ਵੈਸੇ ਤਾਂ ਭਾਰਤ ਤੇ ਰਾਜ ਕਰਦੇ ਹਿੰਦੂ ਈਲੀਟ ਦੀਆਂ ਵੱਡੀਆਂ ਇਛਾਵਾਂ ਕਦੇ ਵੀ ਛੁਪੀਆਂ ਨਹੀ ਰਹੀਆਂ ਪਰ ਨਰਿੰਦਰ ਮੋਦੀ ਦੇ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਇਹ ਵਧਵੀਆਂ ਇਛਾਵਾਂ ਜਿਵੇਂ ਲਟ ਲਟ ਬਲਣ ਲੱਗੀਆਂ ਹਨ। ਭਾਰਤੀ ਹਿੰਦੂ ਈਲੀਟ ਨੂੰ ਨਰਿੰਦਰ ਮੋਦੀ ਦੇ ਰੂਪ ਵਿੱਚ ਇੱਕ ਅਜਿਹਾ ਨੇਤਾ ਮਿਲ ਗਿਆ ਹੈ ਜਿਸ ਨਾਲ ਉਹ ਆਪਣੇ ‘ਮਨ ਦੀ ਬਾਤ’ ਖੁਲ਼੍ਹਦਿਲੀ ਨਾਲ ਕਰ ਸਕਦੇ ਹਨ। ਡਾਕਟਰ ਮਨਮੋਹਣ ਸਿੰਘ ਦਾ ਸਿੱਖੀ ਸਰੂਪ ਭਾਰਤੀ ਈਲੀਟ ਨੂੰ ਆਪਣੀਆਂ ਇਛਾਵਾਂ ਨੂੰ ਉਜਾਗਰ ਕਰਨ ਤੋਂ ਰੋਕ ਰਿਹਾ ਸੀ। ਨਰਿੰਦਰ ਮੋਦੀ ਨਾਲ ਉਹ ਖੁਲ਼੍ਹ ਕੇ ਆਪਣੀ ਪਾਰੀ ਖੇਡਣ ਲੱਗ ਪਏ ਹਨ।

ਦੁਨੀਆਂ ਦੇ ਸਭ ਤੋਂ ਵੱਧ ਗਰੀਬ ਅਤੇ ਭੁਖਮਰੀ ਦਾ ਸ਼ਿਕਾਰ ਲੋਕ ਲਈ ਬੈਠੇ ਮੁਲਕ ਦੇ ਨੀਤੀਘਾੜਿਆਂ ਵਿੱਚ, ਅਮਰੀਕਾ ਬਣਨ ਦੀ ਇੱਛਾ ਜਾਗ ਰਹੀ ਹੈ। ਜਗ ਤਾਂ ਇਹ ਬਹੁਤ ਦੇਰ ਪਹਿਲ਼ਾਂ ਤੋਂ ਰਹੀ ਸੀ ਪਰ ਹੁਣ ਇਹ ਇੱਛਾ ਬਾਹਰ ਡੁੱਲ਼੍ਹਣ ਲੱਗ ਪਈ ਹੈ। ਭਾਰਤੀ ਈਲੀਟ, ਨੀਤੀਘਾੜੇ ਅਤੇ ਟੈਲੀਵਿਜ਼ਨ ਮੀਡੀਆ ਇਹ ਸਭ ਮਿਲਕੇ ਦੇਸ਼ ਨੂੰ ‘ਅਮਰੀਕਾ ਵਰਗਾ ਤਾਕਤਵਰ’ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।

ਇਸ ਕੋਸ਼ਿਸ਼ ਵਿੱਚ ਭਾਰਤ ਦਾ ਰਵਾਇਤੀ ਵਿਰੋਧੀ ਪਾਕਿਸਤਾਨ ਉਨ੍ਹਾਂ ਦੀ ਅੱਖ ਵਿੱਚ ਰੜਕ ਰਿਹਾ ਸੀ ਜਿਸਨੂੰ ਡਿਪਲੋਮੈਟਿਕ ਤੌਰ ਤੇ ਹਾਲ ਦੀ ਘੜੀ ਕੰਧ ਨਾਲ ਲਾ ਕੇ ਭਾਰਤ ਨੇ ਏਸ਼ੀਆ ਵਿੱਚ ਆਪਣੇ ਲਈ ਵੱਡਾ ਰੋਲ ਭਾਲਣ ਦਾ ਯਤਨ ਕੀਤਾ ਹੈ।

ਪਾਕਿਸਤਾਨ ਵਿੱਚ ਹੋਣ ਜਾ ਰਹੇ ਸਾਰਕ ਸੰਮੇਲਨ ਨੂੰ ਸਫਲਤਾ ਨਾਲ ਰੱਦ ਕਰਵਾ ਕੇ ਅਤੇ ਹੁਣ ਗੋਆ ਵਿੱਚ ਆਪਣੀ ਮੌਤ ਆਪ ਮਰ ਰਹੇ, ‘ਬਰਿੱਕਸ’ ਦਾ ਸੰਮੇਲਨ ਕਰਵਾ ਕੇ ਭਾਰਤ ਨੇ ਕੌਮਾਂਤਰੀ ਧਿਰਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਉਹ ਏਸ਼ੀਆ ਵਿੱਚ ਵੱਡੀ ਤਾਕਤ ਦੇ ਤੌਰ ਤੇ ਉਭਰ ਰਿਹਾ ਹੈ। ਬਰਿੱਕਸ ਬਾਰੇ ਤਾਂ ਭਾਰਤੀ ਮੂਲ ਦੇ ਕੌਮਾਂਤਰੀ ਅਰਥ-ਸ਼ਾਸ਼ਤਰੀ ਰੁਚਿਰ ਸ਼ਰਮਾ ਕਈ ਸਾਲ ਪਹਿਲ਼ਾਂ ਆਖ ਚੁੱਕੇ ਹਨ ਕਿ ਇਹ ਸੰਸਥਾ ਆਪਣੀ ਮੌਤ ਆਪ ਮਰਨ ਜਾ ਰਹੀ ਹੈ। ਰੂਸ ਦੀ ਉਤਪਾਦਨ ਦਰ ੧ ਫੀਸਦੀ ਤੋਂ ਵੀ ਘਟ ਹੈ, ਚੀਨ ੬-੭ ਦੇ ਵਿਚਾਲੇ ਖੜ੍ਹਾ ਹੈ, ਬਰਾਜ਼ੀਲ ਵੀ ੩-੪ ਤੋਂ ਨਹੀ ਟੱਪ ਰਿਹਾ ਅਤੇ ਦੱਖਣੀ ਅਫਰੀਕਾ ਹਾਲੇ ਰੁੜ੍ਹਨਾ ਸਿੱਖ ਰਿਹਾ ਹੈ। ਇਨ੍ਹਾਂ ਸਾਰੇ ਮੁਲਕਾਂ ਦੀ ਆਰਥਿਕਤਾ ਭਾਵੇਂ ਲਗਾਤਾਰ ਸੰਕਟ ਵਿੱਚ ਹੈ ਚੀਨ ਨੂੰ ਛੱਡਕੇ ਪਰ ਸਾਰੇ ਮੁਲਕਾਂ ਵਿੱਚ ਜੋ ਗੱਲ ਸਾਂਝੀ ਹੈ ਉਹ ਹੈ ਘੱਟ-ਗਿਣਤੀਆਂ ਦਾ ਉਭਾਰ ਜੋ ਭਵਿੱਖ ਵਿੱਚ ਕਿਸੇ ਵੀ ਵੇਲੇ ਵੱਡੀ ਚੁਣੌਤੀ ਬਣ ਸਕਦਾ ਹੈ। ਖਾਸ ਕਰਕੇ ਚੀਨ, ਭਾਰਤ ਅਤੇ ਰੂਸ ਲਈ ਇਹ ਸਮੱਸਿਆ ਬਹੁਤ ਵੱਡੀ ਚੁਣੌਤੀ ਬਣ ਸਕਦੀ ਹੈ। ਇਸੇ ਲਈ ਰੂਸ ਸੀਰੀਆ ਵਿੱਚ ਸਿੱਧੇ ਹਮਲੇ ਕਰਕੇ ਇੱਕ ਤਰ੍ਹਾਂ ਨਾਲ ਆਪਣੀਆਂ ਘੱਟ-ਗਿਣਤੀਆਂ ਨੂੰ ਅਸਿੱਧਾ ਸੰਦੇਸ਼ ਦੇ ਰਿਹਾ ਹੈ ਕਿ ਉਹ ਬਗਾਵਤ ਕਰਨ ਦੀ ਕੋਸ਼ਿਸ ਨਾ ਕਰਨ, ਚੀਨ ਨੇ ਜਿਵੇਂ ਪਿਛਲੇ ਦਿਨੀ ਆਪਣੇ ਸਾਬਕਾ ਫੌਜੀਆਂ ਦੇ ਸ਼ਾਂਤਮਈ ਸੰਘਰਸ਼ ਨੂੰ ਵੀ ‘ਦੇਸ਼ ਲਈ ਚੁਣੌਤੀ’ ਮੰਨ ਕੇ ਕੁਚਲਣ ਦੇ ਯਤਨ ਕੀਤੇ ਉਹ ਇਹ ਗੱਲ ਦਰਸਾਉਂਦੇ ਹਨ ਕਿ ਹਰ ਜਮਹੂਰੀ ਸੰਘਰਸ਼ ਵਿੱਚੋਂ ਵੀ ਚੀਨ ਲਈ ਬਗਾਵਤ ਦੀ ਬੋਅ ਨਜ਼ਰ ਆਉਂਦੀ ਹੈ। ਸੰਸਾਰ ਪੱਧਰ ਤੇ ਆਪਣੀ ਤਰੱਕੀ ਅਤੇ ਤਾਕਤ ਦੀਆਂ ਡੀਂਗਾ ਮਾਰਨ ਵਾਲੀ ਚੀਨੀ ਸਲਤਨਤ ਅੰਦਰੋਂ ਕਿੰਨੀ ਕਮਜ਼ੋਰ ਹੈ ਇਸਦਾ ਪਤਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਆਪਣੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਲਈ ਪਰਦਰਸ਼ਨ ਕਰ ਰਹੇ ਸਾਬਕਾ ਚੀਨੀ ਫੌਜੀਆਂ ਨੂੰ ਵੀ ਚੀਨ ਦੀ ਸਰਕਾਰ ਨੇ ਦੇਸ਼ ਧਰੋਹੀ ਆਖ ਕੇ ਜਬਰ ਨਾਲ ਕੁਚਲ ਦਿੱਤਾ। ਇਹ ਕਿਸੇ ਵੀ ਸਲਤਨਤ ਦੀ ਕਮਜ਼ੋਰੀ ਦੀ ਵੱਡੀ ਨਿਸ਼ਾਨੀ ਹੁੰਦੀ ਹੈ। ਰੂਸ ਨੂੰ ਚੇਚਨੀਆ ਹੀ ਨਹੀ ਬਲਕਿ ਹੋਰ ਛੋਟੀਆਂ ਘੱਟ-ਗਿਣਤੀਆਂ ਦੀ ਬਗਾਵਤ ਦਾ ਵੱਡਾ ਡਰ ਸਤਾ ਰਿਹਾ ਹੈ।

ਭਾਰਤ ਲਈ ਉਤਰ-ਪੂਰਬ , ਕਸ਼ਮੀਰ ਅਤੇ ਸਿੱਖ ਬਗਾਵਤ ਦੇ ਪਨਪਣ ਦਾ ਡਰ ਹੈ। ਭਾਰਤੀ ਈਲੀਟ ਕਸ਼ਮੀਰ ਅਤੇ ਉਤਰ-ਪੂਰਬ ਦੇ ਇਲਾਕਿਆਂ ਨੂੰ ਤਾਂ ਗਵਾ ਸਕਦਾ ਹੈ ਪਰ ਪੰਜਾਬ ਨੂੰ ਨਹੀ। ਕਸ਼ਮੀਰ ਅਤੇ ਉਤਰ-ਪੂਰਬ ਦੇ ਇਲਾਕੇ ਦੇਸ਼ ਦੀ ਮੇਨਲ਼ੈਂਡ ਤੇ ਕੋਈ ਅਸਰ ਨਹੀ ਪਾਉਂਦੇ ਪਰ ਸਿੱਖ ਬਗਾਵਤ ਪੂਰੇ ਦੇਸ਼ ਨੂੰ ਅਸਰ-ਅੰਦਾਜ਼ ਕਰਦੀ ਹੈ। ਇਸੇ ਲਈ ਦੇਸ਼ ਦਾ ਹਰ ਕਨੂੰਨ ਸਿੱਖਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਜਾਂਦਾ ਹੈ।

ਇਸ ਡਰ ਵਿੱਚੋਂ ਹੀ ਭਾਰਤ ਦੇ ਨੀਤੀਘਾੜੇ ਇਸ ਵੇਲੇ ਇਜ਼ਰਾਈਲ ਵਾਲੀ ਨੀਤੀ ਤੇ ਚੱਲ ਰਹੇ ਹਨ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਕੁਝ ਸਮੇਂ ਬਾਅਦ ਹੀ ਦੱਸਿਆ ਜਾਂਦਾ ਹੈ ਕਿ ਕੌਮਾਂਤਰੀ ਕੰਪਨੀ ਗੂਗਲ ਦੀ ਇੱਕ ਉਚ ਪੱਧਰੀ ਅਫਸਰ ਦੀ ਮੋਦੀ ਨਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਮੋਦੀ ਨੇ ਭਾਰਤ ਨੂੰ ਦੂਰ-ਸੰਚਾਰ ਦੀ ਸਾਰੀ ਸਰਗਰਮੀ ਸਾਂਝੀ ਕਰਨ ਲਈ ਆਖਿਆ। ਉਹ ਗੱਲ ਕਿੰਨੀ ਕੁ ਸਿਰੇ ਚੜ੍ਹੀ ਇਸਦੀ ਤਾਂ ਹਾਲੇ ਪੁਖਤਾ ਖਬਰ ਨਹੀ ਹੈ ਪਰ ਇਸਨੇ ਇੱਕ ਗੱਲ ਸਿੱਧ ਕਰ ਦਿੱਤੀ ਹੈ ਕਿ ਭਾਰਤ ਅਮਰੀਕਾ ਦੇ ਐਨ.ਐਸ.ਏ. ਵਾਂਗ ਸਾਰੀ ਦੁਨੀਆਂ ਦੀ ਟੈਲੀਫੋਨ ਅਤੇ ਇੰਟਰਨੈਟ ਸਰਗਰਮੀ ਨੂੰ ਆਪਣੀ ਨਿਗਾਹ ਹੇਠ ਲਿਆਉਣਾਂ ਚਾਹੁੰਦਾ ਹੈ।

ਇਸ ਸੰਦਰਭ ਵਿੱਚ ਪਾਕਿਸਤਾਨ ਨੂੰ ਲੀਹੋਂ ਲਾਹ ਕੇ ਭਾਰਤ ਕੌਮਾਂਤਰੀ ਮੇਲੇ ਵਿੱਚ ਆਪਣੀ ਸ਼ਾਖ ਉਚੀ ਕਰਨ ਦੇ ਯਤਨ ਕਰ ਰਿਹਾ ਹੈ।

ਭਾਰਤੀ ਈਲੀਟ ਦੀਆਂ ਇਹ ਇਛਾਵਾਂ ਦਿਨ-ਬ-ਦਿਨ ਬਦਲ ਰਹੇ ਸਿਆਸੀ ਦ੍ਰਿਸ਼ ਵਿੱਚ ਕਿੰਨੀਆਂ ਕੁ ਕਾਮਯਾਬ ਹੋਣਗੀਆਂ ਹਾਲੇ ਇਹ ਕਹਿਣਾਂ ਮੁਸ਼ਕਲ ਹੈ।