ਪੰਜਾਬ ਪ੍ਰਾਂਤ ਦੀ ਇਸ ਸਮੇਂ ਮੌਜੂਦਾ ਸਰਕਾਰ ਜਿਸਦਾ ਮੁੱਖ ਹਿੱਸੇਦਾਰ ਸ਼੍ਰੋਮਣੀ ਅਕਾਲੀ ਦਲ ਹੈ, ਅਤੇ ਪਿਛਲੇ ਤਕਰੀਬਨ ਅੱਠ ਸਾਲਾਂ ਤੋਂ ਲਗਾਤਾਰ ਪੰਜਾਬ ਅਤੇ ਸਿੱਖਾਂ ਤੇ ਹਕੂਮਤ ਕਰ ਰਿਹਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਅਸਲ ਅਕਾਲੀਅਤ ਨਾਲ ਹੁਣ ਅੱਜ ਦੇ ਸਮੇਂ ਵਿੱਚ ੯੩ ਸਾਲ ਦੀ ਹੋਣ ਤੋਂ ਬਾਅਦ ਵੱਡਾ ਫਰਕ ਹੈ। ਮੁਢਲਾ ਸ਼੍ਰੋਮਣੀ ਅਕਾਲੀ ਦਲ ਅੱਜ ਤੋਂ ੯੩ ਸਾਲ ਪਹਿਲਾਂ ੧੪ ਨਵੰਬਰ ੧੯੨੧ ਦੇ ਇਤਿਹਾਸਕ ਪੰਥਕ ਇਕੱਠ ਜੋ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਹੋਇਆ ਹੈ, ਉਸ ਸਮੇਂ ਹੋਂਦ ਵਿੱਚ ਆਇਆ ਸੀ। ਇਹ ਵੱਖ-ਵੱਖ ਪਹਿਲੂਆਂ ਅਤੇ ਸੰਘਰਸ਼ਾਂ ਵਿਚੋਂ ਗੁਜਰਦਾ ਹੋਇਆ ਸਿੱਖਾਂ ਦੀ ਸਿਰਮੌਰ ਸਿਆਸੀ ਪਾਰਟੀ ਅੱਜ ਸਿਮਟ ਕੇ ਪੰਜਾਬੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਕੇ ਰਹਿ ਗਈ ਹੈ। ਕਿਉਂਕਿ ਇਹ ਇਤਿਹਾਸਕ ਸਚਾਈ ਰਹੀ ਹੈ ਕਿ ਜਿਸ ਸ਼੍ਰੋਮਣੀ ਅਕਾਲੀ ਪਾਰਟੀ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੋਵੇਗਾ ਉਹ ਹੀ ਅਸਲ ਅਤੇ ਤਾਕਤਵਰ ਸ਼੍ਰੋਮਣੀ-ਅਕਾਲੀ ਦਲ ਮੰਨਿਆ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਗੁਰਦੁਆਰਾ ਕਮੇਟੀ ਅਤੇ ਉਸਤੋਂ ਬਾਅਦ ਬਣੇ ਗੁਰੂਦੁਆਰਾ ਸੇਵਾਦਲ ਦੇ ਵਿਚੋਂ ਉਭਰ ਕੇ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਗੁਰਮੁੱਖ ਸਿੰਘ ਝਬਾਲ ਦੀ ਰਹਿਨੁਮਾਈ ਹੇਠ ਸਥਾਪਤ ਹੋਇਆ ਸੀ। ਇਸਦਾ ਮੁੱਖ ਉਦੇਸ਼ ਇਸਦੀ ਹੋਂਦ ਵੇਲੇ ਇਹ ਸੀ ਕਿ ਇਹ ਸਿੱਖਾਂ ਦੀ ਰਹਿਨੁਮਾਈ ਲਈ ਰਾਜਨੀਤਿਕ ਅਤੇ ਸਮਾਜਿਕ ਜਮਾਤ ਹੋਵੇਗੀ ਜਿਸਦਾ ਮੁੱਖ ਨਿਸ਼ਾਨਾ ਸਿੱਖਾਂ ਦੀ ਵੱਖਰੀ ਅਤੇ ਅਜਾਦ ਹਸਤੀ ਨੂੰ ਪ੍ਰਫੁੱਲ ਕਰਨਾ ਅਤੇ ਸਦਾ ਬੁਲੰਦ ਰੱਖਣਾ ਸੀ। ਇਸ ਲਈ ਇਸ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਲਈ ਅਤੇ ਭਾਰਤ ਦੀ ਅਜ਼ਾਦੀ ਲਈ ਵੱਡਮੁੱਲੇ ਅਤੇ ਕੁਰਬਾਨੀਆਂ ਭਰੇ ਸ਼ੰਘਰਸ਼ ਕੀਤੇ ਜਿਸਦੀ ਸਰਾਹਨਾ ਕੇਵਲ ਸਿੱਖਾਂ ਵਿੱਚ ਹੀ ਨਹੀਂ ਸੀ ਸਗੋਂ ਦੂਸਰੀਆਂ ਅਜ਼ਾਦੀ ਵੇਲੇ ਲੜ ਰਹੀਆਂ ਸਿਆਸੀ ਜਮਾਤਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਜਬਾਤਾਂ ਅਤੇ ਕਦਰਾਂ-ਕੀਮਤਾਂ ਵੀ ਬਹੁਤ ਪ੍ਰਭਾਵਤ ਸਨ। ਇਸੇ ਲਈ ਸਮੇਂ ਸਮੇਂ ਤੇ ਦੂਸਰੀਆਂ ਅਜਾਦੀ ਲਈ ਲੜ ਰਹੀਆਂ ਵੱਡੀਆਂ ਪਾਰਟੀਆਂ ਜਿਵੇਂ ਕਿ ਕਾਂਗਰਸ ਪਾਰਟੀ ਦੇ ਸਿਰਮੌਰ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ-ਵਾਰ ਆਪਣੇ ਸੰਘਰਸ਼ਾਂ ਵਿੱਚ ਜਿੱਤ ਹਾਸਲ ਕਰਨ ਕਰਕੇ ਉਨਾਂ ਦੀ ਖੁੱਲ ਕੇ ਸਰਾਹਨਾ ਕੀਤੀ ਸੀ। ਇਸੇ ਕਰਕੇ ਹੀ ਸਿੱਖ ਭਾਵੇਂ ਉਸ ਸਮੇਂ ਕੁੱਲ ਭਾਰਤੀ ਵਸੋਂ ਦੇ ੧½ ਪ੍ਰਤੀਸ਼ਤ ਹਿੱਸਾ ਸਨ ਪਰ ਇੰਨਾਂ ਦੇ ਹਿੱਸੇ ੮੫ ਪ੍ਰਤੀਸ਼ਤ ਭਾਰਤ ਦੀ ਅਜਾਦੀ ਲਈ ਕੁਰਬਾਨੀਆਂ ਝੋਲੀ ਪਈਆਂ ਸਨ। ਜਿਸ ਵਿੱਚ ਮੁੱਖ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਦੀ ਯੋਗ ਅਗਵਾਈ ਹੀ ਮੰਨੀ ਜਾ ਸਕਦੀ ਹੈ।

ਅੱਜ ੯੩ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਿਛਲੇ ਵੀਹ ਸਾਲਾਂ ਤੋਂ ਉੱਪਰ ਸਮੇਂ ਤੋਂ ਆਪਣੀਆਂ ਵੱਡਮੁੱਲੀਆਂ ਕਦਰਾਂ-ਕੀਮਤਾਂ ਦੇ ਇਤਿਹਾਸ ਨੂੰ ਰਾਜ-ਸੱਤਾ ਦੇ ਇੱਕੋ ਇੱਕ ਨਿਸ਼ਾਨੇ ਸਦਕਾ ਆਪਣੀ ਪੁਰਾਤਨ ਦਿੱਖ ਅਤੇ ਪਛਾਣ ਨੂੰ ਸਿੱਖਾਂ ਵਿੱਚ ਕਾਫੀ ਹੱਦ ਤੱਕ ਗਵਾ ਚੁੱਕਿਆ ਹੈ। ਜਿਸ ਤਰਾਂ ਅਜਾਦੀ ਤੋਂ ਪਹਿਲਾਂ ਅਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਤੱਕ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸਿੱਖ ਕੌਮ ਦਾ ਮੋਹ ਅਤੇ ਸਤਿਕਾਰ ਡੁੱਲਦਾ ਸੀ ਉਹ ਅਜੇ ਬੀਤੇ ਦੀ ਗੱਲ ਬਣ ਚੁੱਕਿਆ ਹੈ। ੧੯੮੪ ਦੇ ਦੁਖਾਂਤ ਤੋਂ ਬਾਅਦ ਸਿੱਖੀ ਧਾਰਮਿਕ, ਸਮਾਜਿਕ ਅਤੇ ਰਾਜ਼ਸੀ ਸਫਾਂ ਵਿੱਚ ਕਈ ਕਰਵਟਾਂ ਆਈਆਂ ਤਾਂ ਜੋ ਆਪੋ ਆਪਣੇ ਤਰੀਕਿਆਂ ਨਾਲ ਸਿੱਖ ਕੌਮ ਦੇ ਕੁਰਬਾਨੀਆ ਭਰੇ ਅਤੇ ਬੇ-ਮਿਸਾਲ ਗੋਰਵਮਈ ਇਤਿਹਾਸ ਨੂੰ ਇੱਕ ਪ੍ਰਭੂਸੱਤਾ ਅਤੇ ਅਜਾਦ ਪ੍ਰਸਤ ਹਸਤੀ ਵਿੱਚ ਬਰਕਰਾਰ ਰੱਖਿਆ ਜਾ ਸਕੇ। ਪੰਜਾਬੀ ਸੂਬੇ ਦੇ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ ਸਮੇਂ ਸਿਰ ਆਈਆਂ ਡੂੰਘੀਆਂ ਤੇੜਾਂ ਅਤੇ ਰਾਜਸੱਤਾ ਪ੍ਰਤੀ ਅਤੇ ਪਰਿਵਾਰਕ ਮੋਹ ਪ੍ਰਸਤੀ ਦੇ ਵਧਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਵੱਧ ਰਹੀ ਕਮਜ਼ੋਰੀ ਨੂੰ ਠੱਲ ਪਾਉਣ ਲਈ ਭਾਵੇਂ ਕੁਝ ਸਮੇਂ ਲਈ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੇ ਕੋਸ਼ਿਸ ਤਾਂ ਜਰੂਰ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਅੰਦਰ ਉਸ ਸਮੇਂ ਤੱਕ ਭਾਰੂ ਹੋ ਚੁੱਕੀ ਲੋਭਪ੍ਰਸਤੀ ਵਾਲੀ ਜਮਾਤ ਜਿਸਦਾ ਮੁੱਖ ਨਿਸ਼ਾਨਾਂ ਸਿੱਖਾਂ ਦੀ ਪ੍ਰਭੂਸੱਤਾ ਜਾਂ ਅਜਾਦ ਹਸਤੀ ਦੀ ਬਜਾਇ ਮੂਲ ਰੂਪ ਵਿੱਚ ਰਾਜਸੱਤਾ ਹਥਿਆਉਣਾ ਸੀ। ਇਸ ਕਰਕੇ ਸੰਤਾਂ ਦੀ ਸ਼ਹੀਦੀ ਅਤੇ ਹੋਰ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਪ੍ਰਸਤ ਸਿੱਖਾਂ ਵਲੋਂ ਝੱਲੀਆਂ ਲੰਮੀਆਂ ਦੁੱਖ ਤਕਲੀਫਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸਦੇ ਮੁਢਲੇ ਉਦੇਸ਼ ਜਿਸ ਕਰਕੇ ਇਹ ਹੋਂਦ ਵਿੱਚ ਆਇਆ ਸੀ ਤੇ ਲਿਆ ਕੇ ਖੜਾ ਨਾ ਕਰ ਸਕੇ। ਪਰ ਇਹ ਜਰੂਰ ਹੈ ਕਿ ਇੰਨੀਆਂ ਲੰਮੀਆਂ ਕੁਰਬਾਨੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜ ਛੇ ਵਾਰ ਸਰਕਾਰ ਬਣਾਉਣ ਦੀ ਲਾਲਸਾ ਤਾਂ ਜਰੂਰ ਬਖਸ਼ ਦਿੱਤੀ ਪਰ ਇਸ ਕਰਕੇ ਜੋ ਅੱਜ ਸਿੱਖ ਕੌਮ ਦੀ ਧਾਰਮਿਕ ਅਤੇ ਸਮਾਜਿਕ ਨਾਲ ਨਾਲ ਰਾਜਨੀਤਿਕ ਦਿੱਖ ਤਕਰੀਬਨ ਤਕਰੀਬਨ ਬੁਰੀ ਤਰਾਂ ਪ੍ਰਦੂਸ਼ਤ ਹੋ ਚੁੱਕੀ ਹੈ ਅਤੇ ਅੱਜ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਜਿਸਦੀ ਰਹਿਨੁਮਾਈ ਪਿਛਲੇ ਵੀਹਾਂ ਸਾਲਾਂ ਤੋਂ ਉੱਪਰ ਸ੍ਰ.ਪ੍ਰਕਾਸ ਸਿੰਘ ਬਾਦਲ ਜੋ ਪੰਜ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਤੇ ਅੱਜ ਵੀ ਹਨ, ਇੱਕ ਪਰਿਵਾਰਕ ਸ਼੍ਰੋਮਣੀ ਅਕਾਲੀ ਦਲ ਵਿੱਚ ਤਬਦੀਲ ਹੋ ਚੁੱਕਿਆ ਹੈ। ਜੋ ਕਦੇ ਪੰਥਕ ਅਤੇ ਸਿੱਖਾਂ ਦੀ ਗੌਰਵਮਈ ਜਮਾਤ ਹੁੰਦੀ ਸੀ।

ਅੱਜ ਦਾ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਦਾ ਪੁਰਾਤਨ ਕੁਰਬਾਨੀਆਂ ਅਤੇ ਲਾਮਿਸਾਲ ਸੰਘਰਸ਼ਾਂ ਦੀ ਹਰ ਸਟੇਜ ਅਤੇ ਰਾਜਨੀਤਿਕ ਇੱਕਠ ਤੇ ਬਾਹਵਾਂ ਉਲਾਰ ਉਲਾਰ ਕੇ ਗੱਲਾਂ ਕਰਦਾ ਹੈ ਉਸਦੀ ਸਾਂਝ, ਜਿਸਨੂੰ ਕਿ ਇਹ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਹਨ ਉਸ ਰਾਜਨੀਤਿਕ ਪਾਰਟੀ ਨਾਲ ਹੈ ਜਿਸਦੀ ਸਿਆਸੀ ਟਕਸਾਲ ਉਹ ਜਮਾਤ ਹੈ ਜਿਸਨੇ ਭਾਰਤ ਦੀ ਅਜਾਦੀ ਤੋਂ ਇੱਕ ਸਾਲ ਬਾਅਦ ੧੯੪੮ ਵਿੱਚ ਉਸ ਟਕਸਾਲ ਦੇ ਮੁੱਖੀ ਨੇ ਬੇਨਤੀ ਕੀਤੀ ਸੀ ਅਤੇ ਲਿਖਤੀ ਰੂਪ ਵਿੱਚ ਉਸ ਸਮੇਂ ਦੇ ਭਾਰਤੀ ਹੋਮ ਮਨਿਸਟਰ ਪਟੇਲ ਨੂੰ ਇਹ ਵਾਅਦਾ ਕੀਤਾ ਸੀ ਕਿ ਅਸੀਂ ਸਿਰਫ ਤੇ ਸਿਰਫ ਸਮਾਜ ਭਲਾਈ ਦੇ ਕੰਮ ਕਰਾਂਗੇ ਪਰ ਸਾਡਾ ਰਾਜਨੀਤੀ ਜਾਂ ਉਸ ਰੂਪ-ਰੇਖਾ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਇਹ ਭਾਈਵਾਲ ਪਾਰਟੀ ਦਾ ਸਿੱਖਾਂ ਪ੍ਰਤੀ ਜਨਤਕ ਖਿਆਲ ਜੋ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦਾ ਰਹਿੰਦਾ ਹੈ ਉਸ ਮੁਤਾਬਕ ਹਿੰਦੂਵਾਦ ਦੇ ਨਾਮ ਹੇਠਾਂ ਸਿੱਖ ਧਰਮ ਨੂੰ ਬਹੁਗਿਣਤੀ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਦਰਸਾਇਆ ਜਾ ਰਿਹਾ ਹੈ। ਇਸੇ ਹੀ ਜਮਾਤ ਨੇ ਸਿੱਖਾਂ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਆਪਣੀ ਰਾਸ਼ਟਰੀ ਸਿੱਖ ਸੰਗਤ ਸਥਾਪਤ ਕੀਤੀ ਹੋਈ ਹੈ।

ਸ਼੍ਰੋਮਣੀ ਅਕਾਲੀ ਦਲ ਜੋ ਅੱਜ ਤੋਂ ੯੩ ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਉਸਦਾ ਭਾਵੇਂ ਮੁੱਖ ਨਿਸ਼ਾਨਾ ਸਿੱਖ ਦੀਆਂ ਕਦਰਾਂ- ਕੀਮਤਾਂ, ਪ੍ਰਭੂਸਤਾ, ਗੁਰੂਦੁਆਰਾ ਸਾਹਿਬ ਦੀ ਸੁਚੱਜੀ ਸੇਵਾ ਹੈ ਅਤੇ ਸਿੱਖ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਚੇਤੇ ਵੀ ਨਹੀਂ ਕਿ ਦਸੰਬਰ ਦੀ ੧੦ ਤਾਰੀਕ ਸਾਰੀਂ ਦੁਨੀਆਂ ਵਿੱਚ ਮਨੁੱਖੀ ਕਦਰਾਂ ਕੀਮਤਾਂ ਤੇ ਮਾਨਵਤਾ ਦੇ ਦਿਨ ਵਜੋਂ ਜਾਣੀ ਜਾਂਦੀ ਹੈ ਅਤੇ ਅੱਡ-ਅੱਡ ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਜਾਗਰਤ ਰਾਜਸੀ ਜਮਾਂਤਾਂ ਇਸ ਦਿਨ ਜਨਤਕ ਰੂਪ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜਬੂਤ ਕਰਨਾ ਹੁੰਦਾ ਹੈ। ਪਰ ਇਸ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਪਿੱਛਲੇ ਵੀਹ ਸਾਲਾਂ ਤੋਂ ਉਪਰ ਵੀ ਜੇ ਨਜ਼ਰ ਮਾਰੀਏ ਤਾਂ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਦਿਨਾਂ ਬਾਰ ਚੇਤੇ ਵੀ ਨਹੀਂ ਰੱਖਿਆ ਸਗੋਂ ਅੱਜ ਦੀ ਸਿੱਖ ਕੌਮ ਵਿੱਚੋਂ ਇੱਕ ਸਿੱਖ ਬੀਬੀ ਗੁਰਪ੍ਰੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਵੀਹ ਸਾਲਾਂ ਤੋਂ ਉਪਰ ਚੱਲੇ ਆ ਰਹੇ ਸਰਪ੍ਰਸਤ ਨੂੰ ਮਿਲਣ ਦੀ ਗੁਹਾਰ ਸਦਕਾ ਦਿਨਾਂ-ਬੱਧੀ ਠੋਕਰਾਂ ਖਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜੋ ਕਿ ਮੁੱਖ ਮੰਤਰੀ ਵੀ ਹਨ, ਦੇ ਘਰ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ ਕੀਤੀ ਹੈ। ਇਹ ਉਹ ਹੀ ਅਕਾਲੀ ਦਲ ਦੇ ਰਹਿਨੁਮਾ ਹਨ ਜੋ ਹਮੇਸ਼ਾ ਆਪਣੇ ਆਪ ਨੂੰ ਸੰਗਤਾਂ ਦੇ ਸੇਵਾਦਾਰ ਦੱਸਦੇ ਹੋਏ ਪੁਰਾਤਨ ਗੁਰੂ ਸਾਹਿਬਾਨ ਵਾਗ ਸੰਗਤ ਦਰਸ਼ਨ ਕਰਦੇ ਹਨ। ਇਹ ੯੩ ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਤਬਦੀਲੀ ਸਿੱਖ ਕੌਮ ਦੇ ਵਿਦਵਾਨਾਂ ਅਤੇ ਚਿੰਤਕਾਂ ਪ੍ਰਤੀ ਸਵਾਲ ਰੱਖਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਪੁਰਾਤਨ ਲੀਹਾਂ ਤੇ ਕਦ ਵਾਪਸ ਮੋੜਿਆ ਜਾ ਸਕੇਗਾ ਤਾਂ ਜੋ ਪੰਥ ਦੀਆਂ ਧਾਰਮਿਕ ਹਸਤੀਆਂ ਅਤੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਪ੍ਰਤੀ ਸਿੱਖ ਕੌਮ ਵਿੱਚ ਸਤਿਕਾਰ ਅਤੇ ਸ਼ਰਧਾ ਦੀ ਭਾਵਨਾ ਮੁੜ ਸੁਰਜੀਤ ਹੋ ਸਕੇਗੀ।