ ਰਿਕਾਰਡ ਭੁੱਲ ਕੇ ਸਲਾਮੀਆਂ ਦਿੱਤੀਆਂ ਜਾ ਰਹੀਆਂ ਹਨ। ਕੀ ਪੱਛਮੀ ਮੁਲਕ ਆਤਮਕ ਤੌਰ ਤੇ ਏਨੇ ਕੰਗਾਲ ਹੋ ਗਏ ਹਨ ਕਿ ਹਜਾਰਾਂ ਲੋਕਾਂ ਦੇ ਕਤਲਾਂ ਲਈ ਅਸਿੱਧੇ ਤੌਰ ਤੇ ਦੋਸ਼ੀ ਸਮਝੇ ਜਾਂਦੇ ਸੱਜਣ ਨੂੰ ਸਰਕਾਰੀ ਸਲਾਮੀਆਂ ਦਿੱਤੀਆਂ ਜਾ ਰਹੀਆਂ ਹਨ? ਇਸਦਾ ਜੁਆਬ ਤਾਂ ਸਲਾਮੀਆਂ ਦੇਣ ਵਾਲੇ ਮੁਲਕਾਂ ਦੇ ਮੁਖੀ ਹੀ ਦੇ ਸਕਦੇ ਹਨ।

ਕਨੇਡਾ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਥਾਂ ਤੇ ਗਏ ਜਿੱਥੇ ੧੯੮੫ ਵਿੱਚ ਏਅਰ ਇੰਡੀਆ ਦੇ ਇੱਕ ਅਭਾਗੇ ਜਹਾਜ ਵਿੱਚ ਆਪਣੀ ਜਾਨ ਗਵਾ ਗਏ ਲੋਕਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਹੋਇਆ ਹੈ। ਨਰਿੰਦਰ ਮੋਦੀ ਨੇ ਉਸ ਥਾਂ ਤੇ ‘ਸ਼ਹੀਦਾਂ’ ਨੂੰ ਸ਼ਰਧਾਂਜਲੀ ਭੇਟ ਕੀਤੀ।

ਕੀ ਮੌਕਾ ਮੇਲ ਹੈ। ਟਾਈਮ ਮੈਗਜ਼ੀਨ ਵਿੱਚ ਬਾਰਕ ਓਬਾਮਾਂ ਉਸੇ ਵਿਅਕਤੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਹਨ ਜਿਸਨੂੰ ਇੱਕ ਦਹਾਕੇ ਤੱਕ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੀ ਅਵੱਗਿਆ ਕਰਨ ਵਾਲਾ ਆਖਕੇ ਅਮਰੀਕਾ ਨੇ ਵੀਜ਼ਾ ਵੀ ਨਹੀ ਸੀ ਦਿੱਤਾ। ਕਨੇਡਾ ਦੀ ਸਰਕਾਰ ਉਸ ਵਿਅਕਤੀ ਨੂੰ ਸਲਾਮੀਆਂ ਦੇ ਰਹੀ ਹੈ, ਅਤੇ ਉਹ ਵਿਅਕਤੀ ਉਨ੍ਹਾਂ ਅਭਾਗੇ ਲੋਕਾਂ ਦੀ ਸਮਾਧ ਤੇ ਜਾ ਕੇ ਹੰਝੂ ਕੇਰਦਾ ਹੈ ਜਿਨ੍ਹਾਂ ਦੇ ਅਸਲ ਕਾਤਲਾਂ ਦਾ ਹਾਲੇ ਵੀ ਪਤਾ ਨਹੀ ਲੱਗਾ। ਕੁਝ ਲੋਕ ਜਿਨ੍ਹਾਂ ਨੂੰ ਦੋਸ਼ੀ ਸਮਝ ਕੇ ਫੜਿਆ ਗਿਆ ਸੀ ਉਹ ਕਨੇਡਾ ਦੀ ਅਦਾਲਤ ਨੇ ਬਰੀ ਕਰ ਦਿੱਤੇ। ਕਨੇਡਾ ਦੀ ਸਭ ਤੋਂ ਤੇਜ਼ ਤਰਾਰ ਪੁਲਿਸ ਆਰ.ਸੀ.ਐਮ.ਪੀ. ਨੇ ਉਹ ਫਾਈਲਾਂ ਹੀ ਗਾਇਬ ਕਰ ਦਿੱਤੀਆਂ ਜਿਸ ਨਾਲ ਅਸਲ ਦੋਸ਼ੀਆਂ ਦੀ ਪੈੜ ਨੱਪੀ ਜਾ ਸਕਦੀ ਸੀ।

ਕਨਿਸ਼ਕ ਕਾਂਡ ਦੇ ਅਸਲ ਦੋਸ਼ੀ ਹਾਲੇ ਵੀ ਪਕੜ ਤੋਂ ਬਾਹਰ ਹਨ। ਭਾਰਤ ਸਰਕਾਰ ਅਤੇ ਕਨੇਡਾ ਦੀ ਸਰਕਾਰ ਨੂੰ ਉਨਾਂ ਅਸਲ ਦੋਸ਼ੀਆਂ ਦੀ ਪਹਿਚਾਣ ਦਾ ਪਤਾ ਹੈ। ਉਹ ਡਿਪਲੋਮੇਸੀ ਦੀ ਚਾਦਰ ਓੜ ਕੇ ਹਾਲੇ ਵੀ ਆਪਣੀ ਜਿੰਦਗੀ ਦੇ ਨਜ਼ਾਰੇ ਲੈ ਰਹੇ ਹਨ।

ਹੁਣੇ ਜਿਹੇ ਭਾਰਤੀ ਸੂਹੀਆ ਏਜੰਸੀਆਂ ਦੀਆਂ ਕੁਝ ਫਾਈਲਾਂ ਜਨਤਕ ਹੋਈਆਂ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੇਸ਼ ਨੂੰ ਅਜ਼ਾਦੀ ਲੈ ਕੇ ਦੇਣ ਵਾਲੇ ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਦੀ ਜਾਸੂਸੀ ਕਰਦੀ ਰਹੀ ਹੈ। ਜੇ ਇਹ ਫਾਈਲਾਂ ੧੯੪੭ ਵਿੱਚ ਹੀ ਜਨਤਕ ਹੋ ਜਾਂਦੀਆਂ ਤਾਂ ਦੇਸ਼ ਵਿੱਚ ਗਦਰ ਮਚ ਜਾਣਾਂ ਸੀ।

ਕੋਈ ਦਿਨ ਆਵੇਗਾ ਜਦੋਂ ਕਨਿਸ਼ਕ ਕਾਂਡ ਦੀਆਂ ਦੱਬੀਆਂ ਹੋਈਆਂ ਫਾਈਲਾਂ ਵੀ ਬਾਹਰ ਨਿਕਲਣਗੀਆਂ। ਉਦੋਂ ਪਤਾ ਲੱਗੇਗਾ ਕਿ ਕੋਈ ਸਰਕਾਰ ਕਿਵੇਂ ਆਪਣੀ ਚੌਧਰ ਨੂੰ ਪੱਠੇ ਪਾਉਣ ਲਈ ਕਿਵੇਂ ਆਪਣੇ ਹੀ ਸ਼ਹਿਰੀਆਂ ਦਾ ਕਤਲੇਆਮ ਕਰਦੀ ਰਹੀ ਸੀ। ਕੋਈ ਅਜਿਹਾ ਦਿਨ ਵੀ ਆਵੇਗਾ ਜਦੋਂ ਕਨੇਡਾ ਦੀ ਸਰਕਾਰ ਦਾ ਜਾਂ ਪੁਲਿਸ ਦਾ ਕੋਈ ਜਾਗਦੀ ਜਮੀਰ ਵਾਲਾ ਅਫਸਰ ਮਰਨ ਤੋਂ ਪਹਿਲਾਂ ਇਸ ਭੇਤ ਤੋਂ ਪਰਦਾ ਚੁੱਕੇਗਾ ਕਿ ਕਨਿਸ਼ਕ ਕਾਂਡ ਦੀ ਅਸਲੀਅਤ ਕੀ ਸੀ। ਜਿਹੜੇ ਕਨੇਡੀਆਈ ਅਫਸਰ ਭਾਈ ਲਾਲ ਸਿੰਘ ਨੂੰ ਕਰੋੜਾਂ ਡਾਲਰਾਂ ਦੀ ਰਿਸ਼ਵਤ ਲੈ ਕੇ ਝੂਠ ਬੋਲਣ ਦਾ ਸੌਦਾ ਕਰਨ ਆਏ ਸਨ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਜਮੀਰ ਤਾਂ ਕਦੇ ਜਾਗੇਗੀ ਹੀ।

੍ਹਹਾਲ ਦੀ ਘੜੀ ਨਰਿੰਦਰ ਮੋਦੀ ਨੇ ਆਪਣੇ ‘ਸ਼ਹੀਦਾਂ’ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ ਹੈ। ਹਰ ਕੋਈ ਉਸ ਡਰਾਮੇ ਵਿੱਚ ਸ਼ਾਮਲ ਹੋ ਗਿਆ ਹੈ ਸਮੇਤ ਕਨੇਡੀਆਈ ਪ੍ਰਧਾਨ ਮੰਤਰੀ ਦੇ। ਅਲਜਜ਼ੀਰਾ ਟੀ ਵੀ ਚੈਨਲ ਨੇ ਕੁਝ ਸਮਾਂ ਪਹਿਲਾਂ ਕਨਿਸ਼ਕ ਕਾਂਡ ਵਰਗੇ ਹੀ ਇੱਕ ਹੋਰ ਹਵਾਈ ਹਾਦਸੇ ਦੀ ਜਾਂਚ ਕੀਤੀ ਸੀ।ਉਸ ਨੂੰ ਲਾਕਰਬੀ ਬੰਬ ਕਾਂਡ ਦੇ ਨਾਅ ਨਾਲ ਜਾਣਿਆ ਜਾਂਦਾ ਹੈ। ਸਕਾਟਲੈਡ ਲਾਗੇ ਡੇਗੇ ਗਏ ਉਸ ਜਹਾਜ ਹਾਦਸੇ ਦੇ ਦੋਸ਼ੀ ਲੀਬੀਆਈ ਸਕਿਉਰਿਟੀ ਏਜੰਟ ਅਲ ਮਗਰਾਰੀ ਨਾਲ ਕੀਤੀਆਂ ਵਿਸਥਰਤ ਮੁਲਾਕਾਤਾਂ ਅਤੇ ਉਸ ਹਾਦਸੇ ਵਿੱਚ ਅਹਿਮ ਗਵਾਹ ਬਣਾਏ ਗਏ ਇੱਕ ਦੁਕਾਨਦਾਰ ਨੂੰ ਦਿੱਤੀ ਗਈ ਮਿਲੀਅਨ ਡਾਲਰਾਂ ਦੀ ਰਿਸ਼ਵਤ ਦੀਆਂ ਸਾਰੀਆਂ ਕੜੀਆਂ ਜੋੜ ਕੇ ਅਲਜਜ਼ੀਰਾ ਨੇ ਇਹ ਸਿੱਧ ਕੀਤਾ ਕਿ ਅਲ ਮਗਰਾਰੀ ਦਾ ਉਸ ਹਾਦਸੇ ਨਾਲ ਕੋਈ ਸਬੰਧ ਨਹੀ ਸੀ।

ਸਿੱਖੀ ਦਾ ਦਰਦ ਰੱਖਣ ਵਾਲੇ ਪੱਛਮੀ ਮੁਲਕਾਂ ਦੇ ਨੌਜਵਾਨਾਂ ਲਈ ਇਹ ਕਨਿਸ਼ਕ ਹਾਦਸਾ ਇੱਕ ਚੁਣੌਤੀ ਹੈ। ਉਸਦੀ ਪਰਤ ਦਰ ਪਰਤ ਜਾਂਚ ਕਰਨ ਲਈ ਉਨ੍ਹਾਂ ਨੂੰ ਆਪ ਮੈਦਾਨ ਵਿੱਚ ਆਉਣਾਂ ਚਾਹੀਦਾ ਹੈ। ੧੯੮੫ ਤੋਂ ਪਹਿਲਾਂ ਅਤੇ ਬਾਅਦ ਵਿੱਚ ਭਾਰਤ ਨੇ ਕਨੇਡਾ ਨਾਲ ਕਿੰਨੇ, ਵੱਡੇ ਵਪਾਰਕ ਸਮਝੌਤੇ ਕਰਕੇ ਉਸ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਸਰਕਾਰੀ ਤੰਤਰ ਨੂੰ ਪ੍ਰਭਾਵਿਤ ਕਰਨ ਦਾ ਕਿੰਨਾ ਯਤਨ ਕੀਤਾ, ਉਨ੍ਹਾਂ ਵਪਾਰਕ ਸਮਝੌਤਿਆਂ ਦੀ ਟਾਈਮਿੰਗ ਅਤੇ ਡਿਪਲੋਮੈਟਿਕ ਸਰਗਰਮੀ ਨੂੰ ਕਾਫੀ ਬੈਲ਼ੇਂਸ ਕਰਕੇ ਹੀ ਇਸਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕੁਝ ਸੰਕੇਤ ਜੁਹੈਰ ਕਸ਼ਮੀਰੀ ਦੀ ਕਿਤਾਬ ਠਹe ਸ਼ਓਫਟ ਠਅਰਗeਟ ਵਿੱਚੋਂ ਲਏ ਜਾ ਸਕਦੇ ਹਨ।

ਕੁਝ ਸਮਾਂ ਪਹਿਲਾਂ ਪੰਜਾਬ ਵਿੱਚੋਂ ਇੱਕ ਸਿੱਖ ਵਿਦਵਾਨ ਨੇ ਇਸ ਸਬੰਧੀ ਕਾਫੀ ਖੋਜ ਕਰਕੇ ਕਨੇਡਾ ਦੀ ਸਰਕਾਰ ਨੂੰ ਪੱਤਰ ਲਿਖਿਆ ਸੀ। ਕਨੇਡਾ ਦੀ ਸਰਕਾਰ ਨੇ ਉਸ ਪੱਤਰ ਦੇ ਜੁਆਬ ਵਿੱਚ ਉਸ ਸਿੱਖ ਵਿਦਵਾਨ ਨੂੰ ਇਹ ਲਿਖਕੇ ਦਿੱਤਾ ਹੈ ਕਿ ਤੁਸੀ ਸਾਰੀ ਉਮਰ ਕਨੇਡਾ ਨਹੀ ਵੜ ਸਕਦੇ।

ਹੁਣ ਕਨੇਡਾ ਦੀ ਸਰਕਾਰ ਦੇ ਉਸ ਪੱਤਰ ਦਾ ਕੀ ਮਤਲਬ ਕੱਢਿਆ ਜਾਵੇ? ਇਸ ਬਾਰੇ ਦੱਸਣ ਦੀ ਲੋੜ ਨਹੀ ਹੈ।

ਹਾਲ ਦੀ ਘੜੀ ਤਾਂ ਮੋਦੀ ਸਾਹਬ ਆਪਣੇ ‘ਸ਼ਹੀਦਾਂ’ ਨੂੰ ਸ਼ਰਧਾਂਜਲੀ ਭੇਟ ਕਰਕੇ ਚਲੇ ਗਏ ਹਨ। ਉਨ੍ਹਾਂ ਮਾਸੂਮ ਲੋਕਾਂ ਨੂੰ ਕਤਲ ਕਰਨ ਵਿੱਚ ਸਾਜਿਸ਼ੀ ਲੋਕ ਅਤੇ ਸਿਸਟਮ ਕੌਣ ਸੀ ਇਸਦੀ ਪਹਿਚਾਣ ਕਰਨੀ ਹਾਲੇ ਬਾਕੀ ਹੈ।