ਪੰਜਾਬ ਵਿੱਚ ਅਗਲੇ ਤਿੰਨ ਚਾਰ ਮਹੀਨਿਆਂ ਅੰਦਰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਰਾਜਨੀਤਿਕ ਸਥਿਤੀ ਸਮਾਜ ਤੇ ਪੂਰੀ ਤਰਾਂ ਹਾਵੀ ਹੋ ਚੁੱਕੀ ਹੈ। ਸਮੁੱਚਾ ਸਮਾਜ ਜਿਥੇ ਆਰਥਿਕ ਤੇ ਸਮਾਜਿਕ ਵਿਵਸਥਾ ਦੀ ਗੁੰਝਲ ਵਿੱਚ ਗੁਆਚਿਆ ਹੋਇਆ ਹੈ ਉਥੇ ਰਾਜਨੀਤਿਕ ਉਥਲ-ਪੁਥਲ ਨੇ ਵੀ ਇੱਕ ਆਮ ਪੰਜਾਬੀ ਨਾਗਰਿਕ ਲਈ ਕਿਸੇ ਦਿਸਾ ਨਿਰਦੇਸ਼ ਜਾ ਮੁਦਿਆਂ ਤੇ ਅਧਾਰਿਤ ਰਾਜਨੀਤਿਕ ਸਮਾਜ ਦਾ ਉਲੀਕਿਆ ਜਾਣਾ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।

ਇਸ ਸਮੇਂ ਪ੍ਰਮੁੱਖ ਰੂਪ ਵਿੱਚ ਪੰਜਾਬ ਦੀ ਸੱਤਾ ਦੀ ਦਾਅਵੇਦਾਰੀ ਦੋ ਵੱਡੀਆਂ ਅਤੇ ਸਦੀ ਦੇ ਕਰੀਬ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਦੇ ਆਲੇ-ਦੁਆਲੇ ਕੇਂਦਰਿਤ ਹੈ। ਇੰਨਾ ਦੋ ਪ੍ਰਮੁੱਖ ਪਾਰਟੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਜੋ ਕਿ ਪਿਛਲੇ ਨੌ ਸਾਲ ਤੋਂ ਉਪਰ ਸਮੇਂ ਤੋਂ ਰਾਜ ਸੱਤਾ ਤੇ ਕਾਬਜ ਹੈ, ਇੱਕ ਖੇਤਰੀ ਪਾਰਟੀ ਹੈ ਤੇ ਇਸਦਾ ਵਜੂਦ ਪੰਥਕ ਦਿੱਖ ਵਾਲਾ ਰਿਹਾ ਹੈ। ਹੁਣ ਇਹ ਨੱਬੇਵਿਆਂ ਤੋਂ ਤੇ ਸਿੱਖ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਪੂਰਨ ਲੀਡਰਸ਼ਿਪ ਅਧੀਨ ਵਿਚਰਦਿਆਂ ਇਸਦੀ ਪੰਥਕ ਦਿੱਖ ਨੂੰ ਤਬਦੀਲ ਕਰਕੇ ਇੱਕ ਪੰਜਾਬੀ ਖੇਤਰੀ ਪਾਰਟੀ ਵਜੋਂ ਸਾਹਮਣੇ ਲਿਆਂਦੀ ਹੈ ਤਾਂ ਜੋ ਇਹ ਪਾਰਟੀ ਆਪਣਾ ਰਾਜਨੀਤਿਕ ਘੇਰਾ ਧਰਮ ਤੋਂ ਇਲਾਵਾ ਹੋਰ ਸਮਾਜਿਕ ਹਿੱਸਿਆਂ ਤੇ ਵੀ ਕਾਇਮ ਰੱਖ ਸਕੇ।

ਇਸੇ ਤਰਾਂ ਪੰਜਾਬ ਦੀ ਦੂਸਰੀ ਪ੍ਰਮੁੱਖ ਪਾਰਟੀ ਕਾਂਗਰਸ ਇੱਕ ਦੇਸ਼-ਵਿਆਪੀ ਭਾਰਤੀ ਅਜਾਦੀ ਦੇ ਸੰਘਰਸ਼ ਨਾਲ ਜੰਮੀ-ਪਲੀ ਇੱਕ ਰਾਸ਼ਟਰੀ ਦਿੱਖਵਾਲੀ ਪਾਰਟੀ ਹੈ। ਪਰ ਹੁਣ ਪਿਛਲੇ ਢਾਈ ਸਾਲਾਂ ਤੋਂ ੨੦੧੪ ਦੀਆਂ ਰਾਸ਼ਟਰੀ ਚੋਣਾਂ ਤੋਂ ਬਾਅਦ ਕਾਗਰਸ਼ ਪਾਰਟੀ ਦੀ ਰਾਸ਼ਟਰੀ ਦਿੱਖ ਕਾਫੀ ਹੱਦ ਤੱੱਕ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਅੱਗੇ ਲਗਾਤਾਰ ਸਿਮਟਦੀ ਨਜ਼ਰ ਆ ਰਹੀ ਹੈ। ਇਸ ਕਰਕੇ ਕਾਂਗਰਸ ਪਾਰਟੀ ਲਈ ਆਪਣਾ ਜਨਤਕ ਅਧਾਰ ਬਰਕਰਾਰ ਰੱਖਣ ਲਈ ਪੰਜਾਬ ਦੀਆਂ ਮੌਜੂਦਾ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣਾ ਇੱਕ ਅਤਿ-ਅਹਿਮੀਅਤ ਵਾਲਾ ਸਵਾਲ ਹੈ। ਜਿਸਨੂੰ ਹੱਲ ਕਰਨ ਲਈ ਇਹ ਪਾਰਟੀ ਪੂਰੀ ਮਜ਼ਬੂਤੀ ਨਾਲ ਆਪਣੀ ਪੂਰੀ ਵਾਹ ਲਾਹ ਰਹੀ ਹੈ ਤਾਂ ਜੋ ਇਹ ਆਪਣੀ ਪਛਾਣ ਨੂੰ ਹਾਸ਼ੀਏ ਤੇ ਜਾਣ ਤੋਂ ਬਚਾ ਸਕੇ।

ਇਹਨਾਂ ਦੋ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਦਿੱਲੀ ਤੋਂ ਉਠੀ ਇੱਕ ਰਾਜਨੀਤਿਕ ਪਾਰਟੀ, ਆਮ ਆਦਮੀ ਪਾਰਟੀ ਵੀ ਬਹੁਤ ਮਜ਼ਬੂਤੀ ਨਾਲ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਤੇ ੨੦੧੪ ਦੀਆਂ ਰਾਸ਼ਟਰੀ ਚੋਣਾਂ ਤੋਂ ਬਾਅਦ ਪੰਜਾਬੀ ਸਮਾਜ ਸਾਹਮਣੇ ਆਈ ਹੈ। ਇਸੇ ਆਮ ਆਦਮੀ ਪਾਰਟੀ ਨੇ ੨੦੧੪ ਦੀਆਂ ਰਾਸ਼ਟਰੀ ਚੋਣਾਂ ਵੇਲੇ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਬੜੇ ਵੱਡੇ ਫਰਕ ਨਾਲ ਦੋ ਪ੍ਰਮੁੱਖ ਪਾਰਟੀਆਂ ਤੋਂ ਜਿੱਤੀਆਂ ਸਨ ਤੇ ਆਪਣੀ ਦਾਅਵੇਦਾਰੀ ਪੰਜਾਬ ਦੀਆਂ ੨੦੧੭ ਵਿੱਚ ਹੋਣ ਵਾਲੀਆਂ ਸੂਬਾ ਚੋਣਾਂ ਲਈ ਸਥਾਪਤ ਕੀਤੀ ਸੀ।

ਇੰਨਾਂ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਦੁਆਲੇ ਇਸ ਸਮੇਂ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਘੁੰਮ ਰਿਹਾ ਹੈ। ਇਹ ਤਿੰਨੇ ਹੀ ਪਾਰਟੀਆਂ ਦੀ ਵਾਗਡੋਰ ਮੁੱਦਿਆਂ ਦੀ ਬਜਾਇ ਸਖਸ਼ੀਅਤ ਅਧਾਰਿਤ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਸਖਸ਼ੀਅਤ ਭਾਵੇਂ ਸ੍ਰ.ਪ੍ਰਕਾਸ਼ ਸਿੰਘ ਬਾਦਲ ਹੈ ਜੋ ਕਿ ਇਸ ਸਮੇਂ ਪੰਜਾਬ ਅਤੇ ਰਾਸ਼ਟਰੀ ਪੱਧਰ ਤੇ ਕਾਫੀ ਸੀਨੀਅਰ ਅਤੇ ਤਜ਼ਰਬੇਕਾਰ ਸਿਆਸਦਾਨ ਵਜੋਂ ਜਾਣਿਆਂ ਜਾਂਦਾ ਹੈ, ਦੇ ਆਲੇ ਦੁਆਲੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਕਮਾਂਡ ਹੈ। ਇਸੇ ਤਰ੍ਹਾਂ ਦੂਸਰੀ ਪ੍ਰਮੁੱਖ ਪਾਰਟੀ ਕਾਂਗਰਸ ਦੀ ਵਾਗਡੋਰ ਭਾਵੇਂ ਗਾਂਧੀ ਪਰਿਵਾਰ ਕੋਲ ਹੈ ਪਰ ਪੰਜਾਬ ਅੰਦਰ ਇਸ ਪਾਰਟੀ ਦੀ ਪਛਾਣ ਵੀ ਇੱਕ ਮਜਬੂਤ ਸਖਸ਼ੀਅਤ ਵਜੋਂ ਜਾਣੇ ਜਾਂਦੇ ਮਹਾਰਾਜਾ ਅਮਰਿੰਦਰ ਸਿੰਘ ਦੇ ਕੋਲ ਹੈ ਤੇ ਮਹਾਰਾਜਾ ਦੀ ਪਛਾਣ ਹੀ ਮੁੱਖ ਰੂਪ ਵਿੱਚ ਕਾਂਗਰਸ ਪਾਰਟੀ ਦੀ ਪਛਾਣ ਹੈ। ਇਸੇ ਤਰਾਂ ਤੀਸਰੀ ਪ੍ਰਮੁੱਖ ਰਾਜਨੀਤਿਕ ਜਮਾਤ ਆਮ ਆਦਮੀ ਪਾਰਟੀ ਜੋ ਕਿ ਇਸ ਸਮੇਂ ਪੰਜਾਬ ਦੀ ਰਾਜ ਸੱਤਾ ਲਈ ਪ੍ਰਮੁੱਖ ਪਾਰਟੀ ਵਜੋਂ ਪੰਜਾਬ ਦੇ ਰਾਜਨੀਤਿਕ ਤੇ ਸਮਾਜਿਕ ਦ੍ਰਿਸ਼ ਤੇ ਵਿਚਰ ਰਹੀ ਹੈ ਦੀ ਕਮਾਂਡ ਵੀ ਪਿਛਲੇ ਥੋੜੇ ਸਮੇਂ ਤੋਂ ਭਰਿਸ਼ਟਾਚਾਰ ਖਿਲਾਫ ਅਵਾਜ ਵਿੱਚੋਂ ਉਭਰੀ ਸ਼ਖਸ਼ੀਅਤ ਸ੍ਰੀ ਅਰਵਿੰਦ ਕੇਜ਼ਰੀਵਾਲ ਦੇ ਕੋਲ ਹੈ ਜੋ ਕਿ ਇਸ ਸਮੇਂ ਇੱਕਲੇ ਪੰਜਾਬ ਜਾਂ ਦਿੱਲੀ ਅੰਦਰ ਹੀ ਨਹੀਂ ਸਗੋਂ ਸਮੁੱਚੇ ਭਾਰਤ ਅੰਦਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗੂੰ ਇੱਕ ਪ੍ਰਮੁੱਖ ਪਛਾਣ ਬਣਾ ਲਈ ਹੈ।

ਇਹ ਸ਼ਖਸ਼ੀਅਤ ਦੇ ਆਲੇ-ਦੁਆਲੇ ਕੇਂਦਰਿਤ ਆਮ ਆਦਮੀ ਪਾਰਟੀ ਅੱਜ ਪੰਜਾਬ ਅੰਦਰ ਦੂਜੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਮੁੱਖ ਨਿਸ਼ਾਨੇ ਤੇ ਕੇਂਦਰਿਤ ਹੈ। ਇਸੇ ਸ਼ਖਸ਼ੀਅਤ ਨੂੰ ਕੇਂਦਰ ਬਣਾ ਕੇ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਆਮ ਨਾਗਰਿਕ ਲਈ ਇੱਕ ਰਹੱਸ ਬਣਾ ਦਿੱਤਾ ਹੈ ਤਾਂ ਜੋ ਪੰਜਾਬ ਦੀ ਸੱਤਾ ਤੇ ਵਾਰੀ ਵਾਰੀ ਦੋ ਪ੍ਰਮੁੱਖ ਪਾਰਟੀਆਂ ਵੱਲੋਂ ਕੀਤੇ ਜਾ ਰਿਹੇ ਰਾਜ ਦੀ ਚੱਲ ਰੀਤ ਨੂੰ ਪਹਿਲੀ ਵਾਰ ਨਵੀਂ ਉਭਰੀ ਸ਼ਖਸ਼ੀਅਤ ਅਧਾਰਿਤ ਇੱਕ ਸਧਾਰਨ ਆਮ ਆਦਮੀ ਪਾਰਟੀ ਤੋੜਨ ਕੰਢੇ ਜਾਪ ਰਹੀ ਹੈ। ਇਹ ਪ੍ਰਭਾਵ ਤਾਂ ਆ ਰਿਹਾ ਹੈ ਕਿਉਂ ਕਿ ਦੋਵੇਂ ਪਾਰਟੀਆਂ ਹਰ ਹੀਲਾ ਵਸੀਲਾ ਵਰਤ ਕੇ ਆਮ ਆਦਮੀ ਪਾਰਟੀ ਦੀ ਪ੍ਰਮੁੱਖ ਅਵਾਜ ਨੂੰ ਹਰ ਪੱਖੋਂ ਘੇਰ ਰਹੀਆਂ ਹਨ ਅਤੇ ਹਰ ਦਿਨ ਨਵੇਂ ਸੂਰਜ ਨਾਲ ਇਸ ਪਾਰਟੀ ਨੂੰ ਲੋਕਾਂ ਦੇ ਮਨਾਂ ਅੰਦਰੋਂ ਹਟਾਉਣ ਲਈ ਕਿਸੇ ਨਾ ਕਿਸੇ ਤਰਾਂ ਇਸਦੀ ਵੱਧ ਰਹੀ ਰਫਤਾਰ ਨੂੰ ਧੀਮਾ ਕਰਨ ਲਈ ਇਸਦੇ ਪ੍ਰਮੁੱਖ ਇੰਜਣ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸ ਤੋੜ-ਫੋੜ ਵਿੱਚੋਂ ਕਦੇ ਐਮ.ਪੀ. ਧਰਮਵੀਰ ਗਾਂਧੀ ਦਾ ਫਰੰਟ ਜੋ ਕਿ ਆਪਣੇ ਆਪ ਨੂੰ ਮੁੱਦਿਆਂ ਤੇ ਕੇਂਦਰਿਤ ਤਰਕਸ਼ੀਲ ਸਿਆਸਤ ਦਾ ਫਰੰਟ ਦੱਸ ਰਿਹਾ ਹੈ, ਸਾਹਮਣੇ ਆਉਂਦਾ ਹੈ। ਇਸੇ ਤਰਾਂ ਇੱਕ ਹੋਰ ਫਰੰਟ ਇੱਕ ਨਾਮੀ ਜਾਣੀ ਪਛਾਣੀ ਸ਼ਖਸ਼ੀਅਤ ਜੋ ਕਿ ਮੰਨੋਰੰਜਨ ਦੇ ਮਾਹੌਲ ਨਾਲ ਸਬੰਧਤ ਹੈ, ਉਹ ਫਰੰਟ ਨਵਜੋਤ ਸਿੰਧੂ ਦੇ ਅਧਾਰਤ ਪੰਜਾਬ ਦੀ ਜਨਤਾ ਅੱਗੇ ਲਿਆਂਦਾ ਗਿਆ ਤਾਂ ਜੋ ਪੰਜਾਬ ਦੀ ਪ੍ਰਮੁੱਖ ਦਾਅਵੇਦਾਰੀ ਆਮ ਆਦਮੀ ਪਾਰਟੀ ਤੋਂ ਖਿਦੇੜੀ ਜਾ ਸਕੇ। ਉਹ ਇਸ ਮੁੱਖ ਮੰਤਵ ਨਾਲ ਸਾਹਮਣੇ ਆਇਆ ਪਰ ਦਿਨਾਂ ਅੰਦਰ ਹੀ ਇਹ ਮੰਨੋਰੰਜਨ ਦੀ ਦੁਨੀਆਂ ਵਾਂਗ ਇੱਕ ਦ੍ਰਿਸ਼ ਨਾਲ ਹੀ ਸਿਮਟ ਗਿਆ।

ਇਸ ਤਰਾਂ ਕੁੱਲ ਮਿਲਾ ਕੇ ਅੱਜ ਪੰਜਾਬ ਅੰਦਰ ਜੋ ਪ੍ਰਮੁੱਖ ਵਿਸ਼ੇ ਤੇ ਮੁੱਦੇ ਹਨ ਜਿਵੇਂ ਕਿ ਪੰਜਾਬ ਦੀ ਆਰਥਿਕਤਾ ਜੋ ਕਿ ਡੇਢ ਲੱਖ ਕਰੋੜ ਦੇ ਕਰਜੇ ਹੇਠਾਂ ਸਹਿਕ ਰਹੀ ਹੈ ਤੇ ਬੇਰੁਜ਼ਗਾਰੀ ਜਿਸਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਤੋਂ ਭਲੀਭਾਂਤ ਲਗਾਇਆ ਸਕਦਾ ਹੈ। ਉਹ ਇਹ ਦਰਸਾਉਂਦੇ ਹਨ ਕਿ ਅੱਜ ਹਰ ਤੀਸਰਾ ਬੰਦਾ ਪੰਜਾਬ ਵਿੱਚ ਸਰਕਾਰੀ ਖੈਰਾਤ ਤੇ ਨਿਰਭਰ ਹੈ। ਜਿਸ ਨਾਲ ਉਹ ਆਪਣਾ ਘਰ ਤੇ ਰੋਜੀ ਰੋਟੀ ਚਲਾ ਸਕੇ। ਇਸੇ ਤਰਾਂ ਪੰਜਾਬ ਦੀ ਸਿਹਤ ਜਾਂ ਕਹਿ ਲਉ ਨੌਜਵਾਨੀ ਦੇ ਦ੍ਰਿਸ਼ ਉਤੇ ਨਸ਼ਿਆਂ ਦਾ ਗੰਭੀਰ ਪ੍ਰਛਾਵਾਂ ਹੈ ਜਿਸਦਾ ਮੁੱਖ ਕਾਰਨ ਵੀ ਅਰਥ-ਸਾਸਤਰੀਆਂ ਅਨੁਸਾਰ ਬੇਰੁਜਗਾਰੀ ਤੇ ਕੋਈ ਮੌਲਿਕ ਰੂਪ ਵਿੱਚ ਸੇਧ ਦਾ ਨਾ ਹੋਣਾ ਹੈ। ਇਸੇ ਤਰਾਂ ਧਾਰਮਿਕ ਪੱਖ ਤੇ ਨਜ਼ਰ ਮਾਰੀਏ ਤਾਂ ਇਸ ਅੰਦਰ ਵੀ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਥਾਂ-ਥਾਂ ਉਤੇ ਘੋਰ ਬੇਅਦਬੀ ਹੈ। ਜਿਸ ਕਰਕੇ ਅੱਜ ਗੁਰੁ ਗ੍ਰੰਥ ਸਾਹਿਬ ਦੇ ਅੰਗ ਕਦੇ ਰੂੜੀਆਂ ਤੋਂ ਕਦੀ ਨਹਿਰਾਂ ਵਿੱਚੋਂ ਮਿਲਦੇ ਹਨ। ਇਸੇ ਤਰਾਂ ਸਿੱਖ ਕੌਮ ਦੀ ਮੁੱਖ ਜੱਥੇਦਾਰੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਿੱਖਾਂ ਦੇ ਗੁਰਪੁਰਬ ਵਾਂਗ ਵੰਡਿਆ ਜਾ ਚੁੱਕਾ ਹੈ।

ਇਸ ਦ੍ਰਿਸ਼ ਦੇ ਵਿੱਚ ਪੰਜਾਬ ਦਾ ਗੌਰਵਮਈ ਇਤਿਹਾਸ ਜੋ ਕਦੇ ਇਹ ਗਵਾਹੀ ਭਰਦਾ ਸੀ ਕਿ ਹਰ ਚਟਾਨ ਅੱਗੇ ਸੀਨਾ ਤਾਣ ਸਕਦੇ ਹਾਂ ਅੱਜ ਅਜਿਹੀ ਰਾਜਨੀਤਿਕ ਸਖਸ਼ੀਅਤਾਂ ਦੁਆਲੇ ਉਠੀ ਰਾਜ ਭਾਗ ਦੀ ਹਵਸ ਜੋ ਕਿ ਪੂਰੀ ਤਰਾਂ ਮੁੱਦਿਆਂ ਤੇ ਵਿਸ਼ਿਆਂ ਤੋਂ ਵਿਹੂਣੀ ਸਿਆਸਤ ਦੇ ਨਸ਼ੇ ਦੀ ਦਲ ਦਲ ਵਿੱਚ ਗਲਤਾਨ ਹੋ ਚੁੱਕੀ ਹੈ। ਇਹ ਸਮਾਂ ਹੀ ਦੱਸੇਗਾ ਕਿ ਕੀ ੨੦੧੭ ਵਿੱਚ ਉਸਾਰਿਆ ਜਾ ਰਿਹਾ ਰਾਜ ਭਾਗ ਪੰਜਾਬ ਤੇ ਪੰਜਾਬੀਅਤ ਦੇ ਗੌਰਵਮਈ ਇਤਿਹਾਸ ਨੂੰ ਕਾਇਮ ਰੱਖ ਸਕੇਗਾ ਜਾ ਨਹੀਂ।