ਸੰਸਾਰ ਭਰ ਵਿੱਚ ਕਮਿਊਨਿਸਟ ਨਿਜਾਮਾਂ ਦੇ ਹਮਾਇਤੀ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਪੈਰੋਕਾਰਾਂ ਵੱਲੋਂ ਇਹ ਗੱਲ ਅਕਸਰ ਬਹੁਤ ਉੱਚੀ ਅਵਾਜ਼ ਵਿੱਚ ਆਖੀ ਜਾਂਦੀ ਹੈ ਕਿ ਦੁਨੀਆਂ ਭਰ ਵਿੱਚ ਜੇ ਕੋਈ ਵਿਚਾਰਧਾਰਾ ਮਨੁੱਖਤਾ ਦਾ ਭਲਾ ਕਰ ਸਕਦੀ ਹੈ ਤਾਂ ਉਹ ਮਾਰਕਸ ਅਤੇ ਲੈਨਿਨ ਦੀ ਕਮਿਊਨਿਸਟ ਵਿਚਾਰਧਾਰਾ ਹੀ ਹੈੈ। ਕਮਿਊਨਿਸਟ ਵਿਦਵਾਨਾਂ ਅਤੇ ਹਮਾਇਤੀਆਂ ਵੱਲੋਂ ਪੂੰਜੀਵਾਦੀ ਵਿਚਾਰਧਾਰਾ ਅਧੀਨ ਉਸਰੇ ਨਿਜ਼ਾਮਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੂੰ ਉਜਾਗਰ ਕਰਕੇ ਇਹ ਦਰਸਾਇਆ ਜਾਂਦਾ ਹੈ ਕਿ ਜੇ ਸੰਸਾਰ ਭਰ ਦੇ ਲੋਕਾਂ ਦਾ ਭਲਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਕਮਿਊਨਿਸਟ ਵਿਚਾਰਧਾਰਾ ਨੂੰ ਅਪਨਾ ਕੇ ਉਸਦੀ ਅਗਵਾਈ ਹੇਠ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰੋ।

ਇਨ੍ਹਾਂ ਵਿਦਵਾਨਾਂ ਵੱਲੋਂ ਮਾਰਕਸ, ਲੈਨਿਨ, ਮਾਓ ਜ਼ੇ ਤੁੰਗ ਅਤੇ ਏਂਗਲਜ਼ ਦੀਆਂ ਲਿਖਤਾਂ ਦਾ ਹਵਾਲਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ, ਖੱਬੇਪੱਖੀ ਵਿਚਾਰਧਾਰਾ ਨੇ ਹੀ ਅਸਲ ਵਿੱਚ ਦੁਨੀਆਂ ਦਾ ਭਲਾ ਕੀਤਾ ਹੈੈ।

ਅਮਰੀਕਾ ਦੀ ‘ਹਾਰਵਰਡ’ ਯੂਨੀਵਰਸਿਟੀ ਦੇ ਖੋਜਕਰਤਿਆਂ ਨੇ ਕਮਿਊਨਿਜ਼ਮ ਦੇ ਫਲਸਫੇ ਬਾਰੇ ਅਤੇ ਇਸ ਫਲਸਫੇ ਦੇ ਅਧਾਰ ਤੇ ਉਸਰੇ ਮੁਲਕਾਂ ਦੀ ਹਾਲਤ ਬਾਰੇ ਉਪਲਬਧ ਦਸਤਾਵੇਜ਼ਾਂ ਦੇ ਅਧਾਰ ਤੇ ਇੱਕ ਪੁਸਤਕ ਪਰਕਾਸ਼ਤ ਕੀਤੀ ਗਈ ਹੈ ਜਿਸਨੂੰ ਪੜ੍ਹਕੇ ਹਰ ਸੁਚੇਤ ਵਿਅਕਤੀ ਦੀ ਰੂਹ ਕੰਬ ਜਾਂਦੀ ਹੈੈ। ਜਿਸ ਕਮਿਊਨਿਜ਼ਮ ਨੂੰ ਦੁਨੀਆਂ ਭਰ ਦੇ ਮਿਹਨਤਕਸ਼ਾਂ ਦੀ ਮੁਕਤੀ ਦਾ ਇੱਕੋ ਇੱਕ ਅਧਾਰ ਮੰਨਿਆਂ ਜਾਂਦਾ ਰਿਹਾ ਹੈ ਉਸ ਫਲਸਫੇ ਅਧੀਨ ਉਸਰੇ ਮੁਲਕਾਂ ਵਿੱਚ ਕੀ ਕੁਝ ਹੋਇਆ, ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਿਆਂ ਨੇ ਇਸ ਕਿਤਾਬ ਵਿੱਚ ਦਰਜ ਕੀਤਾ ਹੈੈ। ਇਹ ਕਿਤਾਬ ਵੱਖ ਵੱਖ ਮੁਲਕਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਦਸਤਾਵੇਜ਼ਾਂ ਦੇ ਅਧਾਰ ਤੇ ਲਿਖੀ ਗਈ ਹੈੈੈ। ਕਿਤਾਬ ਦਾ ਨਾਅ ਹੈ, ‘ਕਾਮਰੇਡਾਂ ਦੇ ਕਾਲੇ ਕਾਰਨਾਮੇ’। ਇਹ ਕਿਤਾਬ ਦੁਨੀਆਂ ਭਰ ਦੇ ਅੱਠ ਵਿਦਵਾਨਾਂ ਦੀ ਕਰੜੀ ਮਿਹਨਤ ਦਾ ਸਿੱਟਾ ਹੈੈ।

ਇਨ੍ਹਾਂ ਖੋਜੀ ਵਿਦਵਾਨਾਂ ਨੇ ਸਭ ਤੋਂ ਪਹਿਲਾਂ ਕਮਿਊਨਿਜ਼ਮ ਦੇ ਵਿਚਾਰ ਬਾਰੇ ਹੀ ਇਹ ਵਿਚਾਰ ਪਰਗਟ ਕੀਤੇ ਹਨ ਕਿ ਇਹ ਵਿਚਾਰਧਾਰਾ ਕੋਈ ਨਵੀਂ ਵਿਚਾਰਧਾਰਾ ਨਹੀ ਸੀ ਜਿਵੇਂ ਕਿ ਇਸਦੇ ਹਮਾਇਤੀਆਂ ਵੱਲੋਂ ਆਖਿਆ ਜਾ ਰਿਹਾ ਹੈੈ। ਪਲਾਟੋ ਨੇ ਆਪਣੀ ਬਹੁਮੁੱਲੀ ਕਿਤਾਬ, ‘ਰਿਪਬਲਿਕ’ ਵਿੱਚ ਜੋ ਵਿਚਾਰ ਪੇਸ਼ ਕੀਤੇ ਹਨ ਉਹ ਕਮਿਊਨਿਸਟ ਵਿਚਾਰਧਾਰਾ ਦੇ ਉਤਪਨ ਹੋਣ ਤੋਂ ਬਹੁਤ ਚਿਰ ਪਹਿਲਾਂ ਸਾਹਮਣੇ ਆ ਗਏ ਸਨ। ਉਸਨੇ ‘ਆਦਰਸ਼ਕ ਸ਼ਹਿਰ’ ਦਾ ਜੋ ਵਿਚਾਰ ਪੇਸ਼ ਕੀਤਾ ਹੈ ਉਹ ਕਮਿਊਨਿਸਟ ਵਿਚਾਰਧਾਰਾ ਤੋਂ ਅਗਾਂਹ ਦੀ ਗੱਲ ਹੈੈ। ਆਪਣੇ ਵਿਚਾਰ ਵਿੱਚ ਪਲਾਟੋ ਆਖਦਾ ਹੈ ਕਿ ਆਦਰਸ਼ਕ ਸ਼ਹਿਰ ਦੇ ਨਾਗਰਿਕ ਅਜਿਹੇ ਸੰਸਾਰ ਦੇ ਵਾਸੀ ਹੋਣਗੇ ਜਿਸ ਵਿੱਚ, ਸਿਆਣਪ,ਸੰਵਾਦ,ਵਿਚਾਰਧਾਰਕ ਉੱਚਤਾ ਅਤੇ ਇਨਸਾਫ ਦੇ ਪਰਚਮ ਲਹਿਰਾਉਣਗੇ ਅਤੇ ਜਿੱਥੇ ਲੋਕ ਸੱਤਾ ਅਤੇ ਦੌਲਤ ਦੇ ਨਸ਼ੇ ਵਿੱਚ ਅੰਨ੍ਹੇ ਨਹੀ ਹੋਣਗੇ। ਇਸੇ ਤਰ੍ਹਾਂ ਸਰ ਥੌਮਸ ਮੂਰ ਨੇ 1530 ਵਿੱਚ ਜੋ ਰਾਜਨੀਤਿਕ ਫਲਾਸਫੀ ਸਾਹਮਣੇ ਲਿਆਂਦੀ ਉਹ ਵੀ ਕਮਿਊਨਿਜ਼ਮ ਨਾਲੋਂ ਵੱਡੀ ਗੱਲ ਕਰਦੀ ਸੀ। ਕਮਿਊਨਿਜ਼ਮ ਦੀ ਪਰਸੰਗਿਕਤਾ ਬਾਰੇ ਜਾਨਣ ਲਈ ਸਮੁੱਚੀ ਕਿਤਾਬ ਪੜ੍ਹਨੀ ਜਰੂਰੀ ਹੈੈ। ਵਿਦਵਾਨਾਂ ਦਾ ਇਹ ਵੀ ਮੰਨਣਾਂ ਹੈ ਕਿ ਰੂਸ ਵਿੱਚ ਆਪਣੇ ਤੌਰ ਤੇ ਹੀ ਕਾਮਿਆਂ ਦਾ ਇੱਕ ਵੱਡਾ ਸੰਘਰਸ਼ ਚੱਲ ਰਿਹਾ ਸੀ ਜੋ ਕਾਫੀ ਜਾਨਦਾਰ ਵੀ ਸੀ ਅਤੇ ਜਮਹੂਰੀ ਵੀ ਸੀ। ਪਰ ਕਮਿਊਨਿਸਟ ਪਾਰਟੀ ਨੇ ਕਾਮਿਆਂ ਦੇ ਉਸ ਜਮਹੂਰੀ ਅਤੇ ਹੱਕੀ ਸੰਘਰਸ਼ ਉੱਤੇ ਜਬਰੀ ਕਬਜਾ ਕਰ ਲਿਆ।

ਲੇਖਕਾਂ ਦਾ ਕਹਿਣਾਂ ਹੈ, ਹੋ ਸਕਦਾ ਹੈ ਕਿ 1917 ਤੋਂ ਪਹਿਲਾਂ ਦੁਨੀਆਂ ਵਿੱਚ ਕਮਿਊਨਿਜ਼ਮ ਦੀ ਸ਼ੁੱਧ ਭਾਵਨਾ ਮੌਜੂਦ ਹੋਵੇ ਪਰ ਸਾਡੀਆਂ ਅੱਖਾਂ ਨੇ ਜੋ ਕਮਿਊਨਿਜ਼ਮ ਦੇਖਿਆ, ਉਹ ਲਹੂ ਦੇ ਵਗਦੇ ਦਰਿਆਵਾਂ ਦਾ ਕਮਿਊਨਿਜ਼ਮ ਸੀ। ਜਿਸਨੇ ਥੋਕ ਵਿੱਚ ਜਬਰ, ਸਰਕਾਰੀ ਤਸ਼ੱਦਦ ਅਤੇ ਕਤਲੇਅਮਾਂ ਦੀ ਬੇਕਿਰਕ ਲਹਿਰ ਦਹਾਕਿਆਂ ਤੱਕ ਚਲਾਈ ਰੱਖੀ।

ਇਨਕਲਾਬਾਂ ਦੀ ਅਸਲ ਆਭਾ ਦਾ ਉਨ੍ਹਾਂ ਨੂੰ ਲੱਗਣ ਵਾਲੇ ਫਲਾਂ ਤੋਂ ਪਤਾ ਲਗਦਾ ਹੈੈੈ। ਇਨਕਲਾਬ ਵੀ ਦਰਖਤ ਹੁੰਦੇ ਹਨ ਜਿਨ੍ਹਾਂ ਦੇ ਚਰਿੱਤਰ ਨੂੰ ਉਨ੍ਹਾਂ ਦੇ ਫਲਾਂ ਤੋਂ ਪਹਿਚਾਣਿਆਂ ਜਾਾਂਦਾ ਹੈੈ।ਕਮਿਊਨਿਜ਼ਮ ਦੇ ਦਰਖਤ ਨੇ ਜਬਰ ਅਤੇ ਕਤਲੇਆਮ ਤੋਂ ਬਿਨਾ ਮਨੁੱਖਤਾ ਦੇ ਪੱਲੇ ਕੁਝ ਨਹੀ ਪਾਇਆ।

ਇਸ ਕਿਤਾਬ ਦੇ ਵਿਦਵਾਨਾਂ ਦਾ ਮੰਨਣਾਂ ਹੈ ਕਿ 1917 ਵਿੱਚ ਰੂਸ ਤੋਂ ਲੈਕੇ 1989 ਦੇ ਅਫਗਾਨਿਸਤਾਨ ਤੱਕ ਕਾਮਰੇਡਾਂ ਨੇ ਲਗਭਗ ਦਸ ਕਰੋੜ ਇਨਸਾਨਾਂ ਦਾ ਬੇਕਿਰਕ ਕਤਲੇਆਮ ਕੀਤਾ। ਇਹ ਕਤਲੇਆਮ ਦੋ ਸੰਸਾਰ ਜੰਗਾਂ ਅਤੇ ਨਾਜ਼ੀਵਾਦੀਆਂ ਵੱਲੋਂ ਕੀਤੇ ਕਤਲੇਆਮਾਂ ਤੋਂ ਵੀ ਕਿਤੇ ਵੱਡਾ ਸੀ। ਫਾਸ਼ੀਵਾਦੀਆਂ ਨੇ ਨਸਲ ਦੇ ਅਧਾਰ ਤੇ ਲੋਕਾਂ ਦਾ ਕਤਲ ਕੀਤਾ ਅਤੇ ਕਮਿਊਨਿਸਟਾਂ ਨੇ ਜਮਾਤ ਦੇ ਅਧਾਰ ਤੇ।

ਕਾਮਰੇਡਾਂ ਨੇ ਸੱਤਾ ਤੇ ਆਪਣੀ ਪਕੜ ਬਣਾਈ ਰੱਖਣ ਲਈ ਦਹਿਸ਼ਤ ਅਤੇ ਕਤਲੇਆਮਾਂ ਦੀ ਜੋ ਨੀਤੀ ਅਪਣਾਈ ਉਹ ਫਿਰ ਉਮਰ ਭਰ ਲਈ ਉਨ੍ਹਾਂ ਦਾ ਟਰੇਡ ਮਾਰਕ ਬਣ ਗਈ।

ਲੈਨਿਨ ਅਤੇ ਸਟਾਲਿਨ ਦਾ ਰੂਸ, ਮਾਓ ਦਾ ਚੀਨ, ਕਿੰਮ ਸੰਗਾ ਦਾ ਉੱਤਰੀ ਕੋਰੀਆ, ਹੋਚੀ ਮਿੰਨ ਦਾ ਵੀਅਤਨਾਮ। ਫੀਡਲ ਅਤੇ ਚੀ ਗਵੇਰਾ ਦਾ ਕਿਉੂਬਾ, ਮੈਨਗਿਸਤੂ ਮਰੀਅਮ ਦਾ ਇਥੋਪੀਆ, ਐਗੌਸਥੀਨੋ ਦਾ ਅੰਗੋਲਾ ਅਤੇ ਮੁਹੰਮਦ ਨਜੀਬੁਲਾ ਦਾ ਅਫਗਾਨਿਸਤਾਨ ਸਭ ਮਨੁੱਖਤਾ ਦੀਆਂ ਕਤਲਗਾਹਾਂ ਵੱਜੋਂ ਸਥਾਪਤ ਹੋਏ।

ਇਸ ਕਿਤਾਬ ਦੇ ਲੇਖਕ ਵਿਦਾਨਾਂ ਦੇ ਅੰਦਾਜ਼ੇ ਅਨੁਸਾਰ 1917 ਤੋਂ ਲੈਕੇ 1989 ਤੱਕ ਦਸ ਕਰੋੜ ਲੋਕ ਕਮਿਊਨਿਸਟ ਲੀਡਰਸ਼ਿੱਪ ਨੇ ਮੌਤ ਦੇ ਘਾਟ ਉਤਾਰੇ। ਰੂਸ ਵਿੱਚ ਦੋ ਕਰੋੜ, ਚੀਨ ਵਿੱਚ ਸਾਢੇ ਛੇ ਕਰੋੜ, ਵੀਅਤਨਾਮ ਵਿੱਚ ਦਸ ਲੱਖ,ਉੱਤਰੀ ਕੋਰੀਆ ਵਿੱਚ ਵੀਹ ਲੱਖ, ਕੰਬੋਡੀਆ ਵਿੱਚ ਵੀਹ ਲੱਖ, ਪੂਰਬੀ ਯੂਰਪ ਵਿੱਚ ਦਸ ਲੱਖ, ਲਾਤੀਨੀ ਅਮਰੀਕਾ ਵਿੱਚ ਡੇਢ ਲੱਖ, ਅਫਰੀਕਾ ਵਿੱਚ ਸਤਾਰਾਂ ਲੱਖ ਅਤੇ ਅਫਗਾਨਿਸਤਾਨ ਵਿੱਚ ਪੰਦਰਾਂ ਲੱਖ ਲੋਕ ਕਾਮਰੇਡਾਂ ਵੱਲੋਂ ਬੇਕਿਰਕੀ ਨਾਲ ਮਾਰੇ ਗਏ।

ਲੋਕ ਮਾਰੇ ਕਿਵੇਂ ਗਏ- ਗੋਲੀਆਂ ਨਾਲ, ਫਾਂਸੀ ਦੇਕੇ, ਪਾਣੀ ਵਿੱਚ ਡੁਬੋਕੇ, ਗੈਸ ਨਾਲ ਸਾਹ ਘੁੱਟ ਕੇ, ਜਹਿਰ ਨਾਲ , ਸੜਕ ਹਾਦਸੇ ਕਰਕੇ ਅਤੇ ਸਰਕਾਰਾਂ ਵੱਲੋਂ ਜਬਰੀ ਪੈਦਾ ਕੀਤੀ ਗਈ ਭੁੱਖਮਰੀ ਨਾਲ ਤਿਲ੍ਹ ਤਿਲ੍ਹ ਕਰਕੇ ਲੋਕ ਮਾਰੇ ਗਏ। ਜਬਰੀ ਲੰਬੀ ਮਜ਼ਦੂਰੀ ਕਰਵਾਕੇ ਅਤੇ ਸਮੂਹਕ ਕਤਲੇਆਮਾਂ ਨਾਲ ਵੀ ਲੋਕ ਕਾਮਰੇਡਾਂ ਵੱਲੋਂ ਮਾਰੇ ਗਏ।

ਰੂਸ ਵਿੱਚ ਕਥਿਤ ਇਨਕਲਾਬ ਹੋਣ ਤੋਂ ਇਕਦਮ ਬਾਅਦ 26 ਅਕਤੂਬਰ 1917 ਨੂੰ ਪੀਟਰੋਗਾਰਡ ਰੈਵੋਲਿਉੂਸ਼ਨ ਮਿਲਟਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਲੈਨਿਨ ਦੇ ਹੁਕਮਾਂ ਅਨੁਸਾਰ ਸੀ। ਇਸ ਕਮੇਟੀ ਨੇ ਇੱਕਦਮ ਸਾਰੇ ਅਖਬਾਰ ਬੰਦ ਕਰਵਾ ਦਿੱਤੇ। ਅਸਲ ਕਾਮਿਆਂ ਦੇ ਸੰਘਰਸ਼ ਨਾਲ ਸਬੰਧ ਰੱਖਣ ਵਾਲੇ ਸਾਰੇ ਲੀਫਲੈਟ ਬੰਦ ਕਰਵਾ ਦਿੱਤੇ ਗਏ ਅਤੇ ਸਾਰੇ ਸੰਚਾਰ ਸਾਧਨਾ ਤੇ ਕਬਜਾ ਕਰ ਲਿਆ ਗਿਆ। ਇਸੇ ਕਮੇਟੀ ਨੇ 29 ਅਕਤੂਬਰ 1917 ਨੂੰ ਇੱਕ ਹੋਰ ਮਤਾ ਪਾਸ ਕੀਤਾ ਜਿਸ ਵਿੱਚ, ਲੋਕਾਂ ਦੇ ਦੁਸ਼ਮਣ ਐਲਾਨੇ ਗਏ।

ਸਾਰੇ ਸਰਕਾਰੀ ਅਫਸਰ, ਬੈਂਕ ਮੈਨੇਜਰ ਅਤੇ ਕਰਮਚਾਰੀ, ਖਜਾਨੇ ਅਤੇ ਰੇਲਵੇ ਦੇ ਅਫਸਰ। ਇਨ੍ਹਾਂ ਸਾਰਿਆਂ ਦੇ ਨਾਵਾਂ ਦੇ ਵੱਡੇ ਵੱਡੇ ਪੋਸਟਰ ਚੌਰਾਹਿਆਂ ਵਿੱਚ ਲਗਾਏ ਗਏ ਅਤੇ ਜਿੰੰਨੀ ਛੇਤੀ ਹੋ ਸਕਿਆ ਇਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ।

11 ਦਸੰਬਰ ਨੂੰ ਲੈਨਿਨ ਨੇ ਇੱਕ ਹੋਰ ਹੁਕਮ ਜਾਰੀ ਕੀਤਾ ਜਿਸ ਵਿੱਚ ਇੱਕ ਰਾਜਨੀਤਕ ਪਾਰਟੀ, ਕੌਸਟੀਚਿਉੂਸ਼ਨਲ ਡੈਮੋਕਰੇਟਿਕ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਲੋਕਾਂ ਦੇ ਦੁਸ਼ਮਣ ਐਲਾਨ ਦਿੱਤੇ ਗਏ। ਇਨ੍ਹਾਂ ਨੂੰ ਤੁਰੰਤ ਗਰਿਫਤਾਰ ਕਰਕੇ ਫੌਜੀ ਟਰਿਬਊਨਲ ਸਾਹਮਣੇ ਪੇਸ਼ ਕਰਨ ਦੇ ਹੁਕਮ ਲੈਨਿਨ ਨੇ ਜਾਰੀ ਕੀਤੇ।

ਦੱਸਿਆ ਜਾਂਦਾ ਹੈ ਕਿ ਇਹ ਫੌਜੀ ਟਰਬਿਊਨਲ ਵੀ 23 ਨਵੰਬਰ 1917 ਨੂੰ ਲੈਨਿਨ ਦੇ ਹੁਕਮਾਂ ਤੇ ਸਥਾਪਤ ਕੀਤਾ ਗਿਆ ਸੀ। ਸਾਰੀਆਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਅਤੇ ਸਿਰਕੱਢ ਵਰਕਰਾਂ ਨੂੰ ਤੁਰੰਤ ਗਰਿਫਤਾਰ ਕਰਕੇ ਇਸ ਟਰਬਿਊਨਲ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਨਕਲਾਬ ਨੂੰ ਬਚਾਉਣ ਦੇ ਨਾਅ ਤੇ ਸਾਰਿਆਂ ਨੂੰ ਕਤਲ ਕਰ ਦਿੱਤਾ ਗਿਆ। ਇੱਥੇ ਹੀ ਬਸ ਨਹੀ ਇਨ੍ਹਾਂ ਸਾਰਿਆਂ ਦੇ ਘਰ ਜਬਤ ਕਰ ਲਏ ਗਏ, ਪਰਵਾਰਕ ਮੈਂਬਰਾਂ ਨੂੰ ਬੇਘਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ।

ਇਸ ਕਤਲੇਆਮ ਨੂੰ ਅੰਜ਼ਾਮ ਦੇਣ ਵਾਲਾ ਹੋਰ ਕੋਈ ਨਹੀ ਬਲਕਿ ਲੈਨਿਨ ਦਾ ਸੱਜਾ ਹੱਥ ਡਰੈਨਜ਼ਸਕੀ ਸੀ ਜਿਸਦੀ ਅਜਿਹੇ ਕਤਲੇਆਮਾਂ ਲਈ ਵਿਸ਼ੇਸ਼ ਨਿਯੁਕਤੀ ਲੈਨਿਨ ਦੇ ਕਹਿਣ ਤੇ 6 ਦਸੰਬਰ 1917 ਨੂੰ ਹੋਈ ਸੀ।

ਕਮਿਊਨਿਸਟਾਂ ਨੇ ਸਿਰਫ ਆਪਣੇ ਤੋਂ ਵਿਰੋਧੀ ਵਿਚਾਰ ਰੱਖਣ ਵਾਲੇ ਇਨਸਾਨਾਂ ਦਾ ਹੀ ਕਤਲੇਆਮ ਨਹੀ ਕੀਤਾ ਬਲਕਿ ਇਨ੍ਹਾਂ ਮਨੁੱਖੀ ਸੱਭਿਅਤਾ ਦੀਆਂ ਅਣਮੋਲ ਨਿਸ਼ਾਨੀਆਂ ਵੀ ਵੱਡੀ ਪੱਧਰ ਤੇ ਢਹਿਢੇਰੀ ਕਰ ਦਿੱਤੀਆਂ। ਸਟਾਲਿਨ ਨੇ ਮਾਸਕੋ ਵਿੱਚ ਦਰਜਨਾਂ ਗਿਰਜੇ ਤਬਾਹ ਕਰ ਦਿੱਤੇ,ਨਿਕੋਲ ਸਿਸੈਕੂ ਨੇ ਬੁਖਾਰੈਸਟ ਦਾ ਇਤਿਹਾਸਕ ਦਿਲ ਸਮਝੀਆਂ ਜਾਂਦੀਆਂ ਪੁਰਾਤਨ ਇਮਾਰਤਂ ਤਬਾਹ ਕੀਤੀਆਂ। ਪੋਲ ਪੌਟ ਨੇ ਫਿਨੋਮ ਨੇਹ ਦੇ ਗਿਰਜੇ ਨੂੰ ਇੱਟ ਇੱਟ ਕਰਕੇ ਤੋੜਿਆ। ਮਾਓ ਦੇ ਸੱਭਿਆਚਾਰਕ ਇਨਕਲਾਬ ਵੇਲੇ ਲਾਲ ਫੌਜ ਨੇ ਮਨੁੱਖੀ ਸੱਭਿਅਤਾਂ ਦੀਆਂ ਅਣਮੋਲ ਨਿਸ਼ਾਨੀਆਂ ਨੂੰ ਬੇਕਿਰਕੀ ਨਾਲ ਤਬਾਹ ਕੀਤਾ।

ਕਿਤਾਬ ਦੇ ਲੇਖਕ ਵਿਦਵਾਨਾਂ ਨੇ ਜਿੱਥੇ ਰੂਸ ਅਤੇ ਚੀਨ ਦੇ ਕਤਲੇਆਮਾਂ ਦਾ ਵਿਸਥਾਰ ਦਿੱਤਾ ਹੈ ਉੱਥੇ ਹੰਗਰੀ,ਜਰਮਨੀ,ਚੈਕੋਸਲਵਾਕੀਆ, ਆਸਟਰੀਆ ਅਤੇ ਪੋਲੈਂਡ ਵਿੱਚ ਵੀ ਕਾਮਰੇਡਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਵਿਸਥਾਰ ਨਾਲ ਵਰਨਣ ਕੀਤਾ ਹੈੈ।

ਹਰ ਸੱਚੇ ਕਮਿਉੂਨਿਸਟ ਨੂੰ ਅਤੇ ਸੰਸਾਰ ਰਾਜਨੀਤੀ ਬਾਰੇ ਖੋਜਾਰਥੀ ਬਿਰਤੀ ਰੱਖਣ ਵਾਲੇ ਇਨਸਾਨ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈੈੈ।