ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਣ ਤੋਂ ਬਾਅਦ ਧਰਮ ਪਰਿਵਰਤਣ ਅਤੇ ਵੱਖ ਵੱਖ ਧਰਮਾਂ ਦੀ ਨਵੀਂ ਵਿਆਖਿਆ ਦੀ ਦੌੜ ਕਾਫੀ ਤੇਜ਼ ਹੋ ਗਈ ਹੈ। ਰਾਸ਼ਟਰਵਾਦੀ ਹਿੰਦੂ ਜਥੇਬੰਦੀਆਂ ਦਾ ਜੋ ਗੁੱਸਾ ਅਤੇ ਗੁਭ ਗੁਬਾਹਟ ਪਿਛਲੇ ਦਸ ਸਾਲਾਂ ਤੋਂ ਉਨ੍ਹਾਂ ਦੇ ਅੰਦਰ ਫਸਿਆ ਪਿਆ ਸੀ ਇਸ ਨਵੀਂ ਸਰਕਾਰ ਦੇ ਬਣਨ ਨਾਲ ਉਸਦਾ ਨਿਕਾਸ ਹੋਣਾਂ ਅਰੰਭ ਹੋ ਗਿਆ ਹੈ। ਈਸਾਈਆਂ ਅਤੇ ਮੁਸਲਮਾਨਾਂ ਦੇ ਧਰਮ ਪਰਿਵਰਤਣ ਦੀ ਮੁਹਿੰਮ ਸਰਕਾਰ ਦੇ ਨਾਹ ਨਾਹ ਕਹਿਣ ਦੇ ਬਾਵਜੂਦ ਚੱਲ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਚਲਦੀ ਰਹੇਗੀ। ਇਸੇ ਦੌਰਾਨ ਹਿੰਦੂ ਜਥੇਬੰਦੀਆਂ ਦੀ ਲੀਡਰਸ਼ਿੱਪ ਦਾ ਬਹੁਤਾ ਜੋਰ ਸਿੱਖਾਂ ਨੂੰ ਹਿੰਦੂ ਦਰਸਾਉਣ ਅਤੇ ਇਸ ਕਿਸਮ ਦੀ ਵਿਆਖਿਆ ਲਿਆਉਣ ਵਿੱਚ ਲੱਗਾ ਹੋਇਆ ਹੈ ਜਿਸ ਵਿੱਚ ਸਿੱਖਾਂ ਨੂੰ ਵੱਡੇ ਹਿੰਦੂ ਪਰਿਵਾਰ ਦਾ ਹੀ ਅੰਗ ਦਰਸਾਇਆ ਜਾ ਸਕੇ।
ਸਿੱਖਾਂ ਵੱਲੋਂ ਇਸ ਮੁੱਦੇ ਤੇ ਸੰਘ ਪਰਿਵਾਰ ਦਾ ਕਾਫੀ ਵਿਰੋਧ ਹੋ ਰਿਹਾ ਹੈ। ਸ਼ੋਸ਼ਲ ਮੀਡੀਆ ਰਾਹੀਂ ਤਾਂ ਇਸ ਬਾਰੇ ਕਾਫੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਸਿੱਖਾਂ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਇਸ ਸਬੰਧੀ ਕਾਫੀ ਬਿਆਨਬਾਜੀ ਕਰ ਰਹੀਆਂ ਹਨ। ਇਸ ਬਿਆਨਬਾਜੀ ਵਿੱਚ ਆਪਣੇ ਸਿੱਖ ਹੋਣ ਦਾ ਦਰਦ ਅਤੇ ਸੰਘ ਪਰਿਵਾਰ ਦੀਆਂ ਚਾਲਾਂ ਖਿਲਾਫ ਗੁੱਸਾ ਕਾਫੀ ਨਜ਼ਰ ਆਉਂਦਾ ਹੈ ਪਰ ਗੰਭੀਰਤਾ ਦੀ ਘਾਟ ਰੜਕਦੀ ਹੈ। ਧਰਮ ਦੀ ਕੌਮਾਂਤਰੀ ਵਿਆਖਿਆ ਅਤੇ ਕੌਮਾਂਤਰੀ ਅਕਾਦਮਿਕ ਮਿਆਰਾਂ ਤੋਂ ਕਾਫੀ ਦੂਰ ਦਿਸ ਰਹੀ ਹੈ ਸਿੱਖਾਂ ਦੀ ਸਰਗਰਮੀ। ਇਹ ਗੱਲ ਠੀਕ ਹੈ ਕਿ, ਸਿੱਖ ਹਿੰਦੂ ਨਹੀ ਹਨ, ਬਾਰੇ ਚੱਲ ਰਹੀ ਪਟੀਸ਼ਨ ਉਤੇ ਕਾਫੀ ਜੋਰ ਸ਼ੋਰ ਨਾਲ ਸਰਗਰਮੀ ਹੋ ਰਹੀ ਹੈ ਪਰ ਇਸ ਸਬੰਧ ਵਿੱਚ ਗੰਭੀਰ ਕਾਰਜ ਹਾਲੇ ਹੋਣੇ ਬਾਕੀ ਹਨ।
ਸੰਸਾਰ ਭਰ ਵਿੱਚ ਧਰਮਾਂ ਬਾਰੇ ਕਾਫੀ ਡੂੰਘੀ ਖੋਜ ਅਤੇ ਅਧਿਐਨ ਹੋਇਆ ਹੈ। ਧਰਮ ਅਤੇ ਸੱਭਿਆਚਾਰਕ ਯਾਦ ਜਿਸਨੂੰ ਸਾਂਝੀ ਯਾਦ ਦੇ ਤੌਰ ਤੇ ਵੀ ਜਾਣਿਆਂ ਜਾਂਦਾ ਹੈ ਬਾਰੇ ਵੱਖ ਵੱਖ ਪੱਧਰਾਂ ਤੇ ਡੂੰਘੀ ਅਕਾਦਮਿਕ ਖੋਜ ਹੋਈ ਹੈ। ਇਸ ਸਬੰਧ ਵਿੱਚ ਕਾਫੀ ਵੱਖਰੇ ਵਿਚਾਰ ਵੀ ਸਾਹਮਣੇ ਆਏ ਹਨ। ਨੀਤਜ਼ੇ ਅਤੇ ਹਾਲਬਵਾਚ ਨੇ ਇਸ ਸਬੰਧ ਵਿੱਚ ਕਾਫੀ ਵੱਡੇ ਅਧਿਐਨ ਪੇਸ਼ ਕੀਤੇ ਹਨ, ਪਰ ਇਨ੍ਹਾਂ ਦੋਵਾਂ ਵਿਦਵਾਨਾਂ ਦੀਆਂ ਸੀਮਤਾਈਆਂ ਉਤੇ ਕਾਫੀ ਸੁਆਲ ਵੀ ਉਠੇ ਹਨ ਅਤੇ ਇਸ ਤੋਂ ਅਗਲੀ ਖੋਜ ਦੇ ਪਿੜ ਵੀ ਬੰਨ੍ਹੇ ਗਏ ਹਨ। ਧਰਮ ਅਤੇ ਸਾਂਝੀ ਯਾਦ ਦੇ ਮਹੱਤਵਪੂਰਨ ਸੁਆਲ ਤੇ ਨੀਤਜ਼ੇ ਅਤੇ ਹਾਲਬਵਾਚ ਦੀਆਂ ਸੀਮਤਾਈਆਂ ਨੂੰ ਜਰਮਨ ਫਿਲਾਸਫਰ ਜਾਨ ਐਸਮਾਨ ਅਤੇ ਅਲੈਡਾ ਐਸਮਾਨ ਨੇ ਅੱਗੇ ਵਿਸਥਾਰ ਦਿੱਤਾ ਹੈ। ਇਸ ਸਬੰਧ ਵਿੱਚ ਹੀ ਇੱਕ ਹੋਰ ਜਰਮਨ ਫਿਲਾਸਫਰ ਜੋਆਕਿਮ ਵਾਚ ਦੀ ੧੯੪੪ ਵਿੱਚ ਲਿਖੀ ਗਈ ਕਿਤਾਬ ‘ਸ਼ੋਸ਼ੋਆਲਜੀ ਆਫ ਰਿਲੀਜਨ’ ਕਾਫੀ ਮਹੱਤਵਪੂਰਨ ਦਸਤਾਵੇਜ਼ ਆਖੀ ਜਾ ਸਕਦੀ ਹੈ।
ਜੋਆਕਿਮ ਵਾਚ ਆਖਦੇ ਹਨ, “ਧਰਮ ਦਾ ਸ਼ਰਧਾ ਅਤੇ ਰੀਤਾਂ (ਰਵਾਇਤਾਂ) ਨਾਲ ਡੂੰਘਾ ਸਬੰਧ ਰਿਹਾ ਹੈ ਅਤੇ ਰਹੇਗਾ। ਧਾਰਮਿਕ ਸ਼ਰਧਾ ਜਾਂ ਪੂਜਾ ਦੀ ਕੋਈ ਵੀ ਕਾਰਵਾਈ ਅਧਿਆਤਮਿਕਤਾ ਦੇ ਸੰਕਲਪ ਤੋਂ ਬਿਨਾ ਸੋਚੀ ਵੀ ਨਹੀ ਜਾ ਸਕਦੀ, ਨਾ ਹੀ ਕੋਈ ਧਾਰਮਿਕ ਸਮਾਗਮ ਰੀਤਾਂ ਅਤੇ ਰਵਾਇਤਾਂ ਤੋਂ ਬਿਨਾ ਸੰਪੂਰਨ ਹੋ ਸਕਦਾ ਹੈ।”
ਇਸ ਸਬੰਧ ਵਿੱਚ ਵਾਚ ਨੇ ਮੈਕਸ ਸਕੈਲਰ ਦਾ ਹਵਾਲਾ ਪੇਸ਼ ਕੀਤਾ ਹੈ ਜਿਸਦਾ ਕਹਿਣਾਂ ਹੈ ਕਿ “ਧਾਰਮਿਕ ਬੋਧ ਇੱਕ ਅਜਿਹੀ ਸਮਝ ਹੈ ਜਿਸਦੀ ਹੋਂਦ ਇਸਦੀਆਂ ਧਾਰਮਿਕ ਰਵਾਇਤਾਂ ਤੋਂ ਬਿਨਾ ਚਿਤਵੀ ਵੀ ਨਹੀ ਜਾ ਸਕਦੀ। ਧਰਮ ਵਿੱਚ ਰਵਾਇਤਾਂ ਅਤੇ ਰਹੁਰੀਤਾਂ ਬੇਸ਼ੱਕ ਮਨੁੱਖੀ ਮਨ ਨਾਲ ਸਬੰਧ ਰੱਖਦੀਆਂ ਹੋਣ ਪਰ ਇਨਾਂ ਦੇ ਮਨੋ-ਸਰੀਰਕ ਅਤੇ ਮਾਨਸਿਕ ਅਸਰਾਂ ਨੂੰ ਅੱਖੋਂ ਓਹਲੇ ਨਹੀ ਕੀਤਾ ਜਾ ਸਕਦਾ।”
ਜੋਆਕਿਮ ਵਾਚ ਇਸੇ ਕਿਤਾਬ ਵਿੱਚ ਧਰਮ ਦੀ ਉਸ ਸ਼ਕਤੀ ਦਾ ਵਰਨਣ ਕਰਦਾ ਹੈ ਜੋ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਵਿੱਚ ਏਕਤਾ, ਇੱਕਸੁਰਤਾ ਅਤੇ ਭਾਈਚਾਰੇ ਦਾ ਗਹਿਰਾ ਸਬੰਧ ਸਥਾਪਤ ਕਰਦੀ ਹੈ। ਵਾਚ ਆਖਦਾ ਹੈ, “ਧਾਰਮਿਕ ਅਨੁਭਵ, ਰਵਾਇਤੀ ਹੋਣ ਦੇ ਬਾਵਜੂਦ ਵੀ ਅਜਿਹੀ ਸ਼ਕਤੀ ਹੈ ਜੋ ਉਨ੍ਹਾਂ ਲੋਕਾਂ ਨੂੰ ਵੀ ਭਾਵੁਕ ਤੌਰ ਤੇ ਇੱਕ ਦੂਜੇ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਦਾ ਹੈ ਜੋ ਆਪਣੀ ਅਮੀਰੀ ਜਾਂ ਸਮਾਜੀ ਸ਼ੁਹਰਤ ਕਾਰਨ ਆਮ ਤੌਰ ਤੇ ਆਪਣੇ ਹੀ ਭਾਈਚਾਰੇ ਨਾਲ਼ੋਂ ਕਿਤੇ ਦੂਰ ਰਹਿ ਰਹੇ ਹੁੰਦੇ ਹਨ। ਇਹ ਭਾਵਨਾਵਾਂ ਦਾ ਅਜਿਹਾ ਭੰਡਾਰ ਹੈ ਜੋ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਵਿੱਚ ਜਾ ਕੇ ਹਿਲਜੁਲ ਪੈਦਾ ਕਰਦਾ ਹੈ, ਅਤੇ ਅਜਿਹੇ ਲੋਕਾਂ ਨੂੰ ਇੱਕਸੁਰ ਕਰ ਦੇਂਦਾ ਹੈ ਜੋ ਆਪਣੇ ਕਿੱਤੇ, ਅਮੀਰੀ ਅਤੇ ਅਹੁਦੇ ਕਾਰਨ ਕੁਝ ਦੂਰ ਚਲੇ ਗਏ ਹੁੰਦੇ ਹਨ।”
ਜੋਆਕਿਮ ਵਾਚ ਦੇ ਇਸੇ ਸੰਦਰਭ ਨੂੰ ਫਲਸਫੇ ਦੀਆਂ ਡੂੰਘੀਆਂ ਤੰਦਾਂ ਨਾਲ ਦੋ ਹੋਰ ਜਰਮਨ ਫਿਲਾਸਫਰਾਂ ਨੇ ਉਸਾਰਿਅ ਹੈ। ਜਾਨ ਐਸਮਾਨ ਅਤੇ ਐਲੀਡਾ ਐਸਮਾਨ ਨੇ ਧਰਮ ਅਤੇ ਸੱਭਿਆਚਅਰਕ ਯਾਦ ਦਾ ਸੁਮੇਲ ਕੀਤਾ ਹੈ ਅਤੇ ਕਿਸੇ ਧਰਮ ਦੀਆਂ ਰਵਾਇਤਾਂ ਅਤੇ ਸਾਂਝੀਆਂ ਸੱਭਿਆਚਾਰਕ, ਇਤਿਹਾਸਕ ਯਾਦਾਂ ਦੇ ਸੰਦਰਭ ਵਿੱਚ ਆਪਣਾਂ ਅਧਿਐਨ ਪੇਸ਼ ਕੀਤਾ ਹੈ। ਇਨ੍ਹਾਂ ਦੋਵਾਂ ਵਿਦਵਾਨਾਂ ਨੇ ਆਪਣੀਆਂ ਕਿਤਾਬਾਂ ‘ਟਾਈਮ ਐਂਡ ਟਰੈਡੀਸ਼ਨ’ ਅਤੇ ‘ਰਿਲੀਜਨ ਐਂਡ ਕਲਚਰਲ ਮੈਮਰੀ’ ਵਿੱਚ ਇਹ ਗੱਲ ਪੇਸ਼ ਕੀਤੀ ਹੈ ਕਿ, ਰਵਾਇਤਾਂ ਨੂੰ ਸਿਰਫ ਓਪਰੇ ਤੌਰ ਤੇ ਹੀ ਨਹੀ ਸਮਝਿਆ ਜਾਣਾਂ ਚਾਹੀਦਾ। ‘ਰਵਾਇਤਾਂ ਸੰਚਾਰ ਦਾ ਵਿਸ਼ੇਸ਼ ਅੰਗ ਹਨ ਜੋ ਸਿਰਫ ਵਿਚਾਰਾਂ ਦੇ ਪਰਸਪਰ ਜਾਂ ਖੜ੍ਹੇ-ਦਾਅ ਸੰਚਾਰ ਦਾ ਹੀ ਮਾਧਿਅਮ ਨਹੀ ਹਨ ਬਲਕਿ ਇਹ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਹੁੰਦੀਆਂ ਹਨ।
ਜਾਨ ਐਸਮਾਨ ਇਸਨੂੰ ‘ਮੈਮਰੀ ਆਫ ਦੀ ਵਿੱਲ’ ਆਖਦਾ ਹੈ। ਉਸਦਾ ਕਹਿਣਾਂ ਹੈ, “ਜਦੋਂ ਅਸੀਂ ਕਿਸੇ ਅਜਿਹੀ ਚੀਜ ਬਾਰੇ ਸੋਚਦੇ ਹਾਂ ਜਿਸਨੂੰ ਅਸੀਂ ਭੁੱਲਣਾਂ ਨਹੀ ਚਾਹੁੰਦੇ ਉਸ ਲਈ ਅਸੀਂ ਯਾਦ-ਸਾਧਨ (Memory Aid) ਵਿਕਸਿਤ ਕਰ ਲ਼ੈਂਦੇ ਹਾਂ। ਇਹ ਯਾਦ ਸਾਧਨ ਸਾਡੇ ਅੰਗੂਠੇ ਤੇ ਬੰਨੀ੍ਹ ਗਾਨੀ ਤੋਂ ਲੈਕੇ ਸਾਡੀਆਂ (ਇਤਿਹਾਸਕ) ਯਾਦਾਂ ਤੱਕ ਫੈਲੇ ਹੋ ਸਕਦੇ ਹਨ। ਅਜਿਹੀਆਂ ਯਾਦਾਂ ਵਿੱਚ ਫਿਰ ਪੂਰੀ ਕੌਮ ਅਤੇ ਧਰਮ ਦੀ ਯਾਦ ਸਮੁਚਿਤ ਹੋ ਜਾਂਦੀ ਹੈ। ਅਜਿਹੀਆਂ ਯਾਦਾਂ ਕੌਮੀ ਯਾਦਾਂ ਬਣ ਕੇ ਉਸ ਕੌਮ ਦੇ ਹਿਰਦੇ ਵਿੱਚ ਉਸਰ ਜਾਂਦੀਆਂ ਹਨ। ਰੀਤਾਂ, ਰਵਾਇਤਾਂ, ਧਾਰਮਿਕ ਦਿਹਾੜੇ ਅਤੇ ਕੌਮੀ ਯਾਦਗਾਰਾਂ। ਇਸ ਸਾਂਝੀ ਕੌਮੀ ਯਾਦ ਦੇ ਘੇਰੇ ਵਿੱਚ ਆਉਂਦੀਆਂ ਹਨ।”
ਜਾਨ ਐਸਮਾਨ ਨੇ ਇਸ ਕਿਸਮ ਦੀਆਂ ਸੱਭਿਆਚਰਕ ਅਤੇ ਇਤਿਹਾਸਕ ਯਾਦਾਂ ਨੂੰ ਧਰਮ ਦੇ ਪੈਰੋਕਾਰਾਂ ਦੇ ਮਨ ਵਿੱਚ ਗੂੜ੍ਹਾ ਉਕਰ ਦੇਣ ਦੀ ਇਤਿਹਾਸਕ ਰਵਾਇਤ ਦਾ ਜਿਕਰ ਵੀ ਕੀਤਾ ਹੈ। ਐਸਮਾਨ ਦੀ ਇਸ ਸਾਂਝੀ ਯਾਦ ਦੀ ਇਤਿਹਾਸਕ ਵਿਆਖਿਆ ਸਿੱਖ ਅਰਦਾਸ ਨਾਲ ਜਾ ਮਿਲਦੀ ਹੈ। ਉਸ ਦੱਸਦਾ ਹੈ ਕਿ ਅਸੀਰੀਅਨ ਕਾਲ ਦੌਰਾਨ ਉਸ ਵੇਲੇ ਦੇ ਰਾਜੇ ਅਸ਼ੁਰਬੈਨੀਪਾਲ ਨੇ ਆਪਣੇ ਜਾਨਸ਼ੀਨ ਪ੍ਰਤੀ ਸ਼ਰਧਾ ਅਤੇ ਵਫਾਦਾਰੀ ਪ੍ਰਗਟਾਉਣ ਦੇ ਮਨਸ਼ੇ ਨਾਲ ਸ਼ਹਿਰੀਆਂ ਦਾ ਸਮੂਹਕ ਸਹੁੰ-ਚੁੱਕ ਸਮਾਗਮ ਕਰਵਾਇਆ। ਇਹ ਗੱਲ ਧਿਆਨ ਵਿੱਚ ਰੱਖਦਿਆਂ ਕਿ ਕਿਤੇ ਇਹ ਸ਼ਹਿਰੀ ਆਪਣੇ ਘਰ ਜਾ ਕੇ ਆਪਣੀ ਸਹੁੰ ਨੂੰ ਭੁੱਲ ਨਾ ਜਾਣ ਉਸ ਨੇ ਕੁਝ ਵਕਫੇ ਬਾਅਦ ਇਸ ਸਹੁੰ ਨੂੰ ਦੁਹਰਾਉਣ ਲਈ ਇੱਕ ਰਵਾਇਤ ਚਲਾ ਦਿੱਤੀ ਜਿਸ ਤਹਿਤ ਇੱਕ ਸੱਭਿਆਚਾਰਕ ਸਮਾਗਮ ਜੋ ਹਰ ਮਹੀਨੇ ਹੁੰਦਾ ਉਸ ਸਹੁੰ ਨੂੰ ਸਾਰੀ ਉਮਰ ਯਾਦ ਰੱਖਣ ਦਾ ਨਿਸ਼ਚਾ ਦੁਹਰਾਉਂਦਾ। ਅਸੀਂ ਸਮਝਦੇ ਹਾਂ ਕਿ ਸਿੱਖ ਅਰਦਾਸ ਵੀ ਆਪਣੀਆਂ ਸਾਂਝੀਆਂ ਇਤਿਹਾਸਕ ਯਾਦਾਂ ਨੂੰ ਉਮਰ ਭਰ ਯਾਦ ਰੱਖਣ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਉਹ ਸਾਂਝੀਆਂ ਯਾਦਾਂ ਹਸਤਾਂਤਰਿਤ ਕਰਨ ਦਾ ਇੱਕ ਇਤਿਹਾਸਕ ਕਦਮ ਹੈ, ਜਿੱਥੇ ਕੌਮ ਹਰ ਰੋਜ ਆਪਣੀਆਂ ਸਾਂਝੀਆਂ ਯਾਦਗਾਰਾਂ (ਪੰਜ ਤਖਤ) ਅਤੇ ਹੋਰ ਗੁਰਧਾਮਾਂ ਨੂੰ ਯਾਦ ਕਰਦੀ ਹੈ ਅਤੇ ਫਿਰ ਆਪਣੇ ਸਾਂਝੇ ਸੂਰਬੀਰਾਂ ਦੀ ਯਾਦ ਤਾਜ਼ਾ ਕਰਦੀ ਹੈ।
ਸਾਂਝੀਆਂ ਯਾਦਗਾਰਾਂ ਅਤੇ ਸਾਂਝੇ ਸ਼ਹੀਦ ਸੂਰਬੀਰ, ਐਸਮਾਨ ਦੇ ਸ਼ਬਦਾਂ ਵਿੱਚ, ‘ਸਾਂਝੀ ਅਤੇ ਸੰਯੋਜਕ ਇਕਸੁਰਤਾ’ ਦੀ ਉਸਾਰੀ ਕਰਦੇ ਹਨ।
ਇਸ ਸੰਦਰਭ ਵਿੱਚ ਇਤਿਹਾਸਕਾਰ ਸ੍ਰ ਜਗਜੀਤ ਸਿੰਘ ਨੇ ਸਿੱਖ ਲਹਿਰ ਦੇ ਟੀਚਿਆਂ ਬਾਰੇ ਵਰਨਣ ਕਰਦੇ ਹੋਏ ਲਿਖਿਆ ਹੈ ਕਿ, “ਕੇਵਲ ਸਿੱਖ ਲਹਿਰ ਨੇ ਹਿੰਦੂ ਸਮਾਜ ਤੋਂ ਅਲਹਿਦਾ ਹੋਕੇ ਸਿੱਖ ਪੰਥ ਕਾਇਮ ਕਰਨ ਦਾ ਜਥੇਬੰਦ ਅਤੇ ਨਿਰੰਤਰ ਯਤਨ ਕੀਤਾ। ਇਸਦਾ ਟੀਚਾ ਜਾਤਪਾਤੀ ਸਿਸਟਮ ਵਿੱਚ ਸੁਧਾਰ ਕਰਕੇ ਗੁਜ਼ਾਰਾ ਕਰੀ ਜਾਣਾ ਨਹੀ ਸੀ। ਇਸਦਾ ਇਨਕਲਾਬੀ ਟੀਚਾ ਸੀ ਜਾਤ ਪਾਤੀ ਸਿਸਟਮ ਦੀ ਥਾਂ ਇੱਕ ਮਨੁੱਖੀ ਬਰਾਬਰੀ ਉਤੇ ਅਧਾਰਿਤ ਨਵਾ ਸਮਾਜ, ਸਿੱਖ ਪੰਥ ਕਾਇਮ ਕਰਨਾ।”
ਇਸ ਨਵੇਂ ਸਮਾਜ ਦੇ ਬੋਲੇ, ਸ਼ਹੀਦ, ਯਾਦਗਾਰਾਂ ਅਤੇ ਸਾਂਝੀ ਸੱਭਿਆਚਾਰਕ ਯਾਦ ਇੱਕਸੁਰ ਅਤੇ ਅਲਹਿਦਾ ਸੀ ਜੋ ਜੋਆਕਿਮ ਵਾਚ ਦੇ ਸ਼ਬਦਾਂ ਵਿੱਚ, ਜਦੋਂ ਸਾਂਝੇ ਵਲਵਲੇ ਨਾਲ ਗਾਈ ਜਾਂ ਚਿਤਵੀ ਜਾਂਦੀ ਹੈ ਤਾਂ ਅਹੁੱਦੇ, ਪੈਸੇ ਅਤੇ ਕਿੱਤੇ ਦੇ ਸਾਰੇ ਫਰਕ ਮਿਟ ਜਾਂਦੇ ਹਨ। ਸ਼ਾਂਝੀਆਂ ਯਾਦਾਂ ਨੂੰ ਪ੍ਰਣਾਏ ਹੋਏ ਮਨੁੱਖ ਅਰਦਾਸ ਵੇਲੇ ਇੱਕ ਕੌਮੀ ਰੂਪ ਹੋ ਜਾਂਦੇ ਹਨ।
ਸਾਂਝੀਆਂ ਯਾਦਾਂ ਦੇ ਇਸ ਕੌਮੀ ਸਰੂਪ ਦੇ ਸੰਦਰਭ ਵਿੱਚ ਹੁਣ ਅਸੀਂ ਇੱਕ ਵਾਰ ਫਿਰ ਸੰਘ ਪਰਿਵਾਰ ਵੱਲ਼ੋਂ ਕੀਤੇ ਜਾ ਰਹੇ ਯਤਨਾਂ ਨੂੰ ਘੋਖਣ ਦਾ ਯਤਨ ਕਰਾਂਗੇ ਅਤੇ ਉਸ ਸੰਦਰਭ ਵਿੱਚ ਸਿੱਖ ਯਾਦ ਦੀ ਮਜਬੂਤੀ ਤੇ ਉਸਾਰੂ ਭੂਮਿਕਾ ਬਾਰੇ ਵਿਚਾਰਾਂਗੇ।
ਲੀਓ ਪੈਨੀਟਕ ਅਤੇ ਕੌਲਿਨ ਲੇਅ ਨੇ ਇੱਕ ਕਿਤਾਬ ਸੰਪਾਦਤ ਕੀਤੀ ਹੈ, ‘Fighting Identities’ ਉਸ ਕਿਤਾਬ ਵਿੱਚ ਭਾਰਤੀ ਵਿਦਵਾਨ ਪ੍ਰਤਿਊਸ਼ ਚੰਦਰਾ ਦਾ ਬਹੁਤ ਖੋਜ ਭਰਪੂਰ ਲੇਖ ਹੈ, ‘Linguistic -Communal Politics and Class conflict in India’। ਇਸ ਲੇਖ ਵਿੱਚ ਪ੍ਰਤਿਊਸ਼ ਚੰਦਰਾ ਨੇ ਭਾਰਤ ਦੇ ਈਲੀਟ ਹਿੰਦੂ ਲੀਡਰਾਂ ਅਤੇ ਅਫਸਰਸ਼ਾਹੀ ਵੱਲ਼ੋਂ ਛੋਟੀਆਂ ਭਾਸ਼ਾਵਾਂ ਅਤੇ ਉਨ੍ਹਾਂ ਭਾਸ਼ਾਵਾਂ ਤੇ ਉਸਰੇ ਰਾਸ਼ਟਰਾਂ ਦੇ ਸਫਾਏ ਅਤੇ ਉਸ ਉਤੇ ਹਿੰਦੂ-ਚੌਧਰਵਾਦੀ ਰਾਸ਼ਟਰਵਾਦ (Hindu Hagemonic Nationalism) ਨੂੰ ਥੋਪਣ ਦੇ ਯਤਨਾ ਦਾ ਲੇਖਾ ਜੋਖਾ ਕੀਤਾ ਹੈ। ਪ੍ਰਤਿਊਸ਼ ਆਖਦੇ ਹਨ ਕਿ, “ਛੋਟੀਆਂ ਅਤੇ ਅਮੀਰ ਵਿਰਸੇ ਵਾਲੀਆਂ ਖੇਤਰੀ ਬੋਲੀਆਂ ਵਾਲੇ ਇਲਾਕਿਆਂ ਵਿੱਚ ਆਪਣੀ ਸਿਆਸੀ ਅਤੇ ਸਮਾਜੀ ਚੌਧਰ ਬਣਾਉਣ ਦੇ ਮਨਸ਼ੇ ਨਾਲ ਹਿੰਦੂ ਈਲੀਟ ਨੇ ਉਨ੍ਹਾਂ ਬੋਲੀਆਂ ਦਾ ਲਗਭਗ ਖਾਤਮਾ ਕਰਕੇ ਹਿੰਦੀ ਭਾਸ਼ਾ ਦੀ ਉਤਮਤਾ ਸਥਾਪਤ ਕਰ ਲਈ ਹੈ। ਜਾਂ ਤਾਂ ਉਹ ਅਮੀਰ ਭਾਸ਼ਾਵਾਂ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਹਨ ਜਾਂ ਫਿਰ ਉਨ੍ਹਾਂ ਨੂੰ ਗੰਵਾਰ ਭਾਸ਼ਾ (Rustic Vernaculars) ਤੱਕ ਕੰਧ ਨਾਲ ਲਾ ਕੇ ਰਖ ਦਿੱਤਾ ਹੋਇਆ ਹੈ।”
ਜੋ ਕੁਝ ਸੰਘ ਪਰਿਵਾਰ ਕਰਨ ਦੇ ਸੁਪਨੇ ਲੈ ਰਿਹਾ ਹੈ ਉਸਨੂੰ ਇਤਾਲਵੀ ਵਿਦਵਾਨ ਐਨਤੋਨੀਓ ਗਰਾਮਸਕੀ ਨੇ ‘ਚੌਧਰਵਾਦੀ ਰਾਸ਼ਟਰਵਾਦ’ ਦਾ ਨਾ ਦਿੱਤਾ ਹੈ। ਜੋ ਘੱਟ-ਗਿਣਤੀ ਭਾਈਚਾਰਿਆਂ ਤੇ ਥੋਪਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦੇ ਵਿਚਾਰ ਸਾਂਡਰਾ ਐਫ ਜੋਇਰਮੈਨ ਦੇ ਹਨ। ਆਪਣੀ ਕਿਤਾਬ Nationalism and Political Identity ਵਿੱਚ ਸਾਂਡਰਾ ਨੇ ਇਸ ਕਿਸਮ ਦੇ ਵਿਚਾਰਾਂ ਨੂੰ ‘ਥੋਪਿਆ ਹੋਇਆ ਰਾਸ਼ਟਰਵਾਦ’ ਆਖ ਕਿ ਵਿਆਖਿਆ ਕੀਤੀ ਹੈ।
ਹੁਣ ਇਸ ਸੰਦਰਭ ਵਿੱਚ ਅਸੀਂ ਸਿੱਖਾਂ ਦੀ ਸਾਂਝੀ ਯਾਦ ਦੇ ਇਤਿਹਾਸਕ ਖਜਾਨੇ ਨੂੰ ਫੋਲ ਕੇ ਦੇਖੀਏ ਕਿ ਉਹ ਅਜਿਹੇ ਝੱਖੜਾਂ ਦੇ ਸਾਹਮਣੇ ਕਿੰਨਾ ਕੁ ਮਜਬੂਤ ਹੈ। ਪਿਛਲੇ ਦਿਨੀ ਕਿਸੇ ਦੋਸਤ ਨੇ ਸ਼ੋਸ਼ਲ ਮੀਡੀਆ ਤੇ ਸੰਦੇਸ਼ ਭੇਜਿਆ-
ਰੁਝੇ ਰਹਿਓ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ
ਥੋੜੀ੍ਹ ਜਿਹੀ ਸਰਹੰਦ ਦੀ ਕੰਧ ਵੀ ਯਾਦ ਰੱਖਿਓ
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ
ਰੰਗਾਂ ਵਿੱਚ ਬੇਸ਼ੱਕ ਰਹਿਓ ਰੰਗੇ
ਕੁਝ ਇਤਿਹਾਸ ਦੇ ਰੰਗ ਵੀ ਯਾਦ ਰੱਖਿਓ
ਹਰ ਧਰਮ ਦੀ ਕਦਰ ਖੂਬ ਕਰਿਓ
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ।
ਅਸੀਂ ਸਮਝਦੇ ਹਾਂ ਕਿ ਇਹ ਸਾਂਝੀ ਯਾਦ ਦਾ ਉਹ ਅਚੇਤ ਜਾਂ ਸੁਚੇਤ ਯਤਨ ਹੈ ਜੋ ਐਲੀਡਾ ਐਸਮਾਨ ਦੇ ਸ਼ਬਦਾਂ ਵਿੱਚ ਆਪਣੀ ਬੋਲੀ ਅਤੇ ਰਵਾਇਤਾਂ ਨਾਲ ਲਗਾਤਾਰ ਹਸਤਾਂਤਰਿਤ ਹੁੰਦਾ ਰਹਿੰਦਾ ਹੈ। ਜਾਨ ਐਸਮਾਨ ਆਖਦਾ ਹੈ, “ਇਹ ਸਾਡਾ ਅਤੀਤ ਹੈ ਜੋ ਸਾਡਾ ਸੰਗੀ ਬਣਿਆ ਹੋਇਆ ਹੈ, ਕਿਉਂਕਿ ਇਹ ਸਾਡੇ ਨਾਲ ਸਬੰਧ ਰੱਖਦਾ ਹੈ। ਕਿਉਂਕਿ ਇਸ ਨੂੰ ਵਰਤਮਾਨ ਵਿੱਚ ਜਿੰਦਾ ਰੱਖਣ ਦੀ ਲੋੜ ਹੈ। ਇਹ ਸਾਨੂੰ ਸੰਭਾਲ ਕੇ ਰੱਖਦਾ ਹੈ ਅਤੇ ਅਸੀਂ ਇਸ ਨੂੰ ਬਚਾ ਕੇ ਰੱਖਦੇ ਹਾਂ।”
ਇਤਿਹਾਸ ਅਤੇ ਸਾਂਝੀਆਂ ਯਾਦਾਂ ਸਾਨੂੰ ਬਚਾ ਕੇ ਰੱਖਦੀਆਂ ਹਨ ਅਤੇ ਸਾਡੀ ਇਹ ਜਿੰਮੇਵਾਰੀ ਹੈ ਕਿ ਅਸੀਂ ਇਨ੍ਹਾਂ ਨੂੰ ਸੰਭਾਲ ਕੇ ਰੱਖੀਏ। ਇਸ ਸਬੰਧ ਵਿੱਚ ਇੱਕ ਹੋਰ ਵੀਡੀਓ ਜੋ ਸ਼ੋਸ਼ਲ ਮੀਡੀਆ ਰਾਹੀਂ ਪਹੁੰਚੀ ਹੈ ਦਾ ਵਰਨਣ ਕਰਨਾ ਵੀ ਕਾਫੀ ਜਰੂਰੀ ਬਣ ਜਾਂਦਾ ਹੈ ਕਿਉਂਕਿ ਇਸ ਵਿੱਚ ਵੀ ਸਿੱਖ ਯਾਦ ਦੀਆਂ ਇਤਿਹਾਸਕ ਰਮਜ਼ਾਂ ਝਲਕਾਰੇ ਮਾਰਦੀਆਂ ਹਨ- ਇਹ ਕਿਸੇ ਸਿੱਖ ਬਜ਼ੁਰਗ ਨੇ ਗਾਈ ਹੈ। ਧਾਰਮਿਕ ਗੀਤ ਵੀ ਸਾਂਝੀ ਯਾਦ ਨੂੰ ਬਚਾ ਕੇ ਰੱਖਣ ਦਾ ਸਬੱਬ ਬਣਦੇ ਹਨ। ਉਹ ਕਵੀਸ਼ਰੀ ਹੈ-
ਜੋ ਸਾਡੀ ਨਜ਼ਰ ਚ ਯੋਧੇ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨੀ
ਬਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀ ਸਰਕਾਰੇ ਨੀ
ਤੂੰ ਲਾਲ ਕਿਲੇ ਦੀ ਰਾਣੀ ਏ, ਤੇਰੇ ਖਸਮ ਵੀ ਤਾਜਾਂ ਵਾਲੇ ਨੇ
ਅਸੀਂ ਵਾਰਸ ਕੱਚੀਆਂ ਗੜ੍ਹੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ
ਤੇਰੇ ਲਈ ਮਖਮਲੀ ਸੇਜਾਂ ਨੇ ਸਾਡੇ ਲਈ ਮਾਛੀਵਾੜੇ ਨੀ
ਬਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀ ਸਰਕਾਰੇ ਨੀ
ਤੈਨੂੰ ਮਾਣ ਸਦਾ ਹੀ ਰਹਿੰਦਾ ਏ ਕਦੇ ਗੰਗੂ ਤੇ ਕਦੇ ਚੰਦੂ ਤੇ
ਉਸ ਵੇਲੇ ਕੋਈ ਦਿਸਿਆ ਨਾ ਜਦੋਂ ਖਤਰਾ ਬਣਿਆ ਜੰਜੂ ਤੇ
ਤੂੰ ਚੌਕ ਚਾਂਦਨੀ ਭੁੱਲ ਗਈ ਏ, ਭੁੱਲ ਗਈ ਏ ਤੇਗਾਂ ਆਰੇ ਨੀ
ਬਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਈ ਸਰਕਾਰੇ ਨੀ।
ਕੱਚੀਆਂ ਗੜ੍ਹੀਆਂ, ਮਾਛੀਵਾੜੇ, ਚਾਂਦਨੀ ਚੌਕ, ਤੇਗਾਂ ਤੇ ਆਰੇ ਇਹ ਸਿੱਖ ਕੌਮ ਦੀ ਸਾਂਝੀ ਇਤਿਹਾਸਕ ਯਾਦ ਦਾ ਸਰਮਾਇਆ ਹਨ। ਜਦੋਂ ਤੱਕ ਸਿੱਖ ਆਪਣੀਆਂ ਇਨ੍ਹਾਂ ਸਾਂਝੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਗੇ, ਉਦੋਂ ਤੱਕ ਬੇਗਾਨੇ ਫਲਸਫੇ ਆਪਣੀ ਖੁੰਖਾਰੂ ਸਮਰਥਾ ਦੇ ਬਾਵਜੂਦ ਵੀ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀ ਹੋ ਸਕਣਗੇ।