ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਸਰਹੱਦ ਤੋਂ ਪਾਰ ਸਿੱਖ ਪੰਥ ਦਾ ਇੱਕ ਮੁਕੱਦਸ ਅਸਥਾਨ ਸ਼ੁਸ਼ੋਭਿਤ ਹੈ। ਸ੍ਰੀ ਕਰਤਾਰਪੁਰ ਸਾਹਿਬ। ਇਸ ਪਾਵਨ ਧਰਤੀ ਤੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ ਸਾਲ ਗੁਜਾਰੇ ਸਨ। ਕਿੰਨੀ ਪਾਵਨ ਧਰਤੀ ਹੈ ਉਹ ਜਿੱਥੇ ਸਾਡੇ ਗੁਰੂ ਪਾਤਸ਼ਾਹ ਨੇ ਮਨੁੱਖ ਜਾਤੀ ਦੇ ਕਲਿਆਣ ਲਈ, ਕਿਰਤ ਦੇ ਸੁਚੱਜੇ ਸੱਭਿਆਚਾਰ ਦਾ ਇਤਿਹਾਸਕ ਥੰਮ ਗੱਡਿਆ। ਇਸਦੇ ਨਾਲ ਹੀ ਇਹ ਪਾਵਨ ਧਰਤੀ ਗੁਰੂ ਪਾਤਸ਼ਾਹ ਦੀ ਰੁਹਾਨੀ ਬਾਣੀ ਨਾਲ ਓਤ ਪੋਤ ਹੈ। ਕਣ ਕਣ ਵਿੱਚ ਸੱਚੇ ਪਾਤਸ਼ਾਹ ਦੀ ਅਗੰਮੀ ਜੋਤ ਦੇ ਦਰਸ਼ਨ ਹੋ ਰਹੇ ਹਨ।

ਭਾਰਤ ਸਰਕਾਰ ਨੇ ਆਖਰ 20 ਮਹੀਨਿਆਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਅਸੀਂ ਇਸ ਐਲਾਨ ਦਾ ਸਵਾਗਤ ਕਰਦੇ ਹਾਂ ਅਤੇ ਜਿਸ ਜਿਸ ਵੀ ਸਖਸ਼ ਜਾਂ ਸੰਸਥਾ ਨੇ ਇਸ ਲਾਂਘੇ ਨੂੰ ਮੁੜ ਖੁਲ੍ਹਵਾਉਣ ਲਈ ਯਤਨ ਕੀਤਾ ਉਨ੍ਹਾਂ ਸਭਨਾ ਦਾ ਧੰਨਵਾਦ।

ਵੈਸੇ ਤਾਂ ਰਾਜਨੀਤੀ ਏਨੀ ਕੁ ਸੱਭਿਅਕ ਹੋਣੀ ਚਾਹੀਦੀ ਹੈ ਕਿ ਕਿਸੇ ਧਰਮ ਦੇ ਅਸਥਾਨ ਨੂੰ ਜਾਣ ਵਾਲਾ ਕੋਈ ਵੀ ਰਸਤਾ ਬੰਦ ਨਹੀ ਹੋਣਾਂ ਚਾਹੀਦਾ। ਧਰਮ ਦਾ ਜੋ ਦਰਜਾ ਮਨੁੱਖੀ ਮਨ ਵਿੱਚ ਹੈ ਉਹ ਏਨਾ ਪਾਵਨ ਅਤੇ ਰੁਹਾਨੀ ਹੈ ਕਿ ਉਸ ਲਈ ਰਾਜਨੀਤੀ ਦੀਆਂ ਇਹ ਕੰਧਾਂ ਤੁਛ ਹਨ। ਰਾਜਨੀਤੀਵਾਨ ਜਦੋਂ ਧਰਮ ਦੀ ਅਗੰਮੀ ਸਿੱਖਿਆ ਤੋਂ ਦੂਰ ਹੋਕੇ ਸੋਚਦੇ ਹਨ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਹਮਲਾ ਹੀ ਧਰਮ ਤੇ ਹੁੰਦਾ ਹੈ। ਇਹ ਸਦੀਆਂ ਤੋਂ ਹੁੰਦਾ ਆਇਆ ਹੈ।

ਕਦੇ ਜਹਾਂਗੀਰ ਨੇ ਇਹ ਕਰਿਆ, ਕਦੇ ਔਰੰਗਜ਼ੇਬ ਨੇ, ਕਦੇ ਫਰਖਸੀਅਰ ਨੇ ਅਤੇ ਕਦੇ ਇੰਦਰਾ ਗਾਂਧੀ ਨੇ। ਸਮਝਣਯੋਗ ਗੱਲ ਇਹ ਹੈ ਕਿ ਉਪਰ ਵਰਨਣ ਕੀਤੇ ਗਏ ਜਾਲਮ ਹੁਕਮਰਾਨਾ ਨੇ ਕਦੇ ਵੀ ਆਪਣੀ ਗਲਤੀ ਨਾ ਤਾਂ ਸਵੀਕਾਰ ਕੀਤੀ ਅਤੇ ਨਾ ਹੀ ਪਛਤਾਵਾ ਕੀਤਾ।

ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਕਰਨ ਦਾ ਆਦੇਸ਼ ਦੇਣ ਵਾਲਿਆਂ ਨੇ ਆਪਣੀ ਗਲਤੀ ਨੂੰ ਮਨ ਹੀ ਮਨ ਸਵੀਕਾਰ ਕਰ ਲਿਆ ਲਗਦਾ ਹੈ। ਬੇਸ਼ੱਕ ਲਾਂਘੇ ਦੇ ਬੰਦ ਕਰਨ ਵੇਲੇ ਇੱਕ ਭਿਆਨਕ ਬੀਮਾਰੀ ਦਾ ਜੋਰ ਕਾਫੀ ਜਿਆਦਾ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਪਿੱਛੇ ਸੱਤਾ ਵਿੱਚ ਬੈਠੇ ਕੁਝ ਲੋਕਾਂ ਦੀ ਬੀਮਾਰ ਮਾਨਸਿਕਤਾ ਵੀ ਜਿੰਮੇਵਾਰ ਸੀ। ਸਿਆਸਤ ਨਾਲ ਜੁੜੀ ਹੋਈ ਇੱਕ ਜੁੰਡਲੀ ਪਹਿਲੇ ਦਿਨ ਤੋਂ ਹੀ ਇਸ ਇਤਿਹਾਸਕ ਲਾਂਘੇ ਨੂੰ ਖੋਲ੍ਹਣ ਦੇ ਵਿਰੁੱਧ ਸੀ। ਬੇਸ਼ੱਕ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਫੈਸਲਾ ਲੈਕੇ ਇਹ ਲਾਂਘਾ ਖੁਲ੍ਹਵਾਇਆ ਸੀ ਪਰ ਉਨ੍ਹਾਂ ਦੇ ਨੇੜੇ ਮੰਡਰਾਉਂਦੀ ਅਫਸਰਸ਼ਾਹੀ ਇਸ ਲਾਂਘੇ ਕਾਰਨ ਕਦਾਚਿਤ ਵੀ ਖੁਸ਼ ਨਹੀ ਸੀ। ਇਸੇ ਲਈ ਕਰੋਨੇ ਦੇ ਬਹਾਨੇ ਉਨ੍ਹਾਂ ਦੇ ਮਨ ਦੀਆਂ ਰੀਝਾਂ ਪੂਰੀਆਂ ਹੋ ਗਈਆਂ ਸਨ।

ਖੈਰ ਦੇਸ਼ ਦੇ ਸੱਤਾਧਾਰੀਆਂ ਨੇ ਸਿੱਖਾਂ ਦੇ ਜਜਬਾਤਾਂ ਨੂੰ ਸਮਝਿਆ ਹੈ। ਸਿੱਖਾਂ ਦੀ ਉਸ ਮੁਕੱਦਸ ਅਸਥਾਨ ਨਾਲ ਗੂੜ੍ਹੀ ਸਾਂਝ ਦਾ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਅਤੇ ਉਨ੍ਹਾਂ ਨੇ ਅਫਸਰਸ਼ਾਹੀ ਵੱਲੋਂ ਪਾਏ ਜਾਂਦੇ ਅੜਿੱਕਿਆਂ ਨੂੰ ਦਰ ਕਿਨਾਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਤੋਂ ਸੰਗਤਾਂ ਲਈ ਖੋਲ੍ਹ ਦੇਣ ਦਾ ਐਲਾਨ ਕਰ ਦਿੱਤਾ ਹੈ।

ਜਿਵੇਂ ਅਸੀਂ ਆਖਿਆ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਅਤੇ ਬਚਨਾ ਦੀ ਖੁਸ਼ਬੋਈ ਵਾਲੀ ਇਹ ਧਰਤੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਪਰਾਪਤ ਇਹ ਧਰਤੀ ਦੱਖਣੀ ਏਸ਼ੀਆ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼, ਜੰਗ ਦੇ ਦਹਾਨੇ ਤੇ ਖੜ੍ਹੇ ਇਸ ਖਿੱਤੇ ਲਈ ਅਮਨ ਅਤੇ ਸ਼ਾਂਤੀ ਦਾ ਧੁਰਾ ਬਣ ਸਕਦਾ ਹੈ।

ਗੱਲ ਸਿਰਫ ਰਾਜਨੀਤੀ ਨੂੰ ਹਿਸਾਬੀ ਕਿਤਾਬੀ ਹੋਣ ਤੋਂ ਅੱਗੇ ਲੈ ਜਾਣ ਦੀ ਹੈ। ਜਿਹੜੀ ਅਫਰਸ਼ਾਹੀ ਦੇਸ਼ ਦੇ ਹਿੱਤਾਂ ਦਾ ਆਸਰਾ ਲੈਕੇ ਸਰਗਰਮੀ ਕਰ ਰਹੀ ਹੈ ਅਸਲ ਵਿੱਚ ਉਹ ਦੇਸ਼ ਦੇ ਓਹਲੇ ਆਪਣੇ ਨਿੱਜੀ ਹਿੱਤਾਂ ਦਾ ਵਿਸਥਾਰ ਕਰ ਰਹੀ ਹੈ। ਲੜਾਈ ਅਤੇ ਕਤਲੋਗਾਰਤ ਹੀ ਉਸਦੀ ਨਿੱਜੀ ਜਿੰਦਗੀ ਲਈ ਸਭ ਤੋਂ ਵਧੀਆ ਟਾਨਿਕ ਬਣਿਆ ਹੋਇਆ ਹੈ। ਹੁਣ ਇਨ੍ਹਾਂ ਸਾਰੇ ਦੇਸ਼ਾਂ ਦੇ ਸਿਆਣੇ ਸਿਆਸਤਦਾਨਾ ਨੇ ਦੇਖਣਾਂ ਹੈ ਕਿ ਉਨ੍ਹਾਂ ਮਾਰਾ-ਮਰਾਈ ਦੀ ਇਸ ਅਮੁੱਕ ਜੰਗ ਤੋਂ ਉਪਰ ਉੱਠਕੇ ਦੇਖਣਾਂ ਹੈ ਜਾਂ ਨਹੀ।

ਜੇ ਇਸ ਖਿੱਤੇ ਦੇ ਸਿਆਸਤਦਾਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਉਸ ਦੀ ਅਸਲ ਭਾਵਨਾ ਵਿੱਚ ਸਮਝ ਅਤੇ ਅਪਣਾਂ ਲੈਣ ਤਾਂ ਦੱਖਣੀ ਏਸ਼ੀਆ ਯੂਰਪ ਬਣ ਸਕਦਾ ਹੈ। ਸਾਰੇ ਨਾਗਰਿਕ ਸ਼ਾਂਤ ਅਤੇ ਖੁਸ਼ਹਾਲ ਜਿੰਦਗੀ ਬਤੀਤ ਕਰ ਸਕਦੇ ਹਨ।

ਵਾਹਿਗੁਰੂ ਭਲੀ ਕਰਨ