ਕਾਫੀ ਸਾਲਾਂ ਦੇ ਸੰਘਰਸ਼ ਪਿੱਛੋਂ ਆਖਰ ਹਰਿਆਣੇ ਦੇ ਸਿੱਖਾਂ ਦੀ ਗੱਲ ਮੰਨੀ ਹੀ ਗਈ ਹੈ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣੇ ਦੇ ਸਿੱਖਾਂ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੀ ਮੰਗ ਮੰਨ ਲਈ ਹੈ। ਕੈਥਲ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਅਗਲੇ ਦਿਨਾਂ ਦੌਰਾਨ ਰਾਜ ਦੀ ਵਿਧਾਨ ਸਭਾ ਵਿੱਚ ਇਸ ਸਬੰਧੀ ਮਤਾ ਪਾਸ ਕਰਵਾ ਦਿੱਤਾ ਜਾਵੇਗਾ।

ਹਰਿਆਣੇ ਲਈ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਇਸ ਐਲਾਨ ਨਾਲ ਬਾਗੋ-ਬਾਗ ਹਨ। ਪੰਜਾਬ ਦੀ ਅਕਾਲੀ ਸਰਕਾਰ (ਜੋ ਕਿ ਧਰਮ ਨਿਰਪੱਖ ਪਾਰਟੀ ਹੈ) ਇਸ ਐਲਾਨ ਕਾਰਨ ਕਾਫੀ ਗੁੱਸੇ ਵਿੱਚ ਹੈ। ਅਕਾਲੀ ਦਲ ਦਾ ਗੁੱਸਾ ਇਸ ਲਈ ਵੀ ਦੁੱਗਣਾਂ ਹੋ ਰਿਹਾ ਹੈ ਕਿ ਪਿਛਲੇ ੧੦ ਸਾਲਾਂ ਦੌਰਾਨ ਉਨ੍ਹਾਂ ਡਾਕਟਰ ਮਨਮੋਹਣ ਸਿੰਘ ਨੂੰ ਘੂਰ ਕੇ ਜਿਹੜਾ ਕੰਮ ਨਹੀ ਸੀ ਹੋਣ ਦਿੱਤਾ ਉਹ ਅਕਾਲੀਆਂ ਦੇ ਮਿੱਤਰਾਂ ਦੀ ਸਰਕਾਰ ਬਣਨ ਨਾਲ ਮਿੰਟਾਂ ਵਿੱਚ ਹੀ ਹੋ ਗਿਆ ਹੈ।

ਖ਼ੈਰ ਆਪਣਾਂ ਮਕਸਦ ਨਾ ਤਾਂ ਨਲਵੀ- ਝੀਂਡਾ ਦੀਆਂ ਖੁਸ਼ੀਆਂ ਵਿੱਚ ਭਾਈਵਾਲ ਬਣਨ ਦਾ ਹੈ ਅਤੇ ਨਾ ਹੀ ਅਕਾਲੀ ਦਲ ਦੇ ਵਿਹੜੇ ਵਿੱਚ ਸੱਥਰ ਵਿਛਾ ਕੇ ਬੈਠਣ ਦਾ ਹੈ। ਆਪਣਾਂ ਮਕਸਦ ਸਿੱਖਾਂ ਦੀ ਇੱਕ ਹੋਰ ਸਿਰਮੌਰ ਸੰਸਥਾ ਦੇ ਅਧਿਆਤਮਿਕ, ਵਿਚਾਰਧਾਰਕ ਅਤੇ ਧਾਰਮਿਕ ਤੌਰ ਤੇ ਗਰਕ ਜਾਣ ਦੇ ਦਰਦ ਨਾਲ ਸਬੰਧਿਤ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕਿਨ੍ਹਾਂ ਵੀ ਕਾਰਨਾਂ ਜਾਂ ਮਜਬੂਰੀਆਂ ਵਿੱਚ ਹੀ ਹੋਂਦ ਵਿੱਚ ਆਈ ਸੀ ਪਰ ਇਹ ਸਿੱਖ ਪੰਥ ਕੋਲ ਇੱਕ ਅਜਿਹੀ ਸੰਸਥਾ ਦੇ ਰੂਪ ਵਿੱਚ ਆਈ ਸੀ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਬਹੁਤ ਕਾਰਗਰ ਸਿੱਧ ਹੋ ਸਕਦੀ ਸੀ। ਸਿੱਖ ਪੰਥ ਦੀ ਮਾਨਸਿਕਤਾ ਵਿੱਚੋਂ ਮੁਰਝਾ ਰਹੇ ਗੁਰੂ ਦੇ ਪ੍ਰੇਮ ਨੂੰ ਮੁੜ ਤੋਂ ਜਗਾਉਣ ਲਈ ਅਤੇ ਖਾਲਸਾ ਪੰਥ ਨੂੰ ਬਿਪਰਨ ਕੀ ਰੀਤ ਦੇ ਰਾਹ ਤੋਂ ਵਾਪਸ ਮੋੜਨ ਲਈ ਸ਼੍ਰੋਮਣੀ ਕਮੇਟੀ ਇੱਕ ਵੱਡੀ ਜਿੰਮੇਵਾਰੀ ਨਿਭਾ ਸਕਦੀ ਸੀ। ਸਿੱਖ ਪੰਥ ਦੇ ਸਮਕਾਲੀ ਜੀਵਨ ਤੇ ਜੋ ਸੋਕਾ ਪਿਆ ਹੋਇਆ ਹੈ ਅਤੇ ਉਸ ਕਾਰਨ ਦਰਦਮੰਦ ਰੂਹਾਂ ਅੰਦਰ ਜੋ ਹੌਲ ਪੈ ਰਹੇ ਹਨ ਸ਼੍ਰੋਮਣੀ ਕਮੇਟੀ ਉਸ ਹੌਲ ਦੇ ਦਰਦ ਨੂੰ ਘਟਾਉਣ ਲਈ ਅਤੇ ਸਥਿਤੀ ਦੇ ਸਾਰੇ ਪਹਿਲੂਆਂ ਦੀ ਥਾਹ ਪਾਉਣ ਲਈ ਵੱਡੇ ਬੌਧਿਕ ਕਾਰਜ ਅਰੰਭ ਕਰ ਸਕਦੀ ਸੀ। ਸਿੱਖ ਪੰਥ ਦੀ ਹਰੀ ਕਚੂਰ ਅਵਸਥਾ ਤੇ ਪਤਝੜ ਦੀ ਮਾਰ ਕਿਉਂ ਪੈ ਰਹੀ ਹੈ ਅਤੇ ਇਸ ਮਾਰ ਨੂੰ ਰੋਕਣ ਲਈ ਕਿਹੜੇ ਸੁਹਿਰਦ ਯਤਨ ਕੀਤੇ ਜਾਣੇ ਚਾਹੀਦੇ ਹਨ ਇਹ ਸ਼੍ਰੋਮਣੀ ਕਮੇਟੀ ਦੀ ਪਹਿਲੀ ਜਿੰਮੇਵਾਰੀ ਬਣਦੀ ਸੀ। ਸਿੱਖ ਕੌਮ ਅਤੇ ਖਾਸ ਕਰਕੇ ਸਿੱਖ ਜਵਾਨੀ ਵਿੱਚੋਂ ਸਵੈਮਾਣ ਦੀ ਭਾਵਨਾ ਕਿਉਂ ਕਿਉਂ ਖਤਮ ਹੋ ਰਹੀ ਹੈ ਇਹ ਕਾਰਜ ਵੀ ਸ਼੍ਰੋਮਣੀ ਕਮੇਟੀ ਦੇ ਸਨ।

ਪਰ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਦੇ ਪਿਛਲੇ ੫੦ ਸਾਲਾਂ ਦੇ ਇਤਿਹਾਸ ਉਤੇ ਨਜ਼ਰ ਮਾਰਦੇ ਹਾਂ ਤਾਂ ਇਹ ਹੀ ਨਜ਼ਰ ਆਉਂਦਾ ਹੈ ਕਿ ਇਹ ਆਪਣੀ ਜਿੰਮੇਵਾਰੀ ਤੋਂ ਸੁਚੇਤ ਰੂਪ ਵਿੱਚ ਮੂੰਹ ਮੋੜਕੇ ਰਾਜਸੀ ਇਛਾਵਾਂ ਦੇ ਘੋੜੇ ਤੇ ਸਵਾਰ ਹੋਣ ਵੱਲ ਵਧਦੀ ਰਹੀ ਹੈ। ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਵੇਲੇ ਇਸਦਾ ਸਭ ਤੋਂ ਵੱਧ ਰਾਜਸੀਕਰਨ ਹੋਇਆ। ਜਥੇਦਾਰ ਟੌਹੜਾ ਬੇਸ਼ੱਕ ਆਪ ਟਕਸਾਲੀ ਆਗੂ ਸਨ, ਪੱਕੇ ਨਿੱਤਨੇਮੀ ਸਨ ਪਰ ਉਹ ਜਿਸ ਸੰਸਥਾ ਦੇ ਆਗੂ ਬਣੇ ਹੋਏ ਸਨ ਉਸ ਕੰਮ ਲਈ ਉਹ ਬਿਲਕੁਲ ਵੀ ਫਿੱਟ ਨਹੀ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਣ ਦੇ ਬਾਵਜੂਦ ਉਹ ਸਾਰੀ ਉਮਰ ਰਾਜਸੀ ਅਕਾਂਖਿਆਵਾਂ ਨਾਲ ਭਰਪੂਰ ਰਹੇ। ਜਿਸ ਵੇਲੇ ਸਿੱਖਾਂ ਦੇ ਜੀਵਨ ਵਿੱਚੋਂ ਆਪਣੇ ਜਨਮਦਾਤੇ ਗੁਰੂਆਂ ਦੀਆਂ ਮੌਲਿਕ ਰਮਜ਼ਾਂ ਦੀ ਛੋਹ ਕਮਜ਼ੋਰ ਪੈ ਰਹੀ ਸੀ ਉਸ ਵੇਲੇ ਜਥੇਦਾਰ ਟੌਹੜਾ, ਪੰਜਾਬ ਦੇ ਮੁੱਖ ਮੰਤਰੀ ਬਣਨ ਦੀਆਂ ਆਪਣੀਆਂ ਅਕਾਂਖਿਆਵਾਂ ਦੀ ਪੂਰਤੀ ਲਈ ਤਰਲੋਮੱਛੀ ਹੋ ਰਹੇ ਸਨ। ਜਦੋਂ ਸਿੱਖਾਂ ਦੀ ਸਮੂਹਿਕ ਚੇਤਨਾ ਵਿੱਚੋਂ ਗੁਰੂ ਸਾਹਿਬ ਦੀ ਯਾਦ ਦੇ ਜਰਖੇਜ਼ ਬੀਜਾਂ ਨੂੰ ਸੋਕਾ ਪੈਣਾਂ ਅਰੰਭ ਹੋਇਅ ਸੀ ਉਸ ਵੇਲੇ ਸਿੱਖਾਂ ਦੀ ਇਹ ਸਿਰਮੋਰ ਸੰਸਥਾ ਆਪਣੇ ਮੁਖੀ ਦੀਆਂ ਇਛਾਵਾਂ ਦੀ ਭੇਟ ਚੜ੍ਹ ਰਹੀ ਸੀ। ਚਾਹੀਦਾ ਤਾਂ ਇਹ ਸੀ ਕਿ ਉਸ ਵੇਲੇ ਗੁਰਮਤ ਦੀ ਵਿਆਖਿਆ ਦੀਆਂ ਅਜਿਹੀਆਂ ਸੇਧਾਂ ਮੁਹੱਈਆ ਕਰਵਾਈਆਂ ਜਾਂਦੀਆਂ ਜਿਨ੍ਹਾਂ ਦੀ ਬਦੌਲਤ ਗੁਰੂ-ਚੇਤਨਾ ਦੀ ਅਸਲੀਅਤ ਦਾ ਅਖੰਡ ਚਾਨਣ ਕੌਮ ਦੀ ਮਾਨਸਿਕਤਾ ਵਿੱਚ ਪਸਰ ਸਕਦਾ। ਪਰ ਅਜਿਹਾ ਕੁਝ ਵੀ ਨਹੀ ਹੋਇਆ।

ਬਾਦਲ ਵਰਤਾਰੇ ਨੇ ਤਾਂ ਇਸ ਸੰਸਥਾ ਦੇ ਰਹਿੰਦੇ ਖੂੰਹਦੇ ਸਾਹ ਸੱਤ ਵੀ ਸੂਤ ਲਏ ਹਨ। ਧਰਮ ਦੇ ਨਾਅ ਤੇ ਜੋ ਹੋਛਾਪਣ ਇਸ ਵੇਲੇ ਪਰਚੱਲਤ ਹੋ ਰਿਹਾ ਹੈ ਅਤੇ ਧਾਰਮਿਕ ਸ਼ਖਸ਼ੀਅਤਾਂ ਦੇ ਨਾ ਤੇ ਜੋ ਤਮਾਸ਼ਬੀਨ ਸਾਡੇ ਤੇ ਥੋਪ ਦਿੱਤੇ ਗਏ ਹਨ ਉਨ੍ਹਾਂ ਨੇ ਕੌਮ ਦੀ ਰੁਹਾਨੀ ਗਿਰਾਵਟ ਨੂੰ ਹੋਰ ਦੀਘਰ ਕਰ ਦਿੱਤਾ ਹੈ। ਕੌਮ ਦੁਆਲੇ ਇਸ ਵੇਲੇ ਜੋ ਈਰਖਾਲੂ ਅਤੇ ਵਿਨਾਸ਼ਕਾਰੀ ਸ਼ਕਤੀਆਂ ਦਾ ਘੇਰਾ ਪਿਆ ਹੋਇਆ ਹੈ ਉਸ ਨੇ ਹਰ ਸੰਵੇਦਨਸ਼ੀਲ ਮਨ ਨੂੰ ਪ੍ਰੇਸ਼ਾਨ ਕਰ ਦਿੱਤਾ ਹੋਇਆ ਹੈ। ਦਰਦਮੰਦਾਂ ਨੂੰ ਕੌਮ ਦੇ ਮੌਤ ਦੀ ਗੁੰਮਨਾਮ ਗੁਫਾ ਵੱਲ ਧਕੇਲੇ ਜਾਣ ਦਾ ਡਰ ਤੇ ਝੋਰਾ ਖਾ ਰਿਹਾ ਹੈ।

ਇਸ ਸਥਿਤੀ ਵਿੱਚ ਧਰਮ ਦੇ ਹਰੇ ਕਚੂਰ ਭਾਵਾਂ ਵਾਲੀਆਂ ਉਨ੍ਹਾਂ ਸ਼ਖਸ਼ੀਅਤਾਂ ਦੀ ਲੋੜ ਹੈ ਜੋ ਧਰਮ ਦੀਆਂ ਤਾਜ਼ਾ ਤੇ ਮੌਲਿਕ ਰਮਜ਼ਾਂ ਨੂੰ ਸਿੱਖਾਂ ਦੀ ਮਾਨਸਿਕਤਾ ਵਿੱਚ ਖਿੜਾ ਸਕਣ ਅਤੇ ਕੌਮ ਦੇ ਸੁਪਨਿਆਂ ਤੇ ਆਸਾਂ ਵਿੱਚ ਮੁੜ ਤੋਂ ਚੜ੍ਹਦੀ ਕਲਾ ਦਾ ਦੀਪ ਜਗਾ ਸਕਣ।

ਕਮੇਟੀ ਭਾਵੇਂ ਹਰਿਆਣੇ ਦੀ ਬਣ ਜਾਵੇ, ਭਾਵੇਂ ਯੂ.ਪੀ. ਦੀ ਇਸ ਨਾਲ ਦਰਦਮੰਦ ਰੂਹਾਂ ਨੂੰ ਫਿਕਰਮੰਦ ਨਹੀ ਹੋਣਾਂ ਚਾਹੀਦਾ ਕਿਉਂਕਿ ਇਹ ਸਭ ਰਾਜਸੀ ਅਡੰਬਰ ਬਣ ਗਏ ਹਨ। ਲਾਣੇਦਾਰਾਂ ਦਾ ਟੋਲਾ ਧਰਮ ਦੀ ਆੜ ਵਿੱਚ ਜਿਸ ਕਿਸਮ ਦਾ ਵੈਲੀਪੁਣਾਂ ਫੈਲਾ ਰਿਹਾ ਹੈ ਕੌਮ ਨੂੰ ਉਸ ਤੋਂ ਬਚਾਉਣ ਦੀ ਲੋੜ ਹੈ ਤਾਂ ਕਿ ਸਿੱਖ ਕੌਮ ਦੀ ਹੋਣੀ ਉਤੇ ਪੈ ਰਹੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਹੋਰ ਕਰੂਰਤਾ ਅਖਤਿਆਰ ਕਰਨ ਤੋਂ ਰੋਕਿਆ ਜਾ ਸਕੇ।