ਦੁਨੀਆਂ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਜੋਰਾਂ ਤੇ ਹਨ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਹਬਲ ਹੋ ਰਹੀਆਂ ਹਨ। ਦੋਵੇਂ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਿਰੇ ਚੜ੍ਹ੍ਹਾਉਣ ਲਈ ਤਿਆਰੀਆਂ ਜੋਰਾਂ ਉੱਤੇ ਹਨ।

ਪੰਜਾਬ ਵਿੱਚ ਇਸ ਸਬੰਧੀ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਅਤੇ ਸ੍ਰ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਏ ਜਾਣੇ ਹਨ। ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਸਰਹੱਦ ਉੱਤੇ ਵੀ ਸਮਾਗਮ ਮਨਾਏ ਜਾਣ ਦੀਆਂ ਖਬਰਾਂ ਹਨ। ਜਿੱਥੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਧਾਰਮਕ ਸ਼ਰਧਾ ਨਾਲ ਗੁਰੂ ਬਾਬਾ ਜੀ ਦਾ ਪਰਕਾਸ਼ ਪੁਰਬ ਮਨਾਉਣ ਲਈ ਬਿਹਬਲ ਹਨ ਉੱਥੇ ਪੰਜਾਬ ਦੇ ਸੱਤਾਧਾਰੀ ਉਸ ਮਹਾਨ ਪੁਰਬ ਨੂੰ ਆਪਣੀ ਚੌਧਰ ਚਮਕਾਉਣ ਦੇ ਚੱਕਰ ਲਈ ਵਰਤਣ ਖਾਤਰ ਤਰਲੋਮੱਛੀ ਹੋ ਰਹੇ ਹਨ।

ਪੰਜਾਬ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਹੈੈ। ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ੍ਹ ਜਾਣ ਦਾ ਡੱਟ ਕੇ ਵਿਰੋਧ ਕਰ ਰਹੇ ਹਨ। ਉਹ ਲਗਾਤਾਰ ਆਪਣੇ ਦਿੱਲੀ ਵਾਲੇ ਪ੍ਰਭੂਆਂ ਦੀ ਬੋਲੀ ਬੋਲ ਰਹੇ ਹਨ ਜਿਨ੍ਹਾਂ ਨੇ ਪਤਾ ਨਹੀ ਕਿਸ ਮਜਬੂਰੀ ਵੱਸ ਇਹ ਲਾਂਘਾ ਖੋਲ੍ਹਣ ਦਾ ਫੈਸਲਾ ਲੈ ਲਿਆ ਹੈੈ। ਕੈਪਟਨ ਅਮਰਿੰਦਰ ਸਿੰਘ ਭਾਰਤ ਪਾਕਿਸਤਾਨ ਦੁਸ਼ਮਣੀ ਦੀ ਅੱਗ ਬਾਲ ਕੇ ਰੱਖਣ ਦੇ ਯਤਨ ਵਿੱਚ ਹਨ।

ਦੂਜੇ ਪਾਸੇ ਸਿੱਖਾਂ ਦੀ ਨੁਮਾਇੰਦਾ ਜਮਾਤ ਅਖਵਾਉਂਦੀ ਅਕਾਲੀ ਦਲ ਦੀ ਲੀਡਰਸ਼ਿੱਪ ਵੀ ਆਪਣੇ ਵਰਕਰਾਂ ਦੀ ਸੋਚ ਦੇ ਉਲਟ ਜਾਕੇ, ਦਿੱਲੀ ਦੇ ਪ੍ਰਭੂਆਂ ਦੀ ਬੋਲੀ ਬੋਲ ਰਹੀ ਸੀ। ਇਸ ਲਾਂਘੇ ਦਾ ਅਸਲ ਵਾਰਸ ਨਵਜੋਤ ਸਿੰਘ ਸਿੱਧੂ ਨੂੰ ਮੰਨਿਆਂ ਜਾਂਦਾ ਹੈ ਪਰ ਅਕਾਲੀ ਲੀਡਰਸ਼ਿੱਪ, ਖਾਸ ਕਰਕੇ ਬਾਦਲ ਪਰਿਵਾਰ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਦਾ ਗਦਾਰ ਤੱਕ ਐਲਾਨਦੇ ਰਹੇ। ਪਰ ਜਦੋਂ ਭਾਰਤ ਸਰਕਾਰ ਨੇ ਲਾਂਘਾ ਖੋਲ੍ਹਣ ਦਾ ਫੈਸਲਾ ਕਰ ਲਿਆ ਤਾਂ ਵੱਡੇ ਬਾਦਲ ਸਾਹਬ ਆਪਣੀ ਨੂੰਹ ਦੇ ਯਤਨਾਂ ਦੀ ਦੁਹਾਈ ਦੇਣ ਲੱਗੇ।

ਖੈਰ ਹੁਣ ਜਦੋਂ ਕਰਤਾਰਪੁਰ ਸਾਹਿਬ ਵਿਖੇ, ਹੱਦ ਦੇ ਦੋਵੇਂ ਪਾਸੇ ਧਾਰਮਕ ਸਮਾਗਮ ਹੋਣ ਦੇ ਯਤਨ ਤੇਜ਼ ਹੋ ਗਏ ਹਨ ਤਾਂ ਪੰਜਾਬ ਦੀ ਲੀਡਰਸ਼ਿੱਪ ਆਪਣੇ ਰਵਾਇਤੀ ਅੰਦਾਜ਼ ਵਿੱਚ ਇਸ ਮਹਾਨ ਧਾਰਮਕ ਸਮਾਗਮ ਨੂੰ ਤਮਾਸ਼ਾ ਬਣਾਉਣ ਵੱਲ ਵਧ ਰਹੀ ਹੈੈ। ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਡਰਾਵਾ ਦੇ ਕੇ ਸਮਾਗਮਾਂ ਦੀ ਮੁੱਖ ਵਾਗਡੋਰ ਆਪਣੇ ਹੱਥ ਵਿੱਚ ਰੱਖਕੇ, ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਸਿਰਤੋੜ ਯਤਨ ਕਰ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਕੁਝ ਵਜ਼ੀਰ ਜਿਹੜੇ ਸਿੱਖ ਸਿਆਸਤ ਨੂੰ ਸੰਨ੍ਹ ਲਾਉਣੀ ਚਾਹੁੰਦੇ ਹਨ ਉਹ ਸਮਾਗਮਾਂ ਨੂੰ ਆਪਣੀ ਦੇਖ-ਰੇਖ ਹੇਠ ਮਨਾਉਣ ਲਈ ਯਤਨਸ਼ੀਲ ਹਨ।

ਦੋਵੇਂ ਧਿਰਾਂ ਏਨ੍ਹੀ ਦਿਨੀ ਇੱਕ ਦੂਜੇ ਖਿਲਾਫ ਅੱਗ ਵਰ੍ਹਾ ਰਹੀਆਂ ਹਨ। ਕੋਈ ਵੀ ਆਪਣੀ ਫੋਕੀ ਚੌਧਰ ਛੱਡਣ ਲਈ ਤਿਆਰ ਨਹੀ ਹੈੈ। ਕੋੋਈ ਵੀ ਗੁਰੂ ਸਾਹਿਬ ਦੇ ਸਭ ਤੋਂ ਪਹਿਲੇ ਸੰਦੇਸ਼, ਸਹਿਜ ਵਿੱਚ ਰਹਿਣ ਲਈ ਤਿਆਰ ਨਹੀ ਹੈੈ। ਦੋਵੇਂ ਧਿਰਾਂ ਹੱਥਾਂ ਵਿੱਚ ਥੁੱਕੀ ਫਿਰਦੀਆਂ ਹਨ। ਸੁਖਬੀਰ ਸਿੰਘ ਬਾਦਲ ਨੂੰ ਤਾਂ ਆਪਣੀ ਹਾਰੀ ਹੋਈ ਸਿਆਸੀ ਬਾਜੀ ਜਿੱਤ ਵਿੱਚ ਬਦਲਣ ਦਾ ਮਸਾਂ ਮੌਕਾ ਮਿਲਿਆ ਹੈੈ।

ਇਸੇ ਲਈ੍ਹ ਉਹ ਹਰ ਨਵੇਂ ਦਿਨ ਪਰਕਾਸ਼ ਪੁਰਬ ਦੇ ਸਮਾਗਮਾਂ ਦੀ ਚੌਧਰ ਨੂੰ ਲੈ ਕੇ ਤਿੱਖੇ ਬਿਆਨ ਦਾਗ ਰਹੇ ਹਨ। ਇਨ੍ਹਾਂ ਜਹਿਰੀਲੇ ਬਿਆਨਾਂ ਦੇ ਰੌਲੇ ਵਿੱਚ ਉਹ ਰੁਹਾਨੀ ਸੰਦੇਸ਼ ਗੁਆਚ ਰਿਹਾ ਹੈ ਜਿਸਨੂੰ ਸਮੁੱਚੀ ਸਿੱਖ ਸੰਗਤ ਹਾਸਲ ਕਰਨਾ ਚਾਹੁੰਦੀ ਹੈ। ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਦਾ ਵਪਾਰੀਕਰਨ ਹੋ ਰਿਹਾ ਹੈੈ।

ਧਰਮ ਕਿਧਰੇ ਗੁਆਚ ਰਿਹਾ ਹੈੈ। ਇਨ੍ਹਾਂ ਸਮਾਗਮਾਂ ਨੂੰ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਮਨਸ਼ੇ ਨਾਲ ਮਨਾਉਣ ਦੇ ਯਤਨ ਹੋ ਰਹੇ ਹਨ। ਗੁਰੂ ਸਾਹਿਬ ਨੇ ਕੀ ਸੰਦੇਸ਼ ਦਿੱਤਾ ਸੀ ਅਤੇ ਅੱਜ ਦੇ ਸਮਾਜ ਲਈ ਉਸਦੇ ਕੀ ਅਰਥ ਨਿਕਲਦੇ ਹਨ। ਇਸਦੀ ਕਿਸੇ ਨੂੰ ਫਿਕਰ ਨਹੀ ਹੈ ਬਸ ਮੂੰਹ ਵਿੱਚੋਂ ਅੱਗ ਵਰ੍ਹਾਈ ਜਾ ਰਹੀ ਹੈੈ। ਉਹ ਗੁਰੂ ਸਾਹਿਬ ਜਿਹੜੇ ਸਾਰੀ ਉਮਰ ਕਦੇ ਉੱਚਾ ਨਹੀ ਬੋਲੇ ਅਤੇ ਜਿਨ੍ਹਾਂ ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਨਾਲ ਵੀ ਸੰਵਾਦ ਰਚਾਇਆ, ਅੱਜ ਉਸ ਗੁਰੂ ਸਾਹਿਬ ਦੇ ਪੁਰਬ ਮਨਾਉਣ ਵੇਲੇ ਸੰਵਾਦ ਨੂੰ ਹੀ ਦਰੜਿਆ ਜਾ ਰਿਹਾ ਹੈੈ। ਸਿੱਖ ਲੀਡਰਸ਼ਿੱਪ ਨੂੰ ਇਸ ਮੌਕੇ ਵੱਧ ਜਿੰਮੇਵਾਰੀ ਦਿਖਾਉਣੀ ਚਾਹੀਦੀ ਸੀ ਪਰ ਅਫਸੋਸ ਕਿ ਉਹ ਇਨ੍ਹਾਂ ਸਮਾਗਮਾਂ ਨੂੰ ਗੰਧਲਾ ਕਰਨ ਲਈ ਵੱਧ ਉਤਾਵਲੀ ਹੈੈ।