ਸਿੱਖਸ ਫਾਰ ਜਸਟਿਸ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ ਜੋ ਬਹੁਤ ਲੰਬੇ ਸਮੇਂ ਤੋਂ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਿਸੇ ਕੌਮਾਂਤਰੀ ਕਨੂੰਨ ਤਹਿਤ ਇਨਸਾਫ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਯਤਨਸ਼ੀਲ ਹੈ। ਸਿੱਖਸ ਫਾਰ ਜਸਟਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੋਨੀਆ ਗਾਂਧੀ, ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਿਆਸੀ ਨੇਤਾਵਾਂ ਨੂੰ ਸਿੱਖ ਨਸਲਕੁਸ਼ੀ ਦੇ ਦੋਸ਼ੀ ਹੋਣ ਵੱਜੋਂ ਕੌਮਾਂਤਰੀ ਕਨੂੰਨ ਤਹਿਤ ਸਜ਼ਾ ਦਿਵਾਉਣ ਦੇ ਯਤਨ ਕੀਤੇ ਗਏ। ਇਹ ਗੱਲ ਵੱਖਰੀ ਹੈ ਕਿ ਇਨਸਾਫ ਪਸੰਦ ਢਾਂਚੇ ਉਤੇ ਸਿਆਸਤ ਅਤੇ ਡਿਪਲੋਮੇਸੀ ਦੀ ਚੌਧਰ ਹੋਣ ਕਾਰਨ ਇਹ ਯਤਨ ਸਿਰੇ ਨਹੀ ਚੜ੍ਹ ਸਕੇ। ਕੌਮਾਂਤਰੀ ਸਿਆਸਤ ਦੀਆਂ ਘਟੀਆ ਚਾਲਾਂ ਨੇ ਸਿਖਸ ਫਾਰ ਜਸਟਿਸ ਦੇ ਸੰਜੀਦਾ ਅਤੇ ਇਮਾਨਦਾਰ ਯਤਨ ਵੀ ਸਿਰੇ ਨਾ ਚੜ੍ਹਨ ਦਿੱਤੇ ਅਤੇ ਭਾਰਤ ਨੂੰ ਆਪਣਾਂ ਬਹੁਤ ਹੀ ਨੇੜਲਾ ਵਪਾਰਕ ਭਾਈਵਾਲ ਸਮਝਣ ਵਾਲੀਆਂ ਤਾਕਤਾਂ ਨੇ ਇਨਸਾਫ ਦੇ ਰਸਤੇ ਰੋਕ ਲਏ। ਇਸਦੇ ਬਾਵਜੂਦ ਵੀ ਸਿਖਸ ਫਾਰ ਜਸਟਿਸ ਦੀ ਇਮਾਨਦਾਰ ਭੂਮਿਕਾ ਨੂੰ ਅੱਖੋਂ ਓਹਲੇ ਨਹੀ ਕੀਤਾ ਜਾ ਸਕਦਾ। ਜਿਸ ਵੇਲੇ ਭਾਰਤ ਵਿੱਚ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਸਟੇਟ ਨੇ ਜਬਰ ਨਾਲ ਨਕਾਰਾ ਕਰ ਦਿੱਤੀਆਂ ਸਨ ਉਸ ਵੇਲੇ ਸਿਖਸ ਫਾਰ ਜਸਟਿਸ ਨੇ ਵਿਦੇਸ਼ਾਂ ਵਿੱਚ ਸਿੱਖ ਅਵਾਜ਼ ਅਤੇ ਸਿੱਖ ਕਾਜ਼ ਦਾ ਝੰਡਾ ਬੁਲੰਦ ਕਰੀ ਰੱਖਿਆ।

੍ਹਹੁਣ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਿੱਖ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਇਹ ਸੰਸਥਾ ਪੰਜਾਬ ਦੀ ਸਿਆਸਤ ਵਿੱਚ ਵੀ ਡੂੰਘੀ ਦਿਲਚਸਪੀ ਲੈਣ ਲੱਗ ਪਈ ਹੈ। ਸਿਰਫ ਦਿਲਚਸਪੀ ਹੀ ਨਹੀ, ਅਸੀਂ ਆਖ ਸਕਦੇ ਹਾਂ ਕਿ ਉਹ ਇੱਕ ਤਰ੍ਹਾਂ ਨਾਲ ਪੰਜਾਬ ਦੀ ਸਿਆਸਤ ਵਿੱਚ ਕੁੱਦ ਹੀ ਪਈ ਹੈ। ਹਰ ਨਵੇਂ ਦਿਨ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਦੇ ਸਿਆਸੀ ਰੁਖ ਨੂੰ ਕਿਸੇ ਖਾਸ ਦਿਸ਼ਾ ਵਿੱਚ ਮੋੜ ਦੇਣ ਦੇ ਮਨਸ਼ੇ ਨਾਲ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਨਵੀਂ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ।

ਸਿੱਖਸ ਫਾਰ ਜਸਟਿਸ ਦੀ ਇਸ ਨਵੀਂ ਸਰਗਰਮੀ ਬਾਰੇ, ਸਾਡੇ ਇੱਕ ਸੁਹਿਰਦ ਦੋਸਤ ਵੱਜੋਂ ਦੋ ਮੁੱਖ ਇਤਰਾਜ਼ ਹਨ। ਸਾਡਾ ਪਹਿਲਾ ਇਤਰਾਜ਼ ਤਾਂ ਇੱਕ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਆਪਣੀਆਂ ਹੱਦਾਂ ਲੰਘ ਕੇ ਸਿਆਸਤ ਵਿੱਚ ਕੁੱਦ ਪੈਣ ਬਾਰੇ ਹੈ। ਸਿੱਖਸ ਫਾਰ ਜਸਟਿਸ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ। ਇਸਦਾ ਕੰਮ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾਂ ਬਾਰੇ ਕਨੂੰਨੀ ਢੰਗ ਨਾਲ ਅਵਾਜ਼ ਉਠਾਉਣਾਂ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਹੈ। ਅਸੀਂ ਸਮਝਦੇ ਹਾਂ ਕਿ ਸਿੱਖਸ ਫਾਰ ਜਸਟਿਸ ਨੂੰ ਆਪਣੀ ਇਸ ਵੱਡੀ ਪ੍ਰਤੀਬੱਧਤਾ ਤੇ ਹੀ ਪਹਿਰਾ ਦੇਂਦੇ ਰਹਿਣਾਂ ਚਾਹੀਦਾ ਹੈ।

ਆਮ ਤੌਰ ਤੇ ਸਿੱਖਾਂ ਦੀਆਂ ਸੰਸਥਾਵਾਂ ਦਾ ਇਹ ਵੱਡਾ ਦੁਖਾਂਤ ਰਿਹਾ ਹੈ ਕਿ ਉਹ ਆਪਣਾਂ ਕਾਰਜ ਖੇਤਰ ਛੱਡਕੇ ਅਜਿਹੇ ਫਰੰਟ ਤੇ ਸਰਗਰਮੀ ਕਰਨ ਲੱਗ ਜਾਂਦੀਆਂ ਹਨ ਜੋ ਉਨ੍ਹਾਂ ਦਾ ਨਹੀ ਹੁੰਦਾ ਅਤੇ ਜਿਸ ਬਾਰੇ ਉਨ੍ਹਾਂ ਨੂੰ ਸਮਝ ਨਹੀ ਹੁੰਦੀ। ਸਿੱਖ ਸੰਸਥਾਵਾਂ ਦੇ ਪਿਛਲੇ ੩੫ ਸਾਲਾਂ ਦੇ ਅਧਿਐਨ ਤੋਂ ਅਸੀਂ ਇਹ ਦਾਅਵੇ ਨਾਲ ਆਖ ਸਕਦੇ ਹਾਂ ਕਿ ਥੋੜੀ ਜਿਹੀ ਸਫਲਤਾ ਤੋਂ ਬਾਅਦ ਲਗਭਗ ਹਰ ਸਿੱਖ ਸੰਸਥਾ ਦੀ ਲੀਡਰਸ਼ਿੱਪ ਨੂੰ ਇਹ ਭਰਮ ਹੋਣ ਲਗਦਾ ਹੈ ਕਿ ਉਹ ਤਾਂ ਸਾਰਾ ਕੰਮ ਹੀ ਕਰ ਸਕਦੇ ਹਨ। ਜਾਂ ਇਹ ਵੀ ਕਿ ਸਾਡੇ ਤੋਂ ਵੱਧ ਸਿਆਣਾਂ ਸ਼ਾਇਦ ਸਿੱਖ ਸਿਆਸਤ ਵਿੱਚ ਕੋਈ ਹੈ ਹੀ ਨਹੀ। ਇਹ ਬਚਪਨੇ ਦੀ ਨਿਸ਼ਾਨੀ ਹੈ। ਹਰ ਮਨੁੱਖ ਅਤੇ ਸੰਸਥਾ ਦੀ ਆਪਣੀ ਇੱਕ ਮਰਯਾਦਾ ਹੁੰਦੀ ਹੈ ਅਤੇ ਇੱਕ ਸੀਮਾਂ ਹੁੰਦੀ ਹੈ। ਉਹ ਉਸ ਸੀਮਾਂ ਤੋਂ ਅੱਗੇ ਜਾਣ ਦੇ ਸਮਰੱਥ ਨਹੀ ਹੁੰਦੀ। ਸਿੱਖ ਸੰਸਥਾਵਾਂ ਵਿੱਚ ਇਹ ਵੱਡਾ ਸੰਕਟ ਹੈ ਕਿ ਉਹ ਆਪਣੀਆਂ ਸੀਮਾਵਾਂ ਅਤੇ ਹੱਦਾਂ ਨੂੰ ਮੰਨਣ ਲਈ ਵੀ ਤਿਆਰ ਨਹੀ ਹੁੰਦੀਆਂ। ਗੁਰਦੁਆਰੇ ਵਿੱਚ ਕਥਾ ਕਰਨ ਵਾਲਾ ਸਮਝਦਾ ਹੈ ਕਿ ਉਹ ਕੌਮ ਦੀ ਆਰਥਿਕਤਾ ਬਾਰੇ ਵੀ ਗੱਲ ਕਰ ਸਕਦਾ ਹੈ, ਉਸ ਕੋਲ ਵਿਦਿਅਕ ਖੇਤਰ ਨੂੰ ਚਲਾਉਣ ਦੀ ਸਮਰਥਾ ਵੀ ਹੈ, ਉਹ ਵਿਦਵਾਨ ਵੀ ਬਹੁਤ ਵੱਡਾ ਹੈ ਅਤੇ ਉਹ ਰਾਜਨੀਤੀਵਾਨ ਤਾਂ ਹੈ ਹੀ। ਸਿੱਖ ਸੰਸਥਾਵਾਂ ਅਤੇ ਉਨ੍ਹਾਂ ਦੇ ਲੀਡਰ ਜਦੋਂ ਆਪਣੀਆਂ ਸਮਰਥਾਵਾਂ ਤੋਂ ਬਾਹਰੇ ਜਾ ਕੇ ਸਰਗਰਮੀਆਂ ਕਰਨ ਲਗਦੇ ਹਨ ਤਾਂ ਬਹੁਤ ਵੱਡੇ ਸੰਕਟ ਖੜ੍ਹੇ ਹੋ ਜਾਂਦੇ ਹਨ। ਇਸ ਸੰਦਰਭ ਵਿੱਚ ਅਸੀਂ ਸਿੱਖ ਸਟੂਡੈਟਸ ਫੈਡਰੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਦੀ ਤਬਾਹੀ ਦੀ ਉਦਾਹਰਨ ਦੇਖ ਸਕਦੇ ਹਾਂ। ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮਨੁੱਖੀ ਅਧਿਕਾਰ ਸੰਸਥਾ ਜਦੋਂ ਹਥਿਆਰਬੰਦ ਲਹਿਰ ਦਾ ਹੀ ਹਿੱਸਾ ਬਣ ਗਏ ਜਾਂ ਹਾਲਾਤ ਨੇ ਬਣਾ ਦਿੱਤੇ ਤਾਂ ਵੱਡਾ ਸੰਕਟ ਪੈਦਾ ਹੋਇਆ।

ਇਸ ਸਥਿਤੀ ਵਿੱਚ ਵੀ ਜਿਨ੍ਹਾਂ ਸੱਜਣਾਂ ਨੇ ਆਪਣੀ ਮਰਯਾਦਾ ਅਤੇ ਸੀਮਾਂ ਦੀ ਉਲੰਘਣਾਂ ਨਹੀ ਕੀਤੀ ਉਹ ਅੱਜ ਵੀ ਠੀਕ ਸਰਗਰਮੀ ਕਰ ਰਹੇ ਹਨ।

ਸਾਨੂੰ ਯਾਦ ਹੈ ਕਿ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਲਈ ਕੰਮ ਕਰਨ ਵਾਲੇ ਇੱਕ ਸੁਹਿਰਦ ਸੱਜਣ ਕੋਲ ਜਦੋਂ ਸਿੱਖ ਖਾੜਕੂ ਲਹਿਰ ਦਾ ਇੱਕ ਵੱਡਾ ਲੀਡਰ ਮਿਲਣ ਲਈ ਆਇਆ ਤਾਂ ਉਸ ਸੱਜਣ ਨੇ ਖਾੜਕੂ ਲੀਡਰ ਨੂੰ ਦੋਵਾਂ ਸੰਸਥਾਵਾਂ ਦੀ ਹੱਦ ਨਾ ਲੰਘਣ ਦੀ ਸਲਾਹ ਦੇਕੇ ਤੋਰ ਦਿੱਤਾ ਤਾਂ ਕਿ ਦੋਵਾਂ ਦੇ ਰੋਲ ਮਿਲਗੋਭਾ ਨਾ ਹੋ ਜਾਣ। ਇਹ ਸੀ ਆਪਣੀ ਮਰਯਾਦਾ ਨੂੰ ਨਾ ਲੰਘਣ ਦੀ ਸੁਚੇਤ ਕੋਸ਼ਿਸ਼। ਜਦੋਂ ਕਿਸੇ ਲੋਰ ਵਿੱਚ ਅਸੀਂ ਇਹ ਸਮਝਣ ਲੱਗ ਜਾਂਦੇ ਹਾਂ ਕਿ ਅਸੀਂ ਤਾਂ ਸਭ ਕੁਝ ਹੀ ਕਰ ਸਕਦੇ ਹਾਂ ਤਾਂ ਉਸ ਵੇਲੇ ਵਿਸ਼ਵਾਸ਼ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ।

ਸਿੱਖਸ ਫਾਰ ਜਸਟਿਸ ਦੀ ਸਿਆਸੀ ਸਰਗਰਮੀ ਬਾਰੇ ਸਾਡਾ ਦੂਜਾ ਇਤਰਾਜ਼ ਇਹ ਹੈ ਕਿ ਇਸ ਵੇਲੇ ਉਹ ਪੰਜਾਬ ਵਿੱਚ ਅਜਿਹੀਆਂ ਸ਼ਕਤੀਆਂ ਦੇ ਹੱਕ ਵਿੱਚ ਭੁਗਤਦੀ ਜਾਪ ਰਹੀ ਹੈ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਬੇਨਤੀਆਂ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ ਰਾਹ ਪੱਧਰਾ ਕੀਤਾ ਅਤੇ ਜਿਸਦਾ ਲੀਡਰ, ਕੇ.ਪੀ. ਐਸ ਗਿੱਲ ਨਾਲ ੫-੫ ਘੰਟੇ ਬੈਠਕੇ ਸਿੱਖਾਂ ਦੀ ਨਸਲਕੁਸ਼ੀ ਦੀਆਂ ਸਕੀਮਾਂ ਬਣਾਉਂਦਾ ਰਿਹਾ ਸੀ।

ਬਿਨਾ ਸ਼ੱਕ ਅਸੀਂ ਪੰਜਾਬ ਵਿੱਚ ਨਵੀਂ ਉਭਰ ਰਹੀ ਸ਼ਕਤੀ ਬਾਰੇ ਹਾਲੇ ਪੂਰੀ ਤਰ੍ਹਾਂ ਜਾਣੂੰ ਨਹੀ ਹਾਂ ਪਰ ਜਿਨ੍ਹਾਂ ਦੀ ਰਗ ਰਗ ਨੂੰ ਅਸੀਂ ਜਾਣਦੇ ਹਾਂ। ਜਿਨ੍ਹਾਂ ਦੇ ਸਿੱਖੀ ਸੂਰਤਾਂ ਪਿੱਛੇ ਛੁਪੇ ਨਿਰਦਈਪੁਣੇ ਨੂੰ ਅਸੀਂ ਦੇਖਿਆ ਹੀ ਨਹੀ ਬਲਕਿ ਹੰਢਾਇਆ ਹੈ ਉਨ੍ਹਾਂ ਨੂੰ ਹਮਾਇਤ ਦੇਣ ਦੀ ਤੂਕ ਸਾਡੀ ਸਮਝ ਤੋਂ ਬਾਹਰ ਹੈ।

ਸਿੱਖਾਂ ਸਾਹਮਣੇ ਇਸ ਵੇਲੇ ਦੋ ਰਾਹ ਹਨ। ਇੱਕ ਪਾਸੇ ਪਰਖਿਆ ਹੋਇਆ, ਮਜਬੂਤ ਦੁਸ਼ਮਣ ਹੈ, ਦੂਜੇ ਪਾਸੇ ਨਾ ਪਰਖਿਆ ਹੋਇਆ ਕਮਜੋਰ ਦੁਸ਼ਮਣ ਹੈ। ਇਸ ਸਥਿਤੀ ਵਿੱਚ ਰਾਜਨੀਤੀ ਅਤੇ ਸਿਆਣਪ ਇਹ ਮੰਗ ਕਰਦੀ ਹੈ ਕਿ ਕਮਜੋਰ ਦੁਸ਼ਮਣ ਨੂੰ ਚੁਣਿਆ ਜਾਵੇ ਤਾਂ ਕਿ ਪੰਥਕ ਧਿਰ ਨੂੰ ਕੁਝ ਸਾਹ ਆ ਸਕੇ ਅਤੇ ਦੇਸ਼ ਧਰੋਹੀ ਦੇ ਕਨੂੰਨਾਂ ਤਹਿਤ ਵਾਰ ਵਾਰ ਫੜਕੇ ਅੰਦਰ ਕੀਤੇ ਜਾਣ ਵਾਲੇ ਲੀਡਰ ਮੁਕਤ ਹੋਕੇ ਸਰਗਰਮੀ ਕਰ ਸਕਸ਼, ਜੇ ਅਸੀਂ ਹੁਣ ਵੀ ਪਰਖੇ ਹੋਏ, ਮਜਬੂਤ, ਖਤਰਨਾਕ ਅਤੇ ਅਕ੍ਰਿਤਘਣ ਦੁਸ਼ਮਣ ਦੇ ਹੱਕ ਵਿੱਚ ਭੁਗਤਾਂਗੇ ਫਿਰ ਤਾਂ ਆਪਣੀ ਕਬਰ ਆਪ ਪੁੱਟ ਰਹੇ ਹੋਵਾਂਗੇ।