ਇਸ ਸਾਲ ਦੇ ਵਿੱਚ ਭਾਰਤ ਦੀ ਰਾਸ਼ਟਰੀ ਚੋਣ ਪ੍ਰਣਾਲੀ ਨੇ ਪੱਚੀ ਸਾਲਾਂ ਬਾਅਦ ਇੱਕ ਇੱਕਲੀ ਅਜਿਹੀ ਰਾਸ਼ਟਰੀ ਪਾਰਟੀ ਨੂੰ ਭਾਰਤ ਦੀ ਬਾਗਡੋਰ ਸੰਭਾਲੀ ਹੈ। ਜਿਸ ਰਾਜਨੀਤਿਕ ਪਾਰਟੀ ਦੀ ਪ੍ਰੇਰਨਾ ਸ੍ਰੋਤ ਅਤੇ ਮੁੱਖ-ਧਾਰਾ ਇੱਕ ਅਜਿਹੇ ਰਾਸ਼ਟਰੀ ਹਿੰਦੂ ਸੰਗ ਤੋਂ ਉੱਭਰਦੀ ਹੈ ਜਿਸ ਤੋਂ ਅੱਜ ਇਸ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਵਿੱਚ ਵਸ ਰਹੀਆਂ ਅੱਡ-ਅੱਡ ਘੱਟ ਗਿਣਤੀ ਕੌਮਾਂ ਘਬਰਾ ਵੀ ਰਹੀਆਂ ਹਨ ਤੇ ਆਪਣੀ ਹੋਂਦ ਪ੍ਰਤੀ ਭੈਅ-ਭੀਤਵੀ ਹਨ। ਭਾਵੇਂ ਇਸ ਰਾਜਨੀਤਿਕ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਦਸ ਸਾਲਾਂ ਤੋਂ ਮੰਦਹਾਲੀ ਅਤੇ ਵਿਚਾਰਾਂ ਦੀ ਖ੍ਰੋਤ ਸਦਕਾ ਥੱਕੀ-ਹਾਰੀ ਜਨਤਾ ਨੂੰ ਨਾਅਰਾ ਵਿਕਾਸ ਅਤੇ ਸਭ ਦਾ ਸਾਂਝਾ ਵਿਕਾਸ ਹੀ ਆਪਣਾ ਮੁੱਖ ਮੰਤਵ ਰੱਖਿਆ ਸੀ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਇਹ ਵਿਕਾਸ ਨਿਰਮਾਣ ਨਾਲ ਸਬੰਧਤ ਹੀ ਹੈ ਜਾਂ ਵਿਕਸਤ, ਸਿੱਖਿਅਤ ਅਤੇ ਰੁਜ਼ਗਾਰ ਭਰਪੂਰ ਵਿਕਾਸ ਵੱਲ ਨੂੰ ਵੀ ਚੱਲਦੇ ਹੋਏ ਕਦਮ ਹੋਣਗੇ। ਕਿਉਂਕਿ ਇਸ ਰਾਜਨੀਤਿਕ ਪਾਰਟੀ ਦੀ ਜੋ ਪ੍ਰੇਰਨਾ ਸ੍ਰੋਤ ਅਤੇ ਮਾਂ ਵਿਚਾਰਧਾਰਾ ਰਾਸ਼ਟਰੀ ਸਮਾਜ ਸੇਵਕ ਸੰਘ ਹੈ ਉਸਦਾ ਵਿਕਾਸ ਪ੍ਰਤੀ ਮੁੱਖ ਉਦੇਸ਼ ਭਾਰਤ ਦੀ ਅਜਾਦੀ ਤੋਂ ਪਹਿਲਾਂ ਅਤੇ ਬਾਅਦ ਇਹੀ ਰਿਹਾ ਹੈ ਕਿ ਤਾਕਤਵਰ ਨੂੰ ਹੋਰ ਤਾਕਤਵਰ ਬਣਾਇਆ ਜਾਵੇ ਅਤੇ ਕਮਜ਼ੋਰ ਵੰਸ ਨੂੰ ਹੋਰ ਕੰਮਜ਼ੋਰ ਕਰਕੇ ਤਾਕਤਵਰ ਦੇ ਦਇਆ-ਕਰਮ ਤੇ ਛੱਡ ਦਿੱਤਾ ਜਾਵੇ। ਇਹੀ ਰਾਸ਼ਟਰੀ ਸੰਘ ਜੋ ਅੱਜ ਵੱਖ-ਵੱਖ ਭਾਰਤ ਦੇ ਹਿੱਸਿਆਂ ਵਿੱਚ ਜਾ ਕੇ ਇਹ ਪ੍ਰਚਾਰ ਕਰ ਰਿਹਾ ਹੈ ਕਿ ਅੱਠ ਸੋ ਸਾਲਾਂ ਬਾਅਦ ਹਿੰਦੂ ਰਾਜ ਜੋ ਪ੍ਰਿਥਵੀ-ਰਾਜ ਚੌਹਾਨ ਦੀ ਅਗਵਾਈ ਹੇਠ ਸੀ ਉਹ ਅੱਜ ਦੁਬਾਰਾ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਜਸੱਤਾ ਤੇ ਵਾਪਸ ਆਇਆ ਹੈ ਅਤੇ ੮੦੦ ਸਾਲਾਂ ਬਾਅਦ ਹੁਣ ਭਾਰਤ ਦੇ ਸਾਰੇ ਵਸਨੀਕਾਂ ਨੂੰ ਘਰ ਵਾਪਸੀ ਕਰਕੇ ਮਤਲਬ ਧਰਮ ਅਤੇ ਆਪਣੀ ਸੋਚ ਬਦਲ ਕੇ ਹਿੰਦੂ ਸੋਚ ਅਤੇ ਰਾਸ਼ਟਰਵਾਦ ਅਧੀਨ ਆਉਣ ਲਈ ਸੋਚਣਾ ਚਾਹੁੰਦਾ ਹੈ। ਇਸ ਗਰੀਬ ਲਿਤਾੜੇ ਲੋਕਾਂ ਨੂੰ ਜਿਨਾਂ ਨੂੰ ਗਰੀਬੀ ਦੀ ਲਚਾਰੀ ਕਰਕੇ ਕਦੇ ਈਸਾਈ ਧਰਮ ਨੇ ਆਪਣੇ ਵੱਲ ਆਕਰਸ਼ਤ ਕੀਤਾ ਅਤੇ ਕਦੇ ਮੁਗਲਾਂ ਦੇ ਸਾਮਰਾਜ ਵੇਲੇ ਡਰ ਨੇ ਮੁਸਲਮ ਧਰਮ ਵੱਲ ਪ੍ਰੇਰਤ ਕੀਤਾ। ਇਹੀ ਰਾਸ਼ਟਰੀ ਸੰਘ ਜੋ ਅੱਜ ਆਪਣੇ ਆਪ ਨੂੰ ਹਿੰਦੂ ਧਰਮ ਰਾਸ਼ਟਰਵਾਦ ਅਤੇ ਹਿੰਦੂ ਸੱਬਿਆਚਾਰ ਦਾ ਪ੍ਰਤੀਕ ਦਰਸਾ ਰਿਹਾ ਹੈ। ਇਹ ਭੁੱਲ ਰਿਹਾ ਹੈ ਕਿ ਕਦੇ ਇੰਨਾ ਦੇ ਵੱਡੇ ਵਡੇਰੇ ਜੋ ਕੁਝ ਸੋ ਸਾਲ ਪਹਿਲਾਂ ਮੁਗਲ ਸਾਮਰਾਜ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਭੈਭੀਤ ਹੋ ਆਪਣੇ ਧਰਮ ਦੀ ਰਖਵਾਲੀ ਲਈ ਸਿੱਖ ਕੌਮ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਸ਼ਹਾਇਤਾ ਮੰਗਣ ਆਏ ਸੀ ਕਿ ਸਾਨੂੰ ਤੇ ਸਾਡੇ ਧਰਮ ਨੂੰ ਔਰੰਗਜੇਬ ਤੋਂ ਬਚਾਇਆ ਜਾਵੇ। ਇਸੀ ਖਾਤਰ ਨੌਵੀਂ ਪਾਤਸ਼ਾਹੀ ਨੇ ਔਰੰਗਜੇਬ ਨੂੰ ਹਿੰਦੂ ਧਰਮ ਦੀ ਰਖਵਾਲੀ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਖਾਤਰ ਦਿੱਲੀ ਜਾ ਕੇ ਲਲਕਾਰਿਆ ਸੀ ਤੇ ਸਾਂਤਮਈ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਅਣਮੁੱਲੀ ਸ਼ਹਾਦਤ ਦਾ ਜਾਮ ਪੀਤਾ ਸੀ ਤਾਂ ਜੋ ਹਿੰਦੂ ਧਰਮ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ। ਭਾਵੇਂ ਅੱਜ ਨੌਵੀਂ ਪਾਤਸ਼ਾਹੀ ਤੇ ਸਿੱਖਾਂ ਦੀ ਇਸ ਵੱਡਮੁੱਲੀ ਕੁਰਬਾਨੀ ਨੂੰ ਰਾਸ਼ਟਰੀ ਮਾਨਤਾ ਵੀ ਪ੍ਰਾਪਤ ਨਹੀਂ ਹੈ ਭਾਵ ਇਸ ਦਿਨ ਰਾਸ਼ਟਰੀ ਛੁੱਟੀ ਵਾਲਾ ਦਿਨ ਨਹੀਂ ਮੰਨਿਆਂ ਜਾਂਦਾ। ਇਸਦੇ ਵਿਪਰੀਤ ਅੱਜ ਇਹੀ ਰਾਸ਼ਟਰੀ ਸਮਾਜ ਸੇਵਕ ਸੰਘ ਬੇਝਿਜਕ ਹੋ ਕੇ ਅਤੇ ਬੇਰੋਕ ਇਹ ਦਾਅਵੇ ਕਰ ਰਿਹਾ ਹੈ ਕਿ ਸਿੱਖ ਧਰਮ ਹਿੰਦੂ ਰਾਸ਼ਟਰ ਦਾ ਹੀ ਇੱਕ ਹਿੱਸਾ ਹੈ ਅਤੇ ਇਸਨੂੰ ਹੌਲੀ-ਹੌਲੀ ਹਿੰਦੂ ਰਾਸ਼ਟਰ ਵਿੱਚ ਸਮੇਟਣ ਲਈ ਜਦੋਂ ਤੋਂ ਇਹਨਾਂ ਦੀ ਰਾਜਨੀਤਿਕ ਪਾਰਟੀ ਭਾਰਤ ਦੀ ਰਾਜਸੱਤਾ ਤੇ ਆਈ ਹੈ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਗਰੀਬ ਵਰਗ ਨਾਲ ਸਬੰਧਤ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਤੇ ਹੋਰ ਸਿੱਖਾਂ ਨੂੰ ਆਪਣੇ ਵੱੱਲ ਆਕਰਸ਼ਤ ਕਰਨ ਲਈ ਹਿੰਦੂ ਰਾਸ਼ਟਰ ਦਾ ਅਤੇ ਸੱਭਿਆਚਾਰ ਦਾ ਅਟੁੱਟ ਅੰਸ ਬਣਾਉਣ ਵਿੱਚ ਬੁਰੀ ਤਰਾਂ ਵਿਅਸਤ ਹੈ। ਇਹ ਵੀ ਹੁਣ ਪੰਜਾਬ ਵਿੱਚ ਆਮ ਚਰਚਾ ਹੈ ਕਿ ਇਸ ਸੰਘ ਨਾਲ ਸਬੰਧਤ ਰਾਜਨੀਤਿਕ ਪਾਰਟੀ ਦਿੱਲੀ ਵਾਂਗ ਪੰਜਾਬ ਦੀ ਰਾਜਸੱਤਾ ਤੇ ਵੀ ਇੱਕਲਿਆਂ ਰਾਜ-ਭਾਗ ਸੰਭਾਲਣ ਦੇ ਰਾਹ ਉਲੀਕ ਰਹੀ ਹੈ ਤਾਂ ਜੋ ਭਾਰਤ ਦੇ ਇਕੋ ਇਕ ਸੂਬਾ ਜਿੱਥੇ ਸਿੱਖ ਕੌਮ ਬਹੁਗਿਣਤੀ ਵਿੱਚ ਹੈ ਉਹਵੀ ਹਿੰਦੂ ਧਰਮ, ਹਿੰਦੂ ਰਾਸ਼ਟਰ ਅਤੇ ਹਿੰਦੂ ਸੱਭਿਆਚਾਰ ਦੇ ਅਧੀਨ ਹੋ ਜਾਵੇਗਾ ਇਸਦਾ ਮੁੱਖ ਕਾਰਨ ਸਿੱਖ ਕੌਮ ਦੇ ਅੰਦਰੂਨੀ ਗੰਭੀਰ ਵਖਰੇਵੇਂ, ਯੋਗ ਅਗਵਾਈ ਅਤੇ ਨਾਇਕ ਦੀ ਘਾਟ ਅੱਜ ਬੁਰੀ ਤਰ੍ਹਾਂ ਰੜਕ ਰਹੀ ਹੈ ਤਾਂ ਹੀ ਤਾਂ ਸਿੱਖ ਕੌਮ ਅੱਜ ਆਪਣੇ ਸਰਬੰਸਦਾਨੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਤਿੰਨ-ਤਿੰਨ ਤਰੀਕਾਂ ਤੇ ਮਨਾਉਣ ਜਾ ਰਹੀ ਹੈ। ਸਿੱਖ ਕੌਮ ਅੱਜ ਇੰਨੀ ਸੋਚ ਤੇ ਸਿੱਖ ਵਿਚਾਰਧਾਰਾ ਤੋਂ ਨਿੱਘੜ ਚੁੱਕੀ ਹੈ ਕਿ ਉਹ ਅੱਜ ਆਪਣਾ ਸਰਵ-ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਤੇ ਵੀ ਇੱਕ-ਮੱਤ ਨਹੀਂ ਹੋ ਸਕੀ। ਇਸਦਾ ਵੱਡਾ ਕਾਰਨ ਹਿੰਦੂਰਾਸ਼ਟਰ ਤੇ ਸੱਭਿਆਚਾਰ ਦੇ ਪ੍ਰਭਾਵ ਹੇਠ ਸਿੱਖ ਕੌਮ ਵਿੱਚ ਕੌਮੀਅਤ ਦੀ ਬਜਾਇ ਪੁਜਾਰੀਵਾਦ ਤੇ ਸਾਧਵਾਦ ਮੁੱਖ ਭੂਮਿਕਾ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਹ ਰਾਸ਼ਟਰੀ ਹਿੰਦੂ ਸੰਘ ਜੋ ਕਿ ਭਾਰਤ ਦੀ ਅਜਾਦੀ ਤੋਂ ਪਹਿਲਾਂ ੧੯੨੫ ਵਿੱਚ ਹੋਂਦ ਵਿੱਚ ਤਾਂ ਆ ਗਿਆ ਸੀ ਪਰ ਇਸਦਾ ਮੁੱਖ ਮੰਤਵ ਅੰਗਰੇਜੀ ਸਾਮਰਾਜ ਦਾ ਕੋਈ ਵਿਰੋਧ ਕਰਨਾ ਨਹੀਂ ਸੀ ਸਗੋਂ ਅੰਗਰੇਜੀ ਸਾਮਰਾਜ ਦੀਆਂ ਲੀਹਾਂ ਤੇ ਚੱਲ ਰਹੇ ਅਜਾਦੀ ਦੇ ਸੰਘਰਸ਼ ਨੂੰ ਧਰਮ ਅਧਾਰਤ ਤੇ ਸਮਿਆਂ ਤੋਂ ਚੱਲੇ ਆ ਰਹੇ ਜਾਤ-ਪਾਤ ਦੇ ਕੋਹੜ ਨੂੰ ਖੇਰੂੰ ਖੇਰੂੰ ਕਰਨਾ ਸੀ। ਇਸ ਰਾਸ਼ਟਰੀ ਹਿੰਦੂ-ਸੰਘ ਨੇ ਤਾਂ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਵਰਗੇ ਕੌਮੀ ਨਾਇਕਾਂ ਨੂੰ ਵੀ ਸਵੀਕਾਰਨ ਤੇ ਕੋਈ ਮਾਨਤਾ ਦੇਣ ਤੋਂ ਗੁਰੇਜ ਕੀਤਾ ਸੀ। ਇਸੇ ਰਾਸ਼ਟਰੀ ਸੰਘ ਨੇ ਮੁਸਲਿਮ ਲੀਗ ਦੀ ਤਰਾਂ ਭਾਰਤ ਦੀ ਅਜਾਦੀ ਨੂੰ ਧਰਮ ਦੇ ਅਧਾਰ ਤੇ ਖੂਨੀ ਬਟਵਾਰੇ ਵਿੱਚ ਤਬਦੀਲ ਕਰਨ ਵਿੱਚ ਇਤਿਹਾਸ ਮੁਤਾਬਕ ਬਾਖੂਬੀ ਅੰਗਰੇਜ਼ਾਂ ਦਾ ਸਾਥ ਨਿਭਾਇਆ ਤਾਂ ਜੋ ਸਮਾਜ ਪੂਰੀ ਤਰਾਂ ਧਰਮ ਨਿਰਪੱਖਤਾ ਤੋਂ ਸਦਾ ਲਈ ਖਿੱਲਰ ਜਾਵੇ। ਇਹੀ ਰਾਸ਼ਟਰੀ ਹਿੰਦੂ ਸੰਘ ਜੋ ਅੱਜ ਆਪਣੀ ਰਾਜਨੀਤਿਕ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਦੇ ਸੂਬਿਆਂ ਵਿੱਚ ਜਾ ਕੇ ਥਾਂ-ਥਾਂ ਲੋਕਾਂ ਨੂੰ ਭਾਰਤੀ ਰਾਸ਼ਟਰਵਾਦੀ ਸੋਚ ਜੋ ਕਿ ਹਿੰਦੂ ਰਾਸ਼ਟਰਵਾਦ ਹੈ, ਦਾ ਪ੍ਰਚਾਰ ਕਰ ਰਿਹਾ ਹੈ ਇਹ ਉਹੀ ਰਾਸ਼ਟਰੀ ਹਿੰਦੂ ਸੰਘ ਹੈ ਜਿਸਨੇ ਨਾ ਅਜਾਦੀ ਤੋਂ ਪਹਿਲਾਂ ਤੇ ਨਾ ਹੀ ਅਜਾਦੀ ਤੋਂ ਬਾਅਦ ਰਾਸ਼ਟਰੀ ਤਿਰੰਗੇ ਝੰਡੇ ਨੂੰ ਸਵੀਕਾਰ ਕੀਤਾ ਸੀ ਅਤੇ ਨਾ ਹੀ ਉਸਨੂੰ ਮਾਨਤਾ ਦਿੱਤੀ ਸੀ ਸਗੋਂ ਇਸਨੇ ਆਪਣੇ ਹੀ ਅਪਣਾਏ ਮੰਤਵ ਰਾਹੀਂ ਭਗਵੇਂ ਰੰਗ ਦੇ ਤਿਕੋਣੇ ਝੰਡੇ ਨੂੰ ਹੀ ਆਪਣਾ ਪ੍ਰਤੀਕ ਮੰਨਿਆ ਹੈ ਅਤੇ ਅੱਜ ਵੀ ਇੰਨਾਂ ਦੇ ਮੁੱਖ ਕੇਂਦਰ ਨਾਗਪੁਰ ਤੇ ਹੋਰ ਕੇਂਦਰਾਂ ਵਿੱਚ ਹਮੇਸ਼ਾ ਇਸ ਭਗਵੇਂ ਤਿਕੋਣੇ ਝੰਡੇ ਨੂੰ ਹੀ ਸਲਾਮੀ ਦਿੱਤੀ ਜਾਂਦੀ ਹੈ ਨਾ ਕਿ ਰਾਸ਼ਟਰੀ ਝੰਡੇ ਨੂੰ। ਅੱਜ ਇੰਨਾ ਨਾਲ ਜੁੜੇ ਹੋਰ ਹਿੰਦੂ ਵਿਚਾਰਧਾਰਕ ਸੰਗਠਨਾਂ ਵੱਲੋਂ ਇਹ ਦਾਅਵੇ ਨਾਲ ਕਿਹਾ ਜਾ ਰਿਹਾ ਹੈ ਕਿ ੨੦੨੧ ਤੱਕ ਭਾਰਤ ਵਿੱਚ ਸਿਰਫ ਤੇ ਸਿਰਫ ਹਿੰਦੂ ਧਰਮ, ਹਿੰਦੂ ਰਾਸ਼ਟਰ ਤੇ ਹਿੰਦੂ ਸੱਭਿਆਚਾਰ ਹੀ ਵਸਿਆ ਰਹਿ ਸਕੇਗਾ। ਇਹ ਇਹਨਾਂ ਦੀ ਸੱਤਾ ਵਿੱਚ ਆਈ ਰਾਜਨੀਤਿਕ ਪਾਰਟੀ ਦਾ ਭਾਰਤ ਦੇ ਲੋਕਾਂ ਅੱਗੇ ਕੀਤਾ ਸਭ ਦੇ ਵਿਕਾਸ ਦਾ ਨਾਅਰਾ ਹੈ, ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਮੁੜ ਤੋਂ ਖੂਨੀ ਬਟਵਾਰੇ ਤੇ ਪੂੰਜੀਵਾਦ ਵੱਲ ਨੂੰ ਧੱਕਣ ਦਾ ਸੰਕੇਤ ਹੈ।