ਕਰੋਨਾ ਵਾਇਰਸ ਜਿਸਦਾ ਨਾਮ ਕੋਵਿਡ-੧੯ ਹੈ, ਨੇ ਇੱਕ ਤਰ੍ਹਾਂ ਦੁਨੀਆਂ ਦੇ ਵਿਕਸਤ ਦੇਸ਼ਾਂ ਤੇ ਪਛੜੇ ਦੇਸ਼ਾਂ ਦੀ ਜ਼ਿੰਦਗੀ ਦੀ ਰਫਤਾਰ ਨੂੰ ਖੜੇ ਕਰ ਕੇ ਰੱਖ ਦਿੱਤਾ ਹੈ। ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਵਿੱਚ ਕੋਲ ਤਾਂ ਸਰਮਾਇਆ ਵੀ ਹੈ ਤੇ ਸਿਹਤ ਸਹੂਲਤਾਂ ਵੀ ਹਨ, ਜਿਸ ਨਾਲ ਉਹ ਆਪਣੇ ਲੋਕਾਂ ਨੂੰ ਸੰਭਾਲ ਸਕਦੇ ਹਨ ਤਾਂ ਵੀ ਅਜਿਹੀਆਂ ਤਸਵੀਰਾਂ ਆ ਰਹੀਆਂ ਹਨ ਕਿ ਕਰੋਨਾ ਵਾਇਰਸ ਦੀ ਮਾਰ ਨਾ ਝਲਦਿਆਂ ਹੋਇਆਂ ਮੌਤ ਦੇ ਮੂੰਹ ਵਿੱਚ ਜਾ ਰਹੇ ਲੋਕ ਕਫਨਾਂ ਵਿੱਚ ਲਾ-ਵਾਰਿਸ ਚਰਚਾਂ ਵਿੱਚ ਪਏ ਹਨ। ਵਿਕਸਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਰਗੇ ਮੁਲਕ ਵਿੱਚ ਭਾਵੇਂ ਅਜੇ ਕਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਮੌਤਾਂ ਦੀ ਗਿਣਤੀ ਵੀ ਇਟਲੀ ਵਰਗੇ ਦੇਸ਼ਾਂ ਦੇ ਮੁਕਾਬਲੇ ਨਾ-ਮਾਤਰ ਹੀ ਹੈ ਪਰ ਇਥੋਂ ਦੀ ਸਰਕਾਰ ਵੱਲੋਂ ਬਿਨਾਂ ਕਿਸੇ ਸੋਚ ਵਿਚਾਰ ਤੋਂ ਅਤੇ ਲੋੜੀਂਦੇ ਪ੍ਰਬੰਧਾਂ ਤੋਂ ਬਗੈਰ ਚੁੱਕਿਆ ਗਿਆ ਕਰਫਿਊ ਦਾ ਕਦਮ ੯੩ ਪ੍ਰਤੀਸ਼ਤ ਲੋਕਾਂ ਲਈ ਦੋਹਰੀ ਮਾਰ ਸਾਬਿਤ ਹੋ ਰਿਹਾ ਹੈ। ਚੀਨ ਦਾ ਮਸ਼ਹੂਰ ਚਿੰਤਕ ਕਨਫਿਊਸ਼ੀਅਸ ਦਾ ਕਹਿਣਾ ਹੈ ਕਿ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਆਪਣੇ ਲੋਕਾਂ ਦਾ ਖਿਆਲ ਰੱਖਣਾ ਤੇ ਉਨਾਂ ਦੀ ਚਿੰਤਾ ਕਰਨਾ ਹੈ। ਭਾਰਤ ਦਾ ਭੁੱਖਮਰੀ ਸੂਚਕ ਅੰਕ ਵਿਸ਼ਵ ਦੇ ੧੧੭ ਦੇਸ਼ਾਂ ਵਿਚੋਂ ੧੦੨ ਹੈ ਜੋ ਕਿ ਆਪਣੇ ਆਪ ਵਿੱਚ ਭਾਰਤ ਦੀ ਭੁੱਖਮਰੀ ਬਾਰੇ ਸਪਸ਼ਟ ਸੰਕੇਤ ਦਿੰਦਾ ਹੈ। ਦੇਸ਼ ਆਪਣੇ ਸਰਕਾਰੀ ਅੰਕੜਿਆ ਮੁਤਾਬਕ ਸਿਰਫ ਸੱਤ ਫੀਸਦੀ ਉਹੀ ਹਨ ਜਿੰਨਾਂ ਨੂੰ ਬੱਝਵੀਂ ਤਨਖਾਹ ਤੇ ਪੈਨਸ਼ਨ ਮਿਲਦੀ ਹੈ। ਇਸ ਤਰ੍ਹਾਂ ਕੁਝ ਲੋਕ ਉਹ ਹਨ ਜੋ ਕੁਝ ਮਹੀਨੇ ਦੇ ਬੰਦ ਦੌਰਾਨ ਜਿੰਦਗੀ ਚਲਾ ਸਕਦੇ ਹਨ। ਇਥੇ ਇੱਕ ਪ੍ਰਤੀਸ਼ਤ ਲੋਕ ਉਹ ਵੀ ਜਿੰਨਾਂ ਕੋਲ ਮੁਲਕ ਦਾ ੭੩ ਫੀਸਦੀ ਸਰਮਾਇਆ ਹੈ। ਪਰ ੮੦ ਪ੍ਰਤੀਸ਼ਤ ਤੋਂ ਉੱਪਰ ਲੋਕ ਅਜਿਹੇ ਹਨ ਜੋ ਰੋਜਮਰਾ ਦੀ ਜਿੰਦਗੀ ਨੂੰ ਚਲਾਉਣ ਲਈ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਦਿਨ ਕਮਾਈ ਨਾਲ ਝੁੱਗੀਆਂ ਝੌਪੜੀਆਂ ਵਿੱਚ ਰਹਿ ਕਿ ਆਪਣਾ ਤੇ ਪਰਿਵਾਰ ਦਾ ਢਿੱਡ ਭਰਦੇ ਹਨ। ਕਰੋਨਾ ਵਾਇਰਸ ਕਾਰਨ ਤਾਲਾਬੰਦੀ ਨੇ ਅਜਿਹੇ ੮੦ ਪ੍ਰਤੀਸ਼ਤ ਤੋਂ ਉੱਪ ਲੋਕਾਂ ਦੀ ਤਸਵੀਰ ਦੁਨੀਆਂ ਦੇ ਸਾਹਮਣੇ ਲਿਆਂਦੀ ਹੈ ਤੇ ਦਰਸਾ ਦਿੱਤਾ ਹੈ ਕਿ ਭਾਰਤ ਕਿੰਨਾ ਕੁ ਵਿਕਸਤ ਦੇਸ਼ ਹੈ। ਅੱਜ ਤੱਕ ਅੰਕੜਿਆਂ ਮੁਤਾਬਕ ਛੱਤੀ, ਸੈਂਤੀ ਸ਼ੌ ਲੋਕਾਂ ਦਾ ਕਰੋਨਾ ਵਾਇਰਸ ਟੈਸਟ ਹੀ ਸੰਭਵ ਹੋ ਸਕਿਆ ਹੈ। ਜਦਕਿ ਪੱਛਮੀ ਮੁਲਕਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਕਰੋਨਾ ਵਾਇਰਸ ਦੇ ਟੈਸਟ ਕੀਤੇ ਜਾ ਚੁੱਕੇ ਹਨ। ਜੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਕਰੋਨਾ ਵਾਇਰਸ ਨਾਲ ਸਬੰਧਤ ਲੋੜੀਂਦੇ ਸਮਾਨ ਦੀ ਘਾਟ ਆ ਸਕਦੀ ਹੈ ਤਾਂ ਭਾਰਤ ਵਰਗਾ ਦੇਸ਼ ਜਿਥੇ ਦੁਨੀਆਂ ਦੀ ਸਭ ਤੋਂ ਵੱਡੀ ਤਾਲਾਬੰਦੀ ਕੀਤੀ ਗਈ ਹੈ, ਕੋਲ ਤਾਂ ਇਸ ਬੀਮਾਰੀ ਨਾਲ ਨਜਿਠੱਣ ਲਈ ਪ੍ਰਬੰਧ ਕਿਹੋ ਜਿਹੇ ਹੋਣਗੇ ਬਾਰੇ ਕੁਝ ਵੀ ਸਾਫ ਜ਼ਾਹਿਰ ਨਹੀਂ ਹੈ। ਜੇ ਸੂਬਾ ਸਰਕਾਰਾਂ ਵਿਚੋਂ ਪੰਜਾਬ ਤੇ ਹੀ ਝਾਤ ਮਾਰ ਲਈਏ ਜਿਥੇ ਕਰਫਿਊ ਲੱਗਿਆ ਹੋਇਆ ਹੈ ; ਇਥੇ ਪੁਲੀਸ ਤਾਂ ਆਪਣਾ ਰੂਪ ਦਿਖਾ ਹੀ ਰਹੀ ਹੈ, ਉਥੇ ਪਹਿਲੀ ਜਮਾਤ ਤੋਂ ਲੈ ਕੇ ਸਰਕਾਰੀ ਸਕੂਲਾਂ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਤਕਰੀਬਨ ੧੫ ਲੱਖ ਬੱਚੇ ਮਿਡ.ਡੇ-ਮੀਲ ਤੋਂ ਬਾਂਝੇ ਹੋ ਗਏ ਹਨ ਜਿੰਨਾਂ ਵਿੱਚ ੬੬ ਪ੍ਰਤੀਸ਼ਤ ਉਹਵੀ ਬੱਚੇ ਹਨ ਜਿਨਾਂ ਨੂੰ ਇਹੀ ਖਾਣਾ ਸਾਰੇ ਦਿਨ ਵਿੱਚ ਨਸੀਬ ਹੁੰਦਾ ਸੀ। ਕਿਉਂਕਿ ਘਰਾਂ ਦੀ ਸਥਿਤੀ ਸਦਾ ਹੀ ਭੁੱਖਮਰੀ ਦਾ ਸ਼ਿਕਾਰ ਹੈ। ਇਸ ਕਰੋਨਾ ਵਾਇਰਸ ਦੇ ਕਹਿਰ ਨੇ ਭਾਰਤ ਦੇ ਅੱਡ ਅੱਡ ਹਿੱਸਿਆਂ ਵਿੱਚ ਰੋਜਮਰਾ ਮਜ਼ਦੂਰੀ ਦੀ ਜ਼ਿੰਦਗੀ ਬਤੀਤ ਕਰ ਰਹੇ ਪਰਵਾਸੀਆਂ ਤੇ ਅਜਿਹੀ ਮਾਰ ਮਾਰੀ ਹੈ ਕਿ ਉਹ ਭੁੱਖ ਮਰੀ ਅਤੇ ਬੇਆਸਰਾ ਹੋ ਗਏ ਹਨ ਕਿਉਂਕਿ ਉਹਨਾਂ ਦੀ ਮਜ਼ਦੂਰੀ ਟੁੱਟ ਗਈ ਹੈ। ਇਸ ਕਰਕੇ ਉਹਨਾਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਕਾਫਲੇ ਬਣਾ ਕੇ ਆਪ ਪਿੰਡਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਭਾਰਤ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤਾਲਾਬੰਦੀ ਹੀ ਸਿਰਫ ਕਰੋਨਾ ਵਾਇਰਸ ਦਾ ਹੱਲ ਹੈ ਜਾਂ ਨਹੀਂ ?